02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

02-11-2026

02-11-2026

Ad Position 21
No active advertisement
ਅਜੀਤ ਡੈਸਕ 02-11-2026

ਦੀਵਾਲੀ ਤੇ ਹੋਰ ਤਿਉਹਾਰ

ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨਾਂ ਵਲੋਂ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ 'ਤੇ ਧਮਾਕੇਦਾਰ ਪਟਾਕੇ, ਭਾਰੀ ਆਤਿਸ਼ਬਾਜ਼ੀ ਚਲਾਉਣ ਸੰਬੰਧੀ ਸਮਾਂ-ਸੀਮਾ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕੇ ਚਲਾਉਣ ਤੋਂ ਗੁਰੇਜ ਕਰਨ ਅਤੇ ਸਿਰਫ਼ ਗਰੀਨ ਪਟਾਕੇ ਹੀ ਚਲਾਉਣ ਲਈ ਸਾਵਧਾਨ ਕੀਤਾ ਜਾਂਦਾ ਹੈ, ਪ੍ਰਤੂ ਬਹੁਤੇ ਲੋਕ ਇਨ੍ਹਾਂ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ | ਦੀਵਾਲੀ ਦੀ ਰਾਤ ਨੂੰ  ਦੇਰ-ਰਾਤ ਤੱਕ ਤੇ ਹੋਰ ਧਾਰਮਿਕ ਸਮਾਗਮਾਂ ਮੌਕੇ ਭਾਰੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ, ਜਿਸ ਨਾਲ ਆਕਾਸ਼ ਧੰੂਏਾ ਨਾਲ ਭਰ ਜਾਂਦਾ ਹੈ ਅਤੇ ਅਗਲੇ ਦਿਨ ਸੂਰਜ ਦੇਵਤੇ ਨੂੰ  ਵੀ ਆਪਣੇ ਦਰਸ਼ਨ ਦੇਣ ਵਿਚ ਮੁਸ਼ਕਿਲ ਹੁੰਦੀ ਹੈ ਅਤੇ ਪ੍ਰਦੂਸ਼ਣ ਕਾਰਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ, ਜਿਸ ਕਾਰਨ ਬਜ਼ੁਰਗ ਅਤੇ ਸਾਹ ਦੀ ਤਕਲੀਫ਼ ਵਾਲੇ ਮਰੀਜ਼ਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ |
ਪ੍ਰਸ਼ਾਸਨ ਨੂੰ  ਵੀ ਪਾਬੰਦੀਸ਼ੁਦਾ ਪਟਾਕਿਆਂ ਨੂੰ  ਤਿਆਰ ਕਰਨ, ਵਿਕਰੀ ਕਰਨ 'ਤੇ ਸਖ਼ਤ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਵੀ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਵਿਚ ਦੁਰਘਟਨਾਵਾਂ ਵਾਪਰੀਆਂ ਹਨ ਅਤੇ ਕਈ ਮਨੁੱਖੀ ਜਾਨਾਂ ਜਾ ਚੁੱਕੀਆਂ ਹਨ | ਆਓ, ਸਾਰੇ ਐਂਤਕੀਂ ਘਰਾਂ ਵਿਚ ਦੀਪਮਾਲਾ ਕਰਕੇ ਹਰੇ ਪਟਾਕੇ ਚਲਾ ਕੇ ਗ੍ਰੀਨ ਦੀਵਾਲੀ ਮਨਾਈਏ ਜਿਸ ਨਾਲ ਪ੍ਰਦੂਸ਼ਣ ਨਹੀਂ ਫੈਲੇਗਾ ਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਹੋ ਸਕੇਗੀ |

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਣੀਕ ਨਗਰ, ਮਿੱਠਾਪੁਰ ਰੋਡ, ਜਲੰਧਰ |

