08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

10-11-2026

10-11-2026

Ad Position 21
No active advertisement
ਅਜੀਤ ਡੈਸਕ 10-11-2026

ਰੁੱਖ ਲਾਉਣ ਦੀਆਂ ਮੁਹਿੰਮਾਂ


ਦੇਸ਼ ਭਰ 'ਚ ਕਰੋੜਾਂ ਰੁੱਖ ਲਗਾਉਣ ਦੇ ਦਾਅਵੇ ਕੀਤੇ ਜਾਂਦੇ ਹਨ | ਸਰਕਾਰਾਂ ਵੱਡੇ ਪੱਧਰ 'ਤੇ ਰੁੱਖ ਲਗਾਉਣ ਦੇ ਪ੍ਰੋਗਰਾਮ ਚਲਾਉਂਦੀਆਂ ਹਨ, ਫੋਟੋਆਂ ਖਿੱਚੀਆਂ ਜਾਂਦੀਆਂ ਤੇ ਅੰਕੜੇ ਵੀ ਜਾਰੀ ਕੀਤੇ ਜਾਂਦੇ ਹਨ | ਇਸ ਦੇ ਬਾਵਜੂਦ ਜੰਗਲਾਂ ਦਾ ਘੇਰਾ, ਸ਼ਹਿਰਾਂ ਦੀ ਹਰਿਆਵਲੀ ਤੇ ਜੈਵ ਵਿਭਿੰਨਤਾ ਉਮੀਦਾਂ ਅਨੁਸਾਰ ਨਹੀਂ ਵਧਦੀ | ਵੱਡਾ ਸਵਾਲ ਇਹ ਹੈ ਕਿ ਜੇਕਰ ਹਰ ਸਾਲ ਇੰਨੇ ਰੁੱਖ ਲਗਾਏ ਜਾਂਦੇ ਹਨ ਤਾਂ ਫਿਰ ਵਾਤਾਵਰਣਨ ਦੀ ਹਾਲਤ 'ਚ ਕੋਈ ਸੁਧਾਰ ਕਿਉਂ  ਨਹੀਂ ਹੁੰਦਾ? ਦਰਅਸਲ ਲਗਾਏ ਰੁੱਖਾਂ ਦੀ ਉਚਿਤ ਸੰਭਾਲ ਨਹੀਂ ਕੀਤੀ ਜਾਂਦੀ | ਸਰਕਾਰੀ ਯੋਜਨਾਵਾਂ ਵਿਚ ਰੁੱਖ ਲਗਾਉਣ ਦੀ ਗਿਣਤੀ ਨੂੰ  ਸਫ਼ਲਤਾ ਦਾ ਮਾਪਦੰਡ ਮੰਨ ਕੇ ਉਨ੍ਹਾਂ ਦਾ ਰਿਕਾਰਡ ਤਾਂ ਰੱਖ ਲਿਆ ਜਾਂਦਾ ਹੈ, ਪਰ ਰੁੱਖਾਂ ਦੀ ਬਹੁਤੀ ਸਾਰ ਨਹੀਂ ਲਈ ਜਾਂਦੀ | ਪੌਦੇ ਲਗਾਉਣਾ ਸਿਰਫ਼ ਪਹਿਲਾ ਕਦਮ ਹੈ; ਉਸ ਦੀ ਨਿਯਮਿਤ ਦੇਖਭਾਲ  ਹਮੇਸ਼ਾ ਜ਼ਰੂਰੀ ਹੁੰਦੀ ਹੈ | ਕਈ ਵਾਰ ਇਕੋ ਕਿਸਮ ਦੇ ਰੁੱਖ ਵੱਡੀ ਗਿਣਤੀ 'ਚ ਲਗਾ ਦਿੱਤੇ ਜਾਂਦੇ ਹਨ ਤੇ ਉੁਸ ਖੇਤਰ ਦੇ ਮੌਸਮ ਜਾਂ ਮਿੱਟੀ ਵੱਲ ਧਿਆਨ ਨਹੀਂ ਦਿੱਤਾ ਜਾਂਦਾ | ਦੂਸਰਾ ਸਥਾਨਕ ਰੁੱਖ ਪ੍ਰਜਾਤੀਆਂ ਦੀ ਬਜਾਏ ਵਿਦੇਸ਼ੀ ਜਾਂ ਤੇਜ਼ੀ ਨਾਲ ਵਧਣ ਵਾਲੀਆਂ ਕਿਸਮਾਂ ਨੂੰ  ਤਰਜੀਹ ਦਿੱਤੀ ਜਾਂਦੀ ਹੈ | ਅਕਸਰ ਰੁੱਖ ਲਗਾਉਣ ਦੀ ਮੁਹਿੰਮ ਖ਼ਤਮ ਹੋਣ ਨਾਲ ਹੀ ਉਨ੍ਹਾਂ ਵੱਲ ਸਰਕਾਰੀ ਧਿਆਨ ਵੀ ਖ਼ਤਮ ਹੋ ਜਾਂਦਾ ਹੈ | ਸਿਰਫ਼ ਸਰਕਾਰੀ ਵਿਭਾਗਾਂ ਦੇ ਸਹਾਰੇ ਹਰਿਆਵਲ ਨਹੀਂ ਵਧਾਈ ਜਾ ਸਕਦੀ, ਸਥਾਨਕ ਲੋਕਾਂ, ਪੰਚਾਇਤਾਂ, ਸਮਾਜਿਕ ਸੰਸਥਾਵਾਂ ਨੂੰ  ਵੀ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ | | ਪੌਦਿਆਂ ਦੀ ਨਿਯਮਿਤ ਸੰਭਾਲ ਲਈ ਵੱਖਰਾ ਬਜਟ ਤੇ ਜਵਾਬਦੇਹੀ ਨਿਰਧਾਰਤ ਕਰਦਿਆਂ ਰੁੱਖਾਂ ਦੀ ਪੂਰੀ ਨਿਗਰਾਨੀ ਕੀਤੀ ਜਾਵੇ | ਵਾਤਾਵਰਨ ਦੀ ਰੱਖਿਆ ਲਈ ਰੁੱਖ ਲਗਾਉਣਾ ਬਹੁਤ ਜ਼ਰੂਰੀ ਹੈ, ਪਰ ਸਿਰਫ਼ ਰੁੱਖ  ਲਗਾ ਦੇਣਾ ਹੀ ਕਾਫ਼ੀ ਨਹੀਂ | 

-ਜਰਮਨਜੀਤ ਕੌਰ ਸਹੋਤਾ
ਗਹਿਰੀ ਮੰਡੀ (ਅੰਮਿ੍ਤਸਰ) |

ਬੇਮਤਲਬ ਜਾਮ ਕਿਉਂ? 


ਅੱਜਕਲ੍ਹ ਜਿੱਥੇ ਮਰਜ਼ੀ ਚਲੇ ਜਾਓ ਅਕਸਰ ਸੜਕਾਂ 'ਤੇ ਜਾਮ ਵੇਖਣ ਨੂੰ  ਮਿਲਦਾ ਹੈ, ਜਿਸ ਦੀ ਵਜ੍ਹਾ ਜ਼ਿਆਦਾਤਰ ਉਲਟ ਦਿਸ਼ਾ ਤੋਂ ਆਉਣ ਵਾਲੇ ਛੋਟੇ-ਵੱਡੇ ਵਾਹਨ ਹੁੰਦੇ ਹਨ ਕਿਉਂਕਿ ਲੋਕ ਆਪਣੀ ਸੌਖ ਲਈ ਟ੍ਰੈਫਿਕ ਨਿਯਮਾਂ ਦੀ ਬਿਲਕੁੱਲ ਵੀ ਪ੍ਰਵਾਹ ਨਹੀਂ ਕਰਦੇ | ਅਸੀਂ ਲਾਢੋਵਾਲ ਟੋਲ ਪਲਾਜ਼ਾ ਤੋਂ ਫਿਲੌੌਰ ਵੱਲ ਆਉਣ ਸਮੇਂ ਸਤਲੁਜ ਪੁਲ 'ਤੇ ਲੱਗਦੇ ਰੋਜ਼ਾਨਾ ਦੇ ਜਾਮ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਾਂ, ਜਿੱਥੇ ਅੰਨ੍ਹੀ ਸ਼ਰਧਾ ਦੇ ਚੱਲਦਿਆਂ ਲੋਕ ਜਾਮ ਲੱਗਣ ਦੀ ਵਜ੍ਹਾ ਬਣ ਰਹੇ ਹਨ | ਇਹ ਲੋਕ ਦਰਿਆ 'ਚ ਵੱਗਦੇ ਮਾਮੂਲੀ ਜਿਹੇ ਪਾਣੀ ਵਿਚ ਮੱਛੀਆਂ ਦੇ ਖਾਣ ਵਾਲੇ ਅਨਾਜ ਨੂੰ  ਸੁੱਟਣ ਲਈ ਆਪਣੀਆਂ ਕਾਰਾਂ, ਸਕੂਟਰ ਤੇ ਮੋਟਰ ਸਾਈਕਲ ਆਦਿ ਨੂੰ  ਪੁਲ 'ਤੇ ਖੜ੍ਹਾ ਕਰਕੇ ਸਮੱਗਰੀ ਨੂੰ  ਜਲ ਪ੍ਰਵਾਹ ਕਰਦੇ ਹਨ, ਜਿਸ ਦੇ ਚੱਲਦੇ ਪੁਲ 'ਤੇ ਰਸਤਾ ਸੌੜਾ ਹੋਣ ਕਰਕੇ ਅਕਸਰ ਜਾਮ ਲੱਗ ਜਾਂਦਾ ਹੈ | ਦਰਅਸਲ ਪੁਲ 'ਤੇ ਸਿਰਫ਼ ਦੋ ਗੱਡੀਆਂ ਲੰਘਣ ਦਾ ਰਸਤਾ ਹੈ ਤੇ ਗੱਡੀਆਂ ਖੜ੍ਹੀਆਂ ਹੋਣ ਕਰਕੇ ਇਕ ਹੀ ਵਾਹਨ ਦੇ ਲੰਘਣ ਲਈ ਰਸਤਾ ਬਚਦਾ ਹੈ | ਰੋਜ਼ਾਨਾ ਸਫਰ ਕਰਨ ਵਾਲਿਆਂ ਨੂੰ  ਬੇਮਤਲਬ ਖੱਜਲ-ਖੁਆਰ ਹੋਣਾ ਪੈਂਦਾ ਹੈ ਕਿਉਂਕਿ ਇਕ ਪਾਸੇ ਟੋਲ 'ਤੇ ਅਕਸਰ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ, ਅੱਗੇ ਪੁਲ 'ਤੇ ਅਖੌਤੀ ਸ਼ਰਧਾਲੂ ਜਾਮ ਲਗਾ ਦਿੰਦੇ ਹਨ ਤੇ ਰਹਿੰਦੀ ਕਸਰ ਸਤਲੁਜ ਦਾ ਪੁਲ ਪਾਰ ਕਰਦਿਆਂ ਦੋ ਕੁ ਸੌ ਮੀਟਰ 'ਤੇ ਫਿਲੌਰ ਥਾਣਾ ਪੁਲਿਸ ਦਾ ਲੱਗਿਆ ਪੱਕਾ ਨਾਕਾ ਪੂਰੀ ਕਰ ਦਿੰਦਾ ਹੈ, ਜਿੱਥੇ ਹਮੇਸ਼ਾ ਬੈਰੀਕੇਡਿੰਗ ਹੋਈ ਰਹਿੰਦੀ ਹੈ | ਸਾਡੀ ਪੁਲਿਸ ਤੇ ਪ੍ਰਸ਼ਾਸਨ ਨੂੰ  ਬੇਨਤੀ ਹੈ ਕਿ ਪੁਲ 'ਤੇ ਜਾਮ ਲਗਾਉਣ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਵਾਜਾਈ ਨਿਰਵਿਘਨ ਜਾਰੀ ਰਹੇ |

