ਨਿਊਯਾਰਕ, 20 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਟੈਕਸਸ ਦੀ ਨਵੀਂ ਚੁਣੀ ਗਵਰਨਰ ਜੀਨਾ ਹਿਨੋਹੋਸਾ ਨੇ ਸਰਕਾਰੀ ਏਜੰਸੀਆਂ ਤੇ ਸਰਕਾਰੀ ਯੂਨੀਵਰਸਿਟੀਆਂ ’ਚ ਐੱਚ-1ਬੀ ਵੀਜ਼ੇ ਰਾਹੀਂ ਭਰਤੀਆਂ ਉੱਤੇ ਲਾਈਆਂ ਪਾਬੰਦੀਆਂ ਹਟਾਉਣ ਦਾ ਵਾਅਦਾ ਕੀਤਾ ਹੈ। ਰਿਪਬਲਿਕਨ ਗਵਰਨਰ ਗ੍ਰੈਗ ਐਬਟ ਨੂੰ ਹਰਾਉਣ ਵਾਲੀ ਡੈਮੋਕ੍ਰੇਟ ਆਗੂ ਨੇ ਕਿਹਾ ਕਿ ਸੂਬੇ ਦੇ ਅਦਾਰਿਆਂ ਨੂੰ ਹੁਨਰਮੰਦ ਕਾਮਿਆਂ ਦੀ ਲੋੜ ਹੈ ਤੇ ਸਰਕਾਰ ਨੂੰ ਉਨ੍ਹਾਂ ਦੀਆਂ ਅਸਲ ਲੋੜਾਂ ਮੁਤਾਬਕ ਨੀਤੀ ਬਣਾਉਣੀ ਚਾਹੀਦੀ ਹੈ।
ਐਬਟ ਨੇ ਜਨਵਰੀ ’ਚ ਸਰਕਾਰੀ ਏਜੰਸੀਆਂ ਅਤੇ ਸਰਕਾਰੀ ਯੂਨੀਵਰਸਿਟੀਆਂ ਨੂੰ ਟੈਕਸਸ ਵਰਕਫੋਰਸ ਕਮਿਸ਼ਨ ਦੀ ਲਿਖਤੀ ਮਨਜ਼ੂਰੀ ਤੋਂ ਬਿਨਾਂ ਨਵੀਆਂ ਐੱਚ-1ਬੀ ਅਰਜ਼ੀਆਂ ਦਾਖ਼ਲ ਕਰਨ ਤੋਂ ਰੋਕਿਆ ਸੀ। ਇਹ ਹੁਕਮ 31 ਮਈ 2027 ਤੱਕ ਲਾਗੂ ਰਹਿਣਾ ਹੈ। ਅਦਾਰਿਆਂ ਤੋਂ ਉਨ੍ਹਾਂ ਵਲੋਂ ਸਪਾਂਸਰ ਕੀਤੇ ਵਿਦੇਸ਼ੀ ਕਾਮਿਆਂ ਦੀ ਗਿਣਤੀ, ਅਹੁਦਿਆਂ ਤੇ ਮੂਲ ਦੇਸ਼ਾਂ ਦਾ ਵੇਰਵਾ ਵੀ ਮੰਗਿਆ ਗਿਆ ਸੀ।
ਐਬਟ ਨੇ ਸਰਕਾਰੀ ਪੈਸੇ ਨਾਲ ਚੱਲਦੀਆਂ ਨੌਕਰੀਆਂ ਵਿਚ ਟੈਕਸਸ ਦੇ ਲੋਕਾਂ ਨੂੰ ਪਹਿਲ ਦੇਣ ਦੀ ਦਲੀਲ ਦਿੱਤੀ ਸੀ। ਹਿਨੋਹੋਸਾ ਨੇ ਮੰਨਿਆ ਕਿ ਐੱਚ-1ਬੀ ਪ੍ਰੋਗਰਾਮ ਦੀ ਦੁਰਵਰਤੋਂ ਅਤੇ ਵਿਦੇਸ਼ੀ ਕਾਮਿਆਂ ਦੇ ਸ਼ੋਸ਼ਣ ਦੇ ਮਾਮਲੇ ਹੋਏ ਹਨ। ਕਿਰਤ ਮਾਮਲਿਆਂ ਦੀ ਵਕੀਲ ਵਜੋਂ ਉਨ੍ਹਾਂ ਨੇ ਅਜਿਹੇ ਕੇਸ ਦੇਖੇ ਹਨ। ਉਨ੍ਹਾਂ ਕਿਹਾ ਕਿ ਦੁਰਵਰਤੋਂ ਰੋਕਣ ਲਈ ਢੁੱਕਵੀਂ ਕਾਰਵਾਈ ਹੋਣੀ ਚਾਹੀਦੀ ਹੈ, ਪਰ ਹਰ ਅਦਾਰੇ ਉੱਤੇ ਇਕੋ ਜਿਹੀ ਰੋਕ ਲਾਉਣਾ ਹੱਲ ਨਹੀਂ। ਹਿਨੋਹੋਸਾ ਨੇ 19 ਜਨਵਰੀ ਨੂੰ ਅਹੁਦਾ ਸੰਭਾਲਣਾ ਹੈ।