ਬਜ਼ੁਰਗਾਂ ਦੀ ਸਿੱਖਿਆ

ਮੈਂ ਅਖਬਾਰ ਰਾਹੀਂ ਸਮਾਜ ਅਤੇ ਸੰਬੰਧਿਤ ਅਧਿਕਾਰੀਆਂ ਦਾ ਧਿਆਨ ਇਕ ਅਜਿਹੇ ਮੁੱਦੇ ਵੱਲ ਦਿਵਾਉਣਾ ਚਾਹੁੰਦੀ ਹਾਂ ਕਿ ਬਜ਼ੁਰਗਾਂ ਕੋਲ ਜ਼ਿੰਦਗੀ ਦੇ ਲੰਮੇ ਤਜਰਬੇ, ਗਿਆਨ ਅਤੇ ਸੰਘਰਸ਼ ਦੀਆਂ ਬਹੁਤ ਜਾਣਕਾਰੀਆਂ ਹੁੰਦੀਆਂ ਹਨ, ਪਰ ਨਵੀਂ ਪੀੜ੍ਹੀ ਨਾਲ ਉਨ੍ਹਾਂ ਦਾ ਸੰਵਾਦ ਹੌਲੀ-ਹੌਲੀ ਘੱਟ ਹੁੰਦਾ ਜਾ ਰਿਹਾ ਹੈ |
ਇਕ ਬਾਪੂ ਨੇ ਆਪਣੀ ਪੂਰੀ ਜ਼ਿੰਦਗੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਬਿਤਾਈ ਹੁੰਦੀ ਹੈ | ਉਸ ਨੇ ਮੁਸ਼ਕਿਲ ਸਮੇਂ ਦੇਖੇ ਹੁੰਦੇ ਹਨ ਅਤੇ ਆਪਣੇ ਤਜਰਬੇ ਤੋਂ ਬਹੁਤ ਕੁਝ ਸਿੱਖਿਆ ਹੁੰਦਾ ਹੈ | ਦੂਜੇ ਪਾਸੇ, ਅੱਜ ਦੇ ਨੌਜਵਾਨ ਨਵੀਂ ਤਕਨਾਲੋਜੀ ਅਤੇ ਨਵੇਂ ਵਿਚਾਰਾਂ ਨਾਲ ਅੱਗੇ ਵਧ ਰਹੇ ਹਨ ਜੇ ਦੋਵੇਂ ਪੀੜ੍ਹੀਆਂ ਇਕ-ਦੂਜੇ ਨਾਲ ਆਪਣਾ ਗਿਆਨ ਸਾਂਝਾ ਕਰਨ, ਤਾਂ ਸਮਾਜ ਨੂੰ  ਬਹੁਤ ਲਾਭ ਹੋ ਸਕਦਾ ਹੈ |
ਪਿੰਡਾਂ ਅਤੇ ਸ਼ਹਿਰਾਂ ਵਿਚ ਅਜਿਹੇ ਪ੍ਰੋਗਰਾਮ ਕਰਵਾਏ ਜਾਣੇ ਚਾਹੀਦੇ ਹਨ, ਜਿੱਥੇ ਬਜ਼ੁਰਗ ਆਪਣੇ ਜੀਵਨ ਦੇ ਤਜਰਬੇ ਨੌਜਵਾਨਾਂ ਨਾਲ ਸਾਂਝੇ ਕਰਨ | ਸਕੂਲਾਂ ਅਤੇ ਕਾਲਜਾਂ ਵਿਚ 'ਬਜ਼ੁਰਗਾਂ ਤੋਂ ਸਿੱਖੋ' ਵਰਗੇ ਸੰਵਾਦ ਕਰਵਾਏ ਜਾ ਸਕਦੇ ਹਨ | ਇਸ ਨਾਲ ਨੌਜਵਾਨਾਂ ਨੂੰ  ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਅਸਲ ਜ਼ਿੰਦਗੀ ਦੇ ਤਜਰਬਿਆਂ ਤੋਂ ਵੀ ਸਿੱਖਣ ਦਾ ਮੌਕਾ ਮਿਲੇਗਾ |
ਇਸ ਤਰ੍ਹਾਂ ਦੀ ਪਹਿਲ ਨਾਲ ਬਜ਼ੁਰਗਾਂ ਨੂੰ  ਇਹ ਮਹਿਸੂਸ ਹੋਵੇਗਾ ਕਿ ਉਨ੍ਹਾਂ ਦਾ ਤਜਰਬਾ ਅੱਜ ਵੀ ਕੀਮਤੀ ਹੈ ਅਤੇ ਨੌਜਵਾਨਾਂ ਨੂੰ  ਆਪਣੀਆਂ ਜੜ੍ਹਾਂ ਅਤੇ ਪਰਿਵਾਰਕ ਮੁੱਲਾਂ ਨਾਲ ਜੁੜਨ ਦਾ ਮੌਕਾ ਮਿਲੇਗਾ | ਇਸ ਲਈ ਸਰਕਾਰ, ਸਿੱਖਿਆ ਸੰਸਥਾਵਾਂ ਅਤੇ ਸਮਾਜ ਨੂੰ  ਮਿਲ ਕੇ ਦੋਵੇਂ ਪੀੜ੍ਹੀਆਂ ਵਿਚਕਾਰ ਸੰਵਾਦ ਵਧਾਉਣ ਲਈ ਯਤਨ ਕਰਨੇ ਚਾਹੀਦੇ ਹਨ |

-ਬੰਦਨਾ

ਸਿਸਟਮ 'ਚ ਬਦਲਾਅ ਜ਼ਰੂਰੀ 

ਅੱਜ ਸਾਡੇ ਇਸ ਰੰਗਲੇ ਕਹਾਉਣ ਵਾਲੇ ਪੰਜਾਬ ਦੇ ਜੋ ਹਾਲਾਤ ਹਨ, ਇਸ ਦੀ ਤਸਵੀਰ ਕਿਸੇ ਤੋਂ ਛੁਪੀ ਨਹੀਂ ਹੈ | ਨਸ਼ਿਆਂ 'ਚ ਫਸੀ ਜਵਾਨੀ ਨੂੰ  ਇਸ ਦਲਦਲ 'ਚੋਂ ਕੱਢਣ ਵਾਲਿਆਂ ਨੂੰ  ਖ਼ਾਮੋਸ਼ ਕੀਤਾ ਜਾ ਰਿਹਾ ਹੈ | ਥਾਂ-ਥਾਂ 'ਤੇ ਧਰਨੇ ਮੁਜ਼ਾਹਰੇ ਹੋ ਰਹੇ ਹਨ, ਕਿਸੇ ਵੀ ਵਰਗ ਦੀ ਗੱਲ ਨਹੀਂ ਸੁਣੀ ਜਾ ਰਹੀ | ਮਜ਼ਦੂਰ ਵਰਗ ਹੋਵੇ ਜਾਂ ਮੁਲਾਜ਼ਮ ਵਰਗ ਅੱਜ ਉਨ੍ਹਾਂ ਨੂੰ  ਮਜਬੂਰ ਹੋ ਕੇ ਧਰਨਿਆਂ ਰਾਹੀਂ ਆਪਣੀ ਆਵਾਜ਼ ਜਾਣਬੁੱਝ ਕੇ ਬੋਲੀ ਬਣੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਲੋਕ ਜਦੋਂ ਕਿਸੇ ਸਰਕਾਰ ਤੋਂ ਨਿਰਾਸ਼ ਹੁੰਦੇ ਹਨ ਤਾਂ ਉਸ ਨੂੰ  ਸੱਤਾ ਤੋਂ ਲਾਂਭੇ ਕਰਨ ਦੀ ਸੋਚਦੇ ਹਾਂ | ਕੀ ਇਸ ਤੋਂ ਪਹਿਲਾਂ ਸੱਤਾ ਦਾ ਆਨੰਦ ਭੋਗ ਚੁੱਕੀਆਂ ਸਰਕਾਰਾਂ ਨੇ ਸਾਡੀ ਗੱਲ ਸੁਣੀ ਸੀ? ਯਕੀਨਨ ਨਹੀਂ | ਫਿਰ ਅਸੀਂ ਸਰਕਾਰਾਂ ਬਦਲਣ 'ਤੇ ਜ਼ੋਰ ਕਿਉਂ ਦੇ ਰਹੇ ਹਾਂ | ਕੀ ਸੱਤਾ ਬਦਲਣ ਨਾਲ਼ ਆਮ ਲੋਕਾਂ ਦੀ ਜ਼ਿੰਦਗੀ 'ਚ ਕੁਝ ਬਿਹਤਰੀ ਦੇ ਚਿੰਨ੍ਹ ਦਿਖਾਈ ਦਿੰਦੇ ਹਨ? ਜੇਕਰ ਨਹੀਂ ਤਾਂ ਫਿਰ ਅਸੀਂ ਹੁਣ ਤੱਕ ਕਿੰਨੀਆਂ ਹੀ ਸਰਕਾਰਾਂ ਨੂੰ  ਬਦਲ ਕੇ ਦੇਖ ਲਿਆ | ਸਰਕਾਰਾਂ ਬਦਲਣ ਦੀ ਗੱਲ ਨੂੰ  ਛੱਡ ਕੇ ਕਿਸੇ ਵੀ ਸੱਤਾਵਾਦੀ ਨਿਜ਼ਾਮ ਦੁਆਰਾ ਬਣਾਏ ਲੋਕ ਵਿਰੋਧੀ ਸਿਸਟਮ 'ਚ ਬਦਲਾਅ ਕਰਵਾਈਏ ਅਤੇ ਇਸ ਨੂੰ  ਮਨੁੱਖ ਦੇ ਮੇਚ ਦਾ ਬਣਾਉਣ ਲਈ ਲਗਾਤਾਰ ਸੰਘਰਸ਼ ਕਰੀਏ, ਫਿਰ ਹੀ ਸ਼ਾਇਦ ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ  ਇਕ ਚੰਗੇਰਾ ਤੇ ਨਰੋਆ ਸਮਾਜ ਦੇ ਸਕਦੇ ਹਾਂ |