-ਅਮਨ, ਲੁਧਿਆਣਾ

ਸਿਰਫ ਡਿਗਰੀ ਨਹੀਂ, ਹੁਨਰ ਵੀ ਜ਼ਰੂਰੀ


ਆਧੁਨਿਕ ਯੁੱਗ ਵਿਚ ਸਿੱਖਿਆ ਦੇ ਮਾਇਨੇ ਸਿਰਫ਼ ਕਿਤਾਬਾਂ ਪੜ੍ਹਨਾ, ਪ੍ਰੀਖਿਆਵਾਂ ਪਾਸ ਕਰਨਾ ਅਤੇ ਡਿਗਰੀਆਂ ਹਾਸਿਲ ਕਰਨਾ ਨਹੀਂ ਰਹੇ | ਅੱਜ ਦੇ ਮੁਕਾਬਲੇ ਭਰੇ ਇਸ ਯੁੱਗ ਵਿਚ ਅਸਲ ਸਵਾਲ ਇਹ ਹੈ ਕਿ ਸਾਡੀ ਸਿੱਖਿਆ ਵਿਦਿਆਰਥੀਆਂ ਨੂੰ  ਜੀਵਨ ਲਈ ਕਿੰਨਾ ਤਿਆਰ ਕਰ ਰਹੀ ਹੈ? ਜੇਕਰ ਇਕ ਵਿਦਿਆਰਥੀ ਕੋਲ ਡਿਗਰੀ ਹੈ ਪਰ ਆਪਣੇ ਗਿਆਨ ਨੂੰ  ਅਸਲ ਵਿਚ ਲਿਆਉਣ ਦਾ ਹੁਨਰ ਨਹੀਂ ਤਾਂ ਸਿੱਖਿਆ ਵੀ ਅਧੂਰੀ ਰਹਿ ਜਾਂਦੀ ਹੈ | ਸਾਡੇ ਸਕੂਲਾਂ ਤੇ ਕਾਲਜਾਂ ਵਿਚ ਕਿਤਾਬੇ ਗਿਆਨ ਦੇ ਨਾਲ ਨਾਲ ਹੁਨਰ ਅਧਾਰਤ ਅਤੇ ਤਕਨੀਕੀ ਸਿੱਖਿਆ ਨੂੰ  ਵੀ ਬਰਾਬਰ ਮਹੱਤਤਾ ਦੇਣ ਦੀ ਲੋੜ ਹੈ | ਇਸ ਦਾ ਅਰਥ ਕਿਤਾਬੀ ਸਿੱਖਿਆ ਨੂੰ  ਘੱਟ ਮਹੱਤਵ ਦੇਣਾ ਨਹੀਂ ਹੈ | ਕਿਉਂਕਿ ਗਿਆਨ ਅਤੇ ਹੁਨਰ ਇਕ ਹੀ ਸਿੱਕੇ ਦੇ ਦੋ ਪਾਸੇ ਹਨ | ਜਿੱਥੇ ਕਿਤਾਬਾਂ ਸਾਨੂੰ ਗਿਆਨ ਦਿੰਦੀਆਂ ਹਨ ਉੱਥੇ ਹੀ ਤਕਨੀਕੀ ਸਿੱਖਿਆ ਉਸ ਗਿਆਨ ਨੂੰ  ਵਰਤਣਾ ਸਿਖਾਉਂਦੀ ਹੈ | ਅੱਜ ਦੀ ਦੁਨੀਆ ਵਿਚ ਟੈਕਨੋਲੋਜੀ ਅਤੇ ਰੁਜ਼ਗਾਰ ਦਾ ਖੇਤਰ ਤੇਜ਼ੀ ਨਾਲ ਬਦਲ ਰਿਹਾ ਹੈ | ਇਸ ਲਈ ਸਿੱਖਿਆ ਦਾ ਮਕਸਦ ਕੇਵਲ ਹੱਥ ਵਿਚ ਸਰਟੀਫਿਕੇਟ ਦੇਣਾ ਨਹੀਂ ਸਗੋਂ ਜੀਵਨ ਨੂੰ  ਸਮਝਣ ਅਤੇ ਉਸਦਾ ਸਾਹਮਣਾ ਕਰਨ ਦੀ ਸਮਰੱਥਾ ਪੈਦਾ ਕਰਨਾ ਹੋਣਾ ਚਾਹੀਦਾ ਹੈ | 

