ਆਖਿਰਕਾਰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਲਾਂਭੇ ਕਰ ਕੇ ਉਨ੍ਹਾਂ ਦੀ ਜਗ੍ਹਾ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾ ਦਿੱਤਾ ਗਿਆ ਹੈ | ਪੰਜਾਬ ਕਾਂਗਰਸ ਦੀ ਗੁੱਟਬੰਦੀ ਦੂਰ ਨਾ ਕਰ ਸਕਣ ਪਿੱਛੇ ਭੁਪੇਸ਼ ਬਘੇਲ ਦੀ ਨਿੱਜੀ ਪਹੁੰਚ 'ਚ ਕੋਈ ਕਮੀ ਨਹੀਂ ਸੀ, ਸਗੋਂ ਇਸ ਪਿੱਛੇ ਕਈ ਹੋਰ ਕਾਰਨਾਂ ਨੇ ਗੱਲ ਕਿਸੇ ਤਣ ਪੱਤਣ ਨਹੀਂ ਲੱਗਣ ਦਿੱਤੀ | ਹੁਣ ਵੇਖਣਾ ਹੋਏਗਾ ਕਿ ਸਚਿਨ ਪਾਇਲਟ ਇਸ ਸੰਵੇਦਨਸ਼ੀਲ ਮੁੱਦੇ ਨੂੰ ਹੱਲ ਕਰ ਪਾਉਂਦੇ ਹਨ ਜਾਂ ਨਹੀਂ | ਜੇਕਰ ਉਹ ਇਸ ਮਸਲੇ ਨੂੰ ਨਜਿੱਠਣ 'ਚ ਕਾਮਯਾਬ ਹੋ ਗਏ ਤਾਂ ਉਨ੍ਹਾਂ ਨੂੰ ਰਾਜਨੀਤਕ ਲਾਹਾ ਜ਼ਰੂਰ ਮਿਲੇਗਾ, ਕਿਉਂਕਿ 2028 'ਚ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣੀਆਂ ਹਨ ਅਤੇ ਸਚਿਨ ਪਾਇਲਟ ਰਾਜਸਥਾਨ ਕਾਂਗਰਸ ਦੇ ਮੁੜ ਪ੍ਰਧਾਨ ਬਣਨ ਦੀ ਦੌੜ 'ਚ ਹਨ | ਭਾਵੇਂ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਲਈ ਅਜੇ 2 ਸਾਲ ਦਾ ਸਮਾਂ ਪਿਆ ਹੈ ਪਰ ਸਿਆਸੀ ਗਿਣਤੀਆਂ- ਮਿਣਤੀਆਂ ਤੋਂ ਜਾਣੂ ਲੋਕ ਸਮਝਦੇ ਹਨ ਕਿ ਕਦੇ ਨਾ ਕਦੇ ਵਾਲੀ ਉਦਾਹਰਨ ਸ਼ਾਇਦ ਬਣੀ ਹੀ ਰਾਜਨੀਤੀ ਵਾਸਤੇ ਸੀ |

ਜਦੋਂ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਭੁਪੇਸ਼ ਬਘੇਲ ਨੇ ਕਾਂਗਰਸ ਅੰਦਰਲੀ ਫੁੱਟ ਨੂੰ ਖ਼ਤਮ ਕਰਨ ਲਈ ਮੀਟਿੰਗ ਕਰਨੀ ਚਾਹੀ ਤਾਂ ਇਕ ਵੱਡਾ ਧੜਾ ਜਿਸ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਦੇ ਸਨ, ਬਾਗੀ ਹੋ ਕੇ ਮੀਟਿੰਗ 'ਚੋਂ ਗੈਰ-ਹਾਜ਼ਰ ਹੋ ਜਾਂਦਾ ਸੀ | ਭਾਵੇਂ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਆਪਣੇ ਨਾਲ ਸੂਬੇ ਦੇ 29 ਜ਼ਿਲ੍ਹਾ ਪ੍ਰਧਾਨਾਂ 'ਚੋਂ 25 