25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

26-11-2026

26-11-2026

Ad Position 21
No active advertisement
ਅਜੀਤ ਡੈਸਕ 26-11-2026

ਸਾਕਾਰਾਤਮਕ ਸੰਵੇਗਾਂ ਵਿਚ ਵਾਧਾ


ਵਿਅਕਤੀ ਦੀ ਹਲਚਲ ਅਤੇ ਉਤੇਜਿਤ ਅਵਸਥਾ ਨੂੰ  ਸੰਵੇਗ ਕਿਹਾ ਜਾਂਦਾ ਹੈ | ਸੰਵੇਗਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਪਹਿਲੇ ਹਾਂ ਵਾਚਕ ਜਾਂ ਸਾਕਾਰਾਤਮਕ ਸੰਵੇਗ ਅਤੇ ਦੂਜੇ ਨਾਂਹਵਾਚਕ ਜਾਂ ਨਕਾਰਾਤਮਕ ਸੰਵੇਗ | ਹਾਂ ਵਾਚਕ ਸੰਵੇਗਾਂ ਵਿਚ ਵਿਅਕਤੀ, ਦੂਜੇ ਮਨੁੱਖ, ਪਸ਼ੂ ਜਾਂ ਸਥਾਨ ਦੇ ਪ੍ਰਤੀ ਆਕਰਸ਼ਣ ਦਾ ਅਨੁਭਵ ਕਰਦਾ ਹੈ | ਇਸ ਤਰ੍ਹਾਂ ਦੇ ਅਨੁਭਵ ਦੇ ਕਾਰਨ ਵਿਅਕਤੀ ਸੰਬੰਧਿਤ ਪਦਾਰਥਾਂ ਨੂੰ  ਪਸੰਦ ਕਰਦਾ ਹੈ, ਉਸ ਨੂੰ  ਪ੍ਰਾਪਤ ਕਰਨਾ ਚਾਹੁੰਦਾ ਹੈ ਅਤੇ ਉਸ ਦੀ ਸਹਾਇਤਾ ਕਰਨਾ ਚਾਹੁੰਦਾ ਹੈ | ਇਸ ਤਰ੍ਹਾਂ ਦੇ ਸੰਵੇਗਾਂ ਵਿਚ ਪ੍ਰੇਮ, ਸਨੇਹ, ਸ਼ਰਧਾ, ਖ਼ੁਸ਼ੀ ਅਤੇ ਸੰਤੋਸ਼ ਆਦਿ ਸ਼ਾਮਿਲ ਹੁੰਦੇ ਹਨ | ਸਾਕਾਰਾਤਮਕ ਸੰਵੇਗ ਵਿਰੋਧੀ ਲੋਕਾਂ ਅਤੇ ਹਾਲਾਤ ਦਾ ਸਾਹਮਣਾ ਕਰਦੇ ਹੋਏ ਸਧਾਰਨ ਸਥਿਤੀ ਵੱਲ ਜਾਣ ਲਈ ਪ੍ਰੇਰਿਤ ਕਰਦੇ ਹਨ | ਸਾਕਾਰਾਤਮਕ ਸੰਵੇਗਾਂ ਵਿਚ ਵਾਧਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ | ਸਾਕਾਰਾਤਮਕ ਸੰਵੇਗਾਂ ਦੇ ਵਾਧੇ ਲਈ ਜ਼ਰੂਰੀ ਹੈ ਕਿ ਹਮੇਸ਼ਾ ਵਿਰੋਧੀ ਤੇ ਦੁਬਿਧਾ ਭਰੀਆਂ ਸਥਿਤੀਆਂ ਵਿਚ ਹਮੇਸ਼ਾ ਹਾਂ-ਵਾਚਕ ਵਤੀਰਾ ਅਪਣਾਈਏ | ਰੋਜ਼ਾਨਾ ਦੀਆਂ ਘਟਨਾਵਾਂ ਦਾ ਠੀਕ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ | ਮਨੁੱਖ ਨੂੰ  ਆਪਣੇ ਕੰਮ ਦੀ ਕੁਸ਼ਲਤਾ ਵਾਸਤੇ ਯਤਨ ਅਤੇ ਚਿੰਤਨ ਕਰਨਾ ਚਾਹੀਦਾ ਹੈ | ਸਮਾਜ ਦੇ ਸਭ ਮਨੁੱਖਾਂ ਨਾਲ ਚੰਗੇ ਸੰਬੰਧ ਬਣਾਉਣੇ ਚਾਹੀਦੇ ਹਨ | ਆਪਣੇ ਜੀਵਨ ਨੂੰ  ਉਦੇਸ਼ਪੂਰਨ ਅਤੇ ਆਸ਼ਾਵਾਦੀ ਰੱਖਣਾ ਚਾਹੀਦਾ ਹੈ | ਸਾਕਾਰਤਮਕ ਸੰਵੇਗਾਂ ਵਿਚ ਵਾਧਾ ਹੀ ਚੰਗੇ ਜੀਵਨ ਦੀ ਕੁੰਜੀ ਹੈ |

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, (ਹੁਸ਼ਿਆਰਪੁਰ) |

ਚੰਗੀ ਕਾਰਗੁਜ਼ਾਰੀ ਵਾਲੇ ਉਮੀਦਵਾਰ

ਆਮ ਆਦਮੀ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਬਹੁਤ ਸਾਰੇ ਉਮੀਦਵਾਰ ਐਲਾਨ ਦਿੱਤੇ ਹਨ | ਇਨ੍ਹਾਂ ਵਿਚੋਂ ਕੁਝ ਮੌਜੂਦਾ ਮੰਤਰੀ, ਸਿਟਿੰਗ ਐਮ.ਐਲ.ਏ. ਹਨ, ਅਤੇ ਕੁਝ ਨਵੇਂ ਉਮੀਦਵਾਰ ਹਨ | ਪਾਰਟੀ ਦਾ ਸਭ ਤੋਂ ਵਧੀਆ ਫ਼ੈਸਲਾ ਚਿਹਰੇ ਵੇਖ ਕੇ ਉਮੀਦਵਾਰ ਬਣਾਉਣ ਦੀ ਬਜਾਏ ਉਨ੍ਹਾਂ ਦੀ ਕਾਰਗੁਜ਼ਾਰੀ ਵੇਖ ਕੇ ਟਿਕਟ ਦੇਣਾ ਹੈ | ਜਿਨਾਂ ਐਮ.ਐਲ.ਏ. ਮੰਤਰੀਆਂ ਦੀ ਕਾਰਗੁਜ਼ਾਰੀ ਚੰਗੀ ਹੈ | ਉਨ੍ਹਾਂ ਨੂੰ  ਉਮੀਦਵਾਰ ਬਣਾ ਦਿੱਤਾ ਹੈ ਆਗਾਮੀ ਵਿਧਾਨ ਸਭਾ ਚੋਣਾਂ ਲਈ, ਪਰ ਜਿਨ੍ਹਾਂ ਨੇ ਕਾਰਗੁਜ਼ਰੀ ਠੀਕ ਨਹੀਂ ਕੀਤੀ, ਭਾਵ ਲੋਕਾਂ ਦੇ ਕੰਮ ਨਹੀਂ ਕੀਤੇ ਉਨ੍ਹਾਂ ਦੇ ਪੱਤੇ ਕੱਟੇ ਗਏ ਹਨ | ਪਾਰਟੀ ਦੀ ਟਿਕਟ ਨਹੀਂ ਦਿੱਤੀ ਗਈ | ਮੇਰੇ ਹਿਸਾਬ ਮੁਤਾਬਿਕ ਇਹ ਸਿਆਸਤ ਵਿਚ ਬਹੁਤ ਵਧੀਆ ਰੁਝਾਨ ਹੈ ਕਿ ਮੌਜੂਦਾ ਐਮ.ਐਲ.ਏ. ਮੰਤਰੀਆਂ ਦੀ ਕਾਰਗੁਜ਼ਾਰੀ ਵੇਖ ਕੇ ਟਿਕਟ ਦੇਣੀ ਚਾਹੀਦੀ ਹੈ | ਕਿਉਂਕਿ ਕਈ ਮੰਤਰੀ ਦਾਗੀ ਹਨ | ਵਿਵਾਦਾਂ ਵਿਚ ਵੀ ਘਿਰੇ ਹੋਏ ਹਨ | ਸੋ, ਆਉਣ ਵਾਲੀ ਸਿਆਸਤ ਵਿਚ ਸਾਰੀਆਂ ਹੀ ਪਾਰਟੀਆਂ ਨੂੰ  ਇਸੇ ਤਰ੍ਹਾਂ ਹੀ ਆਪਣੇ ਉਮੀਦਵਾਰਾਂ ਨੂੰ  ਆਉਣ ਵਾਲੀਆਂ ਵਿਧਾਨ ਸਭਾ ਲਈ ਚੋਣਾਂ ਟਿਕਟਾਂ ਦੇਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਇਹ ਐਮ.ਐਲ.ਏ. ਮੰਤਰੀ ਆਪਣੀ ਕਾਰਗੁਜ਼ਾਰੀ ਸੁਧਾਰਨ ਨਹੀਂ ਤਾਂ ਘਰੇ ਬੈਠ ਜਾਣ | ਦੂਜੀਆਂ ਪਾਰਟੀਆਂ ਨੂੰ  ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ | 

-ਨਰਿੰਦਰ ਭੱਪਰ ਝਬੇਲਵਾਲੀ |
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ |

ਨੌਜਵਾਨਾਂ ਦੀ ਚਿੰਤਾ


ਪੰਜਾਬ ਦੇ ਹਾਲਾਤ ਦੇਖ ਕੇ ਨੌਜਵਾਨਾਂ ਦੀ ਚਿੰਤਾ ਰਹਿੰਦੀ ਹੈ | ਨੌਜਵਾਨ ਆਪਣੇ ਦੇਸ਼, ਸਮਾਜ ਜਾਂ ਪਰਿਵਾਰ ਦੀ ਜ਼ਿੰਮੇਵਾਰੀ ਚੁੱਕਣ ਦੀ ਥਾਂ ਨਸ਼ੇ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ  ਸੁੱਖ ਦੇਣ ਦੇ ਭੁਲੇਖੇ ਵਿਚ ਆਪਣੀ ਜਾਨ ਗੁਆ ਲੈਂਦੇ ਹਨ | ਅੱਜ ਕੱਲ੍ਹ ਜਥੇਬੰਦੀਆਂ, ਧਰਨਿਆਂ ਰਾਹੀਂ ਨਸ਼ਾ ਰੋਕਣ ਲਈ ਪੰਜਾਬ ਸੰਘਰਸ਼ ਕਰ ਰਿਹਾ ਹੈ | ਪਰ ਲੋਕਾਂ ਦੀ ਨਸ਼ਿਆਂ ਕਰਨ ਜਾਂ ਵੇਚਣ ਵਾਲਿਆਂ ਲਈ ਵੱਖ-ਵੱਖ ਰਾਵਾਂ ਹਨ | ਕਈ ਲੋਕ ਆਖਦੇ ਹਨ ਜਿੱਥੇ ਨਸ਼ਾ ਬਣਦਾ ਹੈ ਉਨਾ ਫੈਕਟਰੀਆਂ, ਸੰਸਥਾਵਾਂ ਨੂੰ  ਖ਼ਤਮ ਕਰ ਦਿੱਤਾ ਜਾਵੇ ਜਿੱਥੋਂ ਨਸ਼ਾ ਇੰਪੋਰਟ ਹੁੰਦਾ ਹੈ ਜੇਕਰ ਨਸ਼ੇ ਦੀ ਸਪਲਾਈ ਹੀ ਰੁਕ ਜਾਵੇਗੀ ਤਾਂ ਲੋਕ ਚਿੱਟਾ, ਸਮੈਕ, ਗੋਲੀਆਂ ਘਰ ਤਾਂ ਨਹੀਂ ਬਣਾਉਣ ਲੱਗ ਜਾਣਗੇ | ਦੂਜੇ ਪਾਸੇ ਦੀ ਰਾਇ ਹੈ ਕਿ ਵਿਅਕਤੀਆਂ ਨੂੰ  ਨਸ਼ਾ ਵੀ ਛੱਡਣਾ ਚਾਹੀਦਾ ਹੈ | ਅਕਸਰ ਕਿਹਾ ਜਾਂਦਾ ਹੈ ਕਿ ਨੌਜਵਾਨ ਪਹਿਲਾਂ ਨਸ਼ਾ ਸਿਰਫ਼ ਸਵਾਦ ਲੈਣ ਲਈ  ਖਾਂਦਾ ਹੈ | ਸਮਾਜ ਵਿਚ ਨਸ਼ਾ ਆਮ ਮਿਲਦਾ ਹੈ ਤਾਂ ਬੱਚੇ ਦੇਖਾ-ਦੇਖੀ ਹੀ ਨਸ਼ੇ ਦੀ ਲਪੇਟ ਵਿਚ ਆ ਜਾਂਦੇ ਹਨ ਪਰ ਜੇਕਰ ਦੇਖਿਆ ਜਾਵੇ ਤਾਂ ਸਮਾਜ ਵਿਚ ਤਾਂ ਜ਼ਹਿਰ ਵੀ ਆਮ ਹੀ ਵਿਕਦੀ ਹੈ | ਉਸ ਦਾ ਸੇਵਨ ਤਾਂ ਦੂਜੇ ਨੂੰ  ਦੇਖ ਕੇ ਕੋਈ ਕਿਉਂ ਨਹੀਂ ਕਰਦੇ | ਇੱਥੇ ਸਮਾਜ, ਰਾਜਨੀਤੀ, ਮਾਪਿਆਂ, ਬੱਚਿਆਂ ਦੀ ਆਪੋ-ਆਪਣੀ ਜ਼ਿੰਮੇਵਾਰੀ ਬਣਦੀ ਹੈ | ਰਾਜਨੀਤੀ ਨੇਤਾਵਾਂ ਨੂੰ  ਨਸ਼ੇ ਦੀ ਰੋਕ ਕਰਨੀ ਚਾਹੀਦੀ ਹੈ, ਸਮਾਜ ਨੂੰ  ਨੌਜਵਾਨਾਂ ਵਿਚ ਜਾਗਰੂਕਤਾ ਦਾ ਪਾਠ ਪੜ੍ਹਾਉਣਾ ਚਾਹੀਦਾ ਹੈ, ਮਾਪਿਆਂ ਨੂੰ  ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਚੰਗੇ-ਮਾੜੇ ਦੀ ਪਹਿਚਾਣ ਕਰਨ, ਚੰਗੀ ਸੰਗਤ ਤੇ ਧਾਰਮਿਕ ਕਾਰਜਾਂ ਵੱਲ ਵੱਧ ਰੁਚੀ ਵਧਾਉਣੀ ਚਾਹੀਦੀ ਹੈ | 

-ਨਵਜੀਤ ਕੌਰ 
ਝੁਨੇਰ (ਮਾਲੇਰਕੋਟਲਾ)

ਕਾਮਯਾਬੀ ਦਾ ਅਸਲੀ ਪੈਮਾਨਾ

 
ਅੱਜ ਦੇ ਤੇਜ਼-ਤਰਾਰ ਦੌਰ ਵਿਚ, 'ਕਾਮਯਾਬੀ' ਸ਼ਬਦ ਦਾ ਮਤਲਬ ਸਿਰਫ਼ ਪੈਸਾ ਅਤੇ ਜਾਇਦਾਦ ਬਣ ਕੇ ਰਹਿ ਗਿਆ ਹੈ | ਹਰ ਕੋਈ ਪੈਸੇ ਦੀ ਅੰਨ੍ਹੀ ਦੌੜ ਵਿਚ ਭੱਜ ਰਿਹਾ ਹੈ | ਅਸੀਂ ਸੋਚਦੇ ਹਾਂ ਕਿ ਜਿੰਨਾ ਜ਼ਿਆਦਾ ਪੈਸਾ ਹੋਵੇਗਾ, ਅਸੀਂ ਓਨੇ ਹੀ ਵੱਧ ਖੁਸ਼ ਅਤੇ ਸਫਲ ਹੋਵਾਂਗੇ | ਪਰ ਇਸ ਦੌੜ ਦਾ ਨਤੀਜਾ ਕੀ ਨਿਕਲ ਰਿਹਾ ਹੈ? ਸਾਡਾ ਮਾਨਸਿਕ ਤਣਾਅ ਲਗਾਤਾਰ ਵਧ ਰਿਹਾ ਹੈ ਅਤੇ ਅਸੀਂ ਇਕ ਸਕੂਨ ਵਾਲੀ ਜ਼ਿੰਦਗੀ ਜਿਊਣਾ ਭੁੱਲ ਹੀ ਗਏ ਹਾਂ | ਬਿਨਾਂ ਸ਼ੱਕ, ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਪੈਸਾ ਬਹੁਤ ਜ਼ਰੂਰੀ ਹੈ | ਪਰ ਜਦੋਂ ਪੈਸਾ ਕਮਾਉਣ ਦੀ ਚਾਹਤ ਸਾਡੀ ਮਾਨਸਿਕ ਸ਼ਾਂਤੀ, ਚੰਗੀ ਸਿਹਤ ਅਤੇ ਪਰਿਵਾਰਕ ਰਿਸ਼ਤਿਆਂ ਦੀ ਕੀਮਤ 'ਤੇ ਪੂਰੀ ਹੋਣ ਲੱਗੇ, ਤਾਂ ਉਸਨੂੰ ਅਸਲੀ ਕਾਮਯਾਬੀ ਨਹੀਂ ਕਿਹਾ ਜਾ ਸਕਦਾ | ਅਸੀਂ ਮਹਿੰਗੀਆਂ ਗੱਡੀਆਂ ਅਤੇ ਵੱਡੇ ਘਰ ਤਾਂ ਖ਼ਰੀਦ ਲਏ ਹਨ, ਪਰ ਦਿਮਾਗੀ ਸਕੂਨ ਅਤੇ ਰਾਤ ਦੀ ਮਿੱਠੀ ਨੀਂਦ ਕਿਤੇ ਗੁਆਚ ਗਈ ਹੈ | ਅਸਲ ਵਿਚ, ਕਾਮਯਾਬੀ ਦਾ ਸਹੀ ਪੈਮਾਨਾ ਮਾਨਸਿਕ ਸ਼ਾਂਤੀ ਹੈ | ਜੇਕਰ ਤੁਹਾਡੇ ਕੋਲ ਚੰਗੀ ਸਿਹਤ ਹੈ, ਪਰਿਵਾਰ ਨਾਲ ਬਿਤਾਉਣ ਲਈ ਸਮਾਂ ਹੈ, ਅਤੇ ਦਿਨ ਭਰ ਦੀ ਮਿਹਨਤ ਤੋਂ ਬਾਅਦ ਰਾਤ ਨੂੰ  ਬਿਨਾਂ ਕਿਸੇ ਫਿਕਰ ਤੋਂ ਨੀਂਦ ਆਉਂਦੀ ਹੈ, ਤਾਂ ਤੁਸੀਂ ਦੁਨੀਆ ਦੇ ਸਭ ਤੋਂ ਸਫਲ ਇਨਸਾਨ ਹੋ | ਸਿੱਟੇ ਵਜੋਂ, ਪੈਸਾ ਜ਼ਿੰਦਗੀ ਦਾ ਇਕ ਹਿੱਸਾ ਹੈ, ਪੂਰੀ ਜ਼ਿੰਦਗੀ ਨਹੀਂ | ਅਸਲੀ ਸਫ਼ਲਤਾ ਇਸ ਗੱਲ ਵਿਚ ਹੈ ਕਿ ਅਸੀਂ ਪੈਸੇ ਅਤੇ ਸਕੂਨ ਦੇ ਵਿਚਕਾਰ ਇਕ ਸਹੀ ਸੰਤੁਲਨ ਬਣਾਈਏ, ਤਾਂ ਜੋ ਅਸੀਂ ਸੱਚਮੁੱਚ ਇਕ ਖੁਸ਼ਹਾਲ ਅਤੇ ਸ਼ਾਂਤਮਈ ਜੀਵਨ ਦਾ ਅਨੰਦ ਮਾਣ ਸਕੀਏ |

