02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

'ਵੋਟ ਬਚਾਓ-ਦੇਸ਼ ਬਚਾਓ'

'ਵੋਟ ਬਚਾਓ-ਦੇਸ਼ ਬਚਾਓ'

Ad Position 21
No active advertisement
ਅਜੀਤ ਡੈਸਕ 03-11-2026

'ਇੰਡੀਆ' ਗੱਠਜੋੜ ਵਲੋਂ ਦਿੱਲੀ ਵਿਚ 'ਵੋਟ ਬਚਾਓ-ਦੇਸ਼ ਬਚਾਓ' ਦੇ ਨਾਂਅ 'ਤੇ ਆਯੋਜਿਤ ਮਹਾਂਰੈਲੀ ਦੀ ਹੁਣ ਤੱਕ ਖੂਬ ਚਰਚਾ ਬਣੀ ਰਹੀ ਹੈ | ਚਾਹੇ ਇਸ ਲਈ 10 ਲੱਖ ਲੋਕ ਇਕੱਠੇ ਕਰਨ ਦੀ ਗੱਲ ਤਾਂ ਦਿਖਾਈ ਨਹੀਂ ਦਿੱਤੀ ਪਰ ਇਸ ਨੂੰ  ਪ੍ਰਭਾਵਸ਼ਾਲੀ ਰੈਲੀ ਜ਼ਰੂਰ ਕਿਹਾ ਜਾ ਸਕਦਾ ਹੈ | ਚਾਹੇ ਇਸ ਲਈ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਮੋਹਰੀ ਦਿਖਾਈ ਦਿੱਤੀ ਪਰ ਇਸ ਰੈਲੀ ਵਿਚ ਸਮਾਜਵਾਦੀ ਪਾਰਟੀ, ਤਿ੍ਣਮੂਲ ਕਾਂਗਰਸ, ਝਾਰਖੰਡ ਮੁਕਤੀ ਮੋਰਚਾ ਅਤੇ ਸ਼ਿਵ ਸੈਨਾ (ਯੂ.ਬੀ.ਟੀ.) ਤੋਂ ਇਲਾਵਾ ਖੱਬੇ ਪੱਖੀ ਪਾਰਟੀਆਂ ਦੀ ਵੀ ਸ਼ਮੂਲੀਅਤ ਸੀ | ਪਿਛਲੇ ਲੰਮੇ ਸਮੇਂ ਤੋਂ ਰਾਹੁਲ ਗਾਂਧੀ 'ਵੋਟ ਚੋਰੀ' ਦੀ ਗੱਲ ਕਰਦੇ ਆ ਰਹੇ ਹਨ | ਅੱਜ ਵੀ ਉਹ ਇਸ ਨੂੰ  ਹੀ ਮੁੱਖ ਮੁੱਦਾ ਬਣਾ ਰਹੇ ਹਨ, ਪਰ ਇਸ ਸੰਬੰਧੀ ਕੁਝ ਸੋਚਣ ਵਾਲੀਆਂ ਗੱਲਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ | ਇਕ ਤਾਂ ਉਹ ਅੱਜ ਤੱਕ ਲਿਖਤੀ ਰੂਪ ਵਿਚ ਲਗਾਤਾਰ ਲਗਾਏ ਜਾ ਰਹੇ ਇਨ੍ਹਾਂ ਦੋਸ਼ਾਂ ਬਾਰੇ ਚੋਣ ਕਮਿਸ਼ਨ ਨੂੰ  ਠੋਸ ਸਬੂਤ ਪੇਸ਼ ਕਰਨ ਤੋਂ ਅਸਮਰੱਥ ਰਹੇ ਹਨ | ਨਾ ਹੀ ਉਨ੍ਹਾਂ ਨੇ ਕੋਈ ਪੁਖ਼ਤਾ ਸਬੂਤਾਂ ਸਮੇਤ ਸਰਬਉੱਚ ਅਦਾਲਤ ਕੋਲ ਪਹੁੰਚ ਕੀਤੀ ਹੈ | ਸਿਰਫ਼ ਰੌਲੇ-ਰੱਪੇ ਨਾਲ ਸ਼ੋਰ ਤਾਂ ਵਧ ਸਕਦਾ ਹੈ ਪਰ ਗੰਭੀਰ ਠੋਸ ਨਤੀਜੇ ਨਹੀਂ ਕੱਢੇ ਜਾ ਸਕਦੇ |

