ਪਿੰਡ ਅੱਟੀ ਕੋਲ ਕਾਰ ਨੂੰ ਲੱਗੀ ਭਿਆਨਕ ਅੱਗ, ਕਾਰ ਸੜ ਕੇ ਹੋਈ ਸੁਆਹ
ਫਿਲੌਰ, 27 ਨਵੰਬਰ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਅੱਟੀ ਨੇੜੇ ਤੇਹਿੰਗ ਰੋਡ ’ਤੇ ਇਕ ਕਾਰ ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੇਰ ਸ਼ਾਮ ਕਾਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਦੇਖਦੇ ਹੀ ਦੇਖਦੇ ਕਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
ਫਿਲੌਰ, 27 ਨਵੰਬਰ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਅੱਟੀ ਨੇੜੇ ਤੇਹਿੰਗ ਰੋਡ ’ਤੇ ਇਕ ਕਾਰ ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੇਰ ਸ਼ਾਮ ਕਾਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਦੇਖਦੇ ਹੀ ਦੇਖਦੇ ਕਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜਾਣਕਾਰੀ ਦਿੰਦਿਆਂ ਜਸਵੰਤ ਬੋਧ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਫਿਲੌਰ ਕਚਹਿਰੀਆਂ ’ਚ ਆਪਣਾ ਕੰਮ ਖ਼ਤਮ ਕਰਕੇ ਘਰ ਵਾਪਸ ਜਾ ਰਹੇ ਸਨ। ਜਦੋਂ ਉਹ ਆਪਣੇ ਪਿੰਡ ਅੱਟੀ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਇਕ ਕਾਰ ਨੂੰ ਭਿਆਨਕ ਅੱਗ ਲੱਗੀ ਹੋਈ ਦੇਖਿਆ। ਉਨ੍ਹਾਂ ਤੁਰੰਤ 100 ਨੰਬਰ ’ਤੇ ਪੁਲਿਸ ਨੂੰ ਸੂਚਨਾਂ ਦਿੱਤੀ ਅਤੇ ਨਾਲ ਹੀ ਫਾਇਰ ਬਿ੍ਗੇਡ ਨੂੰ ਵੀ ਫ਼ੋਨ ਕੀਤਾ। ਸੂਚਨਾਂ ਮਿਲਦੇ ਹੀ ਫਾਇਰ ਬਿ੍ਗੇਡ ਦੀ ਗੱਡੀ ਮੌਕੇ ’ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਪਰ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਕਾਰ ਪੂਰੀ ਤਰ੍ਹਾਂ ਰਾਖ ਹੋ ਚੁੱਕੀ ਸੀ। ਉਕਤ ਮਾਮਲੇ ਸੰਬੰਧੀ ਜਦੋਂ ਥਾਣਾ ਫਿਲੌਰ ਦੇ ਏ. ਐਸ. ਆਈ. ਜਸਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਆਨਲਾਈਨ ਰਿਕਾਰਡ ਚੈੱਕ ਕਰਨ ’ਤੇ ਪਤਾ ਲੱਗਾ ਕਿ ਕਾਰ ਫਿਲੌਰ ਦੇ ਇਕ ਪੰਚਾਇਤ ਸੈਕਟਰੀ ਦੇ ਨਾਮ ’ਤੇ ਦਰਜ ਹੈ। ਇਸ ਸੰਬੰਧੀ ਕਾਰ ਮਾਲਕ ਨੇ ਦੱਸਿਆ ਕਿ ਇਕ ਪੰਚਾਇਤ ਮੈਂਬਰ ਉਨ੍ਹਾਂ ਕੋਲੋਂ ਕਾਰ ਮੰਗ ਕੇ ਲੈ ਗਿਆ ਸੀ। ਰਸਤੇ ਵਿਚ ਅਚਾਨਕ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਉਠੇ ਧੂੰਏਂ ਦੀ ਲਪੇਟ ’ਚ ਆਉਣ ਕਰਕੇ ਕਾਰ ਸਵਾਰ ਦੀ ਤਬੀਅਤ ਖ਼ਰਾਬ ਹੋ ਗਈ, ਜਿਸ ਨੂੰ ਫਿਲੌਰ ਦੇ ਨਜ਼ਦੀਕੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਦੀ ਹਾਲਤ ਸਥਿਰ ਹੈ। ਇਸ ਘਟਨਾ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਬੰਧਤ ਵਿਅਕਤੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।