-ਸੁਖਵਿੰਦਰ ਸਾਕਾ,
ਨੰਗਲ ਡੈਮ, ਰੂਪਨਗਰ

ਰੋਜ਼ਾਨਾ ਜ਼ਿੰਦਗੀ ਦੇ ਅਣਗੌਲੇ ਨਾਇਕ

ਹਰ ਰੋਜ਼ ਅਣਗਿਣਤ ਲੋਕ ਸਾਡੀ ਜ਼ਿੰਦਗੀ ਨੂੰ  ਆਸਾਨ ਬਣਾਉਂਦੇ ਹਨ, ਪਰ ਉਨ੍ਹਾਂ ਨੂੰ  ਕੋਈ ਖ਼ਾਸ ਪਛਾਣ ਜਾਂ ਸਨਮਾਨ ਨਹੀਂ ਮਿਲਦਾ | ਕਿਸਾਨ ਸਾਡੇ ਲਈ ਅਨਾਜ ਉਗਾਉਂਦੇ ਹਨ, ਸਫ਼ਾਈ ਕਰਮਚਾਰੀ ਸਾਡੀਆਂ ਗਲੀਆਂ ਨੂੰ  ਸਾਫ਼ ਰੱਖਦੇ ਹਨ ਅਤੇ ਬਹੁਤ ਸਾਰੇ ਹੋਰ ਮਿਹਨਤੀ ਲੋਕ ਸਮਾਜ ਨੂੰ  ਚਲਾਉਣ ਵਿਚ ਆਪਣਾ ਯੋਗਦਾਨ ਪਾਉਂਦੇ ਹਨ | ਫਿਰ ਵੀ, ਉਨ੍ਹਾਂ ਦੀ ਮਿਹਨਤ ਅਕਸਰ ਅਣਦੇਖੀ ਰਹਿ ਜਾਂਦੀ ਹੈ | ਅਸੀਂ ਮਸ਼ਹੂਰ ਲੋਕਾਂ ਦੀ ਪ੍ਰਸੰਸਾ ਕਰਦੇ ਹਾਂ, ਪਰ ਉਨ੍ਹਾਂ ਲੋਕਾਂ ਨੂੰ  ਭੁੱਲ ਜਾਂਦੇ ਹਾਂ ਜਿਨ੍ਹਾਂ ਦੀ ਬਦੌਲਤ ਸਾਡੀ ਰੋਜ਼ਾਨਾ ਜ਼ਿੰਦਗੀ ਸੁਚੱਜੇ ਢੰਗ ਨਾਲ ਚੱਲਦੀ ਹੈ | ਹਰ ਇਮਾਨਦਾਰ ਕਿੱਤਾ ਸਨਮਾਨ, ਇੱਜ਼ਤ ਅਤੇ ਕਦਰ ਦਾ ਹੱਕਦਾਰ ਹੈ |

-ਕਿਰਨਜੋਤ ਕੌਰ,
ਫ਼ਤਹਿਗੜ੍ਹ ਸਾਹਿਬ

 

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਫਿਰੋਜ਼ਪੁਰ ਨੇ ਪ੍ਰਾਪਰਟੀ ਟੈਕਸ ਦੀ ਵਸੂਲੀ ਕੀਤੀ ਤੇਜ਼, ਸ਼ੋਰੂਮ ਕੀਤਾ ਸੀਲ ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24