ਇਸੇ ਤਰ੍ਹਾਂ ਹੀ ਰਾਹੁਲ ਅਤੇ ਉਨ੍ਹਾਂ ਦੇ ਸਾਥੀ ਕਦੀ ਈ.ਵੀ.ਐਮ. (ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ) ਮਸ਼ੀਨਾਂ 'ਤੇ ਅਵਿਸ਼ਵਾਸ ਪ੍ਰਗਟ ਕਰਦੇ ਹਨ, ਕਦੀ ਵੀ.ਵੀ. ਪੈਟ ਦੀਆਂ ਪਰਚੀਆਂ ਦੇ ਮਿਲਾਨ ਬਾਰੇ ਬਿਆਨ ਦਿੰਦੇ ਹਨ ਅਤੇ ਕਦੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਪ੍ਰਕਿਰਿਆ 'ਤੇ ਕਿੰਤੂ-ਪ੍ਰੰਤੂ ਕਰਦੇ ਹਨ ਅਤੇ ਹੁਣ ਉਹ ਐਸ.ਆਈ.ਆਰ. ਨੂੰ  ਲੈ ਕੇ ਵੱਡੀ ਪੱਧਰ 'ਤੇ 'ਵੋਟ ਚੋਰੀ' ਵਿਰੁੱਧ ਲਾਮਬੰਦੀ ਕਰ ਰਹੇ ਹਨ | ਜਿਥੋਂ ਤੱਕ ਈ.ਵੀ.ਐਮ. ਦਾ ਸੰਬੰਧ ਹੈ, ਪਿਛਲੇ ਦਿਨੀਂ 4 ਰਾਜਾਂ ਵਿਚ ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆਏ ਹਨ | ਇਹ ਚੋਣਾਂ ਵੋਟ ਪਰਚੀਆਂ ਰਾਹੀਂ ਕਰਵਾਈਆਂ ਗਈਆਂ ਸਨ, ਪਰ ਇਨ੍ਹਾਂ ਚੋਣਾਂ ਵਿਚ ਨਾਗਪੁਰ (ਮਹਾਰਾਸ਼ਟਰ) ਦੀ ਇਕ ਸੀਟ ਤੋਂ ਇਲਾਵਾ ਕਾਂਗਰਸ ਨੂੰ  ਬਹੁਤਾ ਕੁਝ ਹਾਸਿਲ ਨਹੀਂ ਹੋਇਆ | ਬਹੁਤ ਸਾਰੇ ਰਾਜਾਂ ਵਿਚ ਸਮੇਂ-ਸਮੇਂ ਚੋਣਾਂ ਹੁੰਦੀਆਂ ਰਹਿੰਦੀਆਂ ਹਨ | ਜਿਨ੍ਹਾਂ ਚੋਣਾਂ ਵਿਚ ਨਤੀਜੇ ਕਾਂਗਰਸ ਦੇ ਹੱਕ ਵਿਚ ਵੀ ਆਉਂਦੇ ਹਨ, ਉਨ੍ਹਾਂ ਵਿਚ ਬੱਲੇ-ਬੱਲੇ ਤੇ ਜਿਨ੍ਹਾਂ ਵਿਚ ਉਹ ਹਾਰਦੀ ਹੈ, ਉੱਥੇ ਹੀ ਉਸ ਵਲੋਂ ਅਜਿਹੀ ਇਲਜ਼ਾਮਬਾਜ਼ੀ ਸ਼ੁਰੂ ਹੋ ਜਾਂਦੀ ਹੈ | ਜਿੱਥੋਂ ਤੱਕ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੌਰਾਨ ਵੱਡੀ ਗਿਣਤੀ 'ਚ ਵੋਟਾਂ ਦੇ ਕੱਟੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚ ਮੁਸਲਮਾਨਾਂ ਤੋਂ ਕਿਤੇ ਵਧੇਰੇ ਹਿੰਦੂਆਂ ਦੇ ਨਾਂਅ ਵੀ ਸ਼ਾਮਿਲ ਹਨ | ਕਾਂਗਰਸ ਦੀ ਬੌਖਲਾਹਟ ਇਸ ਰੈਲੀ ਵਿਚ ਉਸ ਦੇ ਆਗੂਆਂ ਵਲੋਂ ਕੀਤੇ ਭਾਸ਼ਨਾਂ ਤੋਂ ਹੀ ਮਿਲ ਜਾਂਦੀ ਹੈ | ਰਾਹੁਲ ਗਾਂਧੀ ਨੇ ਸਿੱਧਾ ਇਲਜ਼ਾਮ ਲਗਾਇਆ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਕਈ ਰਾਜਾਂ ਵਿਚ ਈ.ਵੀ.