ਸ੍ਰੀ ਰਾਮ ਚੌਕ ਦੀ ਅਣਦੇਖੀ ’ਤੇ ਰੋਸ ਵਜੋਂ ਲੋਕਾਂ ਨੇ ਦਿੱਤਾ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ
ਇਕ ਹਫ਼ਤੇ ’ਚ ਚੌਕ ਦੀ ਸਾਂਭ-ਸੰਭਾਲ ਸ਼ੁਰੂ ਨਾ ਹੋਣ ’ਤੇ ਅੰਦੋਲਨ ਦੀ ਚਿਤਾਵਨੀ
ਜਲੰਧਰ, 8 ਅਕਤੂਬਰ (ਸ਼ਿਵ)-ਨਗਰ ਨਿਗਮ ਦੇ ਮੁੱਖ ਦਫ਼ਤਰ ਦੇ ਬਾਹਰ ਸਥਿਤ ਸ੍ਰੀ ਰਾਮ ਚੌਕ ਦੀ ਸਫ਼ਾਈ ਵਿਵਸਥਾ ਅਤੇ ਸਾਂਭ-ਸੰਭਾਲ ਸਹੀ ਢੰਗ ਨਾਲ ਨਾ ਹੋਣ ਕਾਰਨ ਸ੍ਰੀ ਰਾਮ ਭਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਭਗਤਾਂ ਵਲੋਂ ਖੁਦ ਇਸ ਚੌਕ ’ਚ ਸਫ਼ਾਈ ਮੁਹਿੰਮ ਚਲਾਈ ਗਈ ਸੀ।
ਜਲੰਧਰ, 8 ਅਕਤੂਬਰ (ਸ਼ਿਵ)-ਨਗਰ ਨਿਗਮ ਦੇ ਮੁੱਖ ਦਫ਼ਤਰ ਦੇ ਬਾਹਰ ਸਥਿਤ ਸ੍ਰੀ ਰਾਮ ਚੌਕ ਦੀ ਸਫ਼ਾਈ ਵਿਵਸਥਾ ਅਤੇ ਸਾਂਭ-ਸੰਭਾਲ ਸਹੀ ਢੰਗ ਨਾਲ ਨਾ ਹੋਣ ਕਾਰਨ ਸ੍ਰੀ ਰਾਮ ਭਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਭਗਤਾਂ ਵਲੋਂ ਖੁਦ ਇਸ ਚੌਕ ’ਚ ਸਫ਼ਾਈ ਮੁਹਿੰਮ ਚਲਾਈ ਗਈ ਸੀ। ਇਸੇ ਮਾਮਲੇ ਨੂੰ ਲੈ ਕੇ ਅੱਜ ਸ੍ਰੀ ਰਾਮ ਭਗਤਾਂ ਦੇ ਇਕ ਵਫ਼ਦ ਨੇ ਰਵਿੰਦਰ ਧੀਰ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਅਤੇ ਚੌਕ ਦੀ ਸਹੀ ਢੰਗ ਨਾਲ ਦੇਖਭਾਲ ਨਾ ਹੋਣ ’ਤੇ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਰਵਿੰਦਰ ਧੀਰ ਨੇ ਕਿਹਾ ਕਿ ਨਗਰ ਨਿਗਮ ਦੇ ਮੁੱਖ ਦਫ਼ਤਰ ਦੇ ਬਿਲਕੁਲ ਬਾਹਰ ਸਥਿਤ ਪ੍ਰਭੂ ਸ੍ਰੀ ਰਾਮ ਚੌਕ ਦੀ ਅਣਦੇਖੀ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਕੀ ਨਗਰ ਨਿਗਮ ਕੋਲ ਇਸ ਚੌਕ ਦੀ ਸਫ਼ਾਈ ਅਤੇ ਸਾਂਭ-ਸੰਭਾਲ ਲਈ ਫੰਡਾਂ ਦੀ ਘਾਟ ਹੈ, ਜਿਸ ਕਾਰਨ ਇਸ ਦੀ ਹਾਲਤ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਰਵਿੰਦਰ ਧੀਰ ਨੇ ਕਿਹਾ ਕਿ ਜੇਕਰ ਨਗਰ ਨਿਗਮ ਵਲੋਂ ਇਕ ਹਫ਼ਤੇ ਦੇ ਅੰਦਰ ਇਸ ਚੌਕ ਦੀ ਸਾਂਭ-ਸੰਭਾਲ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਇਸ ਦੇ ਵਿਰੋਧ ਵਿਚ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਅੰਦੋਲਨ ਦੇ ਪਹਿਲੇ ਪੜਾਅ ਤਹਿਤ ਅੱਜ ਤੋਂ ਅੱਠ ਦਿਨ ਬਾਅਦ ਪ੍ਰਭੂ ਸ੍ਰੀ ਰਾਮ ਚੌਕ ਵਿਖੇ ਆਮ ਲੋਕਾਂ ਦੇ ਸਹਿਯੋਗ ਨਾਲ ਫੰਡ ਇਕੱਠਾ ਕੀਤਾ ਜਾਵੇਗਾ ਅਤੇ ਇਹ ਰਕਮ ਨਗਰ ਨਿਗਮ ਕਮਿਸ਼ਨਰ ਨੂੰ ਸੌਂਪੀ ਜਾਵੇਗੀ, ਤਾਂ ਜੋ ਚੌਕ ਦੀ ਸਾਂਭ-ਸੰਭਾਲ ਯਕੀਨੀ ਬਣਾਈ ਜਾ ਸਕੇ। ਨਗਰ ਨਿਗਮ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਣ ਸਮੇਂ ਅਰੁਣ ਬਜਾਜ, ਕਿਸ਼ਨ ਲਾਲ ਸ਼ਰਮਾ, ਕੌਂਸਲਰ ਤਰਵਿੰਦਰ ਸੋਈ, ਨਰੇਸ਼ ਮਲਹੋਤਰਾ, ਵਿਪਨ ਪਰਿੰਜਾ, ਮਨੀਸ਼ ਸਹਿਗਲ, ਸਾਹਿਲ ਬੇਦੀ, ਰਾਜਿੰਦਰ ਚਤਰਥ, ਅਸ਼ੋਕ ਚੱਢਾ, ਨਰਿੰਦਰ ਤੋਮਰ, ਯੋਗੇਸ਼ ਮਲਹੋਤਰਾ, ਹਿਮਾਂਸ਼ੂ ਮਹਿਤਾ, ਲੱਕੀ ਸਲਵਾਨ ਅਤੇ ਅਮਿਤ ਪਟੇਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।