ਕਿਸਾਨਾਂ ਦੀ ਸਾਰ ਲਵੋ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਭਾਰਤ ਸਰਕਾਰ ਦੀ ਇਕ ਅਹਿਮ ਸਕੀਮ ਹੈ, ਜਿਸ ਤਹਿਤ ਦੇਸ਼ ਦੇ ਯੋਗ ਕਿਸਾਨ ਪਰਿਵਾਰਾਂ ਨੂੰ ਹਰ ਸਾਲ 6,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਇਹ ਰਕਮ 2,000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ (ਹਰ 4 ਮਹੀਨਿਆਂ ਬਾਅਦ) ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਟਰਾਂਸਫਰ ਕੀਤੀ ਜਾਂਦੀ ਹੈ | ਕਿਸਾਨ ਸਨਮਾਨ ਨਿਧੀ ਸਕੀਮ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਵਿਚ ਸਮੇਂ ਨਾਲ ਬਦਲਾਅ ਜ਼ਰੂਰੀ ਹੈ ਕਿਉਂਕਿ ਇਸ ਵਿਚ ਕਈ ਤਰੁੱਟੀਆਂ ਹਨ ਜਿਨ੍ਹਾਂ ਨੂੰ ਤੁਰੰਤ ਠੀਕ ਕਰਨ ਦੀ ਲੋੜ ਹੈ ਇਸ ਸਕੀਮ ਦੇ ਤਹਿਤ ਜੋਂ ਚਾਰ ਮਹੀਨੇ ਬਾਅਦ ਦੋ ਹਜ਼ਾਰ ਰੁਪਏ ਕਿਸਾਨ ਦੇ ਪਰਿਵਾਰ ਨੂੰ ਦਿੱਤੇ ਜਾਂਦੇ ਨੇ ਉਹ ਬਹੁਤ ਘੱਟ ਹਨ ਜਦੋਂ ਤੋਂ ਇਹ ਸਕੀਮ ਸ਼ੁਰੂ ਕੀਤੀ ਗਈ ਹੈ ਉਦੋਂ ਤੋਂ ਹੀ ਇਸ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੋਰ ਸਭ ਲਈ ਮਹਿੰਗਾਈ ਭੱਤਾ ਵਾਧਾ ਦਿੱਤਾ ਜਾਂਦਾ ਹੈ ਕਾਰਪੋਰੇਟ ਦੇ ਹਜ਼ਾਰਾਂ ਕਰੋੜ ਮਾਫ਼ ਕਰ ਦਿੱਤੇ ਜਾਂਦੇ ਹਨ ਕਿਸਾਨ ਲਈ ਕੋਈ ਵਾਧਾ ਨਹੀਂ ਇਹ ਸਕੀਮ ਦੇ ਪੈਸੇ ਚਾਰ ਮਹੀਨੇ ਮਗਰੋਂ ਨਹੀਂ ਸਗੋਂ ਹਰੇਕ ਮਹੀਨੇ ਆਉਣੇ ਚਾਹੀਦੇ ਹਨ ਜਿਹੜਾ ਵੀ ਕਿਸਾਨ ਅਠਵੰਜਾ ਸਾਲ ਤੋਂ ਵਧੇਰੇ ਉਮਰ ਵਾਲਾ ਹੈ ਉਸ ਨੂੰ ਹਰੇਕ ਮਹੀਨੇ ਪੈਨਸ਼ਨ ਮਿਲਣੀ ਚਾਹੀਦੀ ਹੈ ਕਿਉਕਿ ਕਈ ਬਜ਼ੁਰਗ ਕਿਸਾਨ ਬੁਢੇਪੇ ਵਿਚ ਦਵਾਈ ਲੈਣ ਲਈ ਵੀ ਮੁਥਾਜ ਹੁੰਦੇ ਦੇਖੇ ਜਾਂਦੇ ਹਨ ਦੇਸ ਦੇ ਕਿਸਾਨ ਨੇ ਭੋਜਨ ਪੈਦਾ ਕਰਕੇ ਆਪਣਾ ਫ਼ਰਜ਼ ਅਦਾ ਕੀਤਾ ਹੈ ਸਾਨੂੰ ਆਪਣਾ ਫ਼ਰਜ਼ ਨਿਭਾਉਣ ਦੀ ਲੋੜ ਹੈ ਜੈ ਜਵਾਨ ਜੈ ਕਿਸਾਨ ਨਾਹਰੇ ਲਾਉਣ ਨਾਲ ਗੱਲ ਨਹੀਂ ਬਣੇਗੀ |
-ਸਰਬਜੀਤ ਸਿੰਘ ਜੱਸੜ
ਵਿਕਾਸ ਨਗਰ, ਮੰਡੀ ਗੋਬਿੰਦਗੜ੍ਹ |
ਡਿਜੀਟਲ ਪੇਮੈਂਟ ਨੂੰ ਚੁਣੌਤੀਆਂ
ਅਜੋਕਾ ਸਮਾਂ ਤਕਨੀਕ ਦਾ ਸਮਾਂ ਹੈ, ਹਰ ਰੋਜ਼ ਨਵੀਂ ਤਕਨੀਕ ਵਿਕਸਿਤ ਹੋ ਰਹੀ ਹੈ | ਰਾਤ ਨੂੰ ਰੋਟੀ ਖਾ ਕੇ ਸੌਂਦੇ ਹਾਂ, ਸਵੇਰੇ ਕਿਸੇ ਨਵੀਂ ਤਕਨੀਕ ਦੇ ਵਿਕਸਿਤ ਹੋਣ ਦੀ ਖ਼ਬਰ ਸੁਣਾਈ ਦਿੰਦੀ ਹੈ | ਭਾਰਤੀ ਰੁਪਏ ਨੇ ਇਤਿਹਾਸ ਤੋਂ ਲੈ ਕੇ ਹੁਣ ਤੱਕ ਅਥਾਹ ਤਰੱਕੀ ਕੀਤੀ ਹੈ | ਇਸਦੇ ਰੂਪ ਬਦਲੇ | ਨੋਟ ਵੀ ਆਏ, ਢਾਲੇ ਵੀ ਆਏ ਅਤੇ ਹੁਣ ਡਿਜੀਟਲ ਪੇਮੈਂਟ ਅਜਿਹਾ ਰੂਪ ਹੈ ਜੋ ਬਿਨਾਂ ਸਪਰਸ਼ ਦੇ ਪੈਸਿਆਂ ਦੀ ਕਥਾ ਨੂੰ ਬਿਆਨ ਕਰਦਾ ਹੈ | ਨੋਟਬੰਦੀ ਤੋਂ ਬਾਅਦ ਭਾਰਤੀ ਅਰਥਚਾਰੇ ਵਿਚ ਬਹੁਤ ਬਦਲਾਅ ਆਇਆ | ਸਰਕਾਰ ਅਤੇ ਬੈਂਕਾਂ ਨੇ ਲੋਕਾਂ ਨੂੰ ਡਿਜੀਟਲ ਤਰੀਕੇ ਰਾਹੀਂ ਲੈਣ ਦੇਣ ਕਰਨ ਦਾ ਸੁਝਾਅ ਦਿੱਤਾ | ਪਿਛਲੇ ਕੁਝ ਸਾਲਾਂ ਤੋਂ ਇਸੇ ਤਰ੍ਹਾਂ ਚੱਲ ਰਿਹਾ ਸੀ | ਜੇਕਰ ਕੋਈ ਨਕਦ ਲੈਣਾ ਚਾਹੇ ਤਾਂ ਉਹ ਨਕਦ ਭੁਗਤਾਨ ਕਰ ਦਿੰਦਾ ਨਹੀਂ ਤਾਂ ਇਕ ਕਲਿੱਕ ਨਾਲ ਪੈਸੇ ਟਰਾਂਸਫਰ ਹੋ ਜਾਂਦੇ | ਲੋਕਾਂ ਨੇ ਬੈਂਕਾਂ ਵਿਚ ਜਾਣਾ ਛੱਡ ਦਿੱਤਾ | ਖਾਤੇ ਵਿਚ ਤਨਖਾਹ ਆ ਜਾਂਦੀ ਅਤੇ ਕਰਮਚਾਰੀ ਕਿਤੇ ਵੀ ਡਿਜੀਟਲ ਤਰੀਕੇ ਨਾਲ ਪੇਮੈਂਟ ਕਰ ਦਿੰਦੇ | ਸਰਕਾਰੀ ਮੁਲਾਜ਼ਮ ਤੋਂ ਲੈ ਕੇ ਦਿਹਾੜੀਦਾਰ ਅਤੇ ਭੱਠਾ ਮਜ਼ਦੂਰ ਵੀ ਆਨਲਾਈਨ ਪੇਮੈਂਟ ਕਰਨ ਲੱਗੇ | ਆਮ ਲੋਕਾਂ ਨੂੰ ਇਹ ਸਭ ਸੌਖਾ ਹੋਣ ਕਰਕੇ ਆਰਾਮ ਮਹਿਸੂਸ ਹੋ ਰਿਹਾ ਸੀ | ਗੂਗਲ ਪੇਅ ਅਤੇ ਸਕੈਨਰ ਕਰਿਆਨੇ ਦੀਆਂ ਦੁਕਾਨਾਂ ਅਤੇ ਚਾਹ ਦਿਆਂ ਖੋਖਿਆਂ 'ਤੇ ਪਏ ਆਮ ਦੇਖੇ ਜਾ ਸਕਦੇ ਹਨ, ਪ੍ਰੰਤੂ ਸਰਕਾਰ ਦੀਆਂ ਨਵੀਆਂ ਹਦਾਇਤਾਂ ਕਿ ਆਨਲਾਈਨ ਭੁਗਤਾਨ 'ਤੇ ਹੁਣ ਇਕ ਸੀਮਾ ਤੋਂ ਬਾਅਦ ਚਾਰਜ ਵਸੂਲੇ ਜਾਣਗੇ, ਇਸ ਖ਼ਬਰ ਨੇ ਇਕ ਵਾਰ ਫਿਰ ਆਮ ਆਦਮੀ ਨੂੰ ਸ਼ਸ਼ੋਪੰਜ ਵਿਚ ਪਾ ਦਿੱਤਾ ਹੈ | ਖ਼ਬਰਾਂ ਸੁਣਨ ਵਿਚ ਆ ਰਹੀਆਂ ਹਨ ਕਿ ਪੈਟਰੋਲ ਪੰਪ ਮਾਲਕਾਂ ਅਤੇ ਵਪਾਰੀਆਂ ਵਲੋਂ ਤਾਂ ਡਿਜੀਟਲ ਪੇਮੈਂਟ ਤੋਂ ਕਿਨਾਰਾ ਕਰਕੇ ਨਕਦੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ | ਜੇਕਰ ਸਰਕਾਰ ਸੱਚਮੁੱਚ ਹੀ ਡਿਜੀਟਲ ਪੇਮੈਂਟ ਨੂੰ ਹੁਲਾਰਾ ਦੇਣਾ ਚਾਹੁੰਦੀ ਹੈ ਤਾਂ ਇਸ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਵੀ ਸਮੇਂ ਸਿਰ ਹੱਲ ਕਰਨਾ ਹੋਵੇਗਾ ਤਾਂ ਜੋ ਆਮ ਆਦਮੀ ਦਾ ਦੇਸ਼ ਦੀ ਅਰਥਵਿਵਸਥਾ ਅਤੇ ਬੈਂਕਾਂ 'ਤੇ ਵਿਸ਼ਵਾਸ ਬਣਿਆ ਰਹੇ |
-ਰਜਵਿੰਦਰ ਪਾਲ ਸ਼ਰਮਾ
ਨਸ਼ਿਆਂ 'ਤੇ ਕਾਬੂ ਪਾਉਣਾ ਜ਼ਰੂਰੀ
ਨਸ਼ਿਆਂ ਨੇ ਪੰਜਾਬ ਦਾ ਬਹੁਤ ਬੁਰਾ ਹਾਲ ਕਰ ਦਿੱਤਾ ਹੈ | ਨੌਜਵਾਨ ਪੀੜ੍ਹੀ, ਇਸ ਦਲਦਲ ਵਿਚ ਬੁਰੀ ਤਰ੍ਹਾਂ ਫਸੀ ਹੋਈ ਹੈ | ਅਸਲ ਵਿਚ ਕੰਡੇ ਕਿਸੇ ਹੋਰ ਦੇ ਖਿਲਾਰੇ ਹੋਏ ਹਨ,ਚੁੱਭ ਕਿਸੇ ਹੋਰ ਨੂੰ ਰਹੇ ਹਨ ਅਤੇ ਚੁੱਗ ਕੋਈ ਹੋਰ ਰਿਹਾ ਹੈ | ਸਰਕਾਰ ਅਤੇ ਉਸਦੇ ਵੱਖ-ਵੱਖ ਵਿਭਾਗਾਂ ਦੀ ਨਸ਼ਿਆ 'ਤੇ ਕਾਬੂ ਪਾਉਣ ਦੀ ਜ਼ਿੰਮੇਵਾਰੀ ਹੈ | ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਰਿਹਾ |ਜੇਕਰ ਲੋਕ ਆਪਣੇ ਤੌਰ ਕੰਮ ਕਰਦੇ ਹਨ ਤਾਂ ਉਨ੍ਹਾਂ ਦੀ ਜਾਨ ਨੂੰ ਹਰ ਵੇਲੇ ਖਤਰਾ ਬਣਿਆ ਰਹਿੰਦਾ ਹੈ |ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਖੇਤ ਦਾ ਬਚਣਾ ਬਹੁਤ ਮੁਸ਼ਕਿਲ ਹੈ | ਕੁਝ ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ | ਕੁਝ ਨੂੰ ਇਸ ਲਈ ਮਾਰਿਆ ਜਾ ਰਿਹਾ ਹੈ ਕਿ ਉਹ ਨਸ਼ੇ ਬੰਦ ਕਰਵਾਉਣ ਲਈ ਆਵਾਜ਼ ਚੁੱਕ ਰਹੇ ਹਨ | ਸਮਾਜ ਦਾ ਬੁਰਾ ਹਾਲ ਹੋ ਗਿਆ ਹੈ | ਕੁੜੀਆਂ ਵੀ ਨਸ਼ੇ ਲੈ ਰਹੀਆਂ ਹਨ | ਜਦੋਂ ਨਸ਼ਾ ਪੂਰਾ ਕਰਨ ਲਈ ਪੈਸੇ ਨਹੀਂ ਹੁੰਦੇ ਤਾਂ ਗਲਤ ਰਸਤੇ ਪੈ ਰਹੀਆਂ ਹਨ | ਅਸਲ ਵਿਚ ਹਰ ਕੋਈ ਜਲਦੀ ਵਧੇਰੇ ਪੈਸੇ ਵਾਲਾ ਬਣਨਾ ਚਾਹੁੰਦਾ ਹੈ |ਕੁੱਝ ਸਮੇਂ ਲਈ ਤਾਂ ਸਾਰਾ ਕੁਝ ਵਧੀਆ ਚਲਦਾ ਹੈ | ਪਰ ਇਹ ਪੈਸਾ ਬਹੁਤ ਸਾਰੀਆਂ ਬਦਦੁਆਵਾਂ ਨਾਲ ਲੈ ਕੇ ਆਉਂਦਾ ਹੈ | ਕੁਦਰਤ ਅਜਿਹਾ ਫੈਸਲਾ ਕਰਦੀ ਹੈ ਕਿ ਜਿਵੇਂ ਪੈਸਾ ਆਇਆ ਹੁੰਦਾ ਹੈ ਉਵੇਂ ਹੀ ਚਲਿਆ ਜਾਂਦਾ ਹੈ | ਨਸ਼ਿਆਂ ਨਾਲ ਜਿੰਨੀ ਤਬਾਹੀ ਤੇ ਬਰਬਾਦੀ ਹੁੰਦੀ ਹੈ, ਓਨੀ ਹੋਰ ਕਿਸੇ ਤਰੀਕੇ ਨਾਲ ਨਹੀਂ ਹੁੰਦੀ | ਲੋਕ ਆਪਣੇ ਤੌਰ 'ਤੇ ਵੀ ਇਸ ਲਈ ਕੋਸ਼ਿਸ਼ ਕਰਦੇ ਹਨ | ਪਰ ਜਿੰਨੀ ਦੇਰ ਸਰਕਾਰੀ ਤੰਤਰ ਨਾਲ ਨਹੀਂ ਤੁਰਦਾ, ਨਤੀਜੇ ਬਹੁਤੇ ਚੰਗੇ ਨਹੀਂ ਨਿਕਲਦੇ | ਪੰਜਾਬ ਹੈ ਤਾਂ ਸਾਡੀ ਹੋਂਦ ਹੈ |ਤੰਦਰੁਸਤ ਨੌਜਵਾਨ ਹਨ ਤਾਂ ਪੰਜਾਬ ਹਸਦਾ-ਵਸਦਾ ਰਹੇਗਾ |
-ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ |
ਮਿਲਾਵਟ ਦੀ ਸਮੱਸਿਆ
ਤੁਹਾਡੇ ਅਖ਼ਬਾਰ ਰਾਹੀਂ ਮੈਂ ਲੋਕਾਂ ਦਾ ਧਿਆਨ ਮਿਲਾਵਟੀ ਖਾਣ-ਪੀਣ ਦੀਆਂ ਵਸਤਾਂ ਦੀ ਗੰਭੀਰ ਸਮੱਸਿਆ ਵਲ ਦਿਵਾਉਣਾ ਚਾਹੁੰਦੀ ਹਾਂ | ਅੱਜਕੱਲ੍ਹ ਦੁੱਧ, ਘਿਓ, ਮਸਾਲਿਆਂ, ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਕੀਤੀ ਜਾ ਰਹੀ ਹੈ | ਕੁਝ ਦੁਕਾਨਦਾਰ ਵੱਧ ਮੁਨਾਫ਼ਾ ਕਮਾਉਣ ਦੇ ਲਾਲਚ ਵਿਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ | ਇਸ ਕਾਰਨ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਉੱਤੇ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ | ਸਰਕਾਰ ਅਤੇ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਖਾਣ-ਪੀਣ ਦੀਆਂ ਵਸਤਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ ਅਤੇ ਮਿਲਾਵਟ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ | ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਭਰੋਸੇਯੋਗ ਦੁਕਾਨਾਂ ਤੋਂ ਹੀ ਸਾਮਾਨ ਖ਼ਰੀਦਣ ਅਤੇ ਸ਼ੱਕੀ ਵਸਤਾਂ ਦੀ ਸੂਚਨਾ ਸੰਬੰਧਿਤ ਵਿਭਾਗ ਨੂੰ ਦੇਣ | ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ |
-ਪਲਕਪ੍ਰੀਤ ਕੌਰ ਬੇਦੀ, ਜਲੰਧਰ |