ਦੀ ਹਮਾਇਤ ਹਾਸਿਲ ਹੋਣ ਦਾ ਦਾਅਵਾ ਕਰਦਿਆਂ ਪਾਰਟੀ ਦੇ 15 'ਚੋਂ 15 ਵਿਧਾਇਕਾਂ ਤੇ 7 ਲੋਕ ਸਭਾ ਮੈਂਬਰਾਂ 'ਚੋਂ 4 ਦੇ ਆਪਣੇ ਨਾਲ ਹੋਣ ਦੀ ਗੱਲ ਕਰਦੇ ਹੋਣ, ਪਰੰਤੂ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਪੰਜਾਬ ਕਾਂਗਰਸ ਦੇ ਬਹੁਤੇ ਸੀਨੀਅਰ ਨੇਤਾ ਚਰਨਜੀਤ ਸਿੰਘ ਚੰਨੀ ਦੇ ਨਾਲ ਖੜ੍ਹੇ ਨਜ਼ਰ ਆਉਂਦੇ ਹਨ | ਕਪੂਰਥਲੇ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਚੰਡੀਗੜ੍ਹ ਰਿਹਾਇਸ਼ 'ਤੇ ਹੋਈ ਬਾਗੀ ਧੜੇ ਦੀ ਹੋਈ ਮੀਟਿੰਗ 'ਚ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓ.ਪੀ. ਸੋਨੀ, ਭਾਰਤ ਭੂਸ਼ਣ ਆਸ਼ੂ, ਤਿ੍ਪਤ ਰਜਿੰਦਰ ਸਿੰਘ ਬਾਜਵਾ, ਦਵਿੰਦਰ ਘੁਬਾਇਆ, ਬਰਿੰਦਰ ਢਿੱਲੋਂ ਸਮੇਤ ਸਾਰੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ |
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਮੁੱਢ ਪਹਿਲੀ ਜੁਲਾਈ ਨੂੰ ਉਸ ਵਕਤ ਬੱਝਾ ਜਦੋਂ ਕਾਂਗਰਸ ਹਾਈ ਕਮਾਨ ਵਲੋਂ ਇਹ ਐਲਾਨ ਕੀਤਾ ਗਿਆ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਬਣੇ ਰਹਿਣਗੇ, ਪ੍ਰਚਾਰ ਮੁਹਿੰਮ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਹੋਣਗੇ ਅਤੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਚੋਣ ਨਤੀਜੇ ਤੋਂ ਬਾਅਦ ਕੀਤਾ ਜਾਵੇਗਾ | ਹਾਈ ਕਮਾਨ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ਅੰਦਰ ਰਾਜਾ ਵੜਿੰਗ ਖਿਲ਼ਾਫ ਅੰਦਰਖਾਤੇ ਚੱਲ ਰਹੀ ਗੁੱਟਬੰਦੀ ਬਾਹਰ ਆ ਗਈ | ਹਾਈ ਕਮਾਨ ਦੇ ਇਸ ਐਲਾਨ ਤੋਂ ਨਾ ਤਾਂ ਪੰਜਾਬ ਅਸੰਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖੁਸ਼ ਹੋਏ ਤੇ ਨਾ ਹੀ ਪਾਰਟੀ ਦੇ ਹੋਰ ਕੱਦਾਵਰ ਨੇਤਾਵਾਂ ਨੂੰ ਇਹ ਐਲਾਨ ਹਜ਼ਮ ਹੋਇਆ | ਪੰਜਾਬ ਕਾਂਗਰਸ ਅੰਦਰ ਬੜੀ ਦੇਰ ਤੋਂ ਬਣ ਰਹੀ ਗੁੱਟਬੰਦੀ ਸਾਹਮਣੇ ਆ ਗਈ ਤੇ ਨਾਰਾਜ਼ ਨੇਤਾਵਾਂ ਵਿਚ ਮੁੜ ਸਹਿਮਤੀ ਨਾ ਬਣ ਸਕੀ ਤੇ ਭਵਿੱਖ ਵਿਚ ਵੀ ਇਸ ਦੀ ਉਮੀਦ ਹਾਲ ਦੀ ਘੜੀ ਨਜ਼ਰ ਨਹੀਂ ਆ ਰਹੀ |
ਭੁਪੇਸ਼ ਬਘੇਲ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪੱਖ ਪੂਰਨ ਦੇ ਇਲਜ਼ਾਮ ਵੀ ਲੱਗੇ, ਜੋ ਕਈ ਥਾਵਾਂ 'ਤੇ ਅਜਿਹੇ ਪੋਸਟਰਾਂ ਜ਼ਰੀਏ ਨਜ਼ਰ ਵੀ ਆਏ | ਉਨ੍ਹਾਂ ਵਲੋਂ ਦਿੱਤੀ ਰਿਪੋਰਟ ਪ੍ਰਤੀ ਕਾਂਗਰਸ ਹਾਈ ਕਮਾਨ ਜ਼ਿਆਦਾ ਗੰਭੀਰ ਨਜ਼ਰ ਨਾ ਆਈ, ਰਾਹੁਲ ਗਾਂਧੀ ਦੀ ਬੇਲੋੜੀ ਤੇ ਲੰਮੇ ਚੁੱਪੀ ਨੇ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ | ਹੁਣ ਜਦੋਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਬਦਲ ਕੇ ਇਹ ਜ਼ਿੰਮੇਵਾਰੀ ਸਚਿਨ ਪਾਇਲਟ ਨੂੰ ਸੌਂਪੀ ਜਾ ਚੁੱਕੀ ਹੈ ਤਾਂ ਇਹ ਹੁਣ ਦੇਖਣਾ ਹੋਵੇਗਾ ਕਿ, ਕੀ ਸਚਿਨ ਇਸ ਅਗਨੀ ਪ੍ਰੀਖਿਆ 'ਚੋਂ ਪਾਸ ਹੋ ਕੇ ਨਿਕਲਦੇ ਹਨ ਜਾਂ ਨਹੀਂ? ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਇੰਚਾਰਜ ਐਲਾਨਣ ਦਾ ਦੋਵੇਂ ਧੜਿਆਂ ਨੇ 'ਸਵਾਗਤ ਹੈ' ਦੇ ਇਸ ਸੰਬੰਧੀ ਟਵੀਟ ਕੀਤੇ ਹਨ | ਚਰਨਜੀਤ ਸਿੰਘ ਚੰਨੀ ਨੇ ਇਸ ਅਹਿਮ ਫ਼ੈਸਲੇ ਲਈ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦਿਆਂ ਸਚਿਨ ਪਾਇਲਟ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ | ਦੂਜੇ ਪਾਸੇ ਰਾਜਾ ਵੜਿੰਗ ਨੇ ਸਚਿਨ ਪਾਇਲਟ ਦੀ ਨਿਯੁਕਤੀ ਦਾ ਸਵਾਗਤ ਕਰਨ ਦੇ ਨਾਲ ਹੀ ਭੁਪੇਸ਼ ਬਘੇਲ ਵਲੋਂ ਦਿੱਤੀ ਗਈ ਅਗਵਾਈ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ ਹੈ |
ਰਾਹੁਲ ਗਾਂਧੀ ਤੇ ਮਲਿਕ ਅਰਜੁਨ ਖੜਗੇ ਪੰਜਾਬ ਕਾਂਗਰਸ ਵਿਚਲੀ ਧੜੇਬੰਦੀ ਤੋਂ ਬਹੁਤ ਚਿੰਤਤ ਦੱਸੇ ਜਾ ਰਹੇ ਹਨ | ਰਾਹੁਲ ਗਾਂਧੀ ਵਲੋਂ ਆਉਂਦੇ ਦਿਨਾਂ 'ਚ ਪੰਜਾਬ ਦੇ ਸਾਰੇ ਕਾਂਗਰਸੀ ਨੇਤਾਵਾਂ ਨੂੰ ਨਾਲ ਲੈ ਕੇ ਇਕ ਬੱਸ ਯਾਤਰਾ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ | ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਾਰਾਜ਼ ਨੇਤਾਵਾਂ ਦੇ ਗਿਲੇ-ਸ਼ਿਕਵੇ ਦੂਰ ਕਰਨ ਲਈ ਹਾਲ ਦੀ ਘੜੀ ਕੋਈ ਫਾਰਮੂਲਾ ਕੰਮ ਕਰਦਾ ਦਿਖਾਈ ਨਹੀਂ ਦੇ ਰਿਹਾ | ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕੀਤਾ ਜਾਣ ਮੁਸ਼ਕਿਲ ਨਹੀਂ ਹੈ, ਉਹ ਪਾਰਟੀ ਹਾਈਕਮਾਨ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ | ਉਨ੍ਹਾਂ ਅਸਤੀਫਾ ਮੰਗਣ 'ਤੇ ਝੱਟ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਹਾਈਕਮਾਨ ਵਲੋਂ ਦਿੱਤੀ ਨਵੀਂ ਜ਼ਿੰਮੇਵਾਰੀ ਸਾਂਭ ਲੈਣੀ ਹੈ | ਪਰ ਮੁਸ਼ਕਿਲ ਇਹ ਹੈ ਕਿ ਵੜਿੰਗ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹ ਕੇ ਕਿਸ ਨੂੰ ਨਵਾਂ ਪ੍ਰਧਾਨ ਬਣਾਇਆ ਜਾਵੇ? ਜੇਕਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਤੇ ਪ੍ਰਦੇਸ਼ ਪ੍ਰਧਾਨ ਦੋਵੇਂ ਅਹੁਦੇ ਪਹਿਲਾਂ ਵਾਂਗ 'ਜੱਟ ਵਰਗ' ਕੋਲ ਹੀ ਚਲੇ ਜਾਣਗੇ | ਜੇਕਰ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ, ਜਿਵੇਂ ਕਿ ਉਨ੍ਹਾਂ ਦੀ ਮੰਗ ਹੈ ਤਾਂ ਇਹ ਫਾਰਮੂਲਾ 'ਚੰਨੀ ਆਪਣੀ ਹਿੰਡ ਪੁਗਾ ਗਿਆ' ਦਾ ਪ੍ਰਤੀਕ ਬਣ ਕੇ ਨਵੀਂ ਸਫਬੰਦੀ ਨੂੰ ਜਨਮ ਦੇ ਸਕਦਾ ਹੈ |
