06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਹਵਾਈ ਅੱਡਿਆਂ 'ਤੇ ਵ੍ਹੀਲ ਚੇਅਰਾਂ ਦੀ ਵਰਤੋਂ ਤੇ ਦੁਰਵਰਤੋਂ

ਹਵਾਈ ਅੱਡਿਆਂ 'ਤੇ ਵ੍ਹੀਲ ਚੇਅਰਾਂ ਦੀ ਵਰਤੋਂ ਤੇ ਦੁਰਵਰਤੋਂ

Ad Position 21
No active advertisement
ਅਜੀਤ ਡੈਸਕ 06-11-2026

ਮੈਂ ਪਿਛਲੇ ਕੁਝ ਸਮੇਂ ਤੋਂ ਜਦ ਵੀ ਵਿਦੇਸ਼ ਜਾਂਦਾ ਹਾਂ ਤਾਂ ਹਵਾਈ ਅੱਡਿਆਂ 'ਤੇ ਵ੍ਹੀਲ ਚੇਅਰ ਜ਼ਰੂਰ ਲੈਂਦਾ ਹਾਂ | ਇਹ ਨਹੀਂ ਕਿ ਮੇਰੀ ਉਮਰ 72 ਸਾਲ ਦੀ ਹੋ ਗਈ ਹੈ, ਸਗੋਂ ਇਸ ਕਰਕੇ ਕਿ ਮੇਰੀ ਪਿੱਠ ਦਰਦ ਹੋਣ ਕਾਰਨ ਮੈਂ ਬਹੁਤੀ ਦੇਰ ਖੜ੍ਹ ਨਹੀਂ ਸਕਦਾ | ਹਵਾਈ ਅੱਡਿਆਂ 'ਤੇ ਘੱਟੋ-ਘੱਟ 4 ਵਾਰ ਲੰਬੀਆਂ ਕਤਾਰਾਂ 'ਚ ਖੜ੍ਹਨਾ ਪੈਂਦਾ ਹੈ | ਵ੍ਹੀਲ ਚੇਅਰ ਦੀ ਸਹੂਲਤ ਆਮ ਕਰਕੇ ਬਜ਼ੁਰਗਾਂ, ਅਪਾਹਜਾਂ, ਬਿਮਾਰਾਂ, ਗਰਭਵਤੀ ਔਰਤਾਂ ਲਈ ਹੁੰਦੀ ਹੈ | 60 ਸਾਲ ਦੀ ਉਮਰ ਤੋਂ ਬਾਅਦ ਵਿਅਕਤੀ ਸੀਨੀਅਰ ਸਿਟੀਜ਼ਨ ਜਾਂ ਬਜ਼ੁਰਗਾਂ ਦੀ ਕਤਾਰ 'ਚ ਆ ਜਾਂਦਾ ਹੈ | ਉਹ ਵ੍ਹੀਲ ਚੇਅਰ ਲੈਣ ਦਾ ਹੱਕਦਾਰ ਬਣ ਜਾਂਦਾ ਹੈ, ਪਰ ਜੋ ਵਿਅਕਤੀ 60 ਸਾਲ ਤੋਂ ਬਾਅਦ ਵੀ ਤੰਦਰੁਸਤ ਹੈ, ਤੁਰ ਫਿਰ ਸਕਦਾ ਹੈ, ਕੋਈ ਸਮੱਸਿਆ ਨਹੀਂ, ਫਿਰ ਵੀ ਇਹ ਸਹੂਲਤ ਲਵੇ ਤਾਂ ਮੈਂ ਸਮਝਦਾ ਹਾਂ ਕਿ  ਇਹ ਠੀਕ ਨਹੀਂ | ਮੈਂ 68 ਸਾਲ ਦੀ ਉਮਰ ਤੱਕ ਕਦੇ ਵ੍ਹੀਲ ਚੇਅਰ ਨਹੀਂ ਸੀ ਵਰਤੀ | ਸਾਈਟਿਕਾ ਤੇ ਡਿਸਕ ਦੀ ਸਮੱਸਿਆ ਕਾਰਨ ਵ੍ਹੀਲ ਚੇਅਰ ਮੇਰੀ ਮਜਬੂਰੀ ਬਣ ਗਈ |

