ਮੀਡੀਆ ਦੀ ਡਿੱਗ ਰਹੀ ਭਰੋਸੇਯੋਗਤਾ
ਪ੍ਰੋ. ਕੁਲਬੀਰ ਸਿੰਘ ਦਾ ਲੇਖ “ਭਾਰਤੀ ਮੀਡੀਆ ਦੀ ਵਰਤਮਾਨ ਸਥਿਤੀ” ਮੀਡੀਆ ਦੀ ਡਿੱਗ ਰਹੀ ਭਰੋਸੇਯੋਗਤਾ ਅਤੇ ਵਪਾਰਕ ਤੇ ਸਿਆਸੀ ਦਬਾਵਾਂ ਹੇਠ ਇਸ ਦੀ ਬਦਲਦੀ ਭੂਮਿਕਾ ਬਾਰੇ ਗੰਭੀਰ ਚਿੰਤਾ ਪ੍ਰਗਟਾਉਂਦਾ ਹੈ | ਲੇਖਕ ਨੇ ਨਿਰਪੱਖ, ਨਿਡਰ ਅਤੇ ਲੋਕ-ਪੱਖੀ ਪੱਤਰਕਾਰੀ ਦੀ ਲੋੜ ਨੂੰ ਸਹੀ ਢੰਗ ਨਾਲ ਉਭਾਰਿਆ ਹੈ | ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਸਮੁੱਚੇ ਲੋਕਤੰਤਰੀ ਢਾਂਚੇ ਨੂੰ ਮਜ਼ਬੂਤੀ ਦੇਣ ਵਾਲਾ ਬੁਨਿਆਦੀ ਆਧਾਰ ਵੀ | ਚਾਹੇ ਛਪਾਈ ਮਾਧਿਅਮ ਹੋਵੇ ਜਾਂ ਦੂਰਦਰਸ਼ਨੀ, ਜੇ ਇਸ ਦੀ ਸੁਤੰਤਰਤਾ ਅਤੇ ਭਰੋਸੇਯੋਗਤਾ ਕਮਜ਼ੋਰ ਪੈ ਜਾਣ ਤਾਂ ਲੋਕਤੰਤਰ ਦੀ ਪੂਰੀ ਇਮਾਰਤ ਡਗਮਗਾ ਸਕਦੀ ਹੈ | ਸਰਕਾਰੀ ਇਸ਼ਤਿਹਾਰਾਂ ਦੀ ਬੇਲੋੜੀ ਖੁੱਲ੍ਹਦਿਲੀ ਵੀ ਜੇ ਸੰਸਥਾਵਾਂ ਨੂੰ ਸੱਤਾ ਦੀ ਮਿਹਰਬਾਨੀ ਉੱਤੇ ਨਿਰਭਰ ਕਰ ਦੇਵੇ, ਤਾਂ ਨਿਰਪੱਖ ਆਲੋਚਨਾ ਪ੍ਰਭਾਵਿਤ ਹੋ ਸਕਦੀ ਹੈ | ਮੀਡੀਆ ਦਾ ਅਸਲ ਧਰਮ ਸੱਚ ਸਾਹਮਣੇ ਲਿਆਉਣਾ, ਸੱਤਾ ਨੂੰ ਜਵਾਬਦੇਹ ਬਣਾਉਣਾ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਦੇਣਾ ਹੈ | ਅੰਤ ਵਿਚ ਉਹੀ ਮੀਡੀਆ ਸੰਸਥਾਵਾਂ ਯਾਦ ਰੱਖੀਆਂ ਜਾਣਗੀਆਂ, ਜਿਨ੍ਹਾਂ ਨੇ ਵਪਾਰਕ ਲਾਲਚ ਤੋਂ ਉੱਪਰ ਉੱਠ ਕੇ ਸੱਚਾਈ, ਨਿਰਪੱਖਤਾ ਅਤੇ ਲੋਕ-ਹਿੱਤ ਦੀ ਰਾਖੀ ਕੀਤੀ ਹੋਵੇਗੀ |
-ਬਿ੍ਜ ਭੂਸ਼ਣ ਗੋਇਲ,
ਲੁਧਿਆਣਾ
ਸ਼ੁਕਰਗੁਜ਼ਾਰ ਹੋਈਏ
