06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਨਵੰਬਰ '84 ਦੇ ਘਟਨਾਕ੍ਰਮ ਸੰਬੰਧੀ 'ਸੱਚ ਤੇ ਸੁਲਾਹ-ਸਫ਼ਾਈ ਕਮਿਸ਼ਨ' ਬਣੇ

ਨਵੰਬਰ '84 ਦੇ ਘਟਨਾਕ੍ਰਮ ਸੰਬੰਧੀ 'ਸੱਚ ਤੇ ਸੁਲਾਹ-ਸਫ਼ਾਈ ਕਮਿਸ਼ਨ' ਬਣੇ

Ad Position 21
No active advertisement
ਅਜੀਤ ਡੈਸਕ 06-11-2026

ਕਤਲ-ਓ-ਗ਼ਾਰਤ ਹੈ ਬਪਾ ਕੈਸੀ ਮੇਰੇ ਸ਼ਹਿਰੋਂ ਮੇਂ,

ਯੂੰ ਕਭੀ ਖ਼ੂਨ ਕਾ ਬਾਜ਼ਾਰ ਨਹੀਂ ਦੇਖਾ ਹੈ |
ਜਦੋਂ ਪਹਿਲੀ ਵਾਰ ਮੈਂ ਫ਼ਰਹਾਦ ਅਹਿਮਦ ਫ਼ਿਗਾਰ ਦਾ ਇਹ ਸ਼ਿਅਰ ਪੜਿ੍ਹਆ ਸੀ ਤਾਂ ਮੇਰੇ ਜ਼ਿਹਨ ਵਿਚ 1984 ਦਾ ਸਿੱਖ ਕਤਲੇਆਮ ਘੁੰਮ ਗਿਆ ਸੀ | ਅੱਜ ਫਿਰ ਜਦੋਂ ਇਸ ਬਾਰੇ ਲਿਖਣ ਲੱਗਾ ਤਾਂ ਇਹ ਸ਼ਿਅਰ ਯਾਦ ਆ ਗਿਆ | ਸੱਚਮੁੱਚ 1984 ਵਿਚ ਦਿੱਲੀ ਤੇ ਹੋਰ ਕਈ ਸ਼ਹਿਰਾਂ ਵਿਚ ਖ਼ੂਨ ਦੇ ਬਾਜ਼ਾਰ ਹੀ ਲੱਗ ਗਏ ਸਨ | ਸਰਕਾਰੀ ਅੰਕੜਿਆਂ ਅਨੁਸਾਰ ਹੀ 3325 ਸਿੱਖ ਕਤਲ ਕਰ ਦਿੱਤੇ ਗਏ ਸਨ, ਔਰਤਾਂ ਦੀ ਬੇਪੱਤੀ ਕੀਤੀ ਗਈ, ਹਜ਼ਾਰਾਂ ਘਰ ਸਾੜੇ ਗਏ, ਗੁਰਦੁਆਰੇ ਸਾੜੇ ਗਏ, ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੱਤੇ ਗਏ | ਹਾਲਾਤ ਇਹ ਸਨ ਕਿ ਹਰ ਸਿੱਖ ਨੂੰ , ਗੁਰੂ ਨਾਨਕ ਸਾਹਿਬ ਦਾ ਬਾਬਰ ਦੇ ਹਮਲੇ ਵੇਲੇ ਜ਼ੁਲਮ ਦੇ ਖਿਲਾਫ਼ ਰੱਬ ਨੂੰ  ਦਿੱਤਾ ਉਲਾਂਭਾ:
ਏਤੀ ਮਾਰ ਪਈ ਕਰਲਾਣੇ
ਤੈਂ ਕੀ ਦਰਦੁ ਨ ਆਇਆ¨
(ਆਸਾ, ਮ: 1, ਅੰਗ : 360)
ਯਾਦ ਆ ਗਿਆ ਸੀ |

ਬੇਸ਼ੱਕ ਇਹ ਸੱਚ ਹੈ ਕਿ ਭਾਜਪਾ ਵਲੋਂ 1 ਨਵੰਬਰ ਦੀ ਇੰਡੀਆ ਗੱਠਜੋੜ ਦੀ ਦਿੱਲੀ ਰੈਲੀ 'ਤੇ ਇਤਰਾਜ਼ ਉਠਾਉਣ ਲਈ ਇਸ ਨੂੰ  ਸਿੱਖ ਕਤਲੇਆਮ ਨਾਲ ਜੋੜਨਾ ਬਹੁਤ ਹੱਦ ਤੱਕ ਸਿਆਸਤ ਤੋਂ ਪ੍ਰੇਰਿਤ ਹੈ, ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ 'ਤੇ ਹਨ | ਪਰ ਫਿਰ ਵੀ ਇਹ ਇਕ ਚੰਗੀ ਗੱਲ ਹੈ ਕਿ ਇਸ ਨਾਲ ਇਕ ਵਾਰ ਫਿਰ ਇਹ ਕਤਲੇਆਮ ਤੇ ਨਾ-ਇਨਸਾਫ਼ੀ ਦੀ ਇੰਤਹਾ ਦੇਸ਼ ਤੇ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣ ਗਈ | ਭਾਜਪਾ ਨੇ ਚੰਡੀਗੜ੍ਹ ਵਿਚ ਇਸ ਬਾਰੇ ''84 ਦੇ ਜ਼ਖ਼ਮ' ਨਾਂਅ ਹੇਠ ਇਕ ਵਿਚਾਰ-ਚਰਚਾ ਵੀ ਕਰਵਾਈ | ਹਾਲਾਂਕਿ ਇਹ ਸੌ ਫ਼ੀਸਦੀ ਸੱਚ ਹੈ ਕਿ ਬਹੁਤੇ ਕਾਂਗਰਸੀ ਨੇਤਾਵਾਂ ਨੇ ਹੀ ਇਸ ਕਤਲੇਆਮ ਵਿਚ ਖੁੱਲ੍ਹ ਕੇ ਹਿੱਸਾ ਲਿਆ ਸੀ, ਪਰ ਇਸ ਵਿਚ ਕੁਝ ਆਰ.ਐਸ.ਐਸ. ਦੇ ਲੋਕ ਵੀ ਦੋਸ਼ੀਆਂ ਵਜੋਂ ਪਹਿਚਾਣੇ ਗਏ ਸਨ | 42 ਸਾਲ ਬੀਤ ਜਾਣ ਤੋਂ ਬਾਅਦ ਵੀ ਸਿੱਖਾਂ ਨੂੰ  ਇਨਸਾਫ਼ ਨਹੀਂ ਮਿਲਿਆ | ਹੋਰ ਤਾਂ ਹੋਰ ਪੂਰੀ ਸੱਚਾਈ ਅੱਜ ਤੱਕ ਸਾਹਮਣੇ ਨਹੀਂ ਆਈ | ਭਾਵੇਂ ਇਸ ਦੀ ਜਾਂਚ ਲਈ 10 ਤੋਂ ਵਧੇਰੇ ਕਮਿਸ਼ਨ ਤੇ ਕਮੇਟੀਆਂ ਵੀ ਬਣਾਈਆਂ ਗਈਆਂ | 650 ਮਾਮਲਿਆਂ ਵਿਚੋਂ ਸਿਰਫ਼ 30 ਤੋਂ 40 ਮਾਮਲਿਆਂ ਵਿਚ ਹੀ ਸਜ਼ਾਵਾਂ ਹੋਈਆਂ ਹਨ | 4000 ਦੇ ਕਰੀਬ ਕਤਲਾਂ ਵਿਚੋਂ ਸਿਰਫ਼ 13 ਦੇ ਹੀ ਫੈਸਲੇ ਹੋਏ | ਬਹੁਤੇ ਕੇਸ ਗਵਾਹਾਂ ਦੀ ਅਣਹੋਂਦ ਤੇ ਤਕਨੀਕੀ ਕਾਰਨਾਂ ਕਰਕੇ ਬੰਦ ਕਰ ਦਿੱਤੇ ਗਏ | ਦੋਸ਼ ਲਗਦੇ ਹਨ ਕਿ ਕਈ ਮਾਮਲਿਆਂ ਵਿਚ ਸਾਡੇ ਆਪਣੇ ਨੇਤਾ ਤੇ ਵਕੀਲ ਵੀ ਮਿਲੀਭੁਗਤ ਕਰ ਗਏ | ਦੋਸ਼ੀ ਪੁਲਿਸ ਅਧਿਕਾਰੀਆਂ ਨੂੰ  ਆਮ ਤੌਰ 'ਤੇ ਕੋਈ ਸਜ਼ਾ ਨਹੀਂ ਮਿਲੀ | ਨਰਿੰਦਰ ਮੋਦੀ ਦੀ ਸਰਕਾਰ ਨੂੰ  ਵੀ 12 ਸਾਲ ਹੋ ਗਏ ਹਨ, ਬੇਸ਼ੱਕ ਕੁਝ ਮਾਮਲਿਆਂ 'ਚ ਇਨਸਾਫ਼ ਮਿਲਿਆ ਹੈ, ਕੁਝ ਕੰਮ ਹੋਇਆ ਹੈ, ਇਸ ਲਈ ਧੰਨਵਾਦ | ਪਰ ਇਹ ਸੱਚਮੁੱਚ ਨਾਕਾਫੀ ਹੈ | ਹੁਣ ਤਾਂ ਬਹੁਤ ਸਾਰੇ ਦੋਸ਼ੀ ਵੀ ਇਸ ਜਹਾਨ ਤੋਂ  ਰੁਖ਼ਸਤ ਹੋ ਚੁੱਕੇ ਹਨ, ਗਵਾਹੀਆਂ ਗਾਇਬ ਹਨ | ਇਸ ਲਈ ਹੁਣ ਤਾਂ ਇਕੋ ਰਾਹ ਬਾਕੀ ਦਿਖਦਾ ਹੈ ਕਿ ਦੱਖਣੀ ਅਫਰੀਕਾ ਵਾਂਗ ਸਿੱਖ ਕਤਲੇਆਮ ਬਾਰੇ ਵੀ ਕੇਂਦਰ ਸਰਕਾਰ ਇਕ ਨਿਰਪੱਖ 'ਟਰੁੱਥ ਐਂਡ ਰਿਕੰਸੀਲੀਏਸ਼ਨ ਕਮਿਸ਼ਨ' ਸਥਾਪਤ ਕੀਤਾ ਜਾਏ | ਇਹ ਟਰੁੱਥ ਕਮਿਸ਼ਨ ਸਜ਼ਾ ਨਹੀਂ ਸਗੋਂ ਸੱਚਾਈ ਸਾਹਮਣੇ ਲਿਆਉਣ, ਦੋਸ਼ੀਆਂ ਨੂੰ  ਨੰਗਾ ਕਰਨ ਤੇ ਮੁਆਫ਼ ਕਰਨ ਦੇ ਨਾਲ-ਨਾਲ ਪੀੜਤਾਂ ਨੂੰ  ਯੋਗ ਮੁਆਵਜ਼ਾ ਦੇਣ ਦਾ ਕੰਮ ਕਰੇ | ਬੇਸ਼ੱਕ ਸਜ਼ਾ ਬਿਨਾਂ ਇਨਸਾਫ਼ ਅਧੂਰਾ ਮੰਨਿਆ ਜਾਂਦਾ ਹੈ | ਪਰ ਹੁਣ ਸਜ਼ਾ ਕਿਸ ਨੂੰ  ਦਿਓਗੇ? ਇਸ ਲਈ ਚੰਗਾ ਹੋਵੇ ਕਿ ਭਾਰਤ ਸਰਕਾਰ ਇਕ 'ਟਰੁੱਥ ਕਮਿਸ਼ਨ' ਬਣਾਏ ਤਾਂ ਕਿ ਸੱਚਾਈ ਦਾ ਸਾਹਮਣੇ ਆ ਸਕੇ ਤੇ ਪੀੜਤਾਂ ਨੂੰ  ਢੁਕਵਾਂ ਮੁਆਵਜ਼ਾ ਅਤੇ ਮਾਨਸਿਕ ਤੌਰ 'ਤੇ ਵੀ ਸਕੂਨ ਮਿਲ ਸਕੇ, ਪਰ ਇਸ ਲਈ ਜ਼ਰੂਰੀ ਹੈ ਕਿ ਅਸੀਂ ਬੋਲੀਏ, ਇਕੱਲੇ ਸਿੱਖ ਨਹੀਂ ਪੰਜਾਬ ਅਤੇ ਦੇਸ਼ ਦਾ ਹਰ ਇਨਸਾਫ਼ ਪਸੰਦ ਵਿਅਕਤੀ ਬੋਲੇ ਤਾਂ ਕਿ ਸਾਡੀਆਂ ਆਹਾਂ ਤੇ ਚੀਕਾਂ ਦਾ ਕੁਝ ਤਾਂ ਦਿਖਾਈ ਦੇਵੇ |
