08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਾਕਿਸਤਾਨ ਇਕ ਵਾਰ ਫਿਰ ਗੰਭੀਰ ਮੋੜ 'ਤੇ

ਪਾਕਿਸਤਾਨ ਇਕ ਵਾਰ ਫਿਰ ਗੰਭੀਰ ਮੋੜ 'ਤੇ

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

ਪਾਕਿਸਤਾਨ ਸ਼ੁਰੂ ਤੋਂ ਹੀ ਭਾਰਤ ਲਈ ਵੱਡੀ ਸਿਰਦਰਦੀ ਬਣਿਆ ਰਿਹਾ ਹੈ | ਇਸ ਗਵਾਂਢੀ ਦੇਸ਼ ਦੀ ਦੁਸ਼ਮਣੀ ਭਰੀ ਚੁਣੌਤੀ ਨਾਲ ਨਿਪਟਣ ਲਈ ਭਾਰਤ ਨੇ ਹੁਣ ਤੱਕ ਖਰਬਾਂ ਰੁਪਏ ਖ਼ਰਚ ਕਰ ਦਿੱਤੇ ਹਨ ਪਰ ਇਸ ਦੇ ਬਾਵਜੂਦ ਹਾਲਤ 'ਚ ਸੁਧਾਰ ਨਹੀਂ ਆਇਆ | ਪਾਕਿਸਤਾਨ ਆਪਣੇ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤੱਕ ਕਦੇ ਸਥਿਰ ਨਹੀਂ ਰਿਹਾ, ਸਗੋਂ ਬਹੁਤੀ ਵਾਰ ਇਥੋਂ ਦੇ ਲੋਕਾਂ ਨੂੰ  ਲੰਮੇ ਤਾਨਾਸ਼ਾਹੀ ਪ੍ਰਸ਼ਾਸਨਾਂ ਦੀ ਸਖ਼ਤੀ ਨੂੰ  ਭੁਗਤਣਾ ਪਿਆ ਹੈ | ਇਸ ਅੰਦਰ ਲਗਾਤਾਰ ਗੜਬੜੀ ਵਾਲੇ ਹਾਲਾਤ ਬਣੇ ਰਹੇ ਹਨ, ਆਪਣੀਆਂ ਗ਼ਲਤ ਤੇ ਬੇਤਰਤੀਬੀ ਵਾਲੀਆਂ ਨੀਤੀਆਂ ਕਾਰਨ ਇਸ ਦੇਸ਼ ਵਿਚ ਦੁਨੀਆ ਭਰ ਦੇ ਅੱਤਵਾਦੀ ਇਕੱਠੇ ਹੁੰਦੇ ਰਹੇ ਹਨ, ਜੋ ਨਾ ਸਿਰਫ਼ ਭਾਰਤ ਅਤੇ ਹੋਰ ਦੇਸ਼ਾਂ ਲਈ ਲਗਾਤਾਰ ਖ਼ਤਰਾ ਬਣੇ ਰਹੇ ਹਨ, ਸਗੋਂ ਹੁਣ ਪਾਕਿਸਤਾਨ ਲਈ ਵੀ ਵੱਡਾ ਖ਼ਤਰਾ ਬਣ ਕੇ ਉੱਭਰੇ ਹਨ | ਇਨ੍ਹਾਂ ਦੀਆਂ ਸਰਗਰਮੀਆਂ ਨੇ ਪਾਕਿਸਤਾਨੀਆਂ ਨੂੰ  ਵੀ ਲਹੂ-ਲੁਹਾਨ ਕਰੀ ਰੱਖਿਆ ਹੈ |

