30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

31-10-2026

31-10-2026

Ad Position 21
No active advertisement
ਅਜੀਤ ਡੈਸਕ 31-10-2026

ਮੌਲਿਕ ਲਿਖਤ ਦੀ ਅਹਿਮੀਅਤ

'ਅਜੀਤ' ਵਿਚ ਪ੍ਰਕਾਸ਼ਿਤ “'ਆਓ ਜਾਣੀਏ ਵੱਖ-ਵੱਖ ਏ.ਆਈ. ਪ੍ਰਭਾਵਿਕਾਂ ਬਾਰੇ' ਲੇਖ ਪੜ੍ਹ ਕੇ ਖੁਸ਼ੀ ਹੋਈ | ਅੱਜ ਦੇ ਸਮੇਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਣਕਾਰੀ ਇਕੱਠੀ ਕਰਨ, ਭਾਸ਼ਾ ਸੁਧਾਰਨ ਅਤੇ ਖੋਜ ਕਾਰਜਾਂ ਵਿਚ ਇਕ ਲਾਭਦਾਇਕ ਸਾਧਨ ਬਣ ਚੁੱਕੀ ਹੈ | ਪਰ ਇਸ ਦੀ ਵਰਤੋਂ ਨਾਲ ਇਕ ਗੰਭੀਰ ਚੁਣੌਤੀ ਵੀ ਸਾਹਮਣੇ ਆ ਰਹੀ ਹੈ |
ਅੱਜ ਕਈ ਲੋਕ ਏ.ਆਈ. ਦੀ ਮਦਦ ਨਾਲ ਲੇਖ, ਕਹਾਣੀਆਂ ਅਤੇ ਖ਼ਬਰਾਂ ਤਿਆਰ ਕਰਕੇ ਆਪਣੇ ਨਾਂਅ ਹੇਠ ਅਖ਼ਬਾਰਾਂ ਅਤੇ ਰਸਾਲਿਆਂ ਨੂੰ  ਭੇਜ ਰਹੇ ਹਨ | ਅਜਿਹੀ ਸਮੱਗਰੀ ਭਾਵੇਂ ਭਾਸ਼ਾਈ ਪੱਖੋਂ ਪ੍ਰਭਾਵਸ਼ਾਲੀ ਲੱਗੇ, ਪਰ ਉਸ ਵਿਚ ਜੀਵਨ ਦੇ ਅਨੁਭਵਾਂ ਦੀ ਗਰਮਾਹਟ, ਸੰਵੇਦਨਾਵਾਂ ਦੀ ਡੂੰਘਾਈ ਅਤੇ ਸੱਚਾਈ ਦੀ ਝਲਕ ਨਹੀਂ ਹੁੰਦੀ | ਮੌਲਿਕ ਲਿਖਤ ਦੀ ਖੁਸ਼ਬੂ ਹਮੇਸ਼ਾ ਜ਼ਿੰਦਗੀ ਦੇ ਤਜਰਬਿਆਂ ਵਿਚੋਂ ਆਉਂਦੀ ਹੈ | ਮੇਰੀ ਆਉਣ ਵਾਲੀ ਪੁਸਤਕ 'ਹੁਣ ਉਹ ਗੱਲਾਂ ਕਿੱਥੇ' ਵੀ ਇਸੇ ਵਿਸ਼ਵਾਸ ਦਾ ਨਤੀਜਾ ਹੈ | ਇਸ ਵਿਚ ਹੱਡ-ਬੀਤੀ, ਸਮਾਜ-ਬੀਤੀ, ਅੱਖੀਂ ਡਿੱਠੇ ਦਿ੍ਸ਼, ਪੁਰਾਣੇ ਪੰਜਾਬ ਦੀਆਂ ਯਾਦਾਂ ਅਤੇ ਆਪਣੇ ਜੀਵਨ ਦੇ ਤਜਰਬਿਆਂ ਨੂੰ  ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਗਿਆ ਹੈ | ਮੇਰਾ ਵਿਸ਼ਵਾਸ ਹੈ ਕਿ ਪਾਠਕ ਅੱਜ ਵੀ ਉਹੀ ਲਿਖਤ ਦਿਲ ਨਾਲ ਪੜ੍ਹਦਾ ਹੈ, ਜਿਸ ਵਿਚ ਲੇਖਕ ਦਾ ਆਪਣਾ ਅਹਿਸਾਸ ਅਤੇ ਸੱਚਾਈ ਸ਼ਾਮਿਲ ਹੋਵੇ |
ਤਕਨਾਲੋਜੀ ਦਾ ਸਵਾਗਤ ਹੋਣਾ ਚਾਹੀਦਾ ਹੈ, ਪਰ ਇਹ ਮਨੁੱਖੀ ਸੋਚ ਅਤੇ ਮੌਲਿਕ ਸਿਰਜਣਾ ਦਾ ਬਦਲ ਨਹੀਂ ਬਣ ਸਕਦੀ | ਅਖ਼ਬਾਰਾਂ ਅਤੇ ਰਸਾਲਿਆਂ ਨੂੰ  ਵੀ ਮੌਲਿਕ ਲਿਖਤ ਨੂੰ  ਉਤਸ਼ਾਹਿਤ ਕਰਦੇ ਹੋਏ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪਾਠਕਾਂ ਤੱਕ ਅਸਲ ਅਤੇ ਭਰੋਸੇਯੋਗ ਸਮੱਗਰੀ ਹੀ ਪਹੁੰਚੇ |