ਐਮ. ਅਤੇ ਵੋਟਰ ਸੂਚੀਆਂ 'ਚ ਹੇਰਾ-ਫੇਰੀਆਂ ਕਰਕੇ ਵੱਡੀ ਪੱਧਰ 'ਤੇ 'ਵੋਟ ਚੋਰੀ' ਕੀਤੇ ਗਏ ਸਨ | ਉਸ ਨੇ ਇਸ ਨੂੰ  ਦੇਸ਼ਧ੍ਰੋਹ ਕਿਹਾ ਹੈ | ਇੱਥੇ ਹੀ ਬਸ ਨਹੀਂ, ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧੇ 'ਵੋਟ ਚੋਰੀ' ਦੇ ਗੰਭੀਰ ਦੋਸ਼ ਲਗਾਏ ਹਨ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਸਿੱਧਾ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਸਮੇਤ ਮਹਾਰਾਸ਼ਟਰ, ਬਿਹਾਰ ਅਤੇ ਯੂ.ਪੀ. ਦੀਆਂ ਸਰਕਾਰਾਂ 'ਵੋਟ ਚੋਰੀ' ਕਰਕੇ ਬਣਾਈਆਂ ਗਈਆਂ ਹਨ |
ਬਿਨਾਂ ਸ਼ੱਕ ਦੇਸ਼ ਵਿਚ 13 ਕਰੋੜ ਦੇ ਲਗਭਗ ਵੋਟਾਂ ਦਾ ਕੱਟੇ ਜਾਣਾ ਸਖ਼ਤ ਇਤਰਾਜ਼ਯੋਗ ਹੈ ਅਤੇ ਇਸ ਦੇ ਨਾਲ ਹੀ ਚੋਣ ਕਮਿਸ਼ਨ ਦੇ ਕੰਮ ਵਿਚ ਪਾਰਦਰਸ਼ਿਤਾ ਦੀ ਘਾਟ ਵੀ ਦਿਖਾਈ ਦਿੰਦੀ ਹੈ | ਇਸ ਸੰਬੰਧੀ ਅੱਜ ਸੈਂਕੜੇ ਪਟੀਸ਼ਨਾਂ ਅਦਾਲਤਾਂ ਵਿਚ ਸੁਣਵਾਈ ਅਧੀਨ ਹਨ | ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਸੰਬੰਧੀ ਸੁਪਰੀਮ ਕੋਰਟ ਵਿਚ ਵੀ ਕਈ ਕੇਸ ਚੱਲ ਰਹੇ ਹਨ | ਸਰਬਉੱਚ ਅਦਾਲਤ ਨੇ ਇਸ ਸਮੁੱਚੀ ਪ੍ਰਕਿਰਿਆ ਵਿਚ ਸੁਧਾਰ ਕਰਨ ਦੇ ਨਾਲ-ਨਾਲ ਲੋਕਾਂ ਨੂੰ  ਆਪਣੇ ਨਾਂਅ ਵੋਟਰ ਸੂਚੀ ਵਿਚ ਸ਼ਾਮਿਲ ਕਰਵਾਉਣ ਲਈ ਹਰ ਤਰ੍ਹਾਂ ਦੀ ਸਹੂਲਤ ਅਤੇ ਵੱਧ ਤੋਂ ਵੱਧ ਸਮਾਂ ਦੇਣ ਦੇ ਨਿਰਦੇਸ਼ ਦਿੱਤੇ ਹਨ ਅਤੇ 'ਵੋਟ ਚੋਰੀ' ਸੰਬੰਧੀ ਕੋਈ ਠੋਸ ਪ੍ਰਮਾਣ ਵੀ ਪੇਸ਼ ਕਰਨ ਲਈ ਕਿਹਾ ਹੈ | ਚੋਣ ਕਮਿਸ਼ਨ ਵਲੋਂ ਜੋ ਵੱਡੀਆਂ ਉਕਾਈਆਂ ਸਾਹਮਣੇ ਆਈਆਂ ਹਨ, ਉਸ ਲਈ ਅੱਜ ਉਹ ਸਰਬਉੱਚ ਅਦਾਲਤ ਦੇ ਕਟਹਿਰੇ ਵਿਚ ਖੜ੍ਹਾ ਵੀ ਦਿਖਾਈ ਦਿੰਦਾ ਹੈ | ਚੋਣ ਕਮਿਸ਼ਨ ਇਕ ਸੰਵਿਧਾਨਕ ਸੰਸਥਾ ਹੈ, ਉਸ ਦੇ ਮੁੱਖ ਅਧਿਕਾਰੀ ਜਾਂ ਹੋਰ ਅਧਿਕਾਰੀਆਂ ਨੂੰ  ਵੱਡੀਆਂ ਰੈਲੀਆਂ, ਜਲਸੇ ਜਾਂ ਜਲੂਸ ਕੱਢ ਕੇ ਨਹੀਂ ਬਦਲਿਆ ਜਾ ਸਕਦਾ | ਇਸ ਲਈ ਤੱਥਾਂ 'ਤੇ ਆਧਾਰਿਤ ਵਿਚਾਰਾਂ ਤੇ  ਕਾਰਵਾਈਆਂ ਦਾ ਹੀ ਪ੍ਰਭਾਵ ਪੈ ਸਕਦਾ ਹੈ | ਬੌਖਲਾਹਟ ਭਰੀਆਂ ਕਾਰਵਾਈਆਂ ਇਸ ਦਾ ਹੱਲ ਨਹੀਂ ਹਨ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਕੀ ਰਾਮਲੀਲ੍ਹਾ ਮੈਦਾਨ ਇਕ ਵਾਰ ਫਿਰ ਇਤਿਹਾਸਕ ਭੂਮਿਕਾ ਨਿਭਾਏਗਾ?
Ad Position 24