ਰਿਹਾਅ ਕੀਤੇ ਲੋਕਾਂ ਨੂੰ ਮੁੜ ਫੜ ਕੇ ਆਈਸ ਨੇ ਅਦਾਲਤੀ ਹੁਕਮਾਂ ਦਾ ਮਜ਼ਾਕ ਬਣਾਇਆ: ਜੱਜ
ਨਿਊਯਾਰਕ, 20 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਕੋਲੋਰਾਡੋ ਸੂਬੇ ਵਿੱਚ ਅਦਾਲਤ ਦੇ ਹੁਕਮਾਂ ਉੱਤੇ ਰਿਹਾਅ ਕੀਤੇ ਪਰਵਾਸੀਆਂ ਨੂੰ ਤੁਰੰਤ ਮੁੜ ਫੜਨ ਕਾਰਨ ਪਰਵਾਸ ਏਜੰਸੀ ‘ਆਈਸ’ ਨੂੰ ਸਖ਼ਤ ਝਾੜ ਪਈ ਹੈ। ਸੰਘੀ ਜੱਜ ਸ਼ਾਰਲਟ ਸਵੀਨੀ ਨੇ ਕਿਹਾ ਕਿ ਅਜਿਹਾ ਕਰਕੇ ਏਜੰਸੀ ਨੇ ਅਦਾਲਤੀ ਹੁਕਮਾਂ ਦਾ ਮਜ਼ਾਕ ਬਣਾ ਦਿੱਤਾ ਹੈ।
ਨਿਊਯਾਰਕ, 20 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਕੋਲੋਰਾਡੋ ਸੂਬੇ ਵਿੱਚ ਅਦਾਲਤ ਦੇ ਹੁਕਮਾਂ ਉੱਤੇ ਰਿਹਾਅ ਕੀਤੇ ਪਰਵਾਸੀਆਂ ਨੂੰ ਤੁਰੰਤ ਮੁੜ ਫੜਨ ਕਾਰਨ ਪਰਵਾਸ ਏਜੰਸੀ ‘ਆਈਸ’ ਨੂੰ ਸਖ਼ਤ ਝਾੜ ਪਈ ਹੈ। ਸੰਘੀ ਜੱਜ ਸ਼ਾਰਲਟ ਸਵੀਨੀ ਨੇ ਕਿਹਾ ਕਿ ਅਜਿਹਾ ਕਰਕੇ ਏਜੰਸੀ ਨੇ ਅਦਾਲਤੀ ਹੁਕਮਾਂ ਦਾ ਮਜ਼ਾਕ ਬਣਾ ਦਿੱਤਾ ਹੈ। ਮਾਮਲਾ ਇਕ ਅਜਿਹੇ ਵਿਅਕਤੀ ਨਾਲ ਜੁੜਿਆ ਹੈ, ਜਿਸ ਨੂੰ ਜੱਜ ਨੇ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ, ਪਰ ਅਧਿਕਾਰੀਆਂ ਨੇ ਛੱਡਦਿਆਂ ਹੀ ਉਸ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ। ਅਦਾਲਤ ਨੇ ਇਸ ਲਈ ਸਰਕਾਰੀ ਅਧਿਕਾਰੀਆਂ ਨੂੰ ਅਦਾਲਤ ਦੀ ਤੌਹੀਨ ਦਾ ਜ਼ਿੰਮੇਵਾਰ ਮੰਨਿਆ। ਬਾਅਦ ਵਿੱਚ ਇਕ ਅਧਿਕਾਰੀ ਨੇ ਅਦਾਲਤ ਵਿੱਚ ਸਹੁੰ ਚੁੱਕ ਕੇ ਦੱਸਿਆ ਕਿ ਇਹ ਤਰੀਕਾ ਬੰਦ ਕਰ ਦਿੱਤਾ ਗਿਆ ਹੈ। ਇਸ ਮਗਰੋਂ ਜੱਜ ਨੇ ਹੋਰ ਕਾਰਵਾਈ ਨਹੀਂ ਕੀਤੀ। ਇਕ ਸਥਾਨਕ ਰਿਪੋਰਟ ਅਨੁਸਾਰ ਪਿਛਲੇ ਛੇ ਹਫ਼ਤਿਆਂ ਦੌਰਾਨ ਕੋਲੋਰਾਡੋ ਵਿੱਚ ਘੱਟੋ-ਘੱਟ 18 ਲੋਕਾਂ ਨੂੰ ਰਿਹਾਈ ਦੇ ਹੁਕਮਾਂ ਮਗਰੋਂ ਵੀ ਹਿਰਾਸਤ ਵਿੱਚ ਰੱਖਿਆ ਗਿਆ ਜਾਂ ਛੱਡਣ ਦੇ ਕੁਝ ਮਿੰਟਾਂ ਅੰਦਰ ਮੁੜ ਫੜ ਲਿਆ ਗਿਆ। ਪਰਵਾਸੀਆਂ ਦੇ ਕੇਸ ਲੜਨ ਵਾਲੇ ਵਕੀਲਾਂ ਦਾ ਕਹਿਣਾ ਹੈ ਕਿ ਇਹ ਗਿਣਤੀ ਹੋਰ ਵੱਧ ਹੋ ਸਕਦੀ ਹੈ, ਕਿਉਂਕਿ ਕੁਝ ਲੋਕ ਬਿਨਾਂ ਵਕੀਲ ਤੋਂ ਆਪਣੇ ਕੇਸ ਆਪ ਲੜ ਰਹੇ ਹਨ। ਮਨੁੱਖੀ ਹੱਕਾਂ ਲਈ ਕੰਮ ਕਰਦੀਆਂ ਜਥੇਬੰਦੀਆਂ ਨੇ ਦੋਸ਼ ਲਾਇਆ ਹੈ ਕਿ ਟਰੰਪ ਪ੍ਰਸ਼ਾਸਨ ਦੀਆਂ ਪਰਵਾਸ ਕਾਰਵਾਈਆਂ ਦੌਰਾਨ ਲੋਕਾਂ ਦੀ ਬੋਲਣ ਦੀ ਆਜ਼ਾਦੀ ਅਤੇ ਕਾਨੂੰਨ ਅਨੁਸਾਰ ਆਪਣਾ ਪੱਖ ਰੱਖਣ ਦੇ ਹੱਕ ਨੂੰ ਠੇਸ ਪਹੁੰਚ ਰਹੀ ਹੈ। ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਾਰਵਾਈਆਂ ਦੇਸ਼ ਦੀ ਸੁਰੱਖਿਆ ਲਈ ਅਤੇ ਕਾਨੂੰਨ ਦੇ ਘੇਰੇ ਵਿੱਚ ਕੀਤੀਆਂ ਜਾ ਰਹੀਆਂ ਹਨ। ਜੱਜ ਦੀਆਂ ਟਿੱਪਣੀਆਂ ਬਾਰੇ ਆਈਸ ਅਤੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਖ਼ਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਮਿਲਿਆ ਸੀ।