ਸਭ ਤੋਂ ਅਹਿਮ ਗੱਲ ਇਹ ਕਿ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦਾ ਸਿਆਸੀ ਦਿ੍ਸ਼ ਹੁਣ ਤੱਕ ਦੀਆਂ ਹੋਈਆਂ ਸਾਰੀਆਂ ਚੋਣਾਂ ਤੋਂ ਅਲੱਗ ਤੇ ਨਵੀਂ ਕਿਸਮ ਦਾ ਹੋਵੇਗਾ | ਇਸ ਵਾਰ ਕਾਂਗਰਸ ਨੂੰ ਟੱਕਰ ਸਿਰਫ਼ ਅਕਾਲੀ ਦਲ ਵਲੋਂ ਹੀ ਨਹੀਂ ਹੈ, ਸਗੋਂ ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਇਲਾਵਾ ਇਕ ਵੱਡੀ ਪੰਥਕ ਧਿਰ ਵਜੋਂ ਉਭਰ ਰਹੀ ਭਾਈ ਅੰਮਿ੍ਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ 'ਵਾਰਿਸ ਪੰਜਾਬ ਦੇ' ਤੋਂ ਵੀ ਮਿਲੇਗੀ, ਜੋ ਸੂਬੇ ਵਿਚ ਅਕਾਲੀ ਦਲ ਦੇ ਬਦਲ ਵਜੋਂ ਪੰਜਾਬ ਦੇ ਰਾਜਨੀਤਕ ਨਕਸ਼ੇ 'ਤੇ ਉਭਰੀ ਹੈ | ਇਸ ਤੋਂ ਇਲਾਵਾ ਭਾਜਪਾ ਤੇ ਅਕਾਲੀ ਦਲ ਦਾ ਚੋਣ ਗੱਠਜੋੜ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ | ਜੇਕਰ ਪੰਜਾਬ ਕਾਂਗਰਸ ਵਿਚਲੀ ਧੜੇਬੰਦੀ ਖ਼ਤਮ ਨਾ ਹੋਈ ਤਾਂ ਪਾਰਟੀ ਲਈ 2027 ਦੀਆਂ ਚੋਣਾਂ ਸਭ ਤੋਂ ਖਰਾਬ ਪ੍ਰਦਰਸ਼ਨ ਵਾਲੀਆਂ ਸਾਬਤ ਹੋ ਸਕਦੀਆਂ ਹਨ | ਕਾਂਗਰਸ ਦੇ ਸੀਨੀਅਰ ਨੇਤਾ ਪ੍ਰਗਟ ਸਿੰਘ ਦਾ ਕਹਿਣਾ ਕਿ ਕੁਝ ਨੇਤਾਵਾਂ ਦੇ ਆਪਸੀ ਵਿਚਾਰਕ ਮੱਤਭੇਦਾਂ ਨੂੰ ਬਹੁਤੀ ਚਿੰਤਾ ਵਾਲੀ ਸਥਿਤੀ ਵਜੋਂ ਨਹੀਂ ਲਿਆ ਜਾਣਾ ਚਾਹੀਦਾ, ਪਰ ਪੰਜਾਬ ਕਾਂਗਰਸ ਦਾ ਕਲੇਸ਼ ਸਪੱਸ਼ਟ ਇਸ਼ਾਰਾ ਕਰਦਾ ਹੈ ਕਿ ਪਾਰਟੀ ਇਕ ਵੱਡੇ ਸੰਕਟ 'ਚੋਂ ਗੁਜ਼ਰ ਰਹੀ ਹੈ |
ਇਸ ਮਸਲੇ ਨੂੰ ਕਿਸੇ ਤਣ ਪੱਤਣ ਲਾਉਣ ਲਈ ਸਚਿਨ ਪਾੲਲਿਟ ਨੂੰ ਵੀ ਸਮਾਂ ਚਾਹੀਦਾ ਹੈ | ਪਾਰਟੀ ਨੇਤਾਵਾਂ ਵਿਚਾਲੇ ਜਾਰੀ ਨਾਰਾਜ਼ਗੀ ਕੋਈ ਰਾਤੋ-ਰਾਤ ਨਹੀਂ ਉਭਰੀ ਹੈ | ਬਾਗੀ ਨੇਤਾਵਾਂ ਨੇ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ 'ਤੇ ਭੁਪੇਸ਼ ਬਘੇਲ ਨੂੰ ਪਾਰਟੀ 'ਚ ਪੈਦਾ ਹੋਈ ਕਥਿਤ ਧੜੇਬੰਦੀ ਬਾਰੇ ਦੱਸਦਿਆਂ ਧੜੇਬੰਦੀ ਲਈ ਰਾਜਾ ਵੜਿੰਗ ਨੂੰ ਜ਼ਿੰਮੇਵਾਰ ਦੱਸਦਿਆਂ ਕਈ ਘਟਨਾਵਾਂ ਦਾ ਵੇਰਵਾ ਵੀ ਦਿੱਤਾ ਸੀ | ਉਸ ਤੋਂ ਬਾਅਦ ਹੀ ਭੁਪੇਸ਼ ਬਘੇਲ ਨੇ ਪਾਰਟੀ ਹਾਈਕਮਾਨ ਨੂੰ ਇਸ ਮਸਲੇ ਨੂੰ ਨਜਿੱਠਣ ਲਈ ਕਿਸੇ ਹੋਰ ਆਗੂ ਦੀਆਂ ਸੇਵਾਵਾਂ ਲੈਣ ਲਈ ਬੇਨਤੀ ਕੀਤੀ ਗਈ ਦੱਸੀ ਜਾਂਦੀ ਹੈ | ਬਾਗ਼ੀ ਨੇਤਾਵਾਂ ਦੀ ਇਸ ਗੱਲ ਦਾ ਕੋਈ ਤੋੜ ਦਿਖਾਈ ਨਹੀਂ ਦਿੰਦਾ ਕਿ ਪ੍ਰਧਾਨ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਪ੍ਰਤੀ ਪਹੁੰਚ ਨਰਮ ਤੇ ਸਮਝੌਤਾਵਾਦੀ ਹੈ, ਜਦੋਂ ਕਿ ਵਿਰੋਧੀ ਧਿਰ ਨੂੰ ਤਾਂ ਸਰਕਾਰ 'ਤੇ ਹਮਲਾਵਰ ਰੁਖ ਅਪਣਾਉਣ ਦੀ ਲੋੜ ਹੁੰਦੀ ਹੈ | ਸਮਝੌਤਾਵਾਦੀ ਤੋਂ ਉਨ੍ਹਾਂ ਦਾ ਇਸ਼ਾਰਾ ਸੂਬੇ ਦੇ ਮੁੱਖ ਮੰਤਰੀ ਵਲੋਂ, ਰਾਜਾ ਵੜਿੰਗ ਦੇ ਟਰਾਂਸਪੋਰਟ ਮੰਤਰੀ ਹੁੰਦਿਆਂ ਪੰਜਾਬ ਦੀਆਂ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਮਹਿੰਗੇ ਭਾਅ ਲਵਾਉਣ ਸੰਬੰਧੀ ਬਿਆਨਬਾਜ਼ੀ ਕਰਨ ਤੋਂ ਅੱਗੇ ਜਾ ਕੇ ਕੋਈ ਕਾਰਵਾਈ ਨਾ ਕਰਨ ਤੋਂ ਹੈ | ਦੋਵੇਂ ਧੜਿਆਂ ਨੂੰ 'ਜਿੱਤ ਦਾ ਅਹਿਸਾਸ' ਦਿਵਾਉਣ ਵਾਲਾ ਕੋਈ ਫਾਰਮੂਲਾ ਹੀ ਕਾਂਗਰਸ ਦੀ ਧੜੇਬੰਦੀ ਨੂੰ ਖ਼ਤਮ ਕਰਵਾ ਸਕਦਾ ਹੈ, ਜੋ ਸੌਖਾ ਨਹੀਂ ਜਾਪਦਾ | ਹੁਣ ਸਚਿਨ ਪਾਇਲਟ ਇਸ ਮਾਮਲੇ 'ਚ ਕੋਈ ਮਾਅਰਕਾ ਮਾਰਨ ਵਿਚ ਸਫਲ ਰਹਿੰਦੇ ਹਨ ਕਿ ਨਹੀਂ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ | ਉਂਝ ਉਹ ਭੁਪੇਸ਼ ਬਘੇਲ ਤੋਂ ਇਹ ਕੰਮ ਕਰਨ ਲਈ ਬਿਹਤਰ ਸਥਿਤੀ ਵਿਚ ਹਨ | ਇਕ ਤਾਂ ਉਹ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੇ ਨੇੜੇ ਹਨ ਤੇ ਦੂਜਾ ਕਾਂਗਰਸ ਦੇ ਦੋਵੇਂ ਧੜੇ ਉਨ੍ਹਾਂ ਨੂੰ ਕਾਫ਼ੀ ਹੱਦ ਤੱਕ ਨਿਰਪੱਖ ਮੰਨਦੇ ਹਨ | ਉਨ੍ਹਾਂ 'ਤੇ ਕਿਸੇ ਇਕ ਧੜੇ ਦਾ ਸਮਰਥਕ ਹੋਣ ਦਾ ਠੱਪਾ ਨਹੀਂ ਲੱਗਾ ਹੋਇਆ ਇਸ ਕਰਕੇ ਉਨ੍ਹਾਂ ਤੋਂ ਆਸਾਂ ਵੀ ਵਧੇਰੇ ਹਨ |
-ਸ਼ੇਰਪੁਰ (ਸੰਗਰੂਰ)
ਮੋਬਾਈਲ : 94652-09891