ਬਿਨਾਂ ਸ਼ੱਕ ਭਾਰਤ ਇਕ ਬਹੁਤ ਹੀ ਵਿਲੱਖਣਤਾਵਾਂ ਵਾਲਾ ਦੇਸ਼ ਹੈ | ਇਸ ਵਿਸ਼ਾਲ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਲੋਕਾਂ ਵਲੋਂ ਆਪਣੇ ਬਹੁਤ ਸਾਰੇ ਧਾਰਮਿਕ ਅਤੇ ਸੱਭਿਆਚਾਰਕ ਤਿਉਹਾਰ ਮਨਾਏ ਜਾਂਦੇ ਹਨ | ਤਿਉਹਾਰ ਜ਼ਿੰਦਗੀ ਵਿਚ ਰੰਗ ਭਰਦੇ ਹਨ ਅਤੇ ਜੀਵਨ ਜਿਊਣ ਲਈ ਲੋਕਾਂ ਵਿਚ ਉਤਸ਼ਾਹ ਅਤੇ ਉਮੰਗਾਂ ਭਰਦੇ ਹਨ | ਜੇਕਰ ਤਿਉਹਾਰ ਨਾ ਹੋਣ ਤਾਂ ਜੀਵਨ ਨੀਰਸ ਅਤੇ ਉਕਾਊ ਬਣ ਕੇ ਰਹਿ ਸਕਦਾ ਹੈ | ਸ਼ਾਇਦ ਇਸੇ ਲਈ ਭਾਰਤ ਦੇ ਲੋਕ ਆਪਣੇ ਤਿਉਹਾਰਾਂ ਨੂੰ ਵਿਸ਼ੇਸ਼ ਮਹੱਤਵ ਵੀ ਦਿੰਦੇ ਹਨ | ਭਾਰਤੀਆਂ ਦੇ ਬਹੁਤ ਸਾਰੇ ਤਿਉਹਾਰ ਇਤਿਹਾਸ, ਮਿਥਿਹਾਸ ਅਤੇ ਧਾਰਮਿਕ ਪਰੰਪਰਾਵਾਂ ਨਾਲ ਜੁੜੇ ਹੋਏ ਹਨ | ਬਹੁਤ ਸਾਰੇ ਤਿਉਹਾਰ ਫ਼ਸਲਾਂ ਦੀ ਆਮਦ ਅਤੇ ਰੁੱਤਾਂ ਨਾਲ ਵੀ ਜੁੜੇ ਹੋਏ ਹਨ | ਸਮੁੱਚੇ ਤੌਰ 'ਤੇ ਭਾਰਤ ਖ਼ੂਬਸੂਰਤ ਤਿਉਹਾਰਾਂ ਦਾ ਦੇਸ਼ ਹੈ | ਪਰ ਅੱਜ ਵੱਡਾ ਸਵਾਲ ਇਹ ਹੈ ਕਿ ਇਨ੍ਹਾਂ ਤਿਉਹਾਰਾਂ ਨੂੰ ਮਨਾਇਆ ਕਿਵੇਂ ਜਾਵੇ? ਖ਼ਾਸ ਕਰਕੇ ਤਿਉਹਾਰਾਂ ਨੂੰ ਮਨਾਏ ਜਾਣ ਦੇ ਰਵਾਇਤੀ ਢੰਗ ਤਰੀਕਿਆਂ ਨਾਲ ਵਾਤਾਵਰਨ ਨੂੰ ਹੁੰਦੇ ਨੁਕਸਾਨ ਨੂੰ ਸਮਝਣ ਤੇ ਵਿਚਾਰਨ ਦੀ ਲੋੜ ਹੈ |



ਜਿਉਂ ਹੀ ਗਰਮੀਆਂ ਦੀ ਰੁੱਤ ਹੌਲ਼ੀ-ਹੌਲ਼ੀ ਮੁੱਕਣ ਲਗਦੀ ਹੈ ਭਾਰਤ ਵਿਚ ਇਕ-ਇਕ ਕਰ ਕੇ ਤਿਉਹਾਰਾਂ ਦੀ ਆਮਦ ਹੁੰਦੀ ਹੈ | ਗਰਮੀਆਂ ਦੀ ਰੁੱਤ ਤੋਂ ਬਾਅਦ ਪਹਿਲਾ ਤਿਉਹਾਰ ਜਨਮ-ਅਸ਼ਟਮੀ ਦਾ ਆਉਂਦਾ ਹੈ, ਜੋ ਕਿ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਦੇ ਰੂਪ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮਨਾਇਆ ਜਾਂਦਾ ਹੈ, ਇਸ ਤੋਂ ਛੇਤੀ ਬਾਅਦ ਮਹਾਰਾਸ਼ਟਰ ਵਿਚ ਗਣੇਸ਼ ਚਤੁਰਥੀ ਅਤੇ ਪੱਛਮੀ ਬੰਗਾਲ ਵਿਚ ਦੁਰਗਾ ਪੂਜਾ ਦਾ ਤਿਉਹਾਰ ਵੀ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ | ਇਸ ਤੋਂ ਉਪਰੰਤ ਦੁਸਹਿਰੇ ਦਾ ਤਿਉਹਾਰ ਆਉਂਦਾ ਹੈ, ਜੋ ਕਿ ਸ੍ਰੀ ਰਾਮ ਚੰਦਰ ਜੀ ਵਲੋਂ ਰਾਵਣ ਨੂੰ ਯੁੱਧ ਵਿਚ ਹਰਾਉਣ ਨਾਲ ਜੁੜਿਆ ਹੋਇਆ ਹੈ, ਇਸ ਤੋਂ ਅੱਗੇ ਕਰਵਾਚੌਥ ਦੇ ਵਰਤਾਂ ਦਾ ਤਿਉਹਾਰ ਆ ਜਾਂਦਾ ਹੈ, ਜਿਸ ਨੂੰ ਦੇਸ਼ ਭਰ ਵਿਚ ਔਰਤਾਂ ਵਰਤ ਰੱਖ ਕੇ ਉਤਸ਼ਾਹ ਨਾਲ ਮਨਾਉਂਦੀਆਂ ਹਨ | ਦੁਸਹਿਰੇ ਤੋਂ 20 ਦਿਨ ਬਾਅਦ ਦੇਸ਼ ਭਰ ਵਿਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜਿਸ ਦਾ ਸੰਬੰਧ ਸ੍ਰੀ ਰਾਮ, ਸ੍ਰੀ ਲਕਸ਼ਮਣ ਅਤੇ ਸ੍ਰੀ ਹਨੂੰਮਾਨ ਦੇ ਰਾਵਣ ਨੂੰ ਹਰਾਉਣ ਤੋਂ ਬਾਅਦ ਅਯੁੱਧਿਆ ਪਹੁੰਚਣ 'ਤੇ ਉਨ੍ਹਾਂ ਦੇ ਸਵਾਗਤ ਵਿਚ ਅਯੁੱਧਿਆ ਵਾਸੀਆਂ ਵਲੋਂ ਦੀਪਮਾਲਾ ਕਰਨ ਨਾਲ ਜੁੜਿਆ ਹੋਇਆ ਹੈ | ਸਿੱਖ ਇਸ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਗਵਾਲੀਅਰ ਤੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਅੰਮਿ੍ਤਸਰ ਦਰਬਾਰ ਸਾਹਿਬ ਪਹੁੰਚਣ ਦੀ ਇਤਿਹਾਸਕ ਘਟਨਾ ਦੀ ਯਾਦ ਵਿਚ ਮਨਾਉਂਦੇ ਹਨ | ਅਕਤੂਬਰ-ਨਵੰਬਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਪੰਜਾਬ ਸਮੇਤ ਕਈ ਰਾਜਾਂ ਵਿਚ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ | ਇਨ੍ਹਾਂ ਤਿਉਹਾਰਾਂ ਤੋਂ ਬਾਅਦ ਦਸੰਬਰ ਦੇ ਮਹੀਨੇ ਵਿਚ ਹਰ ਸਾਲ 25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜੋ ਯਿਸ਼ੂ ਮਸੀਹ ਦੇ ਜਨਮ ਨਾਲ ਸੰਬੰਧਿਤ ਹੈ | ਇਸ ਤੋਂ ਬਾਅਦ ਅਗਲੇ ਸਾਲ ਦੇ ਆਰੰਭ ਵਿਚ ਬਸੰਤ ਦਾ ਤਿਉਹਾਰ ਤੇ ਇਸ ਤੋਂ ਬਾਅਦ ਹੋਲੀ ਤੇ ਹੋਲੇ-ਮਹੱਲੇ ਅਤੇ ਅਪ੍ਰੈਲ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ | ਵਿਸਾਖੀ ਦਾ ਤਿਉਹਾਰ ਉੱਤਰੀ ਭਾਰਤ ਵਿਚ ਕਣਕ ਦੀ ਫ਼ਸਲ ਦੀ ਆਮਦ ਤੇ ਖ਼ਾਲਸਾ ਪੰਥ ਦੀ ਸਾਜਨਾ ਨਾਲ ਜੁੜਿਆ ਹੋਇਆ ਹੈ | ਕੇਰਲ ਵਿਚ ਓਨਮ ਤੇ ਤਾਮਿਲਨਾਡੂ ਵਿਚ ਪੋਂਗਲ ਅਤੇ ਅਸਾਮ ਵਿਚ ਬੀਹੂ ਦੇ ਮੌਸਮੀ ਤਿਉਹਾਰ ਵੀ ਉਤਸ਼ਾਹ ਨਾਲ ਮਨਾਏ ਜਾਂਦੇ ਹਨ | ਵੰਨ-ਸੁਵੰਨੇ ਤੇ ਵਿਲੱਖਣਤਾਵਾਂ ਨਾਲ ਭਰਪੂਰ ਇਨ੍ਹਾਂ ਤਿਉਹਾਰਾਂ ਕਰਕੇ ਹੀ ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ |
ਪਰ ਇਨ੍ਹਾਂ ਵਿਚੋਂ ਕੁਝ ਤਿਉਹਾਰ ਦੇਸ਼ ਦੀਆਂ ਅਜੋਕੀਆਂ ਵਾਤਾਵਰਨਿਕ ਸਥਿਤੀਆਂ ਵਿਚ ਖ਼ੁਦ ਭਾਰਤੀ ਸਮਾਜ ਲਈ ਸਮੱਸਿਆ ਬਣਦੇ ਜਾ ਰਹੇ ਹਨ | ਇਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਗਣੇਸ਼ ਚਤੁਰਥੀ, ਦੁਰਗਾ ਪੂਜਾ ਅਤੇ ਦੀਵਾਲੀ ਦੇ ਤਿਉਹਾਰ ਸ਼ਾਮਿਲ ਹਨ | ਗਣੇਸ਼ ਚਤੁਰਥੀ ਦੇ ਅਵਸਰ 'ਤੇ ਮਹਾਰਾਸ਼ਟਰ ਅਤੇ ਕੁਝ ਹੋਰ ਪ੍ਰਦੇਸ਼ਾਂ ਵਿਚ ਲੋਕ ਘਰਾਂ ਵਿਚ ਅਤੇ ਹੋਰ ਜਨਤਕ ਥਾਵਾਂ 'ਤੇ 10 ਦਿਨ ਤੱਕ ਸ੍ਰੀ ਗਣੇਸ਼ ਦੀਆਂ ਵੱਡੀਆਂ-ਵੱਡੀਆਂ ਮੂਰਤੀਆਂ ਸਥਾਪਿਤ ਕਰ ਕੇ ਉਨ੍ਹਾਂ ਦੀ ਪੂਜਾ-ਅਰਚਨਾ ਕਰਦੇ ਹਨ | ਲੋਕਾਂ ਤੇ ਆਯੋਜਕਾਂ ਵਲੋਂ ਸ੍ਰੀ ਗਣੇਸ਼ ਪ੍ਰਤੀ ਬੇਹੱਦ ਸ਼ਰਧਾ ਦਿਖਾਈ ਜਾਂਦੀ ਹੈ | ਪਰ 10 ਦਿਨਾਂ ਤੋਂ ਬਾਅਦ ਇਨ੍ਹਾਂ ਵੱਡੀਆਂ-ਵੱਡੀਆਂ ਮੂਰਤੀਆਂ ਨੂੰ ਸਮੁੰਦਰ, ਨਦੀਆਂ, ਨਾਲਿਆਂ ਅਤੇ ਝੀਲਾਂ ਵਿਚ ਵਿਸਰਜਿਤ ਕੀਤਾ ਜਾਂਦਾ ਹੈ | ਪੁਰਾਣੇ ਸਮੇਂ ਵਿਚ ਇਹ ਮੂਰਤੀਆਂ ਛੋਟੀਆਂ ਬਣਾਈਆਂ ਜਾਂਦੀਆਂ ਸਨ ਅਤੇ ਮਿੱਟੀ 'ਤੇ ਆਧਾਰਿਤ ਅਜਿਹੀ ਸਮੱਗਰੀ ਵਰਤੀ ਜਾਂਦੀ ਸੀ, ਜਿਹੜੀ ਮੂਰਤੀਆਂ ਦੇ ਵਿਸਰਜਿਤ ਕੀਤੇ ਜਾਣ ਤੋਂ ਬਾਅਦ ਨਦੀਆਂ-ਨਾਲਿਆਂ ਤੇ ਸਮੁੰਦਰ ਵਿਚ ਛੇਤੀ ਜਜ਼ਬ ਹੋ ਜਾਂਦੀ ਸੀ | ਇਸ ਨਾਲ ਬਹੁਤਾ ਪਾਣੀ ਪ੍ਰਦੂਸ਼ਿਤ ਨਹੀਂ ਸੀ ਹੁੰਦਾ | ਪਰ ਅੱਜ ਕੱਲ੍ਹ ਸ੍ਰੀ ਗਣੇਸ਼ ਚਤੁਰਥੀ ਮਨਾਉਣ ਵਾਲੇ ਆਯੋਜਕਾਂ ਵਲੋਂ ਵੱਡੀਆਂ-ਵੱਡੀਆਂ ਮੂਰਤੀਆਂ ਬਣਵਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਵਿਚ ਅਜਿਹੀ ਸਮੱਗਰੀ ਅਤੇ ਰੰਗ ਵਰਤੇ ਜਾਂਦੇ ਹਨ, ਜਿਹੜੇ ਛੇਤੀ ਕੀਤੇ ਪਾਣੀਆਂ ਵਿਚ ਨਹੀਂ ਘੁਲਦੇ | ਸ੍ਰੀ ਗਣੇਸ਼ ਚਤੁਰਥੀ ਦੇ ਆਯੋਜਕ ਇਨ੍ਹਾਂ ਨੂੰ ਪਾਣੀ ਵਿਚ ਵਿਸਰਜਿਤ ਕਰਨ ਦਾ ਕੰਮ ਵੀ ਸ਼ਾਇਦ ਅਜਿਹੇ ਲੋਕਾਂ ਨੂੰ ਦੇ ਦਿੰਦੇ ਹਨ, ਜਿਨ੍ਹਾਂ ਦੀ ਇਨ੍ਹਾਂ ਮੂਰਤੀਆਂ ਵਿਚ ਕੋਈ ਬਹੁਤੀ ਸ਼ਰਧਾ ਨਹੀਂ ਹੁੰਦੀ | ਉਹ ਇਹ ਮੂਰਤੀਆਂ ਵਗ੍ਹਾ-ਵਗ੍ਹਾ ਕੇ ਗੰਦੇ ਪਾਣੀ ਨਦੀਆਂ, ਨਾਲਿਆਂ ਵਿਚ ਬੜੀ ਬੇਅਦਬੀ ਨਾਲ ਸੁੱਟਦੇ ਹਨ | ਸਮੁੰਦਰ ਦੇ ਕੰਢਿਆਂ 'ਤੇ ਵੀ ਵੱਡੀ ਪੱਧਰ 'ਤੇ ਅਜਿਹੀਆਂ ਮੂਰਤੀਆਂ ਸੁੱਟੀਆਂ ਜਾਂਦੀਆਂ ਹਨ, ਜਿਹੜੀਆਂ ਘੁਲਣ ਨੂੰ ਬਹੁਤ ਵਕਤ ਲਗਾਉਂਦੀਆਂ ਹਨ | ਇਸੇ ਤਰ੍ਹਾਂ ਪੱਛਮੀ ਬੰਗਾਲ ਵਿਚ 9 ਦਿਨ ਤੱਕ ਦੁਰਗਾ ਮਾਤਾ ਦੀਆਂ ਵੱਡੀਆਂ ਵੱਡੀਆਂ ਮੂਰਤੀਆਂ ਬਣਾ ਕੇ ਪੂਜਾ ਕੀਤੀ ਜਾਂਦੀ ਹੈ | ਇਸ ਤੋਂ ਬਾਅਦ ਦੁਰਗਾ ਮਾਤਾ ਦੀਆਂ ਵੱਡੀਆਂ-ਵੱਡੀਆਂ ਮੂਰਤੀਆਂ ਨਦੀਆਂ-ਨਾਲਿਆਂ ਅਤੇ ਸਮੁੰਦਰ ਵਿਚ ਵਿਸਰਜਿਤ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਨੂੰ ਵੀ ਬੜੀ ਬੇਅਦਬੀ ਨਾਲ ਨਦੀਆਂ-ਨਾਲਿਆਂ ਅਤੇ ਸਮੁੰਦਰ ਵਿਚ ਸੁੱਟਿਆ ਜਾਂਦਾ ਹੈ | ਇਸ ਸੰਬੰਧੀ ਸੋਸ਼ਲ ਮੀਡੀਆ 'ਤੇ ਸੈਂਕੜੇ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ, ਜੋ ਧਾਰਮਿਕ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਵੀ ਲਗਾਉਂਦੀਆਂ ਹਨ | ਇਸੇ ਤਰ੍ਹਾਂ ਦੀਵਾਲੀ ਦੇ ਅਵਸਰ 'ਤੇ ਦੇਸ਼ ਭਰ ਵਿਚ ਵੱਡੀ ਪੱਧਰ 'ਤੇ ਪਟਾਕੇ, ਆਤਿਸ਼ਬਾਜ਼ੀਆਂ ਅਤੇ ਅਨਾਰ ਚਲਾਏ ਜਾਂਦੇ ਹਨ | ਇਨ੍ਹਾਂ ਨਾਲ ਪੂਰੇ ਦੇਸ਼ ਵਿਚ ਹਵਾ ਪ੍ਰਦੂਸ਼ਣ ਪੈਦਾ ਹੁੰਦਾ ਹੈ | ਦੇਸ਼ ਦੀ 140 ਕਰੋੜ ਤੋਂ ਵੱਧ ਦੀ ਆਬਾਦੀ ਜਦੋਂ ਇਕੋ ਸਮੇਂ ਇਸ ਤਰ੍ਹਾਂ ਪਟਾਕੇ ਤੇ ਆਤਿਸ਼ਬਾਜ਼ੀਆਂ ਚਲਾਉਂਦੀ ਹੈ ਤਾਂ ਪੂਰਾ ਦੇਸ਼ ਧੂੰਆਂ-ਧੂੰਆਂ ਹੋ ਜਾਂਦਾ ਹੈ ਅਤੇ ਧੂੰਏਾ ਦੇ ਬੱਦਲ ਲੋਕਾਂ ਦੇ ਆਪਣੇ ਘਰਾਂ ਵਿਚ ਦਾਖ਼ਲ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਾਹ ਘੁਟਣ ਲਗਦਾ ਹੈ | ਜਿਸ ਨਾਲ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਖ਼ਾਸ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪਟਾਕੇ ਹੁੰਦੇ ਵੀ ਇੰਨੇ ਸ਼ਕਤੀਸ਼ਾਲੀ ਹਨ ਕਿ ਦਿਲ ਦੇ ਮਰੀਜ਼ਾਂ ਲਈ ਇਨ੍ਹਾਂ ਨੂੰ ਸਹਿਣਾ ਔਖਾ ਹੁੰਦਾ ਹੈ | ਪੰਛੀ, ਬੇਸਹਾਰਾ ਕੁੱਤੇ ਤੇ ਬਿੱਲੀਆਂ ਵਰਗੇ ਜਾਨਵਰ ਵੀ ਆਬਾਦੀਆਂ ਤੋਂ ਦੂਰ ਭੱਜਣ ਲਈ ਮਜਬੂਰ ਹੋ ਜਾਂਦੇ ਹਨ | ਦੀਵਾਲੀ ਸਰਦੀਆਂ ਦੀ ਰੁੱਤ ਵਿਚ ਮਨਾਈ ਜਾਣ ਕਰਕੇ ਕਈ ਦਿਨਾਂ ਤੱਕ ਇਹ ਧੂੰਆਂ ਹੇਠਲੀ ਪੱਧਰ 'ਤੇ ਹੀ ਘੁੰਮਦਾ ਨਜ਼ਰ ਆਉਂਦਾ ਹੈ | ਹਵਾ ਵਿਚ ਇਸ ਦੀ ਹਵਾੜ ਕਈ ਦਿਨਾਂ ਤੱਕ ਮਹਿਸੂਸ ਹੁੰਦੀ ਰਹਿੰਦੀ ਹੈ | ਦੀਵਾਲੀ ਤੋਂ ਪਹਿਲਾਂ ਹਰ ਸਾਲ ਵੱਡੀ ਪੱਧਰ ਤੇ ਪਟਾਕੇ ਨਾ ਚਲਾਏ ਜਾਣ ਦੀ ਮੰਗ ਕਰਦੀਆਂ ਅਨੇਕਾਂ ਪਟੀਸ਼ਨਾਂ ਸੁਪਰੀਮ ਕੋਰਟ ਵਿਚ ਪਾਈਆਂ ਜਾਂਦੀਆਂ ਹਨ | ਪਰ ਲੋਕਾਂ ਦੀ ਧਾਰਮਿਕ ਸ਼ਰਧਾ ਨੂੰ ਮੁੱਖ ਰਖਦਿਆਂ ਸੁਪਰੀਮ ਕੋਰਟ ਪਟਾਕੇ ਸੀਮਤ ਸਮੇਂ ਲਈ ਚਲਾਉਣ ਜਾਂ ਗਰੀਨ ਪਟਾਕੇ (ਜਿਨ੍ਹਾਂ ਨਾਲ ਬਹੁਤਾ ਪ੍ਰਦੂਸ਼ਣ ਨਾ ਹੁੰਦਾ ਹੋਵੇ) ਚਲਾਉਣ ਦੇ ਆਦੇਸ਼ ਦਿੰਦੀ ਹੈ, ਪਰ ਹਰ ਸਾਲ ਭਾਰਤੀ ਸਮਾਜ ਦੀ ਵੱਡੀ ਆਬਾਦੀ ਵਲੋਂ ਇਨ੍ਹਾਂ ਆਦੇਸ਼ਾਂ ਦੀ ਘੋਰ ਉਲੰਘਣਾ ਕਰਕੇ ਤੜਕੇ 4-5 ਵਜੇ ਤੱਕ ਪਟਾਕੇ ਚਲਾਏ ਜਾਂਦੇ ਹਨ ਅਤੇ ਇਸ ਤਰ੍ਹਾਂ ਦੇਸ਼ ਦੀ ਸਰਬਉੱਚ ਅਦਾਲਤ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ |
ਉੱਪਰ ਅਸੀਂ ਤਿਉਹਾਰਾਂ ਨਾਲ ਪੈਦਾ ਹੁੰਦੇ ਵਾਤਾਵਰਨ ਪ੍ਰਦੂਸ਼ਣ ਦੀ ਗੱਲ ਕੀਤੀ ਹੈ, ਪਰ ਸਮੁੱਚੇ ਤੌਰ 'ਤੇ ਸਾਡੇ ਲੋਕਾਂ ਵਿਚ ਉਂਝ ਵੀ ਵਾਤਾਵਰਨ ਸੰਬੰਧੀ ਚੇਤਨਾ ਤੇ ਪ੍ਰਤੀਬੱਧਤਾ ਦੀ ਬੇਹੱਦ ਘਾਟ ਹੈ | ਲਾਲਚੀ ਤੇ ਸਵਾਰਥੀ ਸੋਚ ਬਹੁਤੇ ਲੋਕਾਂ 'ਤੇ ਭਾਰੂ ਰਹਿੰਦੀ ਹੈ | ਜੇ ਖੇਤੀਬਾੜੀ ਦੀ ਗੱਲ ਕਰੀਏ ਤੇ ਪੰਜਾਬ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿਚ ਸਾਲ ਵਿਚ 2 ਵਾਰ ਕਣਕ ਦੇ ਨਾੜ ਅਤੇ ਪਰਾਲੀ ਨੂੰ ਖੇਤਾਂ ਵਿਚ ਅੱਗ ਲਗਾਈ ਜਾਂਦੀ ਹੈ |
ਸਰਕਾਰਾਂ ਵਲੋਂ ਅਨੇਕਾਂ ਯਤਨ ਕੀਤੇ ਗਏ ਹਨ, ਕਿਸਾਨਾਂ ਨੂੰ ਸਬਸਿਡੀ 'ਤੇ ਕਣਕ ਦੇ ਨਾੜ ਤੇ ਪਰਾਲੀ ਦੇ ਖੇਤਾਂ ਵਿਚ ਨਿਪਟਾਰੇ ਲਈ ਕਈ ਤਰ੍ਹਾਂ ਦੀਆਂ ਮਸ਼ੀਨਾਂ ਵੀ ਲੈ ਕੇ ਦਿੱਤੀਆਂ ਗਈਆਂ ਹਨ | ਪਰ ਕਣਕ ਦੇ ਨਾੜ ਅਤੇ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ | ਜਿਸ ਨਾਲ ਵੱਡੀ ਪੱਧਰ 'ਤੇ ਹਵਾ ਪ੍ਰਦੂਸ਼ਣ ਪੈਦਾ ਹੁੰਦਾ ਹੈ | ਸਾਡੇ ਲੋਕਾਂ ਅਤੇ ਖ਼ਾਸ ਕਰਕੇ ਕਿਸਾਨਾਂ ਦੀ ਚੇਤਨਾ ਦਾ ਇਹ ਹਿੱਸਾ ਹੀ ਨਹੀਂ ਬਣਿਆ, ਕਿ ਕਣਕ ਦੇ ਨਾੜ ਅਤੇ ਪਰਾਲੀ ਨੂੰ ਹਰ ਸਾਲ ਅੱਗ ਲਗਾਉਣ ਨਾਲ ਵਾਤਾਵਰਨ, ਮਨੁੱਖੀ ਸਿਹਤ ਅਤੇ ਇੱਥੋਂ ਤੱਕ ਕਿ ਧਰਤੀ ਦੀ ਉਪਜਾਊ ਸ਼ਕਤੀ ਨੂੰ ਕਿੰਨਾ ਨੁਕਸਾਨ ਹੁੰਦਾ ਹੈ | ਇਸੇ ਤਰ੍ਹਾਂ ਸਾਡੀਆਂ ਸਨਅਤਾਂ ਵੀ ਵੱਡੀ ਪੱਧਰ 'ਤੇ ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਪੈਦਾ ਕਰਦੀਆਂ ਹਨ | ਗਹਿਰੇ ਬੋਰ ਕਰ ਕੇ ਤੇਜ਼ਾਬੀ ਤੇ ਜ਼ਹਿਰੀਲੇ ਪਾਣੀ ਧਰਤੀ ਦੀ ਕੁੱਖ ਵਿਚ ਸੁੱਟੇ ਜਾਂਦੇ ਹਨ | ਸਾਫ਼ ਕਰਨ ਤੋਂ ਬਿਨਾਂ ਪਾਣੀ ਨਦੀਆਂ ਤੇ ਦਰਿਆਵਾਂ ਵਿਚ ਸੁੱਟੇ ਜਾਂਦੇ ਹਨ | ਲਗਭਗ ਹਰ ਰਾਜ ਵਿਚ ਪ੍ਰਦੂਸ਼ਣ ਕੰਟਰੋਲ ਬੋਰਡ ਬਣੇ ਹੋਏ ਹਨ | ਕੇਂਦਰੀ ਪੱਧਰ 'ਤੇ ਵੀ ਕੌਮੀ ਗ੍ਰੀਨ ਟਿ੍ਬਿਊਨਲ ਬਣਿਆ ਹੋਇਆ ਹੈ | ਦੇਸ਼ ਦੀਆਂ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਵਿਚ ਵੀ ਸਨਅਤਾਂ ਵਲੋਂ ਪੈਦਾ ਕੀਤੇ ਜਾਣ ਵਾਲੇ ਹਵਾ ਪ੍ਰਦੂਸ਼ਣ ਅਤੇ ਪਾਣੀ ਦੇ ਪ੍ਰਦੂਸ਼ਣ ਦੀਆਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ | ਅਦਾਲਤਾਂ ਵਲੋਂ ਸਮੇਂ-ਸਮੇਂ ਸਖ਼ਤ ਆਦੇਸ਼ ਵੀ ਦਿੱਤੇ ਜਾਂਦੇ ਹਨ, ਪਰ ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਅੱਜ ਵੀ ਦੇਸ਼ ਵਿਚ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ | ਦੇਸ਼ ਦੇ ਮਹਾਨਗਰਾਂ ਵਿਚ ਤਾਂ ਹਵਾ ਦਾ ਪ੍ਰਦੂਸ਼ਣ ਇਸ ਹੱਦ ਤੱਕ ਵਧ ਚੁੱਕਾ ਹੈ ਕਿ ਲੋਕਾਂ ਲਈ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ |
ਇਸ ਸਾਰੀ ਚਰਚਾ ਦੇ ਸੰਦਰਭ ਵਿਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਆਪਣੇ ਦਿਨ-ਤਿਉਹਾਰ, ਖ਼ਾਸ ਕਰਕੇ ਸ੍ਰੀ ਗਣੇਸ਼ ਚਤੁਰਥੀ, ਦੁਰਗਾ ਪੂਜਾ ਅਤੇ ਦੀਵਾਲੀ ਆਦਿ ਅਜਿਹੇ ਨਵੇਂ ਢੰਗ ਨਾਲ ਮਨਾਉਣੇ ਚਾਹੀਦੇ ਹਨ, ਜਿਨ੍ਹਾਂ ਨਾਲ ਪਾਣੀ ਤੇ ਹਵਾ ਦਾ ਪ੍ਰਦੂਸ਼ਣ ਨਾ ਹੋਵੇ | ਸ੍ਰੀ ਗਣੇਸ਼ ਚਤੁਰਥੀ ਅਤੇ ਦੁਰਗਾ ਪੂਜਾ ਲਈ ਛੋਟੇ ਆਕਾਰ ਦੀਆਂ ਮਿੱਟੀ ਦੀਆਂ ਅਜਿਹੀਆਂ ਮੂਰਤੀਆਂ ਬਣਾਈਆਂ ਜਾ ਸਕਦੀਆਂ ਹਨ, ਜਿਹੜੀਆਂ ਆਸਾਨੀ ਨਾਲ ਪਾਣੀ ਵਿਚ ਘੁਲ ਜਾਣ ਤੇ ਉਨ੍ਹਾਂ ਨਾਲ ਸਾਡੇ ਪਾਣੀ ਦੇ ਸਰੋਤ ਗੰਧਲੇ ਨਾ ਹੋਣ | ਇਸੇ ਤਰ੍ਹਾਂ ਚਾਹੇ ਅਸੀਂ ਖੇਤੀਬਾੜੀ ਕਰੀਏ, ਸਨਅਤਾਂ ਚਲਾਈਏ ਜਾਂ ਬੁਨਿਆਦੀ ਢਾਂਚੇ ਦਾ ਵਿਸਥਾਰ ਕਰੀਏ ਸਾਨੂੰ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਦਾ ਤਰਜੀਹੀ ਆਧਾਰ 'ਤੇ ਖ਼ਿਆਲ ਰੱਖਣਾ ਚਾਹੀਦਾ ਹੈ | ਧਰਤੀ ਦੀ ਵਧ ਰਹੀ ਤਪਸ਼ ਦੇ ਪੱਖ ਤੋਂ ਵੀ ਸਾਨੂੰ ਆਪਣੇ ਜਲ, ਜੰਗਲ ਅਤੇ ਪਹਾੜਾਂ ਦੀ ਸੁਰੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ | ਅਜਿਹੀ ਚੇਤਨਾ ਨਾਲ ਹੀ ਅਸੀਂ ਆਪਣੇ ਤਿਉਹਾਰਾਂ ਨੂੰ ਬਿਹਤਰ ਢੰਗ ਨਾਲ ਮਨਾ ਸਕਦੇ ਹਾਂ ਅਤੇ ਖੇਤੀ ਤੋਂ ਲੈ ਕੇ ਸਨਅਤਾਂ ਤੱਕ ਆਪਣੇ ਕਾਰੋਬਾਰਾਂ ਨੂੰ ਵੀ ਸੁਚੱਜੇ ਢੰਗ ਨਾਲ ਚਲਾ ਸਕਦੇ ਹਾਂ | ਇਸ ਨਾਲ ਭਾਰਤ ਵਿਕਾਸ ਵੀ ਕਰ ਸਕੇਗਾ ਅਤੇ ਲੋਕ ਵੀ ਸਿਹਤਮੰਦ ਜੀਵਨ ਬਿਤਾ ਸਕਣਗੇ |
ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਅਗਲੇ ਕੁਝ ਹੀ ਦਿਨਾਂ ਵਿਚ ਆਉਣ ਵਾਲਾ ਦੀਵਾਲੀ ਦਾ ਤਿਉਹਾਰ ਮਨਾਉਣ ਸੰਬੰਧੀ ਅਸੀਂ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਆਪਣੇ ਵਲੋਂ ਕੋਈ ਯੋਗਦਾਨ ਪਾਉਂਦੇ ਹਾਂ ਜਾਂ ਨਹੀਂ?੍ਹ