-ਲਾਭ ਸਿੰਘ ਸ਼ੇਰਗਿੱਲ
ਬਡਰੁੱਖਾਂ (ਸੰਗਰੂਰ)

ਨੌਕਰੀਪੇਸ਼ਾ ਔਰਤਾਂ ਦੀ ਮਾਨਸਿਕ ਸਿਹਤ

ਅੱਜ ਦੇ ਸਮੇਂ ਵਿਚ ਔਰਤਾਂ ਹਰ ਖੇਤਰ ਵਿਚ ਵੱਧ- ਚੜ੍ਹ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ | ਔਰਤਾਂ ਘਰ ਦੀਆਂ ਜ਼ਿੰਮੇਵਾਰੀਆਂ ਦੇ  ਨਾਲ ਨਾਲ ਨੌਕਰੀਆਂ ਵੀ ਕਰ ਰਹੀਆ ਹਨ, ਉਨ੍ਹਾਂ ਦੀ ਮਾਨਸਿਕ ਸਥਿਤੀ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ ਪਰ ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | 
ਔਰਤਾਂ ਨੂੰ  ਦੁੱਗਣਾ ਕੰਮ ਕਰਨਾ ਪੈ ਰਿਹਾ ਹੈ | ਦਫ਼ਤਰ ਤੋਂ ਬਾਅਦ ਘਰ ਆ ਕੇ ਬੱਚਿਆਂ ਦੀ ਦੇਖਭਾਲ ਕਰਨਾ, ਘਰ  ਦੇ ਕੰਮ ਕਰਨ ਅਤੇ ਪਰਿਵਾਰ ਨੂੰ  ਖੁਸ਼ ਰੱਖਣ ਦੇ ਚੱਕਰ ਵਿਚ ਤਣਾਅ ਗ੍ਰਸਤ ਹੋ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀਆਂ ਹਨ | 
ਔਰਤਾਂ ਨੂੰ  ਆਪਣੇ ਲਈ ਟਾਈਮ ਹੀ ਨਹੀਂ ਮਿਲਦਾ, ਜਿਸ ਕਰਕੇ ਉਹ ਬਿਮਾਰੀ ਦਾ ਸ਼ਿਕਾਰ ਹੁੰਦੀਆਂ ਹਨ | ਪਰਿਵਾਰ ਦੇ ਮੈਂਬਰ ਨੂੰ  ਉਨ੍ਹਾਂ ਦੀ ਹਾਲਤ ਨੂੰ  ਸਮਝਣਾ ਚਾਹੀਦਾ ਹੈ | ਉਨ੍ਹਾਂ ਦੀ ਜ਼ਿੰਦਗੀ ਵੀ ਥੋੜੀ, ਆਰਾਮਦਾਇਕ ਬਣ ਸਕੇ | ਚੰਗੇ ਸਮਾਜ ਲਈ ਔਰਤਾਂ ਦਾ ਸਿਹਤਮੰਦ ਹੋਣਾ ਬਹੁਤ ਜਰੂਰੀ ਹੈ, ਕਿਉਂਕਿ ਔਰਤ ਹੀ ਸਮਾਜ ਨੂੰ  ਵਧਾਉਂਦੀ ਹੈ | ਜੇਕਰ ਔਰਤ ਸਿਹਤਮੰਦ ਨਹੀਂ ਹੋਵੇਗੀ ਤਾਂ ਸਮਾਜ ਵੀ ਵਿਕਾਸ ਨਹੀਂ ਕਰ ਸਕਦਾ |