-ਜਸ਼ਨਪ੍ਰੀਤ ਕੌਰ  ਸਰਹਿੰਦ |

ਬ੍ਰਾਜ਼ੀਲ ਵਿਚ ਚੋਣ ਜਿੱਤ


ਬ੍ਰਾਜ਼ੀਲ ਵਿਚ 'ਲੂਲਾ' ਦਾ ਚੋਣ ਜਿੱਤਣਾ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਵੱਡੀ ਜ਼ਿੰਮੇਵਾਰੀ ਹੈ | ਅੱਜ ਦੁਨੀਆ ਦੀ ਰਾਜਨੀਤੀ ਵਿਚ ਖੱਬੇ ਅਤੇ ਸੱਜੇ ਪੱਖ ਦੀ ਵਿਚਾਰਧਾਰਕ ਖਿੱਚੋਤਾਣ ਲੋਕਤੰਤਰ ਦੀਆਂ ਅਸਲ ਜ਼ਿੰਮੇਵਾਰੀਆਂ ਉੱਤੇ ਭਾਰੂ ਪੈਂਦੀ ਜਾ ਰਹੀ ਹੈ | ਬ੍ਰਾਜ਼ੀਲ ਵਿਚ ਮਹਿੰਗਾਈ, ਅਪਰਾਧ, ਜਨਤਕ ਕਰਜ਼ੇ ਅਤੇ ਆਰਥਿਕ ਅਸੁਰੱਖਿਆ ਦੀਆਂ ਚੁਣੌਤੀਆਂ ਸਪੱਸ਼ਟ ਕਰਦੀਆਂ ਹਨ ਕਿ ਚੋਣ ਜਿੱਤਣਾ ਸੁਚੱਜੇ ਸ਼ਾਸਨ ਦੀ ਗਾਰੰਟੀ ਨਹੀਂ | ਲੂਲਾ ਸਾਹਮਣੇ ਵੰਡੇ ਹੋਏ ਸਮਾਜ ਦਾ ਭਰੋਸਾ ਜਿੱਤਣ ਅਤੇ ਵਿਸ਼ਵ ਅਰਥਚਾਰੇ ਦੀਆਂ ਹਕੀਕਤਾਂ ਨੂੰ  ਸਮਝਦਿਆਂ ਰੁਜ਼ਗਾਰ ਦੇ ਮੌਕੇ, ਸਸਤੀਆਂ ਸਿਹਤ ਸੇਵਾਵਾਂ, ਜਨਤਕ ਸੁਰੱਖਿਆ ਅਤੇ ਦੇਸ਼ ਵਿਚ ਅਮਨ ਨੂੰ  ਪਹਿਲ ਦੇਣੀ ਚਾਹੀਦੀ ਹੈ | ਵਿਰੋਧੀ ਧਿਰ ਦਾ ਫ਼ਰਜ਼ ਵੀ ਸਿਰਫ਼ ਸੱਤਾ ਦਾ ਵਿਰੋਧ ਕਰਨਾ ਨਹੀਂ, ਸਗੋਂ ਲੋਕ-ਹਿੱਤ ਵਿਚ ਸਹਿਯੋਗ ਦੇਣਾ ਹੈ | ਲੂਲਾ ਹੋਵੇ ਜਾਂ ਕੋਈ ਹੋਰ ਆਗੂ, ਚੋਣ ਜਿੱਤ ਹੀ ਪ੍ਰਾਪਤੀ ਨਹੀਂ | ਲੋਕਤੰਤਰ ਦੀ ਅਸਲ ਕਸੌਟੀ ਲੋਕਾਂ ਨੂੰ  ਸਨਮਾਨਜਨਕ ਜੀਵਨ ਅਤੇ ਬਿਹਤਰ ਭਵਿੱਖ ਦੇਣਾ ਹੈ | ਦੁਨੀਆ ਦੇ ਸਿਆਸਤਦਾਨਾਂ ਨੂੰ  ਸੱਤਾ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਆਤਮ-ਮੰਥਨ ਕਰਨਾ ਚਾਹੀਦਾ ਹੈ |

-ਬਿ੍ਜ ਭੂਸ਼ਣ ਗੋਇਲ, ਲੁਧਿਆਣਾ

ਵਿਦੇਸ਼ਾਂ ਵੱਲ ਵਧਦਾ ਰੁਝਾਨ 


ਅੱਜ-ਕੱਲ੍ਹ ਪੰਜਾਬ ਦੇ ਹਰ ਸ਼ਹਿਰ ਅਤੇ ਕਸਬੇ ਵਿਚ ਖੁੱਲ੍ਹੇ ਆਈਲੈਟਸ ਸੈਂਟਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੰਜਾਬ ਦੀ ਜਵਾਨੀ ਦਾ ਰੁਝਾਨ ਵਿਦੇਸ਼ਾਂ ਵੱਲ ਕਿੰਨਾ ਤੇਜ਼ੀ ਨਾਲ ਵਧ ਰਿਹਾ ਹੈ | ਅੱਜ ਹਰ ਨੌਜਵਾਨ, ਭਾਵੇਂ ਉਹ ਅਮੀਰ ਪਰਿਵਾਰ ਤੋਂ ਹੈ ਜਾਂ ਗਰੀਬ, ਬਾਰ੍ਹਵੀਂ ਕਰਨ ਤੋਂ ਬਾਅਦ ਜਲਦ ਤੋਂ ਜਲਦ ਕੈਨੇਡਾ, ਆਸਟ੍ਰੇਲੀਆ ਜਾਂ ਇੰਗਲੈਂਡ ਜਾਣ ਦੀ ਦੌੜ ਵਿਚ ਲੱਗਾ ਹੋਇਆ ਹੈ | ਇਸਦਾ ਮੁੱਖ ਕਾਰਨ ਪੰਜਾਬ ਵਿਚ ਰੁਜ਼ਗਾਰ ਦੀ ਘਾਟ, ਭਿ੍ਸ਼ਟਾਚਾਰ ਅਤੇ ਸੁਰੱਖਿਅਤ ਭਵਿੱਖ ਦੀ ਅਣਹੋਂਦ ਹੈ | ਨੌਜਵਾਨ ਇੱਥੇ ਲੱਖਾਂ ਰੁਪਏ ਖਰਚ ਕੇ ਉੱਚ ਡਿਗਰੀਆਂ ਪ੍ਰਾਪਤ ਕਰਨ ਦੇ ਬਾਵਜੂਦ ਵੀ ਬੇਰੁਜ਼ਗਾਰ ਘੁੰਮ ਰਹੇ ਹਨ, ਜਿਸ ਕਾਰਨ ਉਹਨਾਂ ਨੂੰ  ਆਪਣਾ ਭਵਿੱਖ ਇੱਥੇ ਧੁੰਦਲਾ ਨਜ਼ਰ ਆਉਂਦਾ ਹੈ | ਵਿਦੇਸ਼ਾਂ ਵਿਚ ਮਿਲਣ ਵਾਲੀ ਬਿਹਤਰ ਜੀਵਨ ਸ਼ੈਲੀ ਅਤੇ ਮਿਹਨਤ ਦਾ ਪੂਰਾ ਮੁੱਲ ਉਹਨਾਂ ਨੂੰ  ਆਕਰਸ਼ਿਤ ਕਰਦਾ ਹੈ | ਇਸ ਰੁਝਾਨ ਦਾ ਪੰਜਾਬ ਦੇ ਭਵਿੱਖ 'ਤੇ ਬਹੁਤ ਮਾਰੂ ਅਸਰ ਪੈ ਰਿਹਾ ਹੈ | ਇਕ ਪਾਸੇ ਸਾਡਾ ਬੌਧਿਕ ਵਰਗ ਪੰਜਾਬ ਛੱਡ ਰਿਹਾ ਹੈ ਅਤੇ ਦੂਜੇ ਪਾਸੇ ਮਾਪਿਆਂ ਦੀ ਉਮਰ ਭਰ ਦੀ ਕਮਾਈ ਫੀਸਾਂ ਦੇ ਰੂਪ ਵਿਚ ਵਿਦੇਸ਼ਾਂ ਵਿਚ ਜਾ ਰਹੀ ਹੈ | ਪਿੰਡਾਂ ਵਿਚ ਜ਼ਿਆਦਾਤਰ ਸਿਰਫ਼ ਬਜ਼ੁਰਗ ਹੀ ਰਹਿ ਗਏ ਹਨ, ਜੋ ਬੁਢਾਪੇ ਵਿਚ ਇਕੱਲਾਪਨ ਅਤੇ ਬੇਬਸੀ ਹੰਢਾਉਣ ਲਈ ਮਜਬੂਰ ਹਨ | ਸਮੇਂ ਦੀ ਮੰਗ ਹੈ ਕਿ ਸਰਕਾਰਾਂ ਇਸ ਗੰਭੀਰ ਮਸਲੇ ਵੱਲ ਧਿਆਨ ਦੇਣ | ਪੰਜਾਬ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣ, ਸਿੱਖਿਆ ਢਾਂਚੇ ਨੂੰ  ਰੁਜ਼ਗਾਰ ਮੁਖੀ ਬਣਾਇਆ ਜਾਵੇ ਅਤੇ ਅਜਿਹਾ ਮਾਹੌਲ ਸਿਰਜਿਆ ਜਾਵੇ ਕਿ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੀ ਬਜਾਏ ਆਪਣੇ ਸੂਬੇ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾ ਸਕੇ |

-ਸੁਖਵਿੰਦਰ ਸਾਕਾ
ਨੰਗਲ ਡੈਮ , ਰੂਪਨਗਰ

ਜ਼ਰੂਰਤਮੰਦਾਂ ਦੀ ਮਦਦ ਕਰੋ


ਅੱਜ ਇਨਸਾਨ ਚੰਦ ਤੱਕ ਪਹੁੰਚ ਗਿਆ ਹੈ, ਤਕਨਾਲੋਜੀ ਨੇ ਦੁਨੀਆਂ ਨੂੰ  ਮੁੱਠੀ ਵਿਚ ਕਰ ਲਿਆ ਹੈ, ਪਰ ਇਕ ਸਵਾਲ ਅੱਜ ਵੀ ਉਸੇ ਤਰ੍ਹਾਂ ਖੜ੍ਹਾ ਹੈ ਕਿ ਕੀ ਅਸੀਂ ਅੰਦਰੋਂ ਇਨਸਾਨ ਹਾਂ? ਚਾਰੇ ਪਾਸੇ ਸਹੂਲਤਾਂ ਦੇ ਢੇਰ ਹਨ, ਪਰ ਦਿਲਾਂ ਵਿਚ ਦੂਰੀਆਂ ਵਧ ਗਈਆਂ ਹਨ | ਇਸ ਦੌਰ ਵਿਚ ਜੇਕਰ ਕੋਈ ਚੀਜ਼ ਸਾਨੂੰ ਇਨਸਾਨ ਬਣਾਈ ਰੱਖ ਸਕਦੀ ਹੈ, ਤਾਂ ਉਹ ਹੈ ਜ਼ਰੂਰਤਮੰਦ ਦੀ ਨਿਰਸਵਾਰਥ ਮਦਦ | ਇਕ ਭੁੱਖੇ ਵਿਅਕਤੀ ਲਈ ਇਕ ਰੋਟੀ ਦੀ ਕੀਮਤ ਉਹੀ ਜਾਣ ਸਕਦਾ ਹੈ ਜਿਸਨੇ ਭੁੱਖ ਕੱਟੀ ਹੋਵੇ | ਇਕ ਅਨਪੜ੍ਹ ਬੱਚੇ ਲਈ ਇਕ ਕਾਪੀ-ਕਿਤਾਬ ਉਸਦੇ ਭਵਿੱਖ ਦਾ ਦਰਵਾਜ਼ਾ ਖੋਲ੍ਹ ਸਕਦੀ ਹੈ | ਅਸੀਂ ਅਕਸਰ ਸੋਚਦੇ ਹਾਂ ਕਿ ਮਦਦ ਕਰਨ ਲਈ ਬਹੁਤ ਸਾਰਾ ਧਨ ਚਾਹੀਦਾ ਹੈ, ਪਰ ਸੱਚ ਇਹ ਹੈ ਕਿ ਮਦਦ ਲਈ ਧਨ ਨਹੀਂ, ਦਿਲ ਚਾਹੀਦਾ ਹੈ | ਤੁਹਾਡੀ ਜੇਬ ਵਿਚੋਂ ਨਿਕਲੇ ਦਸ ਰੁਪਏ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਨ, ਤੁਹਾਡਾ ਇਕ ਖੂਨਦਾਨ ਤਿੰਨ ਜ਼ਿੰਦਗੀਆਂ ਨੂੰ  ਨਵਾਂ ਜੀਵਨ ਦੇ ਸਕਦਾ ਹੈ | ਯਾਦ ਰੱਖੋ, ਪੈਸਾ, ਸ਼ੋਹਰਤ, ਮਕਾਨ ਸਭ ਇੱਥੇ ਹੀ ਰਹਿ ਜਾਣਾ ਹੈ | ਜੇਕਰ ਕੁਝ ਤੁਹਾਡੇ ਨਾਲ ਜਾਵੇਗਾ ਤਾਂ ਉਹ ਹੈ ਤੁਹਾਡੇ ਦੁਆਰਾ ਕੀਤੀ ਨੇਕੀ | ਜ਼ਰੂਰਤਮੰਦ ਦੇ ਦਿਲ 'ਚੋਂ ਨਿਕਲੀ ਦੁਆ ਸਿੱਧੀ ਰੱਬ ਤੱਕ ਜਾਂਦੀ ਹੈ | ਉਹ ਦੁਆ ਤੁਹਾਨੂੰ ਉਹ ਖੁਸ਼ੀ ਦਿੰਦੀ ਹੈ ਜੋ ਵੱਡੇ-ਵੱਡੇ ਮਹਿਲਾਂ ਵਿਚ ਵੀ ਨਹੀਂ ਮਿਲਦੀ |

-ਗੌਰਵ ਮੁੰਜਾਲ
ਪੀ.ਸੀ.ਐਸ 

Ad Position 22
No active advertisement
ਪਿਛਲੀ ਖ਼ਬਰ ਸਿਟੀ ਹਾਰਟ ਸਕੂਲ ਮਮਦੋਟ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਦਾ ਆਯੋਜਨ ਨੌਜਵਾਨਾਂ ਨੂੰ ਨਸ਼ਿਆਂ ਨਾਲ ਹੋਣ ਵਾਲੇ ਨਿੱਜੀ... ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24