ਸਾਫ਼-ਸਫ਼ਾਈ ਬਨਾਮ ਸਖ਼ਤੀ
ਸਾਰੇ ਹੀ ਲੋਕਾਂ ਦਾ ਫਰਜ਼ ਬਣਦਾ ਹੈ ਕਿ ਆਪਣੇ ਆਲੇ ਦੁਆਲੇ ਅਤੇ ਵਾਤਾਵਰਨ ਨੂੰ ਪੂਰੀ ਤਰ੍ਹਾਂ ਸਾਫ਼ ਰੱਖੀਏ! ਕੁੱਝ ਲੋਕ ਸਾਫ਼ ਸਫ਼ਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ | ਉਹ ਆਪਣੇ ਘਰ ਦਾ ਕੂੜਾ ਇਕੱਠਾ ਕਰ ਕੇ ਗਲੀ ਵਿਚ, ਖਾਲੀ ਪਲਾਟਾਂ ਜਾਂ ਪਬਲਿਕ ਥਾਵਾਂ 'ਤੇ, ਕਈ ਵਾਰ ਤਾਂ ਵੇਲਾ-ਕੁਵੇਲਾ ਦੇਖ ਕੇ ਸੜਕਾਂ ਦੇ ਕਿਨਾਰਿਆਂ 'ਤੇ ਵੀ ਕੂੜੇ ਦੇ ਭਰੇ ਲਿਫਾਫੇ ਸੁੱਟ ਕੇ ਚਲਦੇ ਬਣਦੇ ਹਨ | ਲੋਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਅਨਪੜ੍ਹ ਹਨ |
ਅਸੀਂ ਸਰਕਾਰ ਤੇ ਆਪਣੇ ਨਗਰ ਨਿਗਮ ਦੇ ਧੰਨਵਾਦੀ ਹਾਂ ਕਿ ਉਹ ਸ਼ਹਿਰਾਂ ਦੇ ਘਰਾਂ ਤੋਂ ਆਪਣੇ ਸਾਧਨਾਂ ਰਾਹੀਂ ਕੂੜਾ ਨਾਮਾਤਰ ਪੈਸੇ ਲੈ ਕੇ ਚੁੱਕ ਰਹੇ ਹਨ | ਪਰ ਫਿਰ ਵੀ ਕੁਝ ਮਾੜੀ ਮਾਨਸਿਕਤਾ ਵਾਲੇ ਲੋਕ ਆਪਣੇ ਘਰਾਂ ਦਾ ਕੂੜਾ ਲਿਫਾਫੇ ਭਰ ਕੇ ਖਾਲੀ ਪਲਾਟਾਂ, ਪਬਲਿਕ ਥਾਵਾਂ ਅਤੇ ਸੜਕਾਂ 'ਤੇ ਸੁੱਟ ਕੇ ਗੰਦ ਪਾਉਣ ਤੋਂ ਬਾਜ਼ ਨਹੀਂ ਆਉਂਦੇ |
ਸਰਕਾਰ ਨੇ ਸ਼ਹਿਰ ਨੂੰ ਗੰਦਾ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਕਾਨੂੰਨ ਵੀ ਬਣਾਇਆ ਹੋਇਆ ਹੈ! ਪਿਛਲੇ ਦਿਨੀਂ ਇਸ ਤਰ੍ਹਾਂ ਦੇ ਲੋਕਾਂ ਖ਼ਿਲਾਫ਼ ਰੋਪੜ ਜ਼ਿਲ੍ਹੇ ਵਿਚ ਕਈ ਮੁਕੱਦਮੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਰਜ ਕਰਾਏ ਗਏ ਹਨ |
ਸਾਡੀ ਪੰਜਾਬ ਸਰਕਾਰ ਅਤੇ ਨਗਰ ਨਿਗਮ ਨੂੰ ਬੇਨਤੀ ਹੈ ਕਿ ਸ਼ਹਿਰਾਂ ਵਿਚ ਪਬਲਿਕ ਥਾਵਾਂ, ਖਾਲੀ ਪਲਾਟਾਂ ਅਤੇ ਸੜਕਾਂ 'ਤੇ ਆਪਣੇ ਘਰਾਂ ਦਾ ਕੂੜਾ ਸੁੱਟਣ ਵਾਲੇ ਲੋਕਾਂ ਨੂੰ ਵੀਡੀਓ ਦੇ ਆਧਾਰ ਪਹਿਚਾਣ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਤਰ੍ਹਾਂ ਕਰਨ ਨਾਲ ਸ਼ਹਿਰ ਸਾਫ਼ ਸੁਥਰਾ ਰਹੇਗਾ!
-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ!
ਬਦਲ ਗਿਆ ਪੰਜਾਬ
ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਬਹੁਤ ਸਾਰੇ ਬਦਲਾਅ ਆਏ ਹਨ, ਜਿਨ੍ਹਾਂ ਨੇ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਰੂਪ ਨੂੰ ਕਾਫ਼ੀ ਹੱਦ ਤੱਕ ਬਦਲ ਕੇ ਰੱਖ ਦਿੱਤਾ ਹੈ | ਇਨ੍ਹਾਂ 'ਚੋਂ ਸਭ ਤੋਂ ਵੱਡਾ ਬਦਲਾਅ ਸੱਭਿਆਚਾਰਕ ਖੇਤਰ ਵਿਚ ਦੇਖਣ ਨੂੰ ਮਿਲਦਾ ਹੈ | ਇਸ ਸੱਭਿਆਚਾਰਕ ਬਦਲਾਅ ਨੇ ਪੰਜਾਬ ਦੇ ਲੋਕਾਂ ਦੇ ਰਹਿਣ-ਸਹਿਣ, ਖਾਣ-ਪੀਣ, ਪਹਿਰਾਵੇ, ਰੀਤੀ-ਰਿਵਾਜਾਂ ਅਤੇ ਰਸਮਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ | ਪੁਰਾਣੀਆਂ ਪਰੰਪਰਾਵਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਹੌਲੀ-ਹੌਲੀ ਬਦਲ ਰਹੀਆਂ ਹਨ ਅਤੇ ਕਈ ਪੁਰਾਤਨ ਰਵਾਇਤਾਂ ਅਲੋਪ ਹੋਣ ਦੀ ਕਗਾਰ 'ਤੇ ਹਨ | ਸੱਭਿਆਚਾਰ ਕਿਸੇ ਵੀ ਸਮਾਜ ਦੀ ਪਹਿਚਾਣ ਅਤੇ ਵਿਰਾਸਤ ਹੁੰਦਾ ਹੈ | ਇਸ ਲਈ ਸਾਨੂੰ ਬਦਲਦੇ ਸਮੇਂ ਦੇ ਨਾਲ ਅੱਗੇ ਵਧਦਿਆਂ ਆਪਣੀਆਂ ਚੰਗੀਆਂ ਪਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਸੰਭਾਲਣ ਲਈ ਸੁਚੇਤ ਯਤਨ ਕਰਨੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ ਸਮੇਂ ਦੇ ਅਨੁਸਾਰੀ ਬਣਦਿਆਂ ਨਵੀਆਂ ਸੁਚੱਜੀਆਂ ਪਿਰਤਾਂ ਪਾਉਣ ਤੋਂ ਵੀ ਗੁਰੇਜ ਨਹੀਂ ਕਰਨਾ ਚਾਹੀਦਾ |
-ਸੰਤੋਸ਼ (ਡਡਹੇੜੀ)
ਕਰਤਾਰਪੁਰ ਲਾਂਘਾ ਖੋਲਿ੍ਹਆ ਜਾਵੇ
19 ਅਗਸਤ ਨੂੰ ਪ੍ਰਕਾਸ਼ਿਤ ਖ਼ਬਰ ਅਨੁਸਾਰ ਕੇਂਦਰੀ ਵਿਦੇਸ਼ ਮੰਤਰਾਲੇ ਨੇ ਮੌਜੂਦਾ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਫਿਲਹਾਲ ਬੰਦ ਰੱਖਣ ਦਾ ਫ਼ੈਸਲਾ ਬਰਕਰਾਰ ਰੱਖਿਆ ਹੈ | ਲਾਂਘੇ ਦੀਆਂ ਸੇਵਾਵਾਂ 7 ਮਈ 2025 ਤੋਂ ਮੁਅੱਤਲ ਹਨ |
