ਡੈਮੋਕ੍ਰੇਟ ਰਾਸ਼ਟਰਪਤੀ ਟਰੰਪ ਦੀ ਘਟਦੀ ਲੋਕਪਿ੍ਅਤਾ ਦਾ ਫਾਇਦਾ ਉਠਾਉਣ ਤੇ ਰਿਪਬਲਿਕਨਾਂ ਤੋਂ ਪ੍ਰਤੀਨਿਧੀ ਹਾਊਸ ਤੇ ਸੈਨੇਟ ਨੂੰ ਵਾਪਸ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਸਨ | ਅਮਰੀਕੀ ਵੋਟਰਾਂ ਨੇ ਫ਼ੈਸਲਾ ਕਰ ਦਿੱਤਾ ਹੈ ਕਿ ਮੱਧਕਾਲੀ ਚੋਣਾਂ ਵਿਚ ਪ੍ਰਤੀਨਿਧੀ ਸਭਾ ਤੇ ਸੈਨੇਟ ਨੂੰ ਕੌਣ ਨਿਯੰਤਰਿਤ ਕਰੇਗਾ | ਡੈਮੋਕ੍ਰੇਟ ਸਾਲ ਦੀ ਸ਼ੁਰੂਆਤ ਤੋਂ ਹੀ ਚੋਣਾਂ ਵਿਚ ਜਿੱਤ ਲਈ ਆਸਵੰਦ ਸਨ ਤੇ 2022 ਤੋਂ ਰਿਪਬਲਿਕਨਾਂ ਦੁਆਰਾ ਖੋਹੇ ਗਏ ਬਹੁਮਤ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ | ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਡੈਮੋਕ੍ਰੇਟਿਕ ਨੂੰ ਬਹੁਮਤ ਤੋਂ ਦੂਰ ਰੱਖਣ ਲਈ ਆਪਣੇ ਏਜੰਡੇ ਤਹਿਤ ਸਤੰਬਰ ਵਿਚ ਇਕ ਵਾਅਦਾ ਕੀਤਾ ਸੀ ਕਿ ਜੇਕਰ ਰਿਪਬਲਿਕਨ ਦੋਵੇਂ ਸਦਨਾਂ 'ਤੇ ਕਾਬਜ਼ ਹੁੰਦੇ ਹਨ ਤਾਂ ਹਰੇਕ ਅਮਰੀਕੀ ਬਾਲਗ ਨੂੰ 5,000 ਡਾਲਰ ਦਿੱਤੇ ਜਾਣਗੇ | ਟਰੰਪ ਨੇ ਰੂਸ ਖ਼ਿਲਾਫ਼ ਪਾਬੰਦੀਆਂ ਵੀ ਨਹੀਂ ਲਗਾਈਆਂ ਅਤੇ ਯੂਕਰੇਨ ਤੇ ਰਾਸ਼ਟਰਪਤੀ ਜ਼ੇਲੇਂਸਕੀ ਦੀ ਬਜਾਏ ਰੂਸ ਤੇ ਰਾਸ਼ਟਰਪਤੀ ਪੁਤਿਨ ਦਾ ਪੱਖ ਲਿਆ ਸੀ | ਜਿਸ ਨੂੰ ਟਰੰਪ ਦੀ ਆਪਣੀ ਪਾਰਟੀ ਦੇ ਮੈਂਬਰਾਂ ਤੋਂ ਲੈ ਕੇ ਆਮ ਜਨਤਾ ਨੇ ਵੀ ਪਸੰਦ ਨਹੀਂ ਕੀਤਾ ਸੀ | ਟਰੰਪ ਦੀਆਂ ਨੀਤੀਆਂ ਨੇ ਅਮਰੀਕਾ 'ਚ ਵੱਡੀ ਚਿੰਤਾ ਪੈਦਾ ਕੀਤੀ ਹੋਈ ਸੀ ਤੇ ਮੱਧਕਾਲੀ ਚੋਣਾਂ ਵਿਚ ਰਿਪਬਲਿਕਨਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਹੈ | ਟਰੰਪ ਨੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਦੋ ਸਾਲਾਂ ਦੌਰਾਨ ਅਮਰੀਕੀ ਰਾਜਨੀਤੀ 'ਤੇ ਖਾਸਾ ਦਬਦਬਾ ਬਣਾਇਆ ਤੇ ਸਥਿਤੀਆਂ ਅਮਰੀਕਾ ਵਿਚ ਹੀ ਨਹੀਂ ਬਦਲੀਆਂ ਸਗੋਂ ਪੂਰਾ ਵਿਸ਼ਵ ਹੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ |

ਅਮਰੀਕਾ ਵਿਚ 3 ਨਵੰਬਰ ਨੂੰ ਵੋਟਾਂ ਪੈਣ ਬਾਅਦ ਚੋਣ ਨਤੀਜੇ ਆਉਣ ਲੱਗ ਪਏ ਹਨ | ਡੈਮੋਕ੍ਰੇਟਾਂ ਨੇ ਅਮਰੀਕੀ ਕਾਂਗਰਸ ਦੇ ਉਪਰਲੇ 100 ਮੈਂਬਰੀਂ ਸਦਨ (ਸੈਨੇਟ) 'ਚ 54 ਸੀਟਾਂ ਹਾਸਲ ਕਰ ਕੇ ਬਹੁਮਤ ਹਾਸਲ ਕਰ ਲਿਆ ਹੈ, ਉਨ੍ਹਾਂ ਸੱਤਾਧਾਰੀ ਰਿਪਬਲਿਕਨਾਂ ਨੂੰ 7 ਸੀਟਾਂ 'ਤੇ ਹਰਾ ਦਿੱਤਾ ਹੈ | ਹੁਣ ਸੈਨੇਟ 'ਚ ਡੈਮੋਕ੍ਰੇਟਸ ਕੋਲ 54, ਰਿਪਬਲਿਕਨ ਕੋਲ 44 ਤੇ 2 ਸੀਟਾਂ ਡੈਮੋਕ੍ਰੇਟਿਕ ਸਮਰਥਿਤ ਆਜ਼ਾਦ ਉਮੀਦਵਾਰਾਂ ਕੋਲ ਹਨ | ਇਸੇ ਤਰ੍ਹਾਂ ਡੈਮੋਕ੍ਰੇਟਸ ਨੇ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ 'ਪ੍ਰਤੀਨਿਧੀ ਸਭਾ' 'ਚ ਵੀ ਬਹੁਮਤ ਹਾਸਲ ਕਰ ਲਿਆ ਹੈ | ਹੁਣ ਤੱਕ ਪਾਰਟੀ 228 ਸੀਟਾਂ ਜਿੱਤ ਚੁੱਕੀ ਹੈ | ਰੀਪਬਲੀਕਨਾਂ ਨੇ ਅਜੇ ਤੱਕ 139 ਸੀਟਾਂ ਜਿੱਤੀਆਂ ਹਨ | ਬਹੁਤ ਸਾਰੇ ਲੋਕਾਂ ਤੇ ਦੇਸ਼ਾਂ ਲਈ ਟਰੰਪ ਡਰ ਤੇ ਸਹਿਮ ਦਾ 'ਨਾਂਅ' ਬਣ ਚੁੱਕੇ ਹਨ | ਦਰਅਸਲ ਮੱਧਕਾਲੀ ਚੋਣਾਂ ਕਾਂਗਰਸ (ਅਮਰੀਕੀ ਸੰਸਦ) 'ਤੇੇ ਨਿਯੰਤਰਣ ਦਾ ਫੈਸਲਾ ਕਰਦੀਆਂ ਹਨ, ਜੋ ਰਿਪਬਲਿਕਨ ਪਾਰਟੀ ਖ਼ਿਲਾਫ਼ ਗਈਆਂ ਹਨ | ਵੋਟਰਾਂ ਦਾ ਮੰਨਣਾ ਹੈ ਕਿ ਉਹ ਰਹਿਣ-ਸਹਿਣ ਦੀ ਲਾਗਤ ਨਿੱਤ ਦੀਆਂ ਖਾਣ ਪੀਣ ਵਾਲੀਆਂ ਵਸਤਾਂ ਦੀ ਕੀਮਤਾਂ ਨੂੰ ਲੱਗੀ ਅੱਗ ਦੇ ਸੇਕ 'ਚ ਝੁਲਸੇ ਗਏ ਹਨ | ਟਰੰਪ ਦੇ ਟੈਰਿਫ ਤੇ ਈਰਾਨ ਨਾਲ ਅਣਚਾਹੇ ਯੁੱਧ ਕਾਰਨ ਭੋਜਨ ਤੇ ਬਾਲਣ ਦੀਆਂ ਕੀਮਤਾਂ ਵਧਣ ਤੋਂ ਲੋਕ ਬਹੁਤ ਨਾਰਾਜ਼ ਹਨ | ਟਰੰਪ ਨੇ ਸਮੁੱਚੇ ਅਮਰੀਕਾ ਵਿਚ ਦਰਜਨਾਂ ਰੈਲੀਆਂ ਨੂੰ ਸੰਬੋਧਨ ਕੀਤਾ | ਟਰੰਪ ਦਾ ਸੋਮਵਾਰ ਨੂੰ ਵਾਸ਼ਿੰਗਟਨ ਡੀ.ਸੀ. 'ਚ ਰਿਫਲੈਕਟਿੰਗ ਪੂਲ ਦੇ ਸਾਹਮਣੇ ਸਮਾਪਤੀ ਭਾਸ਼ਨ ਵਿਵਾਦਪੂਰਨ ਰਿਹਾ ਹੈ | ਉਨ੍ਹਾਂ ਮੱਧਕਾਲੀ ਚੋਣਾਂ ਦੌਰਾਨ ਰਿਪਬਲਿਕਨ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ ਸੀ | ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਉਸ ਦੀ ਪਾਰਟੀ ਨੇ ਇਨ੍ਹਾਂ ਰਵਾਇਤੀ ਮੁਕਾਬਲਿਆਂ 'ਚ ਲੱਖਾਂ ਡਾਲਰਾਂ ਦੇ ਇਸ਼ਤਿਹਾਰ ਵੀ ਦਿੱਤੇ, ਤਾਂ ਜੋ ਪ੍ਰਚਾਰ ਵਿਚ ਭਾਰੂ ਰਿਹਾ ਜਾ ਸਕੇ | ਟਰੰਪ 2024 ਵਿਚ ਆਪਣੀ ਵੱਡੀ ਚੋਣ ਜਿੱਤ ਤੋਂ ਬਾਅਦ ਇਕ ਵੱਡੀ ਸਮਰੱਥਾ ਨਾਲ ਵ੍ਹਾਈਟ ਹਾਊਸ ਵਾਪਸ ਪਰਤਿਆ ਸੀ ਤਾਂ ਉਸ ਦੀ ਪ੍ਰਵਾਨਗੀ ਰੇਟਿੰਗ ਬਹੁਤ ਉੱਚੀ ਸੀ | ਪਰ ਈਰਾਨ ਨਾਲ ਜੰਗ ਜਾਰੀ ਰੱਖਣ ਅਤੇ ਬਹੁਤੇ ਅਮਰੀਕੀਆਂ ਦੀ ਜੇਬ 'ਤੇ ਮਾਰ ਪੈਣ ਨਾਲ ਉਸ ਦੀ ਪ੍ਰਵਾਨਗੀ ਰੇਟਿੰਗ ਬਹੁਤ ਹੇਠਾਂ ਚਲੇ ਗਈ ਹੈ | ਅਮਰੀਕਾ ਦੇ ਇਤਿਹਾਸ 'ਚ ਇਹ ਰਿਕਾਰਡ ਪਹਿਲੀ ਵਾਰ ਬਣਿਆ ਹੈ, ਕਿ ਇੰਨੀ ਮਹਿੰਗਾਈ ਦਰ ਟਰੰਪ ਦੇ ਰਾਜ ਵਿਚ ਵਧੀ ਹੈ | ਫਰਵਰੀ ਵਿਚ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਕ ਗੈਲਨ ਡੀਜ਼ਲ ਦੀ ਕੀਮਤ 3.75 ਡਾਲਰ ਸੀ, ਜੋ ਸਤੰਬਰ 'ਚ 6.52 ਡਾਲਰ ਦੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਈ | ਟਰੰਪ ਦੇ ਕਾਰਜਕਾਲ ਦੌਰਾਨ ਮੁਦਰਾਸਫੀਤੀ 3 ਫ਼ੀਸਦੀ ਤੋਂ ਵੱਧ ਕੇ ਅੱਜ 3.7 ਫ਼ੀਸਦੀ ਹੋ ਗਈ ਹੈ, ਜਿਸ ਨੇ ਰਿਪਬਲਿਕਨਾਂ ਦੀ ਚਿੰਤਾ ਵਧਾ ਦਿੱਤੀ ਹੈ |
ਮੱਧਕਾਲੀ ਚੋਣਾਂ ਬਾਰੇ ਭਵਿੱਖਬਾਣੀਆਂ
ਸੈਨੇਟ ਇੰਟੈਲੀਜੈਂਸ ਕਮੇਟੀ ਦੇ ਡੈਮੋਕ੍ਰੇਟ ਸੈਨੇਟਰ ਮਾਰਕ ਵਾਰਨਰ ਨੇ 'ਦ ਨਿਊਯਾਰਕ ਟਾਈਮਜ਼' ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਆਪਣੇ ਮਨਚਾਹੇ ਨਤੀਜੇ ਪ੍ਰਾਪਤ ਕਰਨ ਤੇ ਜਿੱਤ ਯਕੀਨੀ ਬਣਾਉਣ ਲਈ ਕਿਸੇ ਵੀ ਕਾਨੂੰਨੀ ਜਾਂ ਗੈਰ-ਕਾਨੂੰਨੀ ਸਾਧਨ ਦੀ ਵਰਤੋਂ ਕਰ ਸਕਦੇ ਹਨ | ਹਾਲਾਂਕਿ ਇਸ ਸਾਲ 2026 ਦੀ ਸ਼ੁਰੂਆਤ ਤੋਂ ਹੀ ਜ਼ਿਆਦਾਤਰ ਸਰਵੇਖਣਾਂ ਨੇ ਡੈਮੋਕ੍ਰੇਟਸ ਨੂੰ ਰਾਸ਼ਟਰੀ ਪੱਧਰ 'ਤੇ ਲੀਡ ਦਿੱਤੀ ਹੋਈ ਸੀ, ਸਤੰਬਰ ਵਿਚ ਡੈਮੋਕ੍ਰੇਟਸ ਦੀ ਇਹ ਲੀਡ ਵਧ ਕੇ 54 ਫ਼ੀਸਦੀ ਤੱਕ ਪਹੁੰਚ ਗਈ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ | ਭਾਵੇਂ ਰਾਸ਼ਟਰੀ ਚੋਣਾਂ ਦੌਰਾਨ ਆਮ ਤੌਰ 'ਤੇ ਸੰਭਾਵਿਤ ਨਤੀਜਿਆਂ ਬਾਰੇ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਸ ਵਾਰ ਜ਼ਿਆਦਾਤਰ ਚੋਣ ਭਵਿੱਖਬਾਣੀਆਂ ਤੇ ਸਰਵੇ ਸਹੀ ਸਿੱਧ ਹੋਏ ਹਨ |