-ਗੁਰਬਾਜ਼ ਸਿੰਘ
ਸਰਸਾ (ਹਰਿਆਣਾ)

ਮੁਫ਼ਤ ਸਹੂਲਤਾਂ ਕਿਉਂ


ਕਿਸੇ ਵੀ ਸਰਕਾਰ ਦਾ ਪਹਿਲਾ ਫਰਜ਼ ਆਪਣੇ ਨਾਗਰਿਕਾਂ ਨੂੰ  ਸਿੱਖਿਆ, ਸਿਹਤ ਸੁਰੱਖਿਆ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੁੰਦਾ ਹੈ | ਇਸ ਦੇ ਨਾਲ ਹੀ ਗਰੀਬ ਅਤੇ ਲੋੜਵੰਦ ਵਰਗਾਂ ਦੀ ਸਹਾਇਤਾ ਕਰਨਾ ਵੀ ਇਕ ਭਲਾਈਕਾਰੀ ਰਾਜ ਦੀ ਪਛਾਣ ਹੈ | ਪਰ ਜਦੋਂ ਕੋਈ ਰਾਜ ਪਹਿਲਾਂ ਹੀ ਭਾਰੀ ਕਰਜ਼ੇ ਦੇ ਬੋਝ ਹੇਠਾਂ ਹੋਵੇ, ਉਦੋਂ ਬਿਨਾਂ ਵਿੱਤੀ ਸਮਰੱਥਾ ਦਾ ਧਿਆਨ ਰੱਖੇ ਸਾਰੇ ਹੀ ਨਾਗਰਿਕਾਂ ਨੂੰ  ਮੁਫ਼ਤ ਸਹੂਲਤਾਂ ਦਾ ਵਿਸਥਾਰ ਗੰਭੀਰ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ | ਜੇ ਸਰਕਾਰੀ ਆਮਦਨ ਨਾਲੋਂ ਖਰਚ ਲਗਾਤਾਰ ਵੱਧਦਾ ਰਹੇ ਤਾਂ ਨਵਾਂ ਕਰਜ਼ਾ ਲੈਣਾ ਪੈਂਦਾ ਹੈ, ਜਿਸ ਦਾ ਪ੍ਰਭਾਵ ਰਾਜ ਦੀ ਆਰਥਿਕ ਸਮਰੱਥਾ ਅਤੇ ਭਵਿੱਖ ਦੀਆਂ ਪੀੜ੍ਹੀਆਂ 'ਤੇ ਪੈਂਦਾ ਹੈ | ਮੁਫ਼ਤ ਸਹੂਲਤਾਂ ਤੁਰੰਤ ਰਾਹਤ ਤਾਂ ਦੇ ਸਕਦੀਆਂ ਹਨ ਪਰ ਸਥਾਈ ਖੁਸ਼ਹਾਲੀ ਦਾ ਰਾਹ ਨਹੀਂ ਬਣਦੀਆਂ | ਸਰਕਾਰ ਨੂੰ  ਅਜਿਹੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ, ਜਿਸ ਨਾਲ ਲੋੜਵੰਦਾਂ ਦੀ ਸਹਾਇਤਾ ਵੀ ਹੋਵੇ ਅਤੇ ਉਨ੍ਹਾਂ ਨੂੰ  ਆਤਮ ਨਿਰਭਰ ਵੀ ਬਣਾਵੇ | ਦੇਸ਼ ਦੀ ਤਰੱਕੀ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਪੰਜਾਬ ਅੱਜ ਕਈ ਗੰਭੀਰ ਸਮਾਜਿਕ, ਆਰਥਿਕ ਅਤੇ ਪ੍ਰਸ਼ਾਸਨਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ |
ਨਸ਼ਾਖੋਰੀ, ਬੇਰੁਜ਼ਗਾਰੀ, ਸਰਕਾਰੀ ਮੁਲਾਜ਼ਮਾਂ ਨਾਲ ਜੁੜੇ ਮੁੱਦੇ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵਧਦਾ ਰੁਝਾਨ, ਭਿ੍ਸ਼ਟਾਚਾਰ, ਸਰਕਾਰੀ ਕਰਜ਼ੇ ਦਾ ਵਧ ਰਿਹਾ ਬੋਝ, ਖੇਤੀਬਾੜੀ ਦੀਆਂ ਚੁਣੌਤੀਆਂ, ਵਿਕਾਸ ਦੀ ਮੱਠੀ ਰਫ਼ਤਾਰ, ਪਾਣੀ ਦਾ ਸੰਕਟ, ਲੋਕਾਂ ਵਿਚ ਵਧਦੀ ਅਸੁਰੱਖਿਆ ਦੀ ਭਾਵਨਾ ਅਤੇ ਕਾਨੂੰਨ ਵਿਵਸਥਾ ਨਾਲ ਜੁੜੀਆਂ ਚੁਣੌਤੀਆਂ ਪੰਜਾਬ ਦੇ ਭਵਿੱਖ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ | ਅਜਿਹੇ ਹਾਲਾਤਾਂ ਵਿਚ ਲੋੜ ਸਿਰਫ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਨ ਦੀ ਨਹੀਂ, ਸਗੋਂ ਉਨ੍ਹਾਂ ਦੇ ਵਿਹਾਰਕ ਅਤੇ ਟਿਕਾਊ ਹੱਲ ਲੱਭਣ ਦੀ ਹੈ | ਇਸ ਲਈ ਸਰਕਾਰ ਨੂੰ  ਪ੍ਰਭਾਵਸ਼ਾਲੀ ਨੀਤੀਆਂ ਅਤੇ ਵਿਕਾਸ-ਕੇਂਦਰਿਤ ਦਿ੍ਸ਼ਟੀਕੋਣ ਅਪਣਾਉਣਾ ਹੋਵੇਗਾ, ਜਦਕਿ ਸਮਾਜ ਨੂੰ  ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਕਿ ਉਹ ਮੁਫ਼ਤ ਦੀਆਂ ਸਹੂਲਤਾਂ ਨੂੰ  ਉਤਸ਼ਾਹਿਤ ਨਾ ਕਰਨ | ਸਿਆਸੀ ਨਫੇ-ਨੁਕਸਾਨ ਤੋਂ ਉੱਪਰ ਉੱਠ ਕੇ ਲੋਕ ਹਿੱਤ ਨੂੰ  ਪਹਿਲ ਦੇਣ ਨਾਲ ਹੀ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਢਾਂਚੇ ਦਾ ਰਾਹ ਪੱਧਰਾ ਹੋ ਸਕਦਾ ਹੈ | ਇਹੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ  ਇਕ ਸੁਰੱਖਿਅਤ, ਸਮਰੱਥ ਅਤੇ ਖੁਸ਼ਹਾਲ ਪੰਜਾਬ ਵਿਰਾਸਤ ਵਜੋਂ ਮਿਲ ਸਕੇ |