ਮਨੁੱਖੀ ਜੀਵਨ ਆਪਸੀ ਸਹਿਯੋਗ 'ਤੇ ਨਿਰਭਰ ਹੈ | ਕੋਈ ਵੀ ਇਨਸਾਨ ਐਸਾ ਨਹੀਂ ਹੁੰਦਾ ਜੋ ਜ਼ਿੰਦਗੀ ਦੇ ਹਰ ਮੋੜ 'ਤੇ ਦੂਜਿਆਂ ਦੀ ਮਦਦ ਤੋਂ ਬਿਨਾਂ ਅੱਗੇ ਵਧ ਸਕੇ | ਕਦੇ ਨਾ ਕਦੇ ਹਰ ਕਿਸੇ ਨੂੰ ਕਿਸੇ ਹੋਰ ਦੇ ਸਾਥ, ਸਹਾਰੇ ਜਾਂ ਹੌਸਲੇ ਦੀ ਲੋੜ ਪੈਂਦੀ ਹੈ | ਇਹੀ ਜੀਵਨ ਦੀ ਸੱਚਾਈ ਹੈ, ਜਿਸ ਨੂੰ ਸਮਝ ਕੇ ਹੀ ਅਸੀਂ ਇਕ ਸੁੰਦਰ ਸਮਾਜ ਦੀ ਨੀਂਹ ਰੱਖ ਸਕਦੇ ਹਾਂ | ਅਸੀਂ ਅਕਸਰ ਛੋਟੀਆਂ-ਛੋਟੀਆਂ ਗੱਲਾਂ ਲਈ ਪਰਮਾਤਮਾ ਦਾ ਜਿਵੇਂ ਸਿਹਤ ਲਈ ਸ਼ੁਕਰ ਅਦਾ ਕਰਦੇ ਹਾਂ, ਰੋਜ਼ਗਾਰ ਲਈ, ਪਰਿਵਾਰ ਲਈ | ਪਰ ਇਸ ਦੇ ਨਾਲ-ਨਾਲ ਇਹ ਵੀ ਸਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਇਨਸਾਨਾਂ ਨੇ ਔਖੇ ਵੇਲੇ ਸਾਡਾ ਹੱਥ ਫੜਿਆ, ਸਾਡੇ ਨਾਲ ਖੜ੍ਹੇ ਰਹੇ, ਉਨ੍ਹਾਂ ਦਾ ਵੀ ਦਿਲੋਂ ਧੰਨਵਾਦ ਕਰੀਏ | “ਧੰਨਵਾਦ” ਸਿਰਫ਼ ਇਕ ਸ਼ਬਦ ਨਹੀਂ, ਇਹ ਸਾਡੇ ਚਰਿੱਤਰ ਦੀ ਪਹਿਚਾਣ ਹੈ | ਧੰਨਵਾਦ ਕਰਨ ਨਾਲ ਅਸੀਂ ਆਪਣੀ ਨਿਮਰਤਾ ਦਰਸਾਉਂਦੇ ਹਾਂ ਅਤੇ ਆਪਣੇ-ਆਪ ਨੂੰ ਇਕ ਸੱਭਿਅਕ ਇਨਸਾਨ ਵਜੋਂ ਪੇਸ਼ ਕਰਦੇ ਹਾਂ | ਅੱਜ ਦੇ ਦੌਰ ਵਿਚ ਦੁੱਖ ਦੀ ਗੱਲ ਇਹ ਹੈ ਕਿ ਕਈ ਵਾਰ ਸਾਨੂੰ ਅਜਿਹੇ ਲੋਕ ਵੀ ਮਿਲਦੇ ਹਨ ਜੋ ਲੋੜ ਪੈਣ 'ਤੇ ਬਹੁਤ ਮਿੱਠੇ ਬੋਲ ਬੋਲਦੇ ਹਨ | “ਜੀ ਜੀ” ਕਰਕੇ ਗੱਲ ਕਰਦੇ ਹਨ, ਸਾਡੇ ਆਲੇ-ਦੁਆਲੇ ਘੁੰਮਦੇ ਹਨ, ਪਰ ਜਿਵੇਂ ਹੀ ਉਨ੍ਹਾਂ ਦਾ ਮਤਲਬ ਪੂਰਾ ਹੋ ਜਾਂਦਾ ਹੈ, ਉਹ ਸਾਡੇ ਵੱਲ ਮੁੜ ਕੇ ਵੇਖਣਾ ਵੀ ਪਸੰਦ ਨਹੀਂ ਕਰਦੇ | ਇਹ ਨਾਸ਼ੁਕਰਾਪਣ ਨਾ ਸਿਰਫ਼ ਰਿਸ਼ਤਿਆਂ ਨੂੰ ਕਮਜ਼ੋਰ ਕਰਦਾ ਹੈ, ਸਗੋਂ ਸਮਾਜ ਵਿਚ ਭਰੋਸੇ ਨੂੰ ਵੀ ਘਟਾਉਂਦਾ ਹੈ | ਸ਼ੁਕਰਗੁਜ਼ਾਰੀ ਉਹ ਗੁਣ ਹੈ ਜੋ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ |
ਆਓ, ਅਸੀਂ ਪ੍ਰਣ ਕਰੀਏ ਕਿ ਨਾਸ਼ੁਕਰੇ ਨਹੀਂ, ਸ਼ੁਕਰਗੁਜ਼ਾਰ ਬਣਾਂਗੇ | ਜਿਹੜਾ ਵੀ ਸਾਡੇ ਜੀਵਨ ਵਿਚ ਕਿਸੇ ਵੀ ਤਰੀਕੇ ਨਾਲ ਸਹਾਇਤਾ ਕਰੇ ਚਾਹੇ ਵੱਡੀ ਹੋਵੇ ਜਾਂ ਛੋਟੀ ਅਸੀਂ ਉਸਦਾ ਸਤਿਕਾਰ ਕਰਾਂਗੇ ਅਤੇ ਧੰਨਵਾਦ ਜ਼ਰੂਰ ਕਰਾਂਗੇ |
-ਪਵਨ ਕੁਮਾਰ ਅੱਤਰੀ,
ਕਪੂਰਥਲਾ
ਖ਼ਤਮ ਹੁੰਦੇ ਰਿਸ਼ਤੇ
ਸਮੇਂ ਨਾਲ ਰਿਸ਼ਤੇ ਬਦਲ ਰਹੇ ਨੇ | ਜੋ ਮਾਂ-ਬਾਪ ਬਚਪਨ 'ਚ ਸਭ ਕੁਝ ਹੁੰਦੇ ਨੇ, ਉਹੀ 15-16 ਸਾਲ ਦੀ ਉਮਰ 'ਚ ਦੂਰ ਲੱਗਣ ਲੱਗ ਪੈਂਦੇ ਨੇ | ਦੋਸਤਾਂ ਤੇ ਮੋਬਾਈਲ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ | ਵਿਆਹ ਤੋਂ ਬਾਅਦ ਪੁੱਤਾਂ ਦਾ ਮੋਹ ਮਾਪਿਆਂ ਤੋਂ ਘਟ ਜਾਂਦਾ ਹੈ | ਜਿਹੜੇ ਭੈਣ-ਭਰਾ ਬਿਨਾਂ ਬਚਪਨ 'ਚ ਸਾਹ ਵੀ ਔਖਾ ਸੀ, ਅੱਜ ਇਕ-ਦੂਜੇ ਤੋਂ ਬੇਗਾਨੇ ਹੋ ਰਹੇ ਨੇ | ਹਰ ਕੋਈ ਆਪਣੇ 'ਚ ਹੀ ਰੁੱਝ ਗਿਆ ਹੈ | ਘਰ 'ਚ ਗੱਲਬਾਤ ਘਟ ਗਈ ਹੈ ਤੇ ਜਨਰੇਸ਼ਨ ਗੈਪ ਵਧ ਗਿਆ ਹੈ | ਅਸੀਂ ਖੂਨ ਦੇ ਰਿਸ਼ਤਿਆਂ ਨਾਲੋਂ ਬਾਹਰਲੇ ਰਿਸ਼ਤਿਆਂ ਨੂੰ ਵਧੀਆ ਸਮਝਣ ਲੱਗ ਪਏ ਹਾਂ | ਅੱਜ ਰਿਸ਼ਤੇ ਮੋਬਾਈਲ ਵਰਗੇ ਹੋ ਗਏ ਨੇ, ਚਾਰਜ ਖਤਮ ਤੇ ਰਿਸ਼ਤਾ ਖਤਮ | ਟੈਕਨਾਲੋਜੀ ਨੇ ਦੂਰੀਆਂ ਘਟਾਈਆਂ, ਪਰ ਦਿਲਾਂ 'ਚ ਦੂਰੀ ਵਧਾ ਦਿੱਤੀ | ਘਰ 'ਚ ਸਾਰੇ ਇਕੱਠੇ ਬੈਠੇ ਨੇ ਪਰ ਹਰ ਕੋਈ ਆਪਣੇ ਫੋਨ 'ਚ ਰੁੱਝਿਆ ਹੈ | ਮਾਂ-ਬਾਪ ਬੱਚਿਆਂ ਨੂੰ ਸਮਾਂ ਨਹੀਂ ਦੇ ਪਾ ਰਹੇ ਤੇ ਬੱਚੇ ਮਾਂ-ਬਾਪ ਨੂੰ | ਇਸੇ ਕਾਰਨ ਰਿਸ਼ਤਿਆਂ 'ਚ ਉਹ ਗਰਮੀ ਨਹੀਂ ਰਹੀ ਜੋ ਪਹਿਲਾਂ ਹੁੰਦੀ ਸੀ | ਪਰ ਯਾਦ ਰਹੇ, ਔਖੇ ਵੇਲੇ ਖੂਨ ਦਾ ਰਿਸ਼ਤਾ ਹੀ ਕੰਮ ਆਉਂਦਾ ਹੈ |
-ਗੌਰਵ ਮੁੰਜਾਲ
ਪੀ.ਸੀ.ਐਸ