ਨਵੀਂ ਦਿੱਲੀ, 5 ਨਵੰਬਰ (ਪੀ.ਟੀ.ਆਈ.)-ਕੇਂਦਰ ਸਰਕਾਰ ਨੇ ਭਾਰਤ ਵਿਚ ਰਹਿ ਰਹੇ ਕੁਝ ਵਿਦੇਸ਼ੀ ਨਾਗਰਿਕਾਂ ਲਈ ਪਾਸਪੋਰਟ ਤੇ ਵੀਜ਼ਾ ਨਿਯਮਾਂ ਵਿਚ ਵੱਡੀ ਰਾਹਤ ਦਿੱਤੀ ਹੈ । ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਨਵੇਂ ਨੋਟੀਫਿਕੇਸ਼ਨ ਤਹਿਤ ਕੁਝ ਪਾਕਿਸਤਾਨੀ ਨਾਗਰਿਕਾਂ, ਧਾਰਮਿਕ ਘੱਟ ਗਿਣਤੀ ਸ਼ਰਨਾਰਥੀਆਂ, ਸ੍ਰੀਲੰਕਾਈ ਤਮਿਲਾਂ ਤੇ ਤਿੱਬਤੀਆਂ ਨੂੰ ਵਿਸ਼ੇਸ਼ ਛੋਟ ਮਿਲੇਗੀ।
31 ਦਸੰਬਰ 2009 ਜਾਂ ਇਸ ਤੋਂ ਪਹਿਲਾਂ ਭਾਰਤ ਆ ਕੇ ਵਸੇ ਕੁਝ ਪਾਕਿਸਤਾਨੀ ਨਾਗਰਿਕਾਂ ਨੂੰ ਪਾਸਪੋਰਟ ਨਵਿਆਉਣ ਦੀ ਸ਼ਰਤ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਧਾਰਮਿਕ ਜ਼ੁਲਮ ਕਾਰਨ ਭਾਰਤ ਆਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਤੇ ਇਸਾਈ ਭਾਈਚਾਰਿਆਂ ਦੇ ਲੋਕਾਂ ਨੂੰ ਵੀ ਰਾਹਤ ਮਿਲੇਗੀ ।
ਨਵੇਂ ਨਿਯਮਾਂ ਅਨੁਸਾਰ ਭਾਰਤ, ਨਿਪਾਲ ਤੇ ਭੂਟਾਨ ਦੇ ਨਾਗਰਿਕ ਨਿਰਧਾਰਤ ਪਛਾਣ ਪੱਤਰਾਂ ਰਾਹੀਂ ਆਪਸੀ ਸਿੱਧੀ ਯਾਤਰਾ ਕਰ ਸਕਣਗੇ, ਹਾਲਾਂਕਿ ਕੁਝ ਸ਼੍ਰੇਣੀਆਂ ਲਈ ਭਾਰਤ ਵਿਚ ਰਹਿਣ ਵਾਸਤੇ ਉਚਿਤ ਵੀਜ਼ਾ ਲੈਣਾ ਲਾਜ਼ਮੀ ਹੋਵੇਗਾ ।