ਪਹਿਲਾਂ ਆਪਣੇ ਸਿਖਾਏ ਤੇ ਹੁਣ ਉਸ ਦੇ ਦੁਸ਼ਮਣ ਬਣੇ ਪਾਕਿਸਤਾਨੀ ਤਾਲਿਬਾਨ ਪਾਕਿਸਤਾਨ ਦੇ ਪ੍ਰਸ਼ਾਸਨ ਨੂੰ  ਉਲਟਾ ਕੇ ਅਫ਼ਗਾਨਿਸਤਾਨ ਵਾਂਗੂ ਇਥੇ ਵੀ ਆਪਣਾ ਇਸਲਾਮਿਕ ਸ਼ਰੀਅਤ ਵਾਲਾ ਰਾਜ ਕਾਇਮ ਕਰਨਾ ਚਾਹੁੰਦੇ ਹਨ | ਇਸ ਲਈ ਉੱਥੇ ਲਗਾਤਾਰ ਹਾਲਾਤ ਗੜਬੜ ਵਾਲੇ ਬਣੇ ਰਹਿੰਦੇ ਹਨ | ਖ਼ੈਬਰ ਪਖ਼ਤੂਨਖਵਾ ਵਿਚ ਆਪਣੇ ਕਾਇਮ ਕੀਤੇ ਅੱਡਿਆਂ ਤੋਂ ਇਲਾਵਾ ਸਰਹੱਦ ਪਾਰ ਅਫ਼ਗਾਨਿਸਤਾਨ ਤੋਂ ਵੀ ਉਹ ਆਪਣੀਆਂ ਹਮਲਾਵਰ ਕਾਰਵਾਈਆਂ ਜਾਰੀ ਰੱਖ ਰਹੇ ਹਨ | ਇਹ ਵੀ ਇਕ ਵੱਡਾ ਕਾਰਨ ਹੈ ਕਿ ਕੱਲ੍ਹ ਦਾ ਉਸ ਦਾ ਮਿੱਤਰ ਅਫ਼ਗਾਨਿਸਤਾਨ ਅੱਜ ਉਸ ਦਾ ਇਸ ਲਈ ਦੁਸ਼ਮਣ ਬਣ ਗਿਆ ਹੈ, ਕਿਉਂਕਿ ਪਾਕਿਸਤਾਨ ਨੇ ਪਾਕਿਸਤਾਨੀ ਤਾਲਿਬਾਨਾਂ ਦੇ  ਸਰਹੱਦੋਂ ਪਾਰਲੇ ਕੈਂਪਾਂ ਉੱਤੇ ਹਵਾਈ ਹਮਲੇ ਜਾਰੀ ਰੱਖੇ ਹੋਏ ਹਨ,  ਅਫ਼ਗਾਨਿਸਤਾਨ ਦੇ ਸਰਹੱਦੀ ਇਲਾਕਿਆਂ 'ਤੇ ਬੰਬਾਰੀ ਕਰਕੇ ਪਾਕਿਸਤਾਨ ਵਲੋਂ ਉਥੇ ਦੇ ਆਮ ਲੋਕਾਂ ਨੂੰ  ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਅਫ਼ਗਾਨਿਸਤਾਨ ਇਸ ਨੂੰ  ਆਪਣੀ ਪ੍ਰਭੂਸੱਤਾ 'ਤੇ ਹਮਲਾ ਸਮਝਦਾ ਹੈ, ਜਿਸ ਕਰਕੇ ਦੋਵੇਂ ਹੀ ਦੇਸ਼ ਲਗਾਤਾਰ ਹਥਿਆਰਬੰਦ ਟਕਰਾਵਾਂ ਕਰਕੇ ਜੰਗ ਦੀ ਸਥਿਤੀ ਵਿਚ ਆਏ ਰਹਿੰਦੇ ਹਨ | ਅੰਗਰੇਜ਼ੀ ਰਾਜ ਸਮੇਂ ਤੋਂ ਹੀ ਭਾਰਤ ਤੇ ਪਾਕਿਸਤਾਨ ਦਰਮਿਆਨ ਜੋ ਡੁਰੰਡ ਲਾਈਨ ਖਿੱਚੀ ਗਈ ਸੀ, ਨੂੰ  ਲੈ ਕੇ ਵੀ ਦੋਹਾਂ ਦੇਸ਼ਾਂ ਵਿਚ ਝਗੜਾ ਚਲਦਾ ਆ ਰਿਹਾ ਹੈ | ਭਾਰਤ ਦੀ ਵੰਡ ਤੋਂ ਬਾਅਦ ਇਹ ਇਲਾਕੇ ਪਾਕਿਸਤਾਨ ਕੋਲ ਚਲੇ ਜਾਣ ਕਰਕੇ ਸਰਹੱਦੀ ਝਗੜੇ ਦੀ ਲੜਾਈ ਹੁਣ ਉਸ ਦੇ ਪੱਲੇ ਪੈ ਚੁੱਕੀ ਹੈ | ਇਸ ਨੂੰ  ਹੱਲ ਕੀਤਾ ਜਾਣਾ ਮੁਸ਼ਕਿਲ ਜਾਪਦਾ ਹੈ |
ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿਚ ਵੀ ਬਲੋਚ ਮੁਜਾਹਿਦਾਂ ਨੇ ਪਾਕਿਸਤਾਨ ਵਿਰੁੱਧ ਇਕ ਵੱਡੀ ਜੰਗ ਛੇੜ ਰੱਖੀ ਹੈ | ਇਸ ਲੜਾਈ ਵਿਚ ਜਿਥੇ ਫ਼ੌਜ ਵਲੋਂ ਲਗਾਤਾਰ ਬਲੋਚ ਵਿਦਰੋਹੀਆਂ ਨੂੰ  ਮਾਰਿਆ ਜਾ ਰਿਹਾ ਹੈ, ਉਥੇ ਬਲੋਚਾਂ ਦੀ ਆਪਣੀ ਬਣਾਈ ਫ਼ੌਜ ਵੀ ਪਾਕਿਸਤਾਨ ਨਾਲ ਪੂਰੀ ਟੱਕਰ ਲੈ ਰਹੀ ਹੈ ਤੇ ਉਸ ਲਈ ਲਗਾਤਾਰ ਖ਼ਤਰਾ ਬਣੀ ਹੋਈ ਹੈ | ਇਸੇ ਹੀ ਤਰ੍ਹਾਂ ਮਕਬੂਜ਼ਾ ਕਸ਼ਮੀਰ ਵਿਚ ਵੀ ਇਕ ਤਰ੍ਹਾਂ ਨਾਲ ਬਗ਼ਾਵਤ ਫੈਲੀ ਹੋਈ ਹੈ ਤੇ ਉਥੇ ਵੱਡੀ ਗਿਣਤੀ 'ਚ ਲੋਕ ਕਿਸੇ ਵੀ ਸੂਰਤ 'ਚ ਪਾਕਿਸਤਾਨ ਨਾਲ ਨਹੀਂ ਰਹਿਣਾ ਚਾਹੁੰਦੇ | ਇਸ ਦੇ ਇਕ ਹੋਰ ਵੱਡੇ ਪ੍ਰਾਂਤ ਖ਼ੈਬਰ ਪਖ਼ਤੂਨਖਵਾ ਵਿਚ ਵੀ ਬਗ਼ਾਵਤੀ ਸੁਰਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ | ਇਸ ਦਾ ਕਾਰਨ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਇਸ ਦਾ ਜੁੜਿਆ ਹੋਣਾ ਹੈ | ਸਾਬਕਾ ਪਾਕਿਸਤਾਨੀ ਕ੍ਰਿਕਟਰ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪਿਛੋਕੜ ਵੀ ਇਸ ਸੂਬੇ ਨਾਲ ਜੁੜਿਆ ਹੋਇਆ ਹੈ | ਜਿਸ ਤਰ੍ਹਾਂ ਦਾ ਵਿਹਾਰ ਸ਼ਾਹਬਾਜ਼ ਦੀ ਸਰਕਾਰ ਅਤੇ ਫ਼ੌਜ ਉਸ ਨਾਲ ਕਰ ਰਹੀ ਹੈ, ਉਸ ਨੇ ਪਠਾਣਾਂ ਵਿਚ ਗੁੱਸੇ ਨੂੰ  ਹੋਰ ਵੀ ਵਧਾ ਦਿੱਤਾ ਹੈ | ਹਰ ਸੂਬੇ 'ਚ ਹਾਲਾਤ ਵਿਗੜੇ ਹੋਏ ਹੋਣ ਕਰਕੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਬੇਹੱਦ ਕਮਜ਼ੋਰ ਪੈ ਚੁੱਕੀ ਹੈ |