ਸੁਖਜੀਤ ਕੌਰ 
ਜਰਨਾਲਿਜ਼ਮ ਸਟੂਡੈਂਟ

ਪਰਮਾਤਮਾ ਦਾ ਸਿਮਰਨ ਜ਼ਰੂਰੀ

ਸਰਬਵਿਆਪਕ ਪਰਮਾਤਮਾ, ਜਿਸ ਨੇ ਇਹ ਸਾਰਾ ਸੰਸਾਰ ਸਾਜਿਆ ਹੈ, ਉਸ ਦੀ ਦਿਲੋਂ ਇਬਾਦਤ ਕਰਨਾ ਸਾਡੇ ਸਾਰਿਆਂ ਲਈ ਜ਼ਰੂਰੀ ਹੈ | ਆਪਾਂ ਸਾਰੇ ਜਾਣਦੇ ਹਾਂ ਕਿ ਇਹ ਦੁਨੀਆ ਨਾਸ਼ਵਾਨ ਹੈ, ਇਥੇ ਕੁਝ ਵੀ ਸਥਿਰ ਨਹੀਂ, ਇਥੇ ਕਿਸੇ ਨੇ ਵੀ ਬੈਠੇ ਨਹੀਂ ਰਹਿਣਾ | ਫਿਰ ਕਿਸ ਚੀਜ਼ ਦਾ ਹਊਮੈ, ਕਿਸ ਚੀਜ਼ ਦਾ ਮਾਣ | ਕੇਵਲ ਪ੍ਰਭੂ ਦਾ ਸਿਮਰਨ ਹੀ ਸਥਿਰ ਹੈ, ਇਹੀ ਨਾਲ ਜਾਣਾ ਹੈ ਅਤੇ ਕੀਤਾ ਹੋਇਆ ਪਰਉਪਕਾਰ ਹੀ ਲੇਖੇ ਲੱਗਣਾ ਹੈ | ਸਭ ਦੀ ਦਿਲ ਖੋਲ੍ਹ ਕੇ ਮਦਦ ਕਰੋ, ਜਿਨ੍ਹਾਂ ਨੂੰ  ਪਰਮਾਤਮਾ ਦੀ ਬਖਸ਼ਿਸ਼ ਹੈ, ਉਨ੍ਹਾਂ ਨੂੰ  ਲਾਲਚ ਦਾ ਤਿਆਗ ਕਰਕੇ ਯਥਾ ਸੰਭਵ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ | ਆਪੋ-ਆਪਣੀ ਹੈਸੀਅਤ ਦੇ ਅਨੁਸਾਰ ਅਸੀਂ ਇਕ-ਦੂਜੇ ਦੇ ਕਾਰਜ ਸੰਵਾਰ ਸਕਦੇ ਹਾਂ | ਹਰ ਕੰਮ ਨੂੰ  ਕਰਦੇ ਹੋਏ ਪ੍ਰਭੂ ਨੂੰ  ਚੇਤੇ ਰੱਖੋ | ਵਾਹਿਗੁਰੂ, ਰਾਮ, ਅੱਲਾ ਦਾ ਸਿਮਰਨ ਕਰੋ | ਇਹ ਜਾਪ ਸਾਡੇ ਅੰਦਰੋਂ ਹਊਮੈ ਦੂਰ ਕਰਦਾ ਹੈ ,ਸਾਨੂੰ ਸ਼ਕਤੀ ਦਿੰਦਾ ਹੈ ਅਤੇ ਸਾਨੂੰ ਪਰਮ ਪਿਤਾ ਪਰਮੇਸ਼ਵਰ ਦੇ ਬਹੁਤ ਨਜ਼ਦੀਕ ਲੈ ਜਾਂਦਾ ਹੈ | ਪਰ ਨਾਮ ਵੀ ਸੱਚੇ ਦਿਲੋਂ ਜੱਪਣਾ ਹੈ ਤੇ ਹਿਰਦਾ ਸ਼ੁੱਧ ਰੱਖਣਾ ਹੈ | ਮਾਣ ਹੰਕਾਰ ਤੋਂ ਦੂਰ ਰਹਿਣਾ ਹੈ ਅਤੇ ਚੜ੍ਹਦੀ ਕਲਾ ਅਪਣਾਉਣੀ ਹੈ | ਸਰਬੱਤ ਦਾ ਭਲਾ ਕਰਾਂਗੇ ਤਾਂ ਹੀ ਸਾਡਾ ਆਪਣਾ ਭਲਾ ਹੋਣਾ ਹੈ | ਦਵੈਸ਼, ਈਰਖਾ, ਦਿਲ ਦੁਖਾਉਣਾ, ਦੂਜਿਆਂ ਨੂੰ  ਨੀਵਾਂ ਸਮਝਣਾ ਇਹ ਚੀਜ਼ਾਂ ਸਾਨੂੰ ਹੀ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਉਸ ਅਕਾਲ ਪੁਰਖ ਸੱਚੇ ਪ੍ਰਭੂ ਤੋਂ ਦੂਰ ਕਰਦੀਆਂ ਹਨ ਇਸ ਲਈ ਮਨੁੱਖੀ ਜੀਵਨ ਦਾ ਲਾਹਾ ਖਟਦੇ ਹੋਏ ਔਗੁਣਾਂ ਦਾ ਤਿਆਗ ਕਰਨਾ, ਪਰਉਪਕਾਰੀ ਬਣਨਾ, ਦੂਜਿਆਂ ਦੀ ਸੇਵਾ ਕਰਨਾ, ਲੋੜਵੰਦਾਂ ਦੇ ਕੰਮ ਆਉਣਾ, ਇਹੋ ਸਭ ਕੁਝ ਹੀ ਸਾਨੂੰ ਸ਼ੋਭਾ ਦਿੰਦਾ ਹੈ |

