ਮੈਂ ਅਕਸਰ ਇਹ ਟੈਲੀਵਿਜ਼ਨ ਸ਼ੋਅ ਵੇਖ ਲੈਂਦਾ ਹਾਂ | ਇਨ੍ਹਾਂ ਦੀ ਅਨੂਠੀ ਪੇਸ਼ਕਾਰੀ ਕਾਰਨ, ਭਾਵਪੂਰਤ ਸ਼ਬਦ ਚੋਣ ਕਾਰਨ, ਗਿਆਨ ਅਤੇ ਮਨੋਰੰਜਨ ਦੇ ਸੁਮੇਲ ਕਾਰਨ |

ਹੌਟ ਸੀਟ ਤੱਕ ਪਹੁੰਚਣ ਵਾਲੇ ਲੋਕਾਂ ਦੀਆਂ ਸੰਘਰਸ਼ ਦੀਆਂ ਕਹਾਣੀਆਂ ਦਰਸ਼ਕਾਂ ਨੂੰ ਜਜ਼ਬਾਤੀ ਪੱਧਰ 'ਤੇ ਪ੍ਰੋਗਰਾਮ ਨਾਲ ਜੋੜ ਲੈਂਦੀਆਂ ਹਨ |
ਅਮਿਤਾਭ ਬੱਚਨ ਦਾ ਬੋਲਣ ਦਾ ਤਰੀਕਾ, ਪੇਸ਼ਕਾਰੀ ਦਾ ਸਲੀਕਾ ਅਤੇ ਸਮੁੱਚਾ ਵਿਵਹਾਰ ਦਰਸ਼ਕਾਂ ਨੂੰ ਬੰਨ੍ਹੀ ਰੱਖਦਾ ਹੈ |
ਲੰਮਾ ਸਫ਼ਰ ਤੈਅ ਕਰਕੇ ਹੌਟ ਸੀਟ ਤੱਕ ਪਹੁੰਚਣਾ ਅਤੇ ਅਮਿਤਾਭ ਬੱਚਨ ਸਾਹਮਣੇ ਬੈਠ ਕੇ ਗੁੰਝਲਦਾਰ ਸਵਾਲਾਂ ਦੇ ਜਵਾਬ ਦੇਣੇ, ਸਭ ਨੂੰ ਰੁਮਾਂਚ ਨਾਲ ਭਰ ਦਿੰਦਾ ਹੈ |
ਤਰ੍ਹਾਂ-ਤਰ੍ਹਾਂ ਦੀਆਂ ਲਾਈਫ਼ ਲਾਈਨਾਂ ਦਾ ਪ੍ਰਯੋਗ ਦਰਸ਼ਕਾਂ ਦੀ ਦਿਲਚਸਪੀ ਅਤੇ ਉਤਸੁਕਤਾ ਨੂੰ ਵਧਾ ਦਿੰਦਾ ਹੈ | ਜਿਵੇਂ-ਜਿਵੇਂ ਰਕਮ ਵਧਦੀ ਜਾਂਦੀ ਹੈ ਤਿਵੇਂ-ਤਿਵੇਂ ਘਰ ਬੈਠੇ ਪ੍ਰੋਗਰਾਮ ਵੇਖ ਰਹੇ ਲੱਖਾਂ ਦਰਸ਼ਕਾਂ ਦੀ ਖ਼ੁਸ਼ੀ ਵੀ ਵਧਦੀ ਜਾਂਦੀ ਹੈ | ਇਨਾਮੀ ਰਾਸ਼ੀ ਦਾ ਸਿਖਰ 7 ਕਰੋੜ 'ਤੇ ਪਹੁੰਚ ਕੇ ਹੁੰਦਾ ਹੈ | ਦਰਸ਼ਕਾਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਰਹਿੰਦੀਆਂ ਹਨ ਕਿ ਇੱਥੋਂ ਤੱਕ ਕੋਈ ਪਹੁੰਚੇਗਾ ਜਾਂ ਨਹੀਂ |
ਕਈ ਬੜੇ ਲੋੜਵੰਦ ਹੁੰਦੇ ਹਨ | ਦਰਸ਼ਕਾਂ ਦੀ ਦਿਲੀ ਇੱਛਾ ਹੁੰਦੀ ਹੈ ਕਿ ਅਜਿਹੇ ਹਿੱਸਾ ਲੈਣ ਵਾਲੇ ਵੱਧ ਤੋਂ ਵੱਧ ਰਕਮ ਲੈ ਜਾਣ |