ਕਰਤਾਰਪੁਰ ਸਾਹਿਬ ਸਿੱਖ ਸੰਗਤ ਲਈ ਬੇਹੱਦ ਪਵਿੱਤਰ ਅਤੇ ਇਤਿਹਾਸਕ ਅਸਥਾਨ ਹੈ | ਲਾਂਘਾ ਬੰਦ ਹੋਣ ਕਾਰਨ ਸੰਗਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੀ ਹੈ | ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਕੇ ਲਾਂਘਾ ਮੁੜ ਖੋਲ੍ਹਣ ਦਾ ਰਾਹ ਲੱਭਿਆ ਜਾਣਾ ਚਾਹੀਦਾ ਹੈ |
ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵੰਬਰ 2026 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ 7,500 ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦੀ ਮੰਗ ਕੀਤੀ ਹੈ, ਜਦਕਿ ਆਮ ਕੋਟਾ ਲਗਭਗ 1800 ਵੀਜ਼ਿਆਂ ਦਾ ਹੈ | ਸਰਕਾਰ ਨੂੰ ਇਸ ਮੰਗ 'ਤੇ ਵੀ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਹਮਦਰਦੀ ਨਾਲ ਵਿਚਾਰ ਕਰਨਾ ਚਾਹੀਦਾ ਹੈ |
-ਨਵਦੀਪ ਸਿੰਘ ਝੁਨੀਰ
ਪਿੰਡ ਝੁਨੀਰ (ਮਾਨਸਾ)
ਐਸ.ਆਈ.ਆਰ 'ਚ ਨਾਂਅ ਸ਼ਾਮਿਲ ਨਾ ਕਰਨ ਬਾਰੇ
ਮੈ, ਰਿਟਾਇਰਡ ਕਰਨਲ ਦਲਵਿੰਦਰ ਸਿੰਘ ਗਰੇਵਾਲ 1925, ਬਸੰਤ ਐਵੇਨਿਊ ਲੁਧਿਆਣਾ ਦਾ ਰਹਿਣ ਵਾਲਾ ਹਾਂ ਤੇ 32 ਸਾਲ ਦੀ ਸੈਨਿਕ ਸੇਵਾ ਤੇ ਦਰਮਿਆਨ ਵੱਡੇ ਯੁੱਧ ਲੜਣ ਪਿੱਛੋਂ ਸੇਵਾਮੁਕਤ ਹੋਇਆ ਹਾਂ | ਸਾਡੇ ਪਰਿਵਾਰ ਦੇ 10 ਮੈਂਬਰ ਹਾਂ, ਸਾਰੇ 18 ਸਾਲ ਤੋਂ ਉੱਪਰ ਹਨ | ਅਸੀਂ ਸਾਰੇ ਭਾਰਤੀ ਹਾਂ ਅਤੇ ਭਾਰਤ ਵਿਚ ਰਹਿੰਦੇ ਹਾਂ ਤੇ ਸਾਡਾ ਪੱਕਾ ਪਤਾ 1925 ਬਸੰਤ ਐਵੇਨਿਊ ਲੁਧਿਆਣਾ ਹੀ ਹੈ | ਐਸ.ਆਈ.ਆਰ ਵੇਲੇ ਸਾਰੀਆਂ ਗਵਾਹੀ ਭਰਦੇ ਦਸਤਾਵੇਜ਼ ਵੀ ਬੀ.ਐਲ.ਓ ਨੂੰ ਵਿਖਾਏ ਜਾ ਚੁੱਕੇ ਹਨ | ਮੇਰੇ ਦੋਵੇਂ ਪੁੱਤਰ ਭਾਰਤੀ ਫੌਜ ਵਿਚ ਸੇਵਾ ਕਰ ਰਹੇ ਹਨ ਤੇ ਸੀਨੀਅਰ ਆਰਮੀ ਅਫਸਰ ਹਨ ਅਤੇ ਫੌਜ ਅਧਿਕਾਰੀਆਂ ਦੀਆਂ ਧੀਆਂ ਅਤੇ ਪੋਤੀਆਂ ਨਾਲ ਵਿਆਹੇ ਹੋਏ ਹਨ | ਐਸਆਈਆਰ ਮੌਕੇ ਸਾਡੇ 8 ਮੈਂਬਰ ਤਾਂ ਗਿਣੇ ਗਏ ਪਰ ਦੋ ਨੂੰ ਨਹੀਂ ਗਿਣਿਆ ਗਿਆ, ਯਾਨੀ ਕਿ ਇਕ ਆਰਮੀ ਅਫਸਰ ਦੀ ਪਤਨੀ ਅਤੇ ਦੂਜੀ ਉਸਦੀ ਧੀ ਨੂੰ ਜਦ ਕਿ ਉਸਨੂੰ ਅਤੇ ਉਸਦੇ ਪੁੱਤਰ ਨੂੰ ਗਿਣ ਲਿਆ ਗਿਆ ਹੈ | ਅਸਾਮ ਵਿਚ ਤੈਨਾਤ ਹੈ ਸਾਡੇ 10 'ਚੋਂ 9 ਦੀਆਂ ਵੋਟਾਂ ਬਣੀਆਂ ਹੋਈਆਂ ਹਨ ਅਤੇ ਪਿਛਲੇ 20 ਸਾਲਾਂ ਤੋਂ ਅਸੀਂ ਇਕੋ ਬੂਥ 'ਤੇ ਸਾਰੀਆਂ ਚੋਣਾਂ ਮੌਕੇ ਵੋਟ ਪਾ ਰਹੇ ਹਾਂ | 10ਵੀਂ ਮੈਂਬਰ ਜੋ ਸਭ ਤੋਂ ਛੋਟੀ ਮੇਰੀ ਪੋਤਰੀ ਹੈ ਪਿਛਲੇ ਸਾਲ 18 ਸਾਲ ਦੀ ਹੋਈ ਹੈ | ਉਸਦਾ ਫਾਰਮ ਬੀ.ਐਲ.ਓ ਨੂੰ 2 ਮਹੀਨੇ ਪਹਿਲਾਂ ਭਰ ਕੇ ਦਿੱਤਾ ਸੀ ਜਿਸਦੇ ਨਾਲ ਜਨਮ ਮਿਤੀ ਅਤੇ ਸਥਾਨ ਦਾ ਸਰਟੀਫਿਕੇਟ ਜੁੜਿਆ ਹੋਇਆ ਸੀ | ਪਰ ਨਾ ਹੀ ਉਸ 'ਤੇ ਕੋਈ ਕਾਰਵਾਈ ਹੋਈ ਹੈ ਅਤੇ ਨਾ ਹੀ ਐਸ.ਆਈ.ਆਰ ਵਿਚ ਗਿਣਤੀ ਕੀਤੀ ਗਈ ਹੈ | ਬੀ.ਐਲ.ਓ ਸਬੂਤ ਵਜੋਂ ਪਾਸਪੋਰਟ ਮੰਗ ਰਹੀ ਹੈ ਤੇ ਨਾਲ ਕਹਿ ਰਹੀ ਹੈ ਕਿ ਇਸ ਬੇਟੀ ਨੂੰ ਪਹਿਲਾਂ ਮੇਰੇ ਕੋਲ ਲਿਆਓ ਤਾਂ ਹੀ ਵੋਟ ਬਣੇਗੀ? ਇਸ ਤਰ੍ਹਾਂ ਮੇਰੇ ਛੋਟੇ ਬੇਟਾ ਜੋ ਬਹੁਤ ਸੀਨੀਅਰ ਆਰਮੀ ਅਫ਼ਸਰ ਹੈ ਅਤੇ ਸ਼ੌਰਿਆ ਚੱਕਰ ਨਾਲ ਸਨਮਾਨਿਤ ਹੈ, ਉਸ ਦੀ ਪਤਨੀ ਅਤੇ ਬੇਟੀ ਦੋਵਾਂ ਦੇ ਐਸ.ਆਈ.ਆਰ ਕਿਉਂ ਬਲਾਕ ਕੀਤੇ ਗਏ ਹਨ, ਇਸ ਦਾ ਮਕਸਦ ਸਮਝ ਨਹੀਂ ਆਇਆ? ਮੈਨੂੰ ਦੱਸਿਆ ਗਿਆ ਸੀ ਕਿ ਐਸ.ਆਈ.ਆਰ ਦਾ ਉਦੇਸ਼ ਬਾਹਰੀ ਲੋਕਾਂ ਦੇ ਨਾਂਅ ਬਾਹਰ ਕੱਢਣਾ ਹੈ ਤੇ ਯੋਗ ਮੈਂਬਰਾਂ ਦੇ ਹੀ ਐਸ.ਆਈ.ਆਰ ਵਿਚ ਨਾਮ ਦਾਖਲ ਕਰਨੇ ਹਨ | ਪਰ ਇਨ੍ਹਾਂ ਦੋ ਯੋਗ ਭਾਰਤੀਆਂ ਨੂੰ ਕਿਉਂ ਐਸ ਆਈ ਆਰ ਵਿਚ ਬਲਾਕ ਕੀਤਾ ਜਾ ਰਿਹਾ ਹੈ? ਲੋਕ ਮੈਨੂੰ ਕਹਿ ਰਹੇ ਹਨ ਕਿ ਇਹ ਸਭ ਰਾਜਨੀਤੀ ਹੈ, ਜਿਸ 'ਤੇ ਮੈਂ ਹੁਣ ਤੱਕ ਵਿਸ਼ਵਾਸ ਨਹੀਂ ਕਰ ਰਿਹਾ ਹਾਂ | ਕੀ ਕੋਈ ਮੈਨੂੰ ਇਸ ਬਲਾਕਿੰਗ ਦਾ ਜਵਾਬ ਦੇ ਸਕਦਾ ਹੈ ਕਿਉਂਕਿ ਇਸ ਦਾ ਜਵਾਬ ਮੇਰੇ ਕੋਲ ਨਹੀਂ ਹੈ?
-ਕਰਨਲ ਦਲਵਿੰਦਰ ਸਿੰਘ ਗ੍ਰੇਵਾਲ,
1925ਬ ਬਸੰਤ ਐਵੇਨਿਊ ਲੁਧਿਆਣਾ