ਐ ਜ਼ੁਲਮ ਕੇ ਮਾਰੋ ਲਬ ਖੋਲੋ੍ਹ, 
ਚੁਪ ਰਹਿਨੇ ਵਾਲੋ ਚੁਪ ਕਬ ਤੱਕ,
ਕੁਛ ਹਸ਼ਰ ਤੋ ਉਨ ਸੇ ਉਠੇਗਾ 
ਕੁਛ ਦੂਰ ਤੋ ਨਾਲੇ ਜਾਏਾਗੇ |
(ਫ਼ੈਜ਼-ਅਹਿਮਦ-ਫ਼ੈਜ਼)
(ਹਸ਼ਰ : ਕਿਆਮਤ, ਨਾਲੇ : ਚੀਖ ਪੁਕਾਰ)
ਰਾਹੁਲ ਗਾਂਧੀ ਦੀ ਪੰਜਾਬ ਫੇਰੀ
ਰਾਹੁਲ ਗਾਂਧੀ ਨੇ ਵੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਤਿਆਰੀ ਦਾ ਬਿਗਲ ਵਜਾ ਦਿੱਤਾ ਹੈ | ਉਨ੍ਹਾਂ ਨੇ ਇਸ ਮੌਕੇ 5 ਸੂਤਰੀ ਏਜੰਡਾ ਵੀ ਰੱਖਿਆ ਹੈ, ਜਿਸ ਵਿਚ ਕਾਨੂੰਨ ਵਿਵਸਥਾ ਤੇ ਗੈਂਗਸਟਰਾਂ ਦੇ ਹਮਲੇ, ਨਸ਼ੇ ਦੀ ਸਮੱਸਿਆ, ਕਿਸਾਨਾਂ ਨੂੰ  ਐਮ.ਐਸ.ਪੀ., ਉਦਯੋਗ ਤੇ ਰੁਜ਼ਗਾਰ ਤੋਂ ਇਲਾਵਾ ਸਰਕਾਰ ਦਿੱਲੀ ਤੋਂ ਨਹੀਂ ਪੰਜਾਬ ਤੋਂ ਚਲਾਉਣ ਦੀ ਗੱਲ ਕੀਤੀ ਹੈ | ਪਰ ਉਨ੍ਹਾਂ ਦਾ ਜ਼ਿਆਦਾ ਜ਼ੋਰ ਆਪ 'ਤੇ ਹਮਲਾ ਕਰਨ 'ਤੇ ਲੱਗਾ ਹੋਇਆ ਸੀ | ਬੇਸ਼ੱਕ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਭਾਜਪਾ 'ਤੇ ਵੀ ਹਮਲੇ ਕੀਤੇ ਪਰ ਉਨ੍ਹਾਂ ਦਾ ਮੁੱਖ ਨਿਸ਼ਾਨਾ ਮੁੱਖ ਮੰਤਰੀ ਭਗਵੰਤ ਮਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਕਸ ਨੂੰ  ਢਾਹ ਲਾਉਣ ਦਾ ਦਿਖਾਈ ਦਿੱਤਾ | ਰਾਹੁਲ ਨੇ ਆਪਣੀ ਰੈਲੀ ਸੰਗਰੂਰ ਜੋ ਇਸ ਵੇਲੇ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿਚ ਰੱਖ ਕੇ ਹੀ ਸੰਕੇਤ ਦੇ ਦਿੱਤਾ ਹੈ ਕਿ ਉਨ੍ਹਾਂ ਦੇ ਪਹਿਲੇ ਨਿਸ਼ਾਨੇ 'ਤੇ 'ਆਪ' ਹੀ ਰਹੇਗੀ | ਇਸ ਮੌਕੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ  ਸਟੇਜ 'ਤੇ ਲਿਆ ਕੇ ਸ੍ਰੀ ਗਾਂਧੀ ਨੇ ਅਮਨ ਕਾਨੂੰਨ ਤੇ ਗੈਂਗਸਟਰਵਾਦ ਨੂੰ  ਵੀ ਕਿ ਪ੍ਰਮੁੱਖ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਦਾ ਇਹ ਕਹਿਣਾ ਸੱਚਮੁੱਚ ਕਾਫੀ ਪ੍ਰਭਾਵਿਤ ਕਰਦਾ ਹੈ ਕਿ ਜਦੋਂ ਮੈਂ (ਰਾਹੁਲ ਨੇ) ਸਭ ਤੋਂ ਪਹਿਲਾਂ ਪੰਜਾਬ ਦੀ ਨੌਜਵਾਨੀ ਦੇ ਨਸ਼ੇ ਵਿਚ ਗ਼ਲਤਾਨ ਹੋਣ ਦੀ ਗੱਲ ਉਠਾਈ ਸੀ ਤਾਂ ਕਿਹਾ ਗਿਆ ਸੀ ਕਿ ਇਹ ਪੰਜਾਬ ਨੂੰ  ਬਦਨਾਮ ਕਰਨ ਦੀ ਕੋਸ਼ਿਸ਼ ਹੈ | ਪਰ ਸਮੇਂ ਨੇ ਇਸ ਨੂੰ  ਸੱਚ ਸਾਬਤ ਕੀਤਾ ਹੈ | ਰਾਹੁਲ ਨੇ ਸਭ ਤੋਂ ਵੱਡਾ ਹਮਲਾ ਮੁੱਖ ਮੰਤਰੀ ਮਾਨ 'ਤੇ ਬੋਲਿਆ ਤੇ ਉਨ੍ਹਾਂ ਦੇ ਅਕਸ ਨੂੰ  ਢਾਹ ਲਾਉਣ ਦੀ ਕੋਸ਼ਿਸ਼ ਸ਼ਾਇਦ ਇਸ ਲਈ ਵੀ ਕੀਤੀ ਹੈ, ਕਿਉਂਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਵਿਚ ਭੀੜ ਨੂੰ  ਇਕੱਠੇ ਕਰਨ ਦੀ ਸਮਰੱਥਾ ਵਾਲਾ ਇਕੋ ਇਕ ਨੇਤਾ ਭਗਵੰਤ ਮਾਨ ਹੀ ਹੈ | ਉਨ੍ਹਾਂ ਮਾਨ 'ਤੇ ਅਸਫਲ ਅਤੇ ਕਮਜ਼ੋਰ ਨੇਤਾ ਹੋਣ ਦੇ ਇਲਜ਼ਾਮ ਲਾਏ, ਕਿਉਂਕਿ ਉਨ੍ਹਾਂ ਅਨੁਸਾਰ ਉਹ ਦਿੱਲੀ ਦੇ ਇਸ਼ਾਰੇ 'ਤੇ ਹੀ ਕੰਮ ਕਰਦੇ ਹਨ | ਇਥੇ ਰਾਹੁਲ ਨੇ ਤੀਸਰੀ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਨੂੰ  ਖੁੱਲ੍ਹੀ ਤੇ ਸਿੱਧੀ ਬਹਿਸ ਦੀ ਚੁਣੌਤੀ ਦਿੱਤੀ | ਸਮਝਿਆ ਜਾਂਦਾ ਹੈ ਕਿ ਅਜਿਹਾ ਕਰਕੇ ਰਾਹੁਲ ਆਪਣਾ ਕੱਦ ਪ੍ਰਧਾਨ ਮੰਤਰੀ ਦੇ ਬਰਾਬਰ ਕਰਨਾ ਚਾਹੁੰਦੇ ਹਨ | ਯਾਦ ਰਹੇ ਜਦੋਂ 2009 ਦੀਆਂ ਚੋਣਾਂ ਵੇਲੇ ਲਾਲ ਕਿ੍ਸ਼ਨ ਅਡਵਾਨੀ ਨੇ ਅਤੇ 2013 ਵਿਚ ਨਰਿੰਦਰ ਮੋਦੀ ਨੇ ਡਾ. ਮਨਮੋਹਨ ਸਿੰਘ ਨੂੰ  ਸਿੱਧੀ ਬਹਿਸ ਦੀ ਚੁਣੌਤੀ ਦਿੱਤੀ ਸੀ ਤਾਂ 2009 ਵਿਚ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਅਜਿਹਾ ਕਰਕੇ ਅਡਵਾਨੀ ਆਪਣੇ-ਆਪ ਨੂੰ  ਬਦਲਵੇਂ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਨਾ ਚਾਹੁੰਦੇ ਹਨ ਤੇ ਮੈਂ ਉਨ੍ਹਾਂ ਨੂੰ  ਇਸ ਦਾ ਮੌਕਾ ਕਿਉਂ ਦਿਆਂ? ਇਸ ਲਈ ਸਮਝਿਆ ਜਾ ਸਕਦਾ ਹੈ ਕਿ 2014 ਵਿਚ ਪ੍ਰਧਾਨ ਮੰਤਰੀ ਖ਼ੁਦ ਸਿੱਧੀ ਬਹਿਸ ਦੀ ਚੁਣੌਤੀ ਦੇਣ ਵਾਲੇ ਸ੍ਰੀ ਮੋਦੀ ਵੀ ਰਾਹੁਲ ਦੀ ਚੁਣੌਤੀ ਸਵੀਕਾਰ ਨਹੀਂ ਕਰਨਗੇ | ਉਂਜ ਚੰਗਾ ਹੁੰਦਾ ਜੇਕਰ ਸ੍ਰੀ ਰਾਹੁਲ ਗਾਂਧੀ ਪੰਜਾਬ ਦੀ ਰੈਲੀ ਵਿਚ ਭਾਜਪਾ ਦੇ ਸਿੱਖ ਵਿਰੋਧੀ ਹੋਣ ਦੇ ਇਲਜ਼ਾਮਾਂ ਦੇ ਜਵਾਬ ਵਿਚ ਇਕ ਵਾਰ ਫਿਰ ਖੁੱਲ੍ਹ ਕੇ 1984 ਦੇ ਸਿੱਖ ਕਤਲੇਆਮ 'ਤੇ ਅਫਸੋਸ ਦਾ ਪ੍ਰਗਟਾਵਾ ਕਰ ਦਿੰਦੇ |
ਉਨ ਕੋ ਕਯਾ ਫ਼ਿਕਰ ਕਿ ਮੈਂ ਪਾਰ ਲਗਾ ਯਾ ਡੂੰਬਾ,
ਬਹਸ ਕਰਤੇ ਰਹੇ ਸਾਹਿਲ ਪੇ ਜੋ ਤੂਫਾਨੋਂ ਕੀ |
(ਅਹਿਮਦ ਨਸੀਮ ਕਾਸਮੀ)
ਟਰੰਪ ਦੇ ਹੰਕਾਰ ਦੀ ਹਾਰ 