ਨਰੇਸ਼ ਕੁਮਾਰ ਭੱਟੀ
ਪਿੰਡ ਤੇ ਡਾਕ. ਸਲੋਹ (ਸ਼.ਭ.ਸ.ਨਗਰ)

ਪਰਾਲੀ ਨਾ ਸਾੜਨ ਕਿਸਾਨ

ਕਿਸਾਨਾਂ ਨੇ ਪਰਾਲੀ ਨੂੰ  ਸਾੜਨਾ ਸ਼ੁਰੂ ਕਰ ਦਿੱਤਾ ਹੈ | ਧਰਤੀ ਉੱਪਰਲੇ ਵਾਤਾਵਰਨ ਵਿਚ ਹਵਾ ਪਾਣੀ. ਮਿੱਟੀ, ਗਰਮੀ, ਸਰਦੀ ਦੀਆਂ ਊਰਜਾਵਾਂ ਦਾ ਮਿਸ਼ਰਣ ਹਨ | ਪਰਾਲੀ ਜਲਾਉਣ ਕਰਕੇ ਧੂੰਏਾ ਵਿਚੋਂ ਸਲਫ਼ਰ ਡਾਈਆਕਸਾਈਡ, ਕਾਰਬਨ ਮੋਨੋ ਆਕਸਾਈਡ, ਕਾਰਬਨ ਡਾਈਆਕਸਾਈਡ, ਹਾਈਡਰੋਜਨ ਸਲਫਾਈਡ, ਬਹੁਤ ਸਾਰੇ ਹੋਰ ਹਾਈਡਰੋਕਾਰਬਨਾਂ ਨਾਲ ਅਸੀਂ ਵਾਤਾਵਰਨ ਨੂੰ  ਪਲੀਤ ਕਰ ਦਿੱਤਾ ਹੈ, ਅਤੇ ਕਰ ਰਹੇ ਹਾਂ | ਪਰਾਲੀ ਜਲਾਉਣ ਕਰਕੇ ਪੈਦਾ ਹੋਏ ਧੂੰਏਾ ਕਾਰਨ ਦੁਰਘਟਨਾਵਾਂ ਵਧਦੀਆਂ ਹਨ |
ਸਾਹ ਲੈਣਾ ਔਖਾ ਹੋ ਜਾਂਦਾ ਹੈ | ਇਸ ਨਾਲ ਧਰਤੀ ਉੱਤੇ ਮੌਜੂਦ ਅਨੇਕਾਂ ਸਾਡੇ ਮਿੱਤਰ ਕੀੜੇ ਸੂਖਮ ਜੀਵ ਬਨਸਪਤੀ, 'ਤੇ ਮਾੜਾ ਅਸਰ ਪੈਂਦਾ ਹੈ | ਕਈ ਪੰਛੀ ਵੀ ਝੁਲਸ ਜਾਂਦੇ ਹਨ  | ਇਸ ਨਾਲ ਆਮ ਬੀਮਾਰੀਆਂ ਜੁਕਾਮ, ਖੰਘ, ਦਮਾ, ਸਿਰਦਰਦ, ਅੱਖਾਂ ਦੀਆਂ ਬਿਮਾਰੀਆਂ ਆਦਿ ਵੀ ਲੱਗ ਜਾਂਦੀਆਂ ਹਨ | ਇਸ ਮਸਲੇ ਦਾ ਸਰਕਾਰ ਨੂੰ  ਕੋਈ ਢੁਕਵਾਂ ਹੱਲ ਕੱਢਣਾ ਚਾਹੀਦਾ ਹੈ | ਸਾਰੀ ਗੱਲ ਕਿਸਾਨਾਂ ਉੱਪਰ ਨਾ ਸੁੱਟੇ ਸਰਕਾਰ | ਘੱਟ ਰੇਟ 'ਤੇ ਮਸ਼ੀਨਾਂ ਮੁਹੱਈਆ ਕਰਵਾਵੇ ਜਾਂ ਥੋੜ੍ਹੀ ਜ਼ਮੀਨ ਵਾਲੇ ਕਿਸਾਨ ਰਲ ਕੇ ਮਸ਼ੀਨਾਂ ਲੈ ਲੈਣ |
ਜਿਸ ਤਰ੍ਹਾਂ ਰੋਟਾਵੇਟਰ ਜਿਸ ਨਾਲ ਪਰਾਲੀ ਧਰਤੀ ਵਿਚ ਵਾਹੀ ਜਾ ਸਕੇ | ਪਰਾਲੀ ਆਧਾਰਿਤ ਕੋਈ ਸਨਅਤ ਵੀ ਲਾਈ ਜਾ ਸਕਦੀ ਹੈ | ਕੇਂਦਰ ਸਰਕਾਰ ਨੇ ਤਾਂ ਕਿਸਾਨਾਂ ਨੂੰ  ਜੁਆਬ ਦੇ ਕੇ ਪੱਲਾ ਝਾੜ ਲਿਆ ਹੈ | ਹੁਣ ਸੋਚਣ ਦੀ ਵਾਰੀ ਪੰਜਾਬ ਸਰਕਾਰ ਦੀ ਹੈ ਕਿ ਉਸ ਨੇ ਕਿਸਾਨਾਂ ਲਈ ਕੀ ਕਰਨਾ ਹੈ? ਤਾਂ ਕਿ ਉਹ ਪਰਾਲੀ ਨਾ ਜਲਾਉਣ ਅਤੇ ਵਾਤਾਵਰਨ ਵੀ ਮਹਿਫੂਜ਼ ਰਹਿ ਸਕੇ | ਪੰਜਾਬ ਸਰਕਾਰ ਕਿਸਾਨ ਪ੍ਰਤੀ ਏਕੜ ਪਰਾਲੀ ਧਰਤੀ ਵਿਚ ਵਾਹਨ ਲਈ ਪ੍ਰਤੀ ਏਕੜ ਘੱਟੋ-ਘੱਟ ਦੋ ਹਜਾਰ ਰੁਪਏ ਮੁਆਵਜ਼ਾ ਦੇਵੇ, ਤਾਂ ਕਿ ਕਿਸਾਨਾਂ ਨੂੰ  ਮਹਿੰਗੇ ਭਾਅ ਦਾ ਡੀਜ਼ਲ ਨਾ ਵਰਤਣਾ ਪਵੇ |

-ਨਰਿੰਦਰ ਭੱਪਰ ਝਬੇਲਵਾਲੀ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ |

Ad Position 22
No active advertisement
ਪਿਛਲੀ ਖ਼ਬਰ ਏ.ਆਈ.ਐਮ.ਐਸ.ਆਰ. ਬਠਿੰਡਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਭਵਿੱਖ ਨੂੰ ਸੁਰੱਖਿਅਤ ਕਰ ਦੇਣਾ ਹੀ ਸਭ ਤੋਂ ਵਧੀਆ ਯੋਗਦਾਨ ਹੁੰਦਾ ਹੈ | ¸ਜੋਸਫ ਕਾਫਮੈਨ
Ad Position 24