ਦੱਖਣੀ ਆਸਟ੍ਰੇਲੀਆ ’ ਚ ਭਿਆਨਕ ਤੂਫ਼ਾਨ ਕਾਰਨ 24 ਹਜ਼ਾਰ ਘਰਾਂ ਦੀ ਬਿਜਲੀ ਗੁੱਲ
ਐਡੀਲੇਡ, 20 ਨਵੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ’ਚ ਆਏ ਭਿਆਨਕ ਤੂਫ਼ਾਨ ਨੇ ਆਇਰ ਪ੍ਰਾਇਦੀਪ ’ਚ ਭਾਰੀ ਨੁਕਸਾਨ ਕੀਤਾ ਹੈ। ਤੇਜ਼ ਹਵਾਵਾਂ ਕਾਰਨ ਬਿਜਲੀ ਪ੍ਰਸਾਰਣ ਦੇ 2 ਵੱਡੇ ਟਾਵਰ ਡਿੱਗ ਗਏ, ਜਦਕਿ ਇਕ ਹੋਰ ਨੁਕਸਾਨਿਆ ਗਿਆ।
ਐਡੀਲੇਡ, 20 ਨਵੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ’ਚ ਆਏ ਭਿਆਨਕ ਤੂਫ਼ਾਨ ਨੇ ਆਇਰ ਪ੍ਰਾਇਦੀਪ ’ਚ ਭਾਰੀ ਨੁਕਸਾਨ ਕੀਤਾ ਹੈ। ਤੇਜ਼ ਹਵਾਵਾਂ ਕਾਰਨ ਬਿਜਲੀ ਪ੍ਰਸਾਰਣ ਦੇ 2 ਵੱਡੇ ਟਾਵਰ ਡਿੱਗ ਗਏ, ਜਦਕਿ ਇਕ ਹੋਰ ਨੁਕਸਾਨਿਆ ਗਿਆ। ਇਸ ਕਾਰਨ ਕਰੀਬ 24 ਹਜ਼ਾਰ ਘਰਾਂ ਤੇ ਕਾਰੋਬਾਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਪ੍ਰੀਮੀਅਰ ਪੀਟਰ ਮਾਲਿਨੌਸਕਾਸ ਅਨੁਸਾਰ ਵੀਰਵਾਰ ਦੁਪਹਿਰ ਪੋਰਟ ਨੀਲ ਨੇੜੇ ਆਏ ਅਸਾਧਾਰਨ ਤੂਫ਼ਾਨੀ ਸੈੱਲ ਕਾਰਨ ਇਹ ਨੁਕਸਾਨ ਹੋਇਆ। ਵਹਾਰਮਿੰਡਾ ਇਲਾਕੇ ’ਚ ਤੇਜ਼ ਹਵਾਵਾਂ ਨੇ ਬਿਜਲੀ ਟਾਵਰਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਮੌਸਮ ਵਿਗਿਆਨ ਬਿਊਰੋ ਦੇ ਮਾਹਿਰ ਡੈਨੀਅਲ ਹੇਅਸ ਨੇ ਦੱਸਿਆ ਕਿ ਰੌਕਸਬੀ ਡਾਊਨਜ਼ ਵਿਖੇ ਹਵਾ ਦੀ ਰਫ਼ਤਾਰ ਲਗਭਗ 100 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਤੂਫ਼ਾਨ ਕਾਰਨ 50 ਤੋਂ ਵੱਧ ਸਕੂਲਾਂ, ਕਿੰਡਰਗਾਰਟਨਾਂ ਤੇ ਬੱਚਿਆਂ ਦੀ ਦੇਖਭਾਲ ਵਾਲੇ ਕੇਂਦਰਾਂ ਨੂੰ ਬੰਦ ਰੱਖਿਆ ਗਿਆ ਹੈ। ਅੱਠ ਹਸਪਤਾਲ ਵੀ ਪ੍ਰਭਾਵਿਤ ਹੋਏ ਹਨ, ਪਰ ਬੈਕਅੱਪ ਜਨਰੇਟਰਾਂ ਨਾਲ ਸੇਵਾਵਾਂ ਜਾਰੀ ਹਨ। ਕਈ ਇਲਾਕਿਆਂ ’ਚ ਫ਼ੋਨ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।ਉੱਧਰ ਐਡੀਲੇਡ ’ਚ ਵੀ ਤੇਜ਼ ਹਵਾਵਾਂ ਕਾਰਨ ਲਗਭਗ 3,000 ਥਾਵਾਂ ਦੀ ਬਿਜਲੀ ਬੰਦ ਹੋਈ, ਜਿਸ ਵਿੱਚੋਂ ਜ਼ਿਆਦਾਤਰ ਥਾਵਾਂ ’ਤੇ ਰਾਤ ਸਮੇਂ ਸਪਲਾਈ ਬਹਾਲ ਕਰ ਦਿੱਤੀ ਗਈ।