19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਇਕ ਸੰਵਾਦ ਪੰਜਾਬ ਦੇ ਨੌਜਵਾਨਾਂ ਨਾਲ

ਇਕ ਸੰਵਾਦ ਪੰਜਾਬ ਦੇ ਨੌਜਵਾਨਾਂ ਨਾਲ

Ad Position 21
No active advertisement
ਅਜੀਤ ਡੈਸਕ 20-08-2026

ਸ਼ਹੀਦ ਕਰਤਾਰ ਸਿੰਘ ਸਰਾਭਾ ਸਿਰਫ਼ 19 ਸਾਲ ਦੀ ਉਮਰ ਵਿਚ ਸਮੁੰਦਰ ਪਾਰ ਜਾ ਕੇ ਇਕ ਅਖ਼ਬਾਰ ਛਾਪ ਚੁੱਕੇ ਸਨ ਤੇ ਹਿੰਦੁਸਤਾਨ ਵਾਪਸ ਆ ਗਏ, ਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਦਾ ਇੰਤਜ਼ਾਰ ਫਾਂਸੀ ਦਾ ਤਖ਼ਤਾ ਕਰ ਰਿਹਾ ਹੈ | ਸ਼ਹੀਦ-ਏ-ਆਜ਼ਮ ਭਗਤ ਸਿੰਘ 23 ਸਾਲ ਤੇ ਸ਼ਹੀਦ ਮਦਨ ਲਾਲ ਢੀਂਗਰਾ 25 ਸਾਲ ਦੇ ਸਨ | ਗ਼ਦਰ ਲਹਿਰ ਦੇ ਫਾਂਸੀ ਦੇ ਤਖ਼ਤੇ ਤੱਕ ਪਹੁੰਚੇ ਬਹੁਤੇ ਨੌਜਵਾਨ ਦੁਆਬਾ, ਮਾਲਵਾ ਤੇ ਮਾਝੇ ਦੇ ਪਿੰਡਾਂ ਦੇ ਕਿਸਾਨਾਂ ਦੇ ਪੁੱਤ ਸਨ, ਜਿਨ੍ਹਾਂ ਨੂੰ  ਸ਼ਾਇਦ ਸਿਆਸੀ ਨਜ਼ਰੀਏ ਦੀ ਪਹਿਲੀ ਗੱਲ ਵੀ ਪਤਾ ਨਾ ਹੋਵੇ | ਉਨ੍ਹਾਂ ਬੱਸ ਇਕ ਫ਼ੈਸਲਾ ਕੀਤਾ ਸੀ ਕਿ ਕੁਝ ਚੀਜ਼ਾਂ ਜ਼ਿੰਦਗੀ ਤੋਂ ਵੀ ਵੱਧ ਕੀਮਤੀ ਹੁੰਦੀਆਂ ਹਨ |

ਮੈਂ ਅੱਜ ਆਪਣੀ ਗੱਲ ਇੱਥੋਂ ਸ਼ੁਰੂ ਕਰਨੀ ਚਾਹੁੰਦਾ ਹਾਂ, ਕਿਉਂਕਿ ਅਸੀਂ ਗ਼ੁਲਾਮੀ ਤੋਂ ਆਜ਼ਾਦੀ ਦਿਵਾਉਣ ਵਾਲੇ ਸਿਪਾਹੀਆਂ ਦਾ ਸ਼ੁਕਰੀਆ ਅਦਾ ਕਰਨ ਦੇ ਇਕ ਐਹੋ ਜਿਹੇ ਤਰੀਕੇ ਦੇ ਆਦੀ ਹੋ ਗਏ ਹਾਂ, ਜਿੱਥੇ ਉਹ ਸਿਰਫ ਇਕ ਇਤਿਹਾਸਕ ਕੈਟੇਗਰੀ ਬਣ ਕੇ ਰਹਿ ਗਏ ਹਨ | ਜਿਵੇਂ ਕਿ ਉਹ ਇਤਿਹਾਸ ਦੀ ਇਕ ਕਿਤਾਬ ਦਾ ਹਿੱਸਾ ਹੋਣ, ਨਾ ਕਿ ਇਕ ਨਾਮ, ਪਰਿਵਾਰ, ਪਿੰਡ ਤੇ ਸੁਪਨੇ ਦੇਖਣ ਵਾਲੇ ਨੌਜਵਾਨ | ਜਿਹੜੇ ਉਨ੍ਹਾਂ ਹੀ ਪਿੰਡਾਂ ਵਿਚ ਜੰਮੇ, ਜਿਨ੍ਹਾਂ ਪਿੰਡਾਂ ਕੋਲ ਦੀ ਅਸੀਂ ਅੱਜ ਵੀ ਲੰਘਦੇ ਰਹਿੰਦੇ ਹਾਂ | 