-ਹਰਜਿੰਦਰ ਕੌਰ ਲੁਧਿਆਣਾ |

ਅੱਜ ਦੇ ਰਾਵਣ ਸਾੜਨ ਦੀ ਲੋੜ


ਭਾਵੇਂ ਅਸੀਂ ਦੁਸਹਿਰੇ ਵਾਲੇ ਦਿਨ ਰਾਵਣ ਸਾੜ ਕੇ ਇਸ ਨੂੰ  ਬਦੀ ਉੱਤੇ ਨੇਕੀ ਦੀ ਜਿੱਤ ਦੱਸਦੇ ਹਾਂ | ਪਰ ਅਸਲ 'ਚ ਅਸੀਂ ਅਸਲੀ ਰਾਵਣ ਨੂੰ  ਮਾਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ | ਜੋ ਸਮਾਜ ਨੂੰ  ਘੁਣ ਵਾਂਗ ਖਾ ਰਹੇ ਹਨ, ਇਹ ਰਾਵਣ ਨਸ਼ੇ ਤੇ ਭਿ੍ਸ਼ਟਾਚਾਰ ਹੈ  |ਇਕ ਪਾਸੇ ਨਸ਼ੇ ਦੀ ਤਸਕਰੀ ਕਰਨ ਵਾਲੇ ਰਾਵਣ ਅੱਜ ਗਲੀ-ਗਲੀ ਤੇ ਘਰ-ਘਰ ਵੜ ਕੇ ਨੌਜਵਾਨੀ ਨੂੰ  ਨਿਗਲਦੇ ਜਾ ਰਹੇ ਹਨ ਤਾਂ ਭਿ੍ਸ਼ਟਾਚਾਰ ਦਾ ਰਾਵਣ ਵੀ ਏਨੇ ਵੱਡੇ ਪੱਧਰ 'ਤੇ ਫੈਲਿਆ ਹੋਇਆ ਹੈ ਕਿ ਇਸ ਤੋਂ ਨਿਜਾਤ ਪਾਉਣੀ ਜ਼ਰੂਰੀ ਹੈ | ਇਨ੍ਹਾਂ ਦੋਵਾਂ ਰਾਵਣਾਂ ਨੇ ਸਾਡਾ ਸਭ ਕੁਝ ਖਾ ਲਿਆ | ਇਨ੍ਹਾਂ ਰਾਵਣਾਂ ਨੂੰ  ਮਾਰ ਕੇ ਅਸੀਂ ਹਰ ਹਫ਼ਤੇ ਦੁਸਹਿਰਾ ਮਨਾ ਸਕਦੇ ਹਾਂ | ਸੋ, ਆਓ ਰਲ ਕੇ ਅਜੋਕੇ ਰਾਵਣਾਂ ਨੂੰ  ਸਾੜੀਏ ਤੇ ਮਾਰੀਏ, ਜੋ ਸਮਾਜ ਨੂੰ  ਨਿੱਤ ਦਿਨ ਨਿਗਲ ਰਹੇ ਹਨ | ਇਹੀ ਬਦੀ ਉੱਤੇ ਨੇਕੀ ਦੀ ਅਸਲ ਜਿੱਤ ਹੋਵੇਗੀ |

-ਲੈਕਚਰਾਰ ਅਜੀਤ ਖੰਨਾ
(ਪੰਜਾਬੀ ਲੇਖਕ)

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਭਾਰਤੀ ਸੈਨਾ ਦੀ ਵਧਦੀ ਤਾਕਤ
Ad Position 24