ਸ਼ੋਅ ਦੌਰਾਨ ਬਹੁਤ ਸਾਰੀਆਂ ਪ੍ਰੇਰਨਾਦਾਇਕ ਜੀਵਨ ਕਹਾਣੀਆਂ ਸਾਹਮਣੇ ਆਉਂਦੀਆਂ ਹਨ | ਕਿਸੇ ਨੇ ਆਪਣੇ ਪਰਿਵਾਰ ਲਈ, ਆਪਣੇ ਪਿੰਡ ਲਈ, ਆਪਣੇ ਸ਼ਹਿਰ ਲਈ, ਆਪਣੇ ਸਮਾਜ ਲਈ, ਆਪਣੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹੁੰਦੀਆਂ ਹਨ | ਅਜਿਹੇ ਸੰਘਰਸ਼, ਸਫ਼ਲਤਾ ਅਤੇ ਪ੍ਰਾਪਤੀਆਂ ਦੀਆਂ ਕਹਾਣੀਆਂ ਦਰਸ਼ਕਾਂ ਨੂੰ ਬੇਹੱਦ ਪ੍ਰੇਰਿਤ ਕਰਦੀਆਂ ਹਨ |
ਇਸ ਸ਼ੋਅ ਵਿਚ ਸਮੇਂ-ਸਮੇਂ ਵਿਸ਼ੇਸ਼ ਕੜੀਆਂ ਪੇਸ਼ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਤਹਿਤ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਹਸਤੀਆਂ ਨੂੰ ਦਰਸ਼ਕਾਂ ਦੇ ਰੂ-ਬ-ਰੂ ਕੀਤਾ ਜਾਂਦਾ ਹੈ | ਅਜਿਹੇ ਮੌਕਿਆਂ 'ਤੇ ਦਰਸ਼ਕਾਂ ਦੀ ਦਿਲਚਸਪੀ ਦੁੱਗਣੀ ਹੋ ਜਾਂਦੀ ਹੈ |
ਇਹ ਉਹੀ ਟੈਲੀਵਿਜ਼ਨ ਸ਼ੋਅ ਹੈ, ਜਿਸ ਨੇ ਅਮਿਤਾਭ ਬੱਚਨ ਨੂੰ ਮੁੜ ਮਾਇਕ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਸ਼ੋਹਰਤ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ |
'ਕੌਣ ਬਨੇਗਾ ਕਰੋੜਪਤੀ' ਦਾ ਚੱਲ ਰਿਹਾ ਸੀਜ਼ਨ ਜਨਵਰੀ, 2027 ਵਿਚ ਖ਼ਤਮ ਹੋਵੇਗਾ | ਇਹ 10 ਅਗਸਤ, 2026 ਨੂੰ ਸ਼ੁਰੂ ਹੋਇਆ ਸੀ |
ਇਹ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਅਮਿਤਾਭ ਬੱਚਨ ਦੀ ਸਿਹਤ ਦੇ ਮੱਦੇਨਜ਼ਰ ਸ਼ਾਇਦ ਅਗਲਾ ਸੀਜ਼ਨ ਦਰਸ਼ਕਾਂ ਨੂੰ ਵੇਖਣ ਲਈ ਨਹੀਂ ਮਿਲੇਗਾ | ਪਰ ਇਹ ਵੀ ਸੱਚ ਹੈ ਕਿ ਅਮਿਤਾਭ ਬੱਚਨ ਵਰਗੀ ਲਗਨ, ਦਿ੍ੜ੍ਹਤਾ ਅਤੇ ਪ੍ਰਤੀਬੱਧਤਾ ਦੇ ਚੱਲਦਿਆਂ ਅਸੰਭਵ ਨੂੰ ਸੰਭਵ ਹੁੰਦਿਆਂ ਦੇਰ ਨਹੀਂ ਲੱਗਦੀ |
ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ 'ਦਾ ਗ੍ਰੇਟ ਇੰਡੀਅਨ ਕਪਿਲ ਸ਼ੋਅ' ਜਦੋਂ ਦਾ ਨੈੱਟਫਲਿਕਸ 'ਤੇ ਗਿਆ ਹੈ, ਇਸ ਵਿਚ ਕਈ ਤਬਦੀਲੀਆਂ ਆਈਆਂ ਹਨ | ਸੈੱਟ ਵਿਚ ਤਬਦੀਲੀ, ਪਹਿਰਾਵੇ ਵਿਚ ਤਬਦੀਲੀ ਤੇ ਪੇਸ਼ਕਾਰੀ ਵਿਚ ਵੀ ਤਬਦੀਲੀ ਆਈ ਹੈ, ਪਰੰਤੂ ਇਸ ਦਾ ਮਕਸਦ ਅਤੇ ਕੇਂਦਰ ਬਿੰਦੂ ਉਹੀ ਰਿਹਾ ਹੈ |
ਜਦ ਕਪਿਲ ਸ਼ਰਮਾ ਮੁੰਬਈ ਆਇਆ ਸੀ ਤਾਂ ਉਸ ਦੀ ਜੇਬ ਵਿਚ 1200 ਰੁਪਏ ਸਨ | ਅੱਜ ਉਹ ਇਕ ਸ਼ੋਅ ਦਾ ਮਿਹਨਤਾਨਾ 5 ਕਰੋੜ ਦੇ ਕਰੀਬ ਲੈ ਰਿਹਾ ਹੈ | ਇਹ ਸ਼ੋਅ ਆਰੰਭ ਤੋਂ ਅੱਜ ਤੱਕ ਬੇਹੱਦ ਚਰਚਿਤ ਰਿਹਾ ਹੈ | ਦਰਸ਼ਕ ਚਾਹ ਕੇ ਇਸ ਨੂੰ ਵੇਖਦੇ ਹਨ | ਅਜੋਕੇ ਮਨੁੱਖ ਨੇ ਬੇਸ਼ੁਮਾਰ ਪ੍ਰਾਪਤੀਆਂ ਕੀਤੀਆਂ ਹਨ ਪਰ ਉਹ ਹੱਸਣਾ ਭੁੱਲ ਗਿਆ ਹੈ | ਕਪਿਲ ਸ਼ਰਮਾ ਸ਼ੋਅ ਇਹੀ ਕੰਮ ਕਰਦਾ ਹੈ | ਮਨੁੱਖ ਨੂੰ ਹਸਾਉਂਦਾ ਹੈ, ਹੱਸਣਾ ਸਿਖਾਉਂਦਾ ਹੈ | ਕਈ ਮਰੀਜ਼ ਉਸ ਦਾ ਸ਼ੋਅ ਵੇਖ-ਵੇਖ ਕੇ, ਹੱਸ ਹੱਸ ਕੇ ਠੀਕ ਹੋ ਗਏ ਹਨ |
ਇਹ ਸ਼ੋਅ ਆਰੰਭ ਵਿਚ ਜੂਨ, 2013 ਵਿਚ 'ਕਮੇਡੀ ਨਾਈਟਸ ਵਿਦ ਕਪਿਲ' ਦੇ ਰੂਪ ਵਿਚ ਸ਼ੁਰੂ ਹੋਇਆ | ਫਿਰ 2016 ਵਿਚ ਇਹ 'ਦਾ ਕਪਿਲ ਸ਼ਰਮਾ ਸ਼ੋਅ' ਬਣ ਗਿਆ | ਸਾਲ 2024 ਵਿਚ ਇਹ ਨੈੱਟਫਲਿਕਸ 'ਤੇ ਚਲਾ ਗਿਆ |
ਇਸ ਸ਼ੋਅ ਨਾਲ ਭਾਰਤ ਵਿਚ ਕਾਮੇਡੀ ਦਾ ਇਕ ਨਵਾਂ ਦੌਰ ਆਰੰਭ ਹੋਇਆ | ਇਸ ਵਿਚ ਕੁਝ ਅਜਿਹੇ ਕਿਰਦਾਰ ਪੇਸ਼ ਕੀਤੇ ਜਾਂਦੇ ਰਹੇ, ਜਿਨ੍ਹਾਂ ਨਾਲ ਸ਼ੋਅ ਦੀ ਲੋਕਪਿ੍ਅਤਾ ਵਿਚ ਲਗਾਤਾਰ ਵਾਧਾ ਹੁੰਦਾ ਰਿਹਾ ਅਤੇ ਦਰਸ਼ਕ ਜਜ਼ਬਾਤੀ ਤੌਰ 'ਤੇ ਉਨ੍ਹਾਂ ਕਿਰਦਾਰਾਂ ਨਾਲ ਜੁੜਦੇ ਗਏ | ਭਾਵੇਂ ਇਹ ਸ਼ੋਅ ਸਮੇਂ-ਸਮੇਂ 'ਤੇ ਕਈ ਵਿਵਾਦਾਂ ਵਿਚ ਵੀ ਘਿਰਦਾ ਰਿਹਾ, ਪਰੰਤੂ ਇਸ ਦੀ ਲੋਕਪਿ੍ਅਤਾ ਆਰੰਭ ਤੋਂ ਅੱਜ ਤੱਕ ਜਿਉਂ ਦੀ ਤਿਉਂ ਬਣੀ ਹੋਈ ਹੈ |
ਈ-ਮੇਲ : prof_kulbir@yahoo.com