ਆਪ ਕੋ ਆਜ਼ਿਜ਼ੀ ਜਿਤਾਏਗੀ
ਵੋ ਤੱਕਬੁਰ ਮੇਂਹਾਰ ਜਾਏਾਗੇ |  (ਰੁਖ਼ਸਾਰ)
(ਆਜ਼ਿਜ਼ੀ-ਨਰਮਾਈ, ਬੇਵਸੀ, ਤੱਕਬੁਰ-ਹੰਕਾਰ)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀਆਂ ਨੀਤੀਆਂ ਨੂੰ  ਮੱਧਕਾਲੀ ਚੋਣਾਂ ਵਿਚ ਇਕ ਪਰਖ਼ ਵਾਂਗ ਪੇਸ਼ ਕੀਤਾ ਸੀ, ਪਰ ਨਤੀਜੇ ਉਨ੍ਹਾਂ ਦੇ ਬਿਲਕੁਲ ਉਲਟ ਆਏ ਹਨ | ਟਰੰਪ ਦੀ ਪਾਰਟੀ ਸੈਨੇਟ, ਹਾਊਸ ਆਫ਼ ਰਿਪ੍ਰੀਜ਼ੈਂਟਿਵ ਅਤੇ ਗਵਰਨਰਾਂ ਦੀ ਚੋਣ ਵਿਚ ਵੀ ਡੈਮੋਕ੍ਰੇਟਿਸ ਤੋਂ ਹਾਰੀ ਹੈ | ਇਹ ਹਾਰ ਟਰੰਪ ਦੀਆਂ ਨੀਤੀਆਂ ਤੇ ਉਨ੍ਹਾਂ ਦੇ ਹੰਕਾਰ ਦੀ ਹੈ | ਹੈਰਾਨੀ ਹੈ ਕਿ ਟਰੰਪ ਦਾ ਇਹ ਹੰਕਾਰ ਅਜੇ ਵੀ ਕਾਇਮ ਹੈ | ਭਾਵੇਂ ਉਹ ਇਸ ਹਾਰ ਨੂੰ  ਈਰਾਨ ਜੰਗ ਨਾਲ ਜੋੜਦੇ ਹਨ, ਪਰ ਨਾਲ ਹੀ ਇਹ ਵੀ ਕਹਿੰਦੇ ਹਨ ਕਿ ਜੇ ਬੈਲਟ ਪੇਪਰ 'ਤੇ ਉਹ (ਉਨ੍ਹਾਂ ਦੀ ਤਸਵੀਰ) ਹੁੰਦੀ ਤਾਂ ਬੇਮਿਸਾਲ ਜਿੱਤ ਮਿਲਦੀ | ਇਸ ਵਿਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਦਾ ਈਰਾਨ ਤੋਂ ਨਾ ਜਿੱਤਣਾ ਤੇ ਲੰਮੇ ਸਮੇਂ ਦੀ ਜੰਗ ਵਿਚ ਫਸ ਜਾਣਾ, ਅਮਰੀਕਾ ਦੀਆਂ ਆਪਣੇ ਦੋਸਤ ਦੇਸ਼ਾਂ ਪ੍ਰਤੀ ਬਦਲੀਆਂ ਨੀਤੀਆਂ ਅਤੇ ਸਭ ਤੋਂ ਵੱਧ ਮਹਿੰਗਾਈ ਦੀ ਮਾਰ ਹੀ ਹਾਰ ਦੇ ਵੱਡੇ ਕਾਰਨ ਹਨ, ਪਰ ਇਸ ਹਾਰ ਨੂੰ  ਹੋਰ ਵੱਡਾ ਕਰਨ ਵਿਚ ਭਾਰਤੀ, ਪੰਜਾਬੀ ਤੇ ਸਿੱਖ ਵੋਟਰਾਂ ਨੇ ਵੀ ਆਪਣਾ ਰੋਲ ਅਦਾ ਕੀਤਾ | ਇਕ ਸਰਵੇਖਣ ਅਨੁਸਾਰ ਸਿਰਫ਼ 19 ਫ਼ੀਸਦੀ ਭਾਰਤੀ ਅਮਰੀਕੀ ਵੋਟਰਾਂ ਨੇ ਹੀ ਟਰੰਪ ਦੀ ਪਾਰਟੀ ਨੂੰ  ਸਮਰਥਨ ਦਿੱਤਾ | ਟਰੰਪ ਦੀਆਂ ਐਚ-1 ਬੀ. ਵੀਜ਼ਾ, ਇਮੀਗ੍ਰੇਸ਼ਨ ਵਿਚ ਬੇ-ਇੰਤਹਾ ਸਖ਼ਤੀ ਅਤੇ ਭਾਰਤੀ ਲੋਕਾਂ ਤੇ ਹੋਰ ਘੱਟ-ਗਿਣਤੀਆਂ ਪ੍ਰਤੀ ਵਿਤਕਰਾ ਪੂਰਨ ਨੀਤੀਆਂ ਵੀ ਭਾਰਤੀ ਭਾਈਚਾਰੇ ਨੂੰ  ਟਰੰਪ ਦੀ ਪਾਰਟੀ ਤੋਂ ਦੂਰ ਕਰਨ ਦਾ ਕਾਰਨ ਬਣੀਆਂ | ਅਮਰੀਕਾ ਵਿਚ ਭਾਰਤੀ ਅਮਰੀਕੀ ਆਬਾਦੀ 54 ਲੱਖ ਦੇ ਕਰੀਬ ਹੈ | ਜਿਸ ਵਿਚੋਂ ਕੈਲੀਫੋਰਨੀਆ ਵਿਚ 10 ਲੱਖ ਤੋਂ ਵਧੇਰੇ, ਟੈਕਸਾਸ ਵਿਚ 7 ਲੱਖ, ਨਿਊਜਰਸੀ ਵਿਚ 4.5 ਲੱਖ, ਨਿਊਯਾਰਕ ਵਿਚ 4 ਲੱਖ, ਇਲੀਨੋਇਸ ਵਿਚ 3 ਲੱਖ ਦੇ ਕਰੀਬ ਅਤੇ ਵਰਜੀਨੀਆ, ਜਾਰਜੀਆ, ਪੈਨਸਲਵੀਨੀਆ, ਵਾਸ਼ਿੰਗਟਨ, ਮਿਸ਼ੀਗਨ ਆਦਿ ਵਿਚ 2-2 ਲੱਖ ਦੇ ਨੇੜੇ-ਤੇੜੇ ਭਾਰਤੀ ਹਨ | ਸਿੱਖ ਤੇ ਪੰਜਾਬੀ ਸਭ ਤੋਂ ਵੱਧ ਕੈਲੀਫੋਰਨੀਆ ਵਿਚ ਵਸਦੇ ਹਨ | ਟਰੰਪ ਦੀ ਪਾਰਟੀ ਇਨ੍ਹਾਂ ਵਿਚੋਂ ਕਰੀਬ 90 ਫ਼ੀਸਦੀ ਇਲਾਕਿਆਂ ਵਿਚ ਹਾਰੀ ਹੈ |
ਮਿਜ਼ਾਜ ਮੇਂ ਥਾ ਤਕੱਬੁਰ ਤੋ ਹਰਕਤੋਂ ਮੇਂ ਗਰੂਰ,
ਫਿਰ ਐਸੇ ਸ਼ਖ਼ਸ ਕੋ ਹਮ ਭੀ ਸਲਾਮ ਕਯਾ ਕਰਤੇ |
(ਰਈਸ ਸੱਦੀਕੀ)

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ

ਮੋਬਾਈਲ : 92168-60000
5. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਨਾਮੋਸ਼ੀਜਨਕ ਹਾਰ ਅਗਲੀ ਖ਼ਬਰ ਹਵਾਈ ਅੱਡਿਆਂ 'ਤੇ ਵ੍ਹੀਲ ਚੇਅਰਾਂ ਦੀ ਵਰਤੋਂ ਤੇ ਦੁਰਵਰਤੋਂ
Ad Position 24