ਹਵਾਈ ਅੱਡਿਆਂ 'ਤੇ ਲੰਬੀਆਂ ਕਤਾਰਾਂ, ਡੇਢ-ਦੋ ਕਿਲੋਮੀਟਰ ਲੰਬੇ ਕਾਰੀਡੋਰ, ਇਮੀਗੇ੍ਰਸ਼ਨ ਅਤੇ ਸਕਿਉਰਿਟੀ ਦੀ ਭੀੜ, ਬਜ਼ੁਰਗਾਂ, ਅਪਾਹਜਾਂ, ਗਰਭਵਤੀ ਔਰਤਾਂ, ਬਿਮਾਰ ਅਤੇ ਲੰਬਾ ਤੁਰਨ ਫਿਰਨ ਤੋਂ ਅਸਮਰੱਥ ਵਿਅਕਤੀਆਂ ਲਈ ਸੱਚਮੁੱਚ ਔਖਾ ਕੰਮ ਹੈ | ਇਸੇ ਲਈ ਦੁਨੀਆ ਭਰ ਦੇ ਹਵਾਈ ਅੱਡਿਆਂ 'ਤੇ ਵ੍ਹੀਲ ਚੇਅਰ ਇਕ ਮਨੁੱਖੀ ਅਧਿਕਾਰ ਵਜੋਂ ਦਿੱਤੀ ਜਾਂਦੀ ਹੈ | ਵ੍ਹੀਲ ਚੇਅਰ ਸਿਰਫ਼ ਇਕ ਕੁਰਸੀ ਨਹੀਂ, ਸਗੋਂ ਸ਼ਹਿਰੀ ਹਵਾਬਾਜ਼ੀ ਦੇ ਨਿਯਮਾਂ ਅਨੁਸਾਰ ਇਹ ਇਕ ਪੂਰਾ ਪੈਕੇਜ ਹੈ | ਹਵਾਈ ਅੱਡੇ ਦੇ ਮੁੱਖ ਗੇਟ ਤੋਂ ਲੈ ਕੇ ਹਵਾਈ ਜਹਾਜ਼ ਦੀ ਸੀਟ ਤੱਕ ਲਿਜਾਣਾ, ਚੈੱਕ ਇਨ, ਸਕਿਉਰਿਟੀ, ਇਮੀਗੇ੍ਰਸ਼ਨ 'ਚ ਮਦਦ, ਸਾਮਾਨ ਚੁੱਕਣਾ, ਕੁਨੈਕਟਿੰਗ ਫਲਾਈਟ ਅਤੇ ਦੂਸਰੇ ਟਰਮੀਨਲ ਤੱਕ ਪਹੁੰਚਾਉਣਾ, ਯਾਤਰੀ ਦੀ ਨਿੱਜੀ ਵ੍ਹੀਲ ਚੇਅਰ ਜਾਂ ਵਾਕਰ ਜਹਾਜ਼ ਵਿਚ ਛੱਡ ਕੇ ਆਉਣਾ, ਇਸ ਸਹੂਲਤ ਵਿਚ ਸ਼ਾਮਿਲ ਹਨ | ਇਸ ਸਹੂਲਤ ਦੇ ਤਿੰਨ ਕੋਡ ਹੁੰਦੇ ਹਨ– ਥੋੜ੍ਹਾ ਚੱਲ ਸਕਣ ਵਾਲਾ, ਪੌੜੀਆਂ ਨਾ ਚੜ੍ਹ ਸਕਣ ਵਾਲਾ ਤੇ ਪੂਰੀ ਤਰ੍ਹਾਂ ਅਸਮਰੱਥ |
ਇਸ ਸਹੂਲਤ ਦਾ ਨਾਜਾਇਜ਼ ਫ਼ਾਇਦਾ ਵੀ ਉਠਾਇਆ ਜਾਣ ਲੱਗਾ ਹੈ | ਚੰਗੇ ਭਲੇ ਲੋਕ ਵ੍ਹੀਲ ਚੇਅਰ ਦੀ ਦੁਰਵਰਤੋਂ ਅਕਸਰ ਲੰਬੀਆਂ ਕਤਾਰਾਂ ਤੋਂ ਬਚਣ ਲਈ ਕਰਨ ਲੱਗੇ ਹਨ | ਵਾਇਰਲ ਹੋਈਆਂ ਤਸਵੀਰਾਂ ਵਿਚ ਨਿਊਯਾਰਕ ਤੋਂ ਦਿੱਲੀ ਪਹੁੰਚੀ ਇਕ ਹੀ ਫਲਾਈਟ 'ਤੇ 40-50 ਵ੍ਹੀਲ ਚੇਅਰਾਂ ਦੀ ਲਾਈਨ ਦੇਖੀ ਗਈ, ਜਿਸ ਨੇ ਬਹਿਸ ਨੂੰ ਹਵਾ ਦੇ ਦਿੱਤੀ ਹੈ | ਨਤੀਜੇ ਵਜੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਸਤੰਬਰ 2025 ਵਿਚ ਇਕ ਨਿਯਮ ਬਣਾਇਆ, ਜਿਸ ਅਨੁਸਾਰ ਤੰਦਰੁਸਤ ਯਾਤਰੀਆਂ ਤੋਂ ਵ੍ਹੀਲ ਚੇਅਰ ਲਈ ਏਅਰ ਲਾਈਨਾਂ ਫ਼ੀਸ ਲੈ ਸਕਣਗੀਆਂ, ਪਰ ਸੱਚਮੁੱਚ ਦੇ ਲੋੜਵੰਦਾਂ ਲਈ ਇਹ ਸੇਵਾ ਮੁਫ਼ਤ ਰਹੇਗੀ | ਇਸ 'ਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਰੌਲਾ ਪਾ ਦਿੱਤਾ ਕਿ ਇਹ ਫ਼ੀਸ ਬਜ਼ੁਰਗਾਂ ਤੇ ਅਦਿੱਖ ਅਪੰਗਤਾ ਵਾਲਿਆਂ 'ਤੇ ਬੋਝ ਬਣੇਗੀ | ਬਹੁਤ ਸਾਰੇ ਬਜ਼ੁਰਗ ਤੁਰ ਸਕਦੇ ਹਨ, ਪਰ ਲੰਬਾ ਨਹੀਂ | ਉਨ੍ਹਾਂ ਲਈ ਵ੍ਹੀਲ ਚੇਅਰ ਇਕ ਸਹਾਰਾ ਹੈ | ਫਿਰ ਦੁਬਾਰਾ ਆਦੇਸ਼ ਹੋਇਆ ਕਿ ਸੱਚਮੁੱਚ ਦੇ ਲੋੜਵੰਦਾਂ ਨੂੰ  ਛੱਡ ਕੇ ਹੋਰਨਾਂ ਯਾਤਰੀਆਂ ਤੋਂ ਉਚਿਤ ਸਹਾਇਤਾ ਫ਼ੀਸ ਲਈ ਜਾ ਸਕੇ | ਇੰਝ ਇਹ ਮੁਫ਼ਤ ਸਹੂਲਤ ਬੰਦ ਨਹੀਂ ਹੋਈ, ਸਿਰਫ਼ ਤੰਦਰੁਸਤ ਲੋਕਾਂ ਲਈ 'ਪੇਡ' ਬਣ ਗਈ |
ਅਸਲ ਲੋੜਵੰਦਾਂ ਲਈ ਵ੍ਹੀਲ ਚੇਅਰ ਦੀ ਸਹੂਲਤ ਅੱਜ ਵੀ ਬਿਲਕੁਲ ਮੁਫ਼ਤ ਹੈ | ਲੋੜਵੰਦ ਯਾਤਰੀਆਂ ਨੂੰ  ਟਿਕਟ ਬੁੱਕ ਕਰਦੇ ਸਮੇਂ ਹੀ ਵ੍ਹੀਲ ਚੇਅਰ ਦੀ ਮੰਗ ਕਰ ਦੇਣੀ ਚਾਹੀਦੀ ਹੈ | ਟਿਕਟ 'ਤੇ ਵ੍ਹੀਲ ਚੇਅਰ ਲਿਖਿਆ ਆ ਜਾਂਦਾ ਹੈ | ਇਸ ਟਿਕਟ ਨੂੰ ਦੇਖ ਕੇ ਹਵਾਈ ਅੱਡਿਆਂ 'ਤੇ ਬੈਠਾ ਸਟਾਫ਼ ਬੋਰਡਿੰਗ ਪਾਸ 'ਤੇ ਵੀ ਵ੍ਹੀਲ ਚੇਅਰ ਅੰਕਿਤ ਕਰ ਦਿੰਦਾ ਹੈ ਅਤੇ ਇੱਥੋਂ ਵ੍ਹੀਲ ਚੇਅਰ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ | ਸਪੱਸ਼ਟ ਕਰ ਦੇਈਏ ਕਿ ਵ੍ਹੀਲ ਚੇਅਰ ਲਈ ਕਿਸੇ ਮੈਡੀਕਲ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ | ਇਸ ਸਹੂਲਤ ਬਦਲੇ ਕੋਈ ਕਰਮਚਾਰੀ ਪੈਸੇ ਨਹੀਂ ਮੰਗ ਸਕਦਾ | ਤੁਸੀਂ ਜਿਸ ਹਵਾਈ ਅੱਡੇ ਤੋਂ ਯਾਤਰਾ ਸ਼ੁਰੂ ਕਰ ਰਹੇ ਹੋ, ਇਹ ਸਹੂਲਤ ਉਥੇ ਲੈ ਕੇ, ਜਿਸ ਹਵਾਈ ਅੱਡੇ 'ਤੇ ਪਹੁੰਚਣਾ ਹੈ, ਉੱਥੇ ਤੱਕ ਜਾਰੀ ਰਹਿੰਦੀ ਹੈ | ਜੇ ਰਸਤੇ ਵਿਚ ਜਹਾਜ਼ ਬਦਲਣਾ ਹੈ ਤਾਂ ਵੀ ਇਹ ਸਹੂਲਤ ਮਿਲੇਗੀ |