ਇਸੇ ਹੀ ਸਮੇਂ ਵਿਚ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਵੱਖ-ਵੱਖ ਸਮਿਆਂ 'ਤੇ ਬਹੁਤੀਆਂ ਸੁਰੱਖਿਆ ਤੇ ਪ੍ਰਸ਼ਾਸਨ ਸੰਬੰਧੀ ਸ਼ਕਤੀਆਂ ਆਪਣੇ ਹੱਥ ਲੈ ਲਈਆਂ ਹਨ | ਹੁਣ ਫ਼ੌਜ ਵਲੋਂ ਦੇਸ਼ ਦੇ ਚਾਰਾਂ ਸੂਬਿਆਂ ਨੂੰ  ਵੱਖ-ਵੱਖ ਹਿੱਸਿਆਂ ਵਿਚ ਵੰਡਣ ਦੀ ਯੋਜਨਾ ਬਣਾਈ ਗਈ ਹੈ | ਇਸ ਲਈ ਫ਼ੌਜ ਮੁਖੀ ਆਸਿਮ ਮੁਨੀਰ ਨੇ ਇਹ ਫ਼ਰਮਾਨ ਜਾਰੀ ਕਰ ਦਿੱਤਾ ਹੈ ਕਿ ਇਨ੍ਹਾਂ ਚਾਰਾਂ ਸੂਬਿਆਂ ਨੂੰ  12 ਪ੍ਰਸ਼ਾਸਨਿਕ ਖੇਤਰਾਂ 'ਚ ਵੰਡਿਆ ਜਾਏਗਾ | ਹੁਣ ਇਸ ਨੂੰ  ਲੈ ਕੇ ਸਿੰਧ 'ਚ ਇਕ ਵੱਡਾ ਬਵਾਲ ਮਚ ਗਿਆ ਹੈ | ਸਿੰਧ ਵਿਚ ਪਾਕਿਸਤਾਨ ਪੀਪਲਜ਼ ਪਾਰਟੀ ਦੀ ਹਕੂਮਤ ਹੈ | ਪਹਿਲਾਂ ਤੋਂ ਹੀ ਇਸ ਪਾਰਟੀ ਦਾ ਸੂਬੇ ਵਿਚ ਵੱਡਾ ਆਧਾਰ ਬਣਿਆ ਰਿਹਾ ਹੈ | ਕੁਝ ਦਿਨ ਪਹਿਲਾਂ ਹੀ ਉਥੋਂ ਦੇ ਪੀਪਲਜ਼ ਪਾਰਟੀ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਦੀ ਅਗਵਾਈ ਵਿਚ ਸਿੰਧ ਸੂਬੇ ਦੀ ਵਿਧਾਨ ਸਭਾ ਨੇ ਰਾਜ ਦੀ ਵੰਡ ਕਰਕੇ ਨਵੀਆਂ ਪ੍ਰਸ਼ਾਸਕੀ ਇਕਾਈਆਂ ਬਣਾਉਣ ਖ਼ਿਲਾਫ਼ ਭਾਰੀ ਬਹੁਮਤ ਨਾਲ ਮਤਾ ਪਾਸ ਕਰ ਦਿੱਤਾ ਹੈ | ਮੁੱਖ ਮੰਤਰੀ ਨੇ ਸਦਨ 'ਚ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੰਧ ਦੀ ਭੂਗੋਲਿਕ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਤੇ ਉਹ ਕਿਸੇ ਵੀ ਕੀਮਤ 'ਤੇ ਫ਼ੌਜ ਰਾਹੀਂ ਸੂਬਾ ਸਿੰਧ ਨੂੰ  ਵੰਡਣ ਨਹੀਂ ਦੇਣਗੇ ਤੇ ਇਸ ਦਾ ਹਰ ਪੱਖ ਤੋਂ ਵੱਡਾ ਵਿਰੋਧ ਕੀਤਾ ਜਾਏਗਾ | ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਸਰਕਾਰ ਸਮੇਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਸਿਫ਼ ਅਲੀ ਜ਼ਰਦਾਰੀ ਨੂੰ  ਰਾਸ਼ਟਰਪਤੀ ਬਣਾਇਆ ਗਿਆ ਸੀ | 
ਜ਼ਰਦਾਰੀ ਵੀ ਫ਼ੌਜ ਦੀ ਇਸ ਵੰਡ ਦੀ ਯੋਜਨਾ ਦੇ ਖ਼ਿਲਾਫ਼ ਹੈ | ਉਸ ਨੇ ਲੰਡਨ 'ਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਅਤੇ ਆਪਣੇ ਪੁੱਤਰ ਬਿਲਾਵਲ ਭੁੱਟੋ ਨਾਲ ਗੱਲਬਾਤ ਕੀਤੀ ਹੈ | ਫ਼ੌਜ ਦੀ ਇਸ ਯੋਜਨਾ ਵਿਰੁੱਧ ਪੀਪਲਜ਼ ਪਾਰਟੀ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ | ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਜਨਰਲ ਆਸਿਮ ਮੁਨੀਰ ਦੀ ਸਿੰਧ ਨੂੰ  ਤਿੰਨ ਹਿੱਸਿਆਂ 'ਚ ਵੰਡਣ ਦੀ ਯੋਜਨਾ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ | ਫ਼ੌਜ ਮੁਖੀ ਆਸਿਮ ਮੁਨੀਰ ਨੇ ਰਾਸ਼ਟਰਪਤੀ ਨੂੰ  ਇਕ ਹਫ਼ਤੇ ਵਿਚ ਇਸ ਯੋਜਨਾ ਨਾਲ ਸਹਿਮਤੀ ਪ੍ਰਗਟ ਕਰਨ ਦੀ ਹਦਾਇਤ ਦਿੱਤੀ ਹੈ | ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਜਿਸ ਦਾ ਸੰਬੰਧ ਪਾਕਿਸਤਾਨ ਦੇ ਪੰਜਾਬ ਸੂਬੇ ਨਾਲ ਹੈ, ਨੇ ਵੀ ਪੰਜਾਬ ਨੂੰ  ਕਈ ਹਿੱਸਿਆਂ ਵਿਚ ਵੰਡਣ 'ਤੇ ਅਸਹਿਮਤੀ ਪ੍ਰਗਟਾਈ ਹੈ | ਇਸ ਨਾਲ ਪਾਕਿਸਤਾਨ ਵਿਚ ਇਕ ਵਾਰ ਫਿਰ ਅਜਿਹਾ ਬਖੇੜਾ ਖੜ੍ਹਾ ਹੋਣ ਦੀ ਸੰਭਾਵਨਾ ਹੈ, ਜੋ ਫ਼ੌਜ ਲਈ ਚੁਣੌਤੀ ਬਣ ਸਕਦਾ ਹੈ | ਪਹਿਲਾਂ ਹੀ ਦੇਸ਼ ਭਰ ਵਿਚ ਅਸੰਤੁਸ਼ਟੀ ਫੈਲੀ ਹੋਈ ਹੈ | ਹੁਣ ਇਹ ਨਵਾਂ ਬਖੇੜਾ ਪਾਕਿਸਤਾਨ ਦੇ ਹਾਲਾਤ ਨੂੰ  ਹੋਰ ਵਧੇਰੇ ਵਿਸਫੋਟਕ ਬਣਾ ਸਕਦਾ ਹੈ | 

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ | —ਜਵਾਹਰ ਲਾਲ ਨਹਿਰੂ ਅਗਲੀ ਖ਼ਬਰ ਵਿਕਾਸ ਦਰ ਸੰਬੰਧੀ ਬੇਵਿਸ਼ਵਾਸੀ ਕਿਉਂ?
Ad Position 24