ਪੰਜਾਬ ਨੇ ਇਸ ਆਜ਼ਾਦੀ ਲਈ ਬਹੁਤ ਭਾਰੀ ਕੀਮਤ ਦੋ ਵਾਰ ਦਿੱਤੀ ਹੈ | ਇਕ ਵਾਰ ਜਲਿ੍ਹਆਂਵਾਲੇ ਬਾਗ ਵਿਚ, ਗ਼ਦਰ ਦੇ ਮੁਕੱਦਮਿਆਂ ਵਿਚ, ਕਾਮਾਗਾਟਾ ਮਾਰੂ 'ਤੇ ਅਤੇ ਇੰਡੀਅਨ ਨੈਸ਼ਨਲ ਆਰਮੀ (ਆਈ.ਐਨ.ਏ.) ਦੀਆਂ ਸਫ਼ਾਂ ਵਿਚ ਅਤੇ ਫਿਰ 1947 ਵਿਚ ਦੁਬਾਰਾ ਜਦੋਂ ਉਸ ਆਜ਼ਾਦੀ, ਜਿਸ ਲਈ ਅਸੀਂ ਖ਼ੂਨ ਡੋਲਿ੍ਹਆ ਸੀ, ਸਾਡੇ ਆਪਣੇ ਘਰ ਦੇ ਵਿਚਕਾਰ ਖਿੱਚੀ ਹੋਈ ਲਕੀਰ ਬਣ ਕੇ ਆਈ | ਲੱਖਾਂ ਲੋਕ ਉੱਜੜ ਗਏ, ਪਰਿਵਾਰ ਟੁੱਟ ਗਏ, ਇਕ ਪੂਰਾ ਸੂਬਾ ਦੋ ਹਿੱਸਿਆਂ ਵਿਚ ਵੰਡਿਆ ਗਿਆ ਤੇ ਲੋਕਾਂ ਨੂੰ  ਉਨ੍ਹਾਂ ਘਰਾਂ ਤੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ ਗਿਆ, ਜਿਹੜੇ ਉਨ੍ਹਾਂ ਦੇ ਬਜ਼ੁਰਗਾਂ ਨੇ ਵਸਾਏ ਸਨ |
ਹੁਣ ਉਹ ਗੱਲ ਜੋ ਅਸੀਂ ਅਕਸਰ ਕਾਫੀ ਨਹੀਂ ਕਹਿੰਦੇ | ਉਹ ਲੋਕ (ਨਿਰਾਸ਼) ਨਹੀਂ ਹੋਏ, ਉਹ ਅੰਮਿ੍ਤਸਰ, ਲੁਧਿਆਣਾ, ਜਲੰਧਰ, ਫਿਰੋਜ਼ਪੁਰ, ਕਰਨਾਲ ਬਿਲਕੁਲ ਖਾਲੀ ਹੱਥ ਆਏ ਅਤੇ ਫਿਰ ਤੋਂ ਜ਼ਿੰਦਗੀ ਸ਼ੁਰੂ ਕੀਤੀ | ਉਨ੍ਹਾਂ ਨੇ ਖੇਤ ਵਾਹੇ,ਵਪਾਰ ਕੀਤਾ, ਟਰੱਕ ਚਲਾਏ, ਆਪਣੇ ਬੱਚੇ ਸਕੂਲ ਭੇਜੇ |
ਹਰੀ ਕ੍ਰਾਂਤੀ ਦੇ ਦਹਾਕਿਆਂ ਵਿਚ ਉਨ੍ਹਾਂ ਨੇ ਦੇਸ਼ ਦਾ ਪੇਟ ਭਰਿਆ ਤੇ ਚੀਨ, ਪਾਕਿਸਤਾਨ, ਬਰਮਾ ਅਤੇ ਲਾਈਨ ਆਫ ਕੰਟਰੋਲ 'ਤੇ ਹਿੰਦੁਸਤਾਨ ਦੀ ਹਿਫਾਜ਼ਤ ਕੀਤੀ | ਉਨ੍ਹਾਂ ਵਿਚੋਂ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਦੇਸ਼ ਉਨ੍ਹਾਂ ਲਈ ਕੀ ਕਰੇਗਾ?
 ਮੈਂ ਅੱਜ ਇੱਕ ਔਖਾ ਸਵਾਲ ਪੁੱਛਣਾ ਚਾਹੁੰਦਾ ਹਾਂ | ਕਿਸੇ ਜਗ੍ਹਾ ਉਸ ਨਸਲ ਤੇ ਸਾਡੀ ਨਸਲ ਦੇ ਵਿਚਕਾਰ ਅਸੀਂ ਇਹ ਰਿਸ਼ਤਾ ਬਦਲ ਦਿੱਤਾ ਹੈ | ਅਸੀਂ ਹਿੰਦੁਸਤਾਨ ਨੂੰ  ਇੱਕ ਇਹੋ ਜਿਹਾ ਦੇਸ਼ ਸਮਝਣਾ ਛੱਡ ਦਿੱਤਾ, ਜਿਸ ਨੂੰ  ਅਸੀਂ ਆਪ ਬਣਾਉਣਾ ਹੈ ਅਤੇ ਅਸੀਂ ਉਸ ਨੂੰ  ਇੱਕ ਅਜਿਹਾ ਦੇਸ਼ ਸਮਝਣ ਲੱਗ ਗਏ, ਜੋ ਸਾਨੂੰ ਕੁਝ ਦੇਣ ਦਾ ਕਰਜ਼ਦਾਰ ਹੋਵੇ | ਅਸੀਂ ਅੰਬੈਸੀਆਂ ਦੇ ਬਾਹਰ ਕਤਾਰਾਂ ਵਿਚ ਖੜ੍ਹੇ ਹਾਂ | ਅਸੀਂ ਆਪਣੀਆਂ ਸ਼ਿਕਾਇਤਾਂ ਕਲਾਸ ਰੂਮ ਜਾਂ ਖੇਤ ਤੱਕ ਲੈ ਜਾਣ ਤੋਂ ਪਹਿਲਾਂ ਸੜਕ 'ਤੇ ਲੈ ਆਉਂਦੇ ਹਾਂ |
ਅਸੀਂ ਸਰਕਾਰ ਨੂੰ  ਇਸ ਗੱਲ ਨਾਲ ਨਾਪਦੇ ਹਾਂ, ਕਿ ਉਹ ਸਾਨੂੰ ਕੀ ਦਿੰਦੀ ਹੈ ਅਤੇ ਆਪਣੇ-ਆਪ ਨੂੰ  ਕਦੇ ਵੀ ਨਹੀਂ ਨਾਪਿਆ ਕਿ ਅਸੀਂ ਦੇਸ਼ ਵਾਸਤੇ ਕੀ ਕਰ ਸਕਦੇ ਹਾਂ?
ਮੈਂ ਇਹ ਗੱਲ ਆਪਣੇ ਨੌਜਵਾਨਾਂ 'ਤੇ ਇਲਜ਼ਾਮ ਲਾ ਕੇ ਨਹੀਂ ਕਹਿ ਰਿਹਾ, ਮੈਂ ਇਸ ਦੀ ਜ਼ਿੰਮੇਵਾਰੀ ਆਪਣੀ ਨਸਲ 'ਤੇ ਲੈ ਰਿਹਾ ਹਾਂ | ਸਾਨੂੰ ਇਕ ਇਹੋ ਜਿਹਾ ਪੰਜਾਬ ਵਿਰਸੇ ਵਿਚ ਮਿਲਿਆ ਸੀ, ਜੋ ਪਹਿਲਾਂ ਹੀ ਇਕ ਵਾਰ ਦੁਬਾਰਾ ਖੜ੍ਹਾ ