06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬਹੁਮੰਜ਼ਿਲਾ ਇਮਾਰਤਾਂ ਦੀਆਂ ਸਮੱਸਿਆਵਾਂ

ਬਹੁਮੰਜ਼ਿਲਾ ਇਮਾਰਤਾਂ ਦੀਆਂ ਸਮੱਸਿਆਵਾਂ

Ad Position 21
No active advertisement
ਅਜੀਤ ਡੈਸਕ 07-08-2026

ਬਹੁਮੰਜ਼ਿਲਾ ਇਮਾਰਤਾਂ ਦੀਆਂ ਸਮੱਸਿਆਵਾਂ

ਸ਼ਹਿਰੀਕਰਨ ਹੋਣ ਨਾਲ ਲੋਕਾਂ ਲਈ ਮੁਸੀਬਤਾਂ ਦਾ ਹੜ੍ਹ ਹੀ ਆ ਗਿਆ | ਪ੍ਰਾਈਵੇਟ ਬਿਲਡਰਾਂ ਨੇ ਕਾਲੋਨੀਆਂ ਅਤੇ ਸੈਕਟਰ ਡਿਵੈਲਪ ਕਰਨ ਦਾ ਰਸਤਾ ਲੱਭ ਲਿਆ | ਵਿਭਾਗਾਂ ਦਾ ਹਾਲ ਤਾਂ ਏਹ ਹੈ, 'ਨਾਲੇ ਚੋਪੜੀਆਂ ਅਤੇ ਨਾਲੇ ਦੋ ਦੋ |' ਬਹੁਮੰਜ਼ਿਲ ਇਮਾਰਤਾਂ ਦਾ ਰੁਝਾਨ ਸ਼ੁਰੂ ਹੋ ਗਿਆ | ਵਿਭਾਗ ਨਕਸ਼ੇ ਪਾਸ ਕਰਦੇ ਹਨ, ਉਸ ਵਿਚ ਬਹੁਤ ਸਾਰੀਆਂ ਸ਼ਰਤਾਂ ਹੁੰਦੀਆਂ ਹਨ | ਪਰ ਬਹੁਤ ਘੱਟ ਬਿਲਡਰਾਂ ਸ਼ਰਤਾਂ ਵੱਲ ਧਿਆਨ ਦਿੰਦੇ ਹਨ | ਪ੍ਰੋਜੈਕਟ 10-15 ਸਾਲ ਤੱਕ ਪੂਰੇ ਹੀ ਨਹੀਂ ਹੁੰਦੇ | ਵਿਭਾਗਾਂ ਦਾ ਕੰਮ ਹੈ ਉਸਨੂੰ ਵੇਖਣ ਕਿ ਇਹ ਪੂਰਾ ਕਿਉਂ ਨਹੀਂ ਕੀਤਾ ਜਾ ਰਿਹਾ | ਇਸ ਵਿਚ ਕਮੀਆਂ ਕੀ ਕੀ ਹਨ | ਪਰ ਲੋਕਾਂ ਦੀ ਬਦਕਿਸਮਤੀ ਇਸਤੋਂ ਵੀ ਅੱਗੇ ਹੈ | ਬੈਂਕ ਦੇ ਕਰਜ਼ੇ ਦੀ ਕਿਸ਼ਤ,ਕਿਰਾਇਆ ਅਤੇ ਪ੍ਰੋਜੈਕਟ ਦਾ ਕੋਈ ਸਿਰ ਮੂੰਹ ਨਹੀਂ ਵਿਖਾਈ ਦਿੰਦਾ | ਲੋਕ ਮਜ਼ਬੂਰੀ ਵਿਚ ਅੱਧ ਅਧੂਰੇ ਪ੍ਰੋਜੈਕਟ ਵਿਚ ਰਹਿਣ ਲਈ ਮਜਬੂਰ ਹਨ | ਦੁੱਖ ਦੀ ਗੱਲ ਤਾਂ ਇਹ ਹੈ ਕਿ ਨਾ ਬਿਲਡਰ ਸੁਣਦੇ ਹਨ ਅਤੇ ਨਾ ਵਿਭਾਗ | ਬਹੁਮੰਜ਼ਿਲ ਇਮਾਰਤਾਂ ਵਿਚ ਲਿਫਟਾਂ ਲੰਙੇ ਡੰਗ ਚੱਲਦੀਆਂ ਹਨ | ਫਾਇਰ ਫਾਈਟਿੰਗ ਸਿਸਟਮ ਦੀ ਕੋਈ ਫਿਟਿੰਗ ਨਹੀਂ ਹੋਈ | ਬਿਜਲੀ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ, ਪਰ ਲਿਫਟਾਂ ਲਈ ਬੈਕਅਪ ਹੀ ਨਹੀਂ ਹੈ | ਬੱਚੇ, ਬਜ਼ੁਰਗ ਅਤੇ ਬਿਮਾਰ ਲੋਕਾਂ ਨੂੰ  ਛੇਵੀਂ ਸੱਤਵੀਂ ਮੰਜ਼ਿਲ ਤੱਕ ਪੌੜੀਆਂ ਰਾਹੀਂ ਚੜ੍ਹਨਾ ਪੈਂਦਾ ਹੈ | ਅਫ਼ਸੋਸ ਇਸ ਗੱਲ ਦਾ ਹੈ ਕਿ ਸ਼ਿਕਾਇਤ ਕਰਨ 'ਤੇ ਵੀ ਕੋਈ ਮਸਲਾ ਹੱਲ ਨਹੀਂ ਹੁੰਦਾ |

-ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ |

ਬੁੱਧੀ ਅਤੇ ਸੱਭਿਆਚਾਰ

ਹਰੇਕ ਵਿਅਕਤੀ ਦੀ ਇਕ ਜੀਵਨਸ਼ੈਲੀ ਹੁੰਦੀ ਹੈ | ਵਿਅਕਤੀ ਦੀ ਜੀਵਨਸ਼ੈਲੀ ਦੀ ਤਰ੍ਹਾਂ ਹਰੇਕ ਸੱਭਿਆਚਾਰ ਦੀ ਵੀ ਆਪਣੀ ਜੀਵਨ ਸ਼ੈਲੀ ਹੁੰਦੀ ਹੈ | ਜੀਵਨਸ਼ੈਲੀ ਦੇ ਕੁਦਰਤੀ ਨਿਯਮਾਂ ਅਨੁਸਾਰ ਸੱਭਿਆਚਾਰ ਵਿਚ ਵਿਕਾਸ ਦੇ ਨਾਲ-ਨਾਲ ਉਸ ਵਿਚ ਪਰਿਵਰਤਨ ਵੀ ਹੁੰਦਾ ਜਾਂਦਾ ਹੈ | ਸੱਭਿਆਚਾਰਕ ਵਿਕਾਸ ਅਤੇ ਪਰਿਵਰਤਨ ਦੇ ਅਨੁਸਾਰ ਹੀ ਮਨੁੱਖੀ ਬੁੱਧੀ ਵਿਚ ਵਿਕਾਸ ਅਤੇ ਪਰਿਵਰਤਨ ਹੁੰਦਾ ਹੈ | ਇਸ ਤਰ੍ਹਾਂ ਬੁੱਧੀ ਅਤੇ ਸੱਭਿਆਚਾਰ ਵਿਚ ਆਪਸੀ ਗੂੜ੍ਹਾ ਸੰਬੰਧ ਹੁੰਦਾ ਹੈ ਅਤੇ ਦੋਨੋਂ ਹੀ ਇਕ ਦੂਜੇ 'ਤੇ ਨਿਰਭਰ ਹੁੰਦੇ ਹਨ | ਮਨੋਵਿਗਿਆਨਕ ਦਿ੍ਸ਼ਟੀਕੋਣ ਦੇ ਅਨੁਸਾਰ ਜੀਵਨ ਦੀਆਂ ਆਰੰਭਿਕ ਅਵਸਥਾ ਦੌਰਾਨ ਦੀਆਂ ਮਾਨਸਿਕ ਕਿਰਿਆਵਾਂ ਜਿਵੇਂ ਕਿ ਰੋਣਾ, ਚੱਲਣਾ, ਦੌੜਨਾ, ਸੁੰਘਣਾ ਜਾਂ ਕਿਸੇ ਦੀ ਆਵਾਜ਼ ਵੱਲ ਆਪਣੇ ਆਪ ਧਿਆਨ ਜਾਣਾ ਆਦਿ ਸਭ ਸੱਭਿਆਚਾਰਾਂ ਵਿਚ ਇਕ ਸਮਾਨ ਹੁੰਦੀਆਂ ਹਨ ਪਰੰਤੂ ਉਚੇਰੀਆਂ ਮਾਨਸਿਕ ਕਿਰਿਆਵਾਂ ਜਿਵੇਂ ਕਿ ਸਮੱਸਿਆ ਦਾ ਹੱਲ ਲੱਭਣਾ ਅਤੇ ਚਿੰਤਨ ਕਰਨ ਦੀਆਂ ਸ਼ੈਲੀਆਂ ਦੇ ਢੰਗ ਵੱਖਰੇ-ਵੱਖਰੇ ਹੁੰਦੇ ਹਨ | ਇਸ ਤਰ੍ਹਾਂ ਵਿਹਾਰਕ ਜਾਂ ਅਸਲੀ ਬੁੱਧੀ ਸੱਭਿਆਚਾਰ ਦਾ ਉਤਪਾਦਨ ਹੁੰਦੀ ਹੈ | ਸੱਭਿਆਚਾਰ ਵਿਚ ਸਮਾਜ ਦੇ ਰੀਤੀ-ਰਿਵਾਜ, ਵਿਸ਼ਵਾਸ ਤੇ ਮੁੱਲ, ਕਲਾਵਾਂ, ਸਾਹਿਤ ਅਤੇ ਭਾਵਨਾਵਾਂ ਸ਼ਾਮਿਲ ਹੁੰਦੇ ਹਨ | ਬੁੱਧੀ ਦੀ ਪ੍ਰਮੁਖ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਉਹ ਸੱਭਿਆਚਾਰ ਤੇ ਵਾਤਾਵਰਨ ਦੇ ਆਪਣੇ-ਆਪ ਨੂੰ  ਅਨੁਕੂਲ ਬਣਾਉਂਦੀ ਹੈ | ਕੁਝ ਸਮਾਜ ਅਜਿਹੇ ਹਨ ਜਿਥੇ ਤਕਨੀਕੀ ਵਿਕਾਸ ਨੂੰ  ਵਧੇਰੇ ਮਹੱਤਵ ਦਿੱਤਾ ਜਾਂਦਾ ਹੈ, ਉਥੇ ਤਰਕ ਅਤੇ ਫ਼ੈਸਲਿਆਂ ਦੇ ਅਨੁਸਾਰ ਨਿੱਜੀ ਪ੍ਰਾਪਤੀਆਂ ਨੂੰ  ਮਹੱਤਵਪੂਰਨ ਮੰਨਿਆ ਜਾਂਦਾ ਹੈ | ਕੁਝ ਸਮਾਜਾਂ ਵਿਚ ਆਪਸੀ ਚੰਗੇ ਸੰਬੰਧਾਂ ਅਤੇ ਭਾਵਨਾਵਾਂ ਨੂੰ  ਵਧੇਰੇ ਮਹੱਤਵਪੂਰਨ ਮੰਨਿਆ ਜਾਂਦਾ ਹੈ | ਬੁੱਧੀ ਆਪਣੇ-ਆਪ ਨੂੰ  ਦੋਵਾਂ ਕਿਸਮਾਂ ਦੇ ਸੱਭਿਆਚਾਰਾਂ ਦੇ ਅਨੁਕੂਲ ਬਣਾ ਲੈਂਦੀ ਹੈ |

-ਕੁਲਵਿੰਦਰ ਸਿੰਘ
ਪਿੰਡ ਬਿਹਾਲਾ, ਜ਼ਿਲਾ ਹੁਸ਼ਿਆਰਪੁਰ |

ਸਾਥ ਦਿਓ, ਰੁਕਾਵਟ ਨਹੀਂ

ਜ਼ਿੰਦਗੀ ਵਿਚ ਹਰ ਇਨਸਾਨ ਕਿਸੇ ਨਾ ਕਿਸੇ ਮੁਕਾਮ 'ਤੇ ਪਹੁੰਚਣ ਲਈ ਮਿਹਨਤ ਕਰਦਾ ਹੈ | ਕੋਈ ਪੜ੍ਹਾਈ ਵਿਚ, ਕੋਈ ਖੇਡ ਵਿਚ ਤੇ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਨ ਵਿਚ ਲੱਗਾ ਹੁੰਦਾ ਹੈ | ਪਰ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਜਦੋਂ ਕੋਈ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ ਤਾਂ ਲੋਕ ਉਸ ਦੀ ਮਦਦ ਕਰਨ ਦੀ ਬਜਾਏ ਰੁਕਾਵਟਾਂ ਖੜ੍ਹੀਆਂ ਕਰ ਦਿੰਦੇ ਹਨ | ਸਾਥ ਦੇਣ ਦਾ ਮਤਲਬ ਪੈਸਾ ਦੇਣਾ ਨਹੀਂ ਹੁੰਦਾ | ਕਈ ਵਾਰ ਇਕ ਸ਼ਾਬਾਸ਼, ਇਕ ਸਲਾਹ ਜਾਂ ਇਕ ਛੋਟਾ ਜਿਹਾ ਹੌਸਲਾ ਵੀ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ | ਜਦੋਂ ਅਸੀਂ ਕਿਸੇ ਨੂੰ  ਅੱਗੇ ਵਧਦੇ ਦੇਖਦੇ ਹਾਂ ਤਾਂ ਸਾਨੂੰ ਖੁਸ਼ ਹੋਣਾ ਚਾਹੀਦਾ ਹੈ, ਉਸ ਦੀ ਲੱਤ ਨਹੀਂ ਖਿੱਚਣੀ ਚਾਹੀਦੀ | ਘਰ ਵਿਚ, ਸਕੂਲ ਵਿਚ, ਪਿੰਡ ਵਿਚ ਅਤੇ ਦਫ਼ਤਰ ਵਿਚ ਜੇ ਅਸੀਂ ਇਕ-ਦੂਜੇ ਦਾ ਸਾਥ ਦੇਵਾਂਗੇ ਤਾਂ ਹੀ ਸਮਾਜ ਤਰੱਕੀ ਕਰੇਗਾ | ਰੁਕਾਵਟਾਂ ਪਾਉਣ ਨਾਲ ਨਾ ਅੱਗੇ ਵਧਣ ਵਾਲੇ ਦਾ ਭਲਾ ਹੁੰਦਾ ਹੈ ਅਤੇ ਨਾ ਹੀ ਰੁਕਾਵਟ ਪਾਉਣ ਵਾਲੇ ਦਾ | ਇਸ ਦੇ ਉਲਟ ਨਫ਼ਰਤ ਅਤੇ ਈਰਖਾ ਦਾ ਮਾਹੌਲ ਬਣਦਾ ਹੈ | ਆਓ,  ਅਸੀਂ ਸੰਕਲਪ ਕਰੀਏ ਕਿ ਅਸੀਂ ਕਿਸੇ ਦੇ ਸੁਪਨਿਆਂ ਲਈ ਦੀਵਾਰ ਨਹੀਂ ਬਣਾਂਗੇ, ਸਗੋਂ ਪੌੜੀ ਬਣਾਂਗੇ | ਕਿਸੇ ਦੀ ਕਾਮਯਾਬੀ 'ਤੇ ਤਾੜੀਆਂ ਵਜਾਵਾਂਗੇ, ਤੰਜ਼ ਨਹੀਂ ਕੱਸਾਂਗੇ, ਕਿਉਂਕਿ ਜਿਸ ਦਿਨ ਅਸੀਂ ਇਕ- ਦੂਜੇ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ, ਉਸ ਦਿਨ ਸਾਡਾ ਪੰਜਾਬ ਅਤੇ ਸਾਡਾ ਦੇਸ਼ ਹੋਰ ਮਜ਼ਬੂਤ ਹੋ ਜਾਵੇਗਾ |  ਸਾਥ ਦਿਓ, ਰੁਕਾਵਟ ਨਹੀਂ, ਕਿਉਂਕਿ ਮਿਲ ਕੇ ਚੱਲਣ ਨਾਲ ਹੀ ਮੰਜ਼ਿਲ ਨੇੜੇ ਆਉਂਦੀ ਹੈ |

-ਗੌਰਵ ਮੁੰਜਾਲ, ਪੀ.ਸੀ.ਐਸ.

Ad Position 22
No active advertisement
ਪਿਛਲੀ ਖ਼ਬਰ ਧੀਆਂ ਬਣ ਰਹੀਆਂ ਕੁਦਰਤ ਰੱਖਿਅਕ , ਇਕ ਧੀ ਇਕ ਬੂਟਾ ਮੁਹਿੰਮ ਦੇ ਪਹਿਲੇ ਹਫ਼ਤੇ 150 ਬੂਟੇ ਲਗਾਏ ਪੁਲਿਸ ਡੀ.ਏ.ਵੀ. ਪਬਲਿਕ... ਅਗਲੀ ਖ਼ਬਰ ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ | ¸ਡਾ...
Ad Position 24
No active advertisement