ਹੰਸ ਰਾਜ ਹੰਸ ਦਾ ਸ਼ੋਅ
ਪੰਜਾਬ ਦੇ ਰਾਜ ਗਾਇਕ ਪਦਮਸ੍ਰੀ ਹੰਸ ਰਾਜ ਹੰਸ ਨੇ ਰਾਜਸੀ ਪਾਰੀ ਖੇਡਣ ਤੋਂ ਬਾਅਦ ਆਪਣੇ ਸੰਗੀਤਕ ਪ੍ਰੋਗਰਾਮਾਂ ਜ਼ਰੀਏ ਉੱਤਰੀ ਅਮਰੀਕਾ 'ਚ ਧੁੰਮ ਪਾਈ ਹੋਈ ਹੈ, ਜੋ ਵਿਖਾਉਂਦਾ ਹੈ ਕਿ ਲੋਕ ਆਪਣੇ ਪਿਆਰੇ ਗਾਇਕ ਨੂੰ ਸੁਣਨ ਤੇ ਮਾਨਣ ਲਈ ਕਿੰਨੇ ਉਤਸੁਕ ਸਨ | ਹੰਸ ਨੂੰ ਉੱਤਰੀ ਅਮਰੀਕਾ 'ਚ ਮਿਲੇ ਇਸ ਵੱਡੇ ਹੁਲਾਰੇ ਨੂੰ ਵੇਖ ਕੇ ਇਉਂ ਲੱਗਾ ਹੈ ਜਿਵੇਂ ਲੰਮੀ ਔੜ ਜਾਂ ਸੋਕੇ ਬਾਅਦ ਮੋਹਲੇਧਾਰ ਬਾਰਿਸ਼ ਹੋਈ ਹੋਵੇ | ਉਸ ਨੇ ਜਿਸ ਤਰ੍ਹਾਂ ਅਮਰੀਕਾ ਤੇ ਕੈਨੇਡਾ ਦੇ ਨਿਊਯਾਰਕ, ਸ਼ਿਕਾਗੋ, ਮਿਸ਼ੀਗਨ, ਟਰਾਂਟੋ ਸ਼ਹਿਰਾਂ 'ਚ ਆਪਣੇ ਸ਼ੋਆਂ ਦੌਰਾਨ ਪੰਜਾਬੀ ਸਰੋਤਿਆਂ ਦਾ ਹਰ ਰੰਗ ਨਾਲ ਲੋਕਾਂ ਦਾ ਮੰਨੋਰੰਜਨ ਕੀਤਾ | ਹੰਸ ਨੇ ਆਪਣੇ ਗੀਤਾਂ-ਅੱਜਕੱਲ੍ਹ ਸੁਣਿਆ ਫਤੂਰ 'ਚ ਰਹਿੰਦੇ ਹੋ, ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ, ਲੋਕੀ ਚਿੱਠੀਆਂ ਪਾਉਣੀਆਂ ਭੁੱਲ ਗਏ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ… ਨੂੰ ਸਰੋਤਿਆਂ ਨੇ ਰੱਜ ਕੇ ਮਾਣਿਆ | ਇਸ ਨੇ ਸਿੱਧ ਕਰ ਦਿੱਤਾ ਹੈ ਕਿ ਸਰੋਤਿਆਂ 'ਚ ਹੰਸ ਪ੍ਰਤੀ ਅਤੇ ਉਸ ਦੇ ਗੀਤਾਂ ਪ੍ਰਤੀ ਮੋਹ ਪਹਿਲਾਂ ਵਾਂਗ ਕਾਇਮ ਹੈ | ਹੰਸ ਨੇ ਆਪਣੇ ਦੋ ਢਾਈ ਘੰਟੇ ਦੇ ਸ਼ੋਆਂ ਦੌਰਾਨ ਹਿੰਦੀ, ਪੰਜਾਬੀ ਲੋਕਗੀਤ ਤੇ ਸੂਫ਼ੀ ਗਾਇਕੀ ਪੇਸ਼ ਕਰ ਕੇ ਦਰਸ਼ਕਾਂ 'ਤੇ ਗਹਿਰਾ ਪ੍ਰਭਾਵ ਪਾਇਆ ਹੈ, ਜੋ ਆਮ ਗਾਇਕ ਦੇ ਵੱਸ ਦੀ ਗੱਲ ਨਹੀਂ | ਹੰਸ ਨੇ ਆਪਣੀ ਸੰਗੀਤਕ ਪਿੱਚ ਨੂੰ ਫਿਰ ਆਪਣੇ ਸਰੋਤਿਆਂ ਨਾਲ ਰਲ ਕੇ ਯਾਦਗਾਰ ਬਣਾ ਦਿੱਤਾ | ਕਿੱਥੇ ਕੱਟੇਗਾ ਰਾਤ ਵੇ ਟੁੱਟਿਆ ਤਾਰਿਆ, ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਖੇੜਿਆਂ ਨੂੰ ਲਈ ਜਾਂਦਾ ਏ ਕੋਈ ਪੁੱਟ ਕੇ ਸਿਆਲੋਂ ਬੂਟਾ, ਤੇਰਾ ਮੇਰਾ ਪਿਆਰ ਕਿਤੇ ਕਾਗਜ਼ੀ ਤੇ ਨਹੀਂ... ਜਿਹੇ ਗੀਤ ਜਦੋਂ ਪੰਜਾਬੀਆਂ ਦੀ ਸਾਹ ਰਗ ਥਾਣੀਂ ਪੰਜਾਬੀਆਂ ਦੇ ਦਿਲ ਤੱਕ ਪਹੁੰਚੇ ਤਾਂ ਸੱਚਮੁੱਚ ਫਿਰ ਹੰਸ..ਹੰਸ ..ਹੋ ਗਈ | ਇਸੇ ਨੂੰ ਹੀ ਕਹਿੰਦੇ ਨੇ ਕਿ ਕਲਾ ਨਾਲ ਕਿਸੇ ਵੀ ਉਮਰ ਵਿਚ ਤੇ ਕਿਸੇ ਵੇਲੇ ਵੀ ਸਿਖਰ ਸਿਰਜਿਆ ਜਾ ਸਕਦਾ ਹੈ, ਜੇ ਅੰਦਰ ਲਗਨ ਹੋਵੇ ਤੇ ਦੀਵਿਆਂ 'ਚ ਹਿੰਮਤ ਦਾ ਚਿਰਾਗ ਪਾ ਕੇ ਰੱਖਿਆ ਹੋਵੇ | ਜਿਨ੍ਹਾਂ ਕਿਸੇ ਵੇਲੇ ਹੰਸ ਨੂੰ ਮਾਹਿਲਪੁਰ ਦੇ ਸ਼ੌਂਕੀ ਮੇਲੇ 'ਚ, ਪ੍ਰੋਫ਼ੈਸਰ ਮੋਹਨ ਸਿੰਘ ਮੇਲੇ 'ਤੇ, ਪੰਜਾਬ ਦੇ ਮੇਲਿਆਂ ਦਾ ਸ਼ਿੰਗਾਰ ਬਣਦਿਆਂ ਵੇਖਿਆ ਸੀ, ਉਹੀ ਹੰਸ ਉੱਤਰੀ ਅਮਰੀਕਾ 'ਚ ਮੁੜ ਪੰਜਾਬੀਆਂ ਨਾਲ ਗਲਵੱਕੜੀ ਹੋ ਰਿਹਾ ਹੈ | ਬਲਵਿੰਦਰ ਬਾਜਵਾ ਦੇ ਯਤਨਾਂ ਨਾਲ ਉਸ ਦੇ ਸ਼ੋਆਂ ਨੂੰ ਜਿਸ ਤਰ੍ਹਾਂ ਦੀ ਮੁਹੱਬਤ ਮਿਲੀ ਹੈ, ਪਿਆਰ ਮਿਲਿਆ ਹੈ ਉਹ ਸੱਚੀ ਹੀ ਪੰਜਾਬੀ ਗਾਇਕੀ ਲਈ ਵੱਡਾ ਸ਼ੁੱਭ ਸ਼ਗਨ ਹੈ | ਹੰਸ ਲਈ ਵੀ ਸ਼ੁੱਭਕਾਮਨਾਵਾਂ |
ਈ-ਮੇਲ : ashokbhaura@gmail.com