ਮੈਂ ਕੈਨੇਡਾ ਦੇ ਵੈਨਕੂਵਰ ਹਵਾਈ ਅੱਡੇ 'ਤੇ ਉਤਰਿਆ ਅਤੇ ਮੈਨੂੰ ਹਵਾਈ ਜਹਾਜ਼ 'ਚੋਂ ਬਾਹਰ ਆਉਣ 'ਤੇ ਹੀ ਇਹ ਸਹੂਲਤ ਮਿਲ ਗਈ | ਵ੍ਹੀਲ ਚੇਅਰ ਇਕ ਪੰਜਾਬੀ ਲੜਕੀ ਚਲਾ ਰਹੀ ਸੀ | ਉਹ ਮੈਨੂੰ ਹਰ ਪੜਾਅ ਵਿਚੋਂ ਲੰਘਾ ਕੇ ਉੱਥੇ ਲੈ ਆਈ, ਜਿੱਥੇ ਬੈਲਟ 'ਤੇ ਸਾਮਾਨ ਆਉਂਦਾ ਹੈ | ਉਹ ਕਹਿਣ ਲੱਗੀ ਕਿ ਇਸ ਤੋਂ ਅੱਗੇ ਉਹ ਨਹੀਂ ਜਾ ਸਕੇਗੀ, ਡਿਊਟੀ ਇੱਥੋਂ ਤੱਕ ਹੀ ਹੈ | ਉਸ ਨੇ ਦੱਸਿਆ ਕਿ ਸਾਮਾਨ ਬਾਹਰ ਲਿਜਾਣ ਵਾਸਤੇ ਕੁਲੀ ਮਿਲ ਜਾਂਦੇ ਹਨ | ਮੇਰੇ ਲਈ ਇਹ ਵਧੀਆ ਹੋਇਆ ਕਿ ਮੈਨੂੰ ਲੈਣ ਪੰਜਾਬ ਭਵਨ ਸਰੀ ਦੇ ਚੇਅਰਮੈਨ ਸੁੱਖੀ ਬਾਠ ਆਪਣੇ ਇਕ ਸਾਥੀ ਨਾਲ ਪਹੁੰਚੇ ਹੋਏ ਸਨ | ਮੇਰਾ ਪੋਤਾ ਰਾਜਵੰਤ ਸਿੰਘ ਵੀ ਆਇਆ ਹੋਇਆ ਸੀ ਤੇ ਮੇਰਾ ਸਾਮਾਨ ਉਨ੍ਹਾਂ ਨੇ ਚੁੱਕ ਕੇ ਗੱਡੀ 'ਚ ਰੱਖ ਲਿਆ | ਮੈਂ ਇਕ ਰਾਇ ਦਿੰਦਾ ਹਾਂ ਕਿ ਜੇ ਤੁਸੀਂ ਤੰਦਰੁਸਤ ਹੋ ਤਾਂ ਇਸ ਸਹੂਲਤ ਦੀ ਵਰਤੋਂ ਨਾ ਕਰੋ | ਹਾਂ, ਜੇ ਤੁਸੀ ਸੱਚਮੁੱਚ ਲੋੜਵੰਦ ਹੋ ਤਾਂ ਇਹ ਤੁਹਾਡਾ ਕਾਨੂੰਨੀ ਹੱਕ ਹੈ | 

-ਇੰਚਾਰਜ ਉਪ ਦਫ਼ਤਰ, ਸੰਗਰੂਰ |
ਮੋਬਾਈਲ : 98142-82543

Ad Position 22
No active advertisement
ਪਿਛਲੀ ਖ਼ਬਰ ਨਵੰਬਰ '84 ਦੇ ਘਟਨਾਕ੍ਰਮ ਸੰਬੰਧੀ 'ਸੱਚ ਤੇ ਸੁਲਾਹ-ਸਫ਼ਾਈ ਕਮਿਸ਼ਨ' ਬਣੇ ਅਗਲੀ ਖ਼ਬਰ ਖੇਤੀ ਖੇਤਰ ਹਮੇਸ਼ਾ ਮੁਸ਼ਕਿਲਾਂ ਵਿਚ ਕਿਉਂ ਰਹਿੰਦਾ ਹੈ?
Ad Position 24