ਝੋਨੇ ਤੇ ਬਾਸਮਤੀ ਦੀ ਭਰਪੂਰ ਫ਼ਸਲ ਦੀ ਕਟਾਈ, ਸਾਂਭ–ਸੰਭਾਲ ਤੇ ਮੰਡੀਕਰਨ ਵਿਚ ਭਾਵੇਂ ਕਿਸਾਨ ਰੁੱਝੇ ਹੋਏ ਹਨ ਪਰ ਉਹ ਨਾਲ ਹੀ ਕਣਕ ਦੀ ਬਿਜਾਈ ਵੀ ਕਰ ਰਹੇ ਹਨ | ਝੋਨਾ ਖ਼ਰੀਫ਼ ਦੀ ਤੇ ਕਣਕ ਰੱਬੀ ਦੀਆਂ ਮੁੱਖ ਫ਼ਸਲਾਂ ਹਨ | ਉਹ ਜਾਣਦੇ ਹਨ ਕਿ ਉਤਪਾਦਕਤਾ ਤੇ ਝਾੜ ਵਧਾਉਣ ਵਿਚ ਯੋਗ ਕਿਸਮਾਂ ਦਾ ਮੁੱਖ ਰੋਲ ਹੈ | ਪੂਸਾ ਬਾਸਮਤੀ–1509, ਪੂਸਾ ਬਾਸਮਤੀ–1121 ਤੇ ਪੂਸਾ ਬਾਸਮਤੀ–1401 ਦੇ ਇਸ ਸਾਲ ਮਿਲ ਰਹੇ ਭਾਅ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਖੇੜਾ ਲਿਆਂਦਾ | ਪੂਸਾ ਬਾਸਮਤੀ–1509 ਕਿਸਮ 4300 ਤੋਂ 4500 ਰੁਪਏ, ਪੂਸਾ ਬਾਸਮਤੀ–1121 (ਐਕਸਪੋਰਟ ਵਰਾਇਟੀ) 5500 ਰੁਪਏ ਤੱਕ ਤੇ ਪੂਸਾ ਬਾਸਮਤੀ–1401 ਕਿਸਮ 5200 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਹੀਆਂ ਹਨ |

ਇਨ੍ਹਾਂ ਕਿਸਮਾਂ ਦਾ ਝਾੜ 18 ਤੋਂ 27–28 ਕੁਇੰਟਲ ਪ੍ਰਤੀ ਏਕੜ ਤੱਕ ਆ ਰਿਹਾ ਹੈ | ਝਾੜ ਤੇ ਭਾਅ ਨੂੰ ਮੁੱਖ ਰੱਖਦਿਆਂ ਅਗਲੇ ਸਾਲ ਝੋਨਾ ਤੇ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਹੋਰ ਵਧਣ ਦੀ ਸੰਭਾਵਨਾ ਹੈ | ਇਸ ਸਾਲ ਝੋਨੇ ਦੀ 32.6 ਲੱਖ ਅਤੇ ਬਾਸਮਤੀ ਦੀ 6.8 ਲੱਖ ਹੈਕਟੇਅਰ ਤੱਕ ਦੇ ਰਕਬੇ 'ਤੇ ਕਾਸ਼ਤ ਹੋਈ ਹੈ | ਮੰਡੀਆਂ 'ਚ ਆਮਦ ਵਧਣ ਨਾਲ ਸਰਕਾਰ ਨੂੰ ਸਰਕਾਰੀ ਖਰੀਦ ਦੇ ਟੀਚੇ ਵਾਰ–ਵਾਰ ਵਧਾਉਣੇ ਪੈ ਰਹੇ ਹਨ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਅਨੁਸਾਰ ਝੋਨੇ ਦਾ ਉਤਪਾਦਨ 220 ਲੱਖ ਟਨ ਤੋਂ ਟੱਪ ਜਾਵੇਗਾ ਤੇ ਬਾਸਮਤੀ ਦਾ ਵੀ ਇਸ ਸਾਲ ਰਿਕਾਰਡ ਉਤਪਾਦਨ ਹੋਵੇਗਾ | ਫ਼ਸਲੀ ਭਿੰਨਤਾ ਲਈ ਵੀ ਬਾਸਮਤੀ ਉੱਭਰ ਕੇ ਆ ਰਹੀ ਹੈ | ਝੋਨੇ ਦੇ ਮੁਕਾਬਲੇ ਇਸ ਦੀ ਪਾਣੀ ਦੀ ਲੋੜ ਬਹੁਤ ਘੱਟ ਹੈ | ਝੋਨੇ ਦਾ ਭਾਅ ਕਿਸਾਨਾਂ ਨੂੰ ਐਮ.ਐਸ.ਪੀ 'ਤੇ 2461 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ | ਮੱਕੀ, ਜਿਸ ਦੀ ਕਾਸ਼ਤ ਲਈ ਸਰਕਾਰ ਜ਼ੋਰ ਦੇ ਰਹੀ ਹੈ, ਉਸ ਦੀ ਵੀ ਪਾਣੀ ਦੀ ਲੋੜ ਝੋਨੇ ਨਾਲੋਂ ਬਹੁਤੀ ਘੱਟ ਨਹੀਂ ਹੈ | ਇਸ ਲਈ ਮੱਕੀ ਦੀ ਕਾਸ਼ਤ ਥੱਲੇ ਰਕਬੇ 'ਚ ਬਹੁਤ ਘੱਟ ਵਾਧਾ ਹੋਇਆ ਹੈ | ਕਪਾਹ/ਨਰਮੇ ਦੀ ਕਾਸ਼ਤ ਥੱਲੇ ਰਕਬਾ ਤੇਜ਼ੀ ਨਾਲ ਘਟਿਆ ਹੈ | 2011–12 'ਚ 5.15 ਲੱਖ ਹੈਕਟੇਅਰ ਹੁੰਦਾ ਸੀ, ਜੋ ਹੁਣ ਘੱਟ ਕੇ 1 ਲੱਖ ਹੈਕਟੇਅਰ ਤੋਂ ਵੀ ਹੇਠਾਂ ਆ ਗਿਆ ਹੈ |
ਬਾਸਮਤੀ ਤੋਂ ਇਲਾਵਾ ਪੰਜਾਬ ਸਰਕਾਰ ਫ਼ਸਲੀ ਭਿੰਨਤਾ ਲਈ ਸਬਜ਼ੀਆਂ ਤੇ ਫ਼ਲਾਂ ਦੀ ਕਾਸ਼ਤ ਵਧਾਉਣ 'ਤੇ ਜ਼ੋਰ ਦੇ ਰਹੀ ਹੈ | ਪੀ.ਏ.ਯੂ. 'ਚ ਫ਼ਲਾਂ ਦੀ ਕਾਸ਼ਤ ਲਈ ਵੱਡਾ ਪ੍ਰਾਜੈਕਟ ਵਜੂਦ 'ਚ ਲਿਆਂਦਾ ਗਿਆ ਹੈ ਅਤੇ ਇੱਥੇ ਫ਼ਲਾਂ ਤੇ ਸਬਜ਼ੀਆਂ ਦੇ ਮਾਹਿਰ ਡਾ. ਹਰਵਿੰਦਰ ਸਿੰਘ ਧਾਲੀਵਾਲ ਨੂੰ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ | ਫ਼ਲਾਂ ਤੇ ਸਬਜ਼ੀਆਂ ਨਾਲ ਫ਼ਸਲੀ–ਵਿਭਿੰਨਤਾ ਤੋਂ ਇਲਾਵਾ ਰੁਜ਼ਗਾਰ ਦੇ ਸਾਧਨ ਵੀ ਵਧਦੇ ਹਨ | ਫ਼ਲਾਂ ਤੇ ਸਬਜ਼ੀਆਂ ਦੀ ਕਾਸ਼ਤ ਥੱਲੇ ਰਕਬਾ ਵਧਾਉਣ ਦੀ ਗੁੰਜਾਇਸ਼ ਹੈ | ਇਸ ਲਈ ਠੰਢੀ ਚੇਨ ਦੀਆਂ ਸਹੂਲਤਾਂ ਵਧਾਉਣ ਦੀ ਲੋੜ ਹੈ | ਕਿਸਾਨ ਪ੍ਰੋਸੈਸਿੰਗ ਤੇ ਗੁਣਵੱਤਾ ਨਾਲ ਸਬਜ਼ੀ ਆਧਾਰਤ ਉਦਯੋਗ ਲਾ ਸਕਦੇ ਹਨ | ਪੌਲੀ ਹਾਊਸ ਤਕਨੀਕ ਨਾਲ ਬੇਮੌਸਮੀਆਂ ਸਬਜ਼ੀਆਂ ਉਗਾ ਕੇ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ | ਪਨੀਰੀਆਂ ਰਾਹੀਂ ਸਬਜ਼ੀਆਂ ਲਾ ਕੇ ਉਤਪਾਦਕਤਾ ਤੇ ਉਤਪਾਦਨ ਵਧਾਏ ਜਾ ਸਕਦੇ ਹਨ | ਫ਼ਲਾਂ ਦੀ ਕਾਸ਼ਤ ਥੱਲੇ ਵੀ ਰਕਬਾ ਵਧਾਉਣ ਦੀ ਲੋੜ ਹੈ | ਅੰਬਾਂ ਦੀਆਂ ਮਧਰੀਆਂ ਹਾਈਬਿ੍ਡ ਕਿਸਮਾਂ ਵਿਕਸਿਤ ਹੋਣ ਨਾਲ ਇਸ ਤੋਂ ਵਧੇਰੇ ਮੁਨਾਫ਼ਾ ਲਿਆ ਜਾ ਸਕਦਾ ਹੈ | ਪੰਜਾਬ 'ਚ ਤਿੰਨ ਫ਼ਸਲੀ–ਚੱਕਰ ਦਾ ਝੁਕਾਅ ਵੀ ਵਧ ਰਿਹਾ ਹੈ, ਜਿਸ ਨਾਲ ਕਿਸਾਨਾਂ ਨੂੰ ਵਧੇਰੇ ਮੁਨਾਫ਼ਾ ਮਿਲੇਗਾ | ਹੁਣ ਕਿਸਾਨ ਕਣਕ ਦੀ ਬਿਜਾਈ 'ਚ ਰੁੱਝੇ ਹੋਏ ਹਨ ਤੇ ਬਹੁਮਤ ਨੇ ਪੀ.ਏ.ਯੂ. ਦੀਆਂ ਪੀਬੀਡਬਲਿਊ–887, ਪੀਬੀਡਬਲਿਊ–872, ਪੀਬੀਡਬਲਿਊ–826, ਆਈ. ਆਈ. ਡਬਲਿਊ. ਬੀ. ਆਰ. ਦੀਆਂ ਡੀਬੀਡਬਲਿਊ–327, ਡੀਬੀਡਬਲਿਊ–371, ਡੀਬੀਡਬਲਿਊ–372 ਤੇ ਆਈ. ਏ. ਆਰ. ਆਈ. ਦੀਆਂ ਐਚਡੀ–3386, ਐਚਡੀ–3471 ਆਦਿ ਕਿਸਮਾਂ ਨੂੰ ਵਧੇਰੇ ਪਸੰਦ ਕੀਤਾ ਹੈ | ਇਸ ਸਾਲ ਖਰਚੇ ਘਟਾਉਣ ਲਈ ਕੁਝ ਕਿਸਾਨ ਆਪਣਾ ਬੀਜ ਹੀ ਵਰਤ ਰਹੇ ਹਨ | ਇਸ ਨਾਲ ਬੀਜ ਬਦਲ ਦਰ ਪ੍ਰਭਾਵਿਤ ਹੋਵੇਗੀ, ਜਿਸ ਦਾ ਅਸਰ ਉਤਪਾਦਨ 'ਤੇ ਵੀ ਪਵੇਗਾ | ਨਿੱਜੀ ਵਿਕਰੇਤਾਵਾਂ ਤੇ ਸੰਸਥਾਵਾਂ ਤੋਂ ਪਤਾ ਲਗਦਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਉਨ੍ਹਾਂ ਦੇ ਬੀਜ ਦੀ ਵਿਕਰੀ ਇਸ ਸਾਲ ਘੱਟ ਹੋਈ ਹੈ | ਕੁਝ ਕਿਸਾਨ ਬੀਜ ਉਤਪਾਦਕ ਤੇ ਵਿਕਰੇਤਾ ਬਣ ਗਏ ਹਨ ਅਤੇ ਨਵੀਆਂ ਕਿਸਮਾਂ ਦੇ ਬੀਜਾਂ ਦੀ ਤਲਾਸ਼ ਕਰ ਰਹੇ ਹਨ, ਜੋ ਪਰਖੀਆਂ ਵੀ ਨਹੀਂ ਗਈਆਂ ਤੇ ਫ਼ਸਲਾਂ ਦੀਆਂ ਕਿਸਮਾਂ ਤੇ ਮਿਆਰਾਂ ਦੀ ਪ੍ਰਮਾਣਿਕਤਾ ਦੇਣ ਵਾਲੀ ਕੇਂਦਰ ਦੀ ਕਮੇਟੀ ਵਲੋਂ ਵੀ ਜਾਰੀ ਨਹੀਂ ਹੋਈਆਂ, ਤਾਂ ਜੋ ਉਹ ਦੂਜੇ ਕਿਸਾਨਾਂ ਨੂੰ ਇਸ ਦਾ ਬੀਜ ਪੈਦਾ ਕਰਕੇ ਮਹਿੰਗੇ ਭਾਅ ਵੇਚ ਕੇ ਮੁਨਾਫ਼ਾ ਕਮਾ ਸਕਣ | ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਕਿਸਮਾਂ ਜਾਰੀ ਹੀ ਨਹੀਂ ਹੋਈਆਂ, ਉਹ ਪ੍ਰਮਾਣਿਕ ਕਿਸਮਾਂ ਨਾਲੋਂ ਵਧੇਰੇ ਲਾਹੇਵੰਦ ਕਿਵੇਂ ਹੋ ਸਕਦੀਆਂ ਹਨ |
ਕਣਕ ਦੀ ਕਾਸ਼ਤ ਕਰੀਬ 35 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਜਾਣੀ ਹੈ | ਇਸ ਨੂੰ ਹਰ ਵੱਡਾ–ਛੋਟਾ ਕਿਸਾਨ ਬੀਜਦਾ ਹੈ, ਪੰੰ੍ਰਤੂ ਹਾੜ੍ਹੀ 'ਚ ਜੋ ਇਸ ਦੇ ਬਦਲ ਹਨ, ਉਨ੍ਹਾਂ ਨੂੰ ਅਪਣਾਉਣ ਲਈ ਅਜੇ ਕਿਸਾਨ ਅੱਗੇ ਨਹੀਂ ਆਏ | ਫ਼ਸਲੀ ਭਿੰਨਤਾ ਪੱਖੋਂ ਪੰਜਾਬ ਸਰਕਾਰ ਮੂੰਗਫਲੀ ਜਿਹੀਆਂ ਫ਼ਸਲਾਂ ਦੀ ਕਾਸ਼ਤ ਦੇ ਤਜਰਬਿਆਂ ਤੋਂ ਬਾਅਦ ਦੂਜੇ ਰਾਜਾਂ ਤੋਂ ਬੀਜ ਮੰਗਾਂ ਕੇ ਕਿਸਾਨਾਂ ਨੂੰ ਕਾਸ਼ਤ ਕਰਨ ਲਈ ਪ੍ਰੇਰਿਤ ਕਰ ਰਹੀ ਹੈ | ਪੰਜਾਬ ਸਰਕਾਰ ਖੇਤੀ ਮਸ਼ੀਨਰੀ ਜਿਵੇਂ ਹੈਪੀ ਸੀਡਰ ਤੇ ਸੁਪਰ ਸੀਡਰ ਆਦਿ 'ਤੇ ਸਬਸਿਡੀਆਂ ਦੇ ਰਹੀ ਹੈ, ਤਾਂ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਈ ਜਾਵੇ ਪਰ ਫੇਰ ਵੀ ਕੁਝ ਜ਼ਿਲਿ੍ਹਆਂ 'ਚ ਅੱਗ ਲਾਈ ਜਾ ਰਹੀ ਹੈ, ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਨ੍ਹਾਂ ਘਟਨਾਵਾਂ 'ਚ ਕਾਫ਼ੀ ਕਮੀ ਆਈ ਹੈ, ਕਿਉਂਕਿ ਕਿਸਾਨ ਜਾਣ ਗਏ ਹਨ ਕਿ ਪਰਾਲੀ ਨੂੰ ਖੇਤ 'ਚ ਵਾਹਿਆਂ ਜ਼ਮੀਨ ਦਾ ਉਪਜਾਊਪਣ ਵਧਦਾ ਹੈ | ਹੁਣ ਪਰਾਲੀ ਤੇ ਹੋਰ ਰਹਿੰਦ–ਖੂੰਹਦ ਨੂੰ ਪਲਾਂਟਾਂ ਤੇ ਉਦਯੋਗਾਂ ਵਿਚ ਵੀ ਵੱਡੀ ਮਾਤਰਾ 'ਚ ਈਾਧਣ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ |
ਈ-ਮੇਲ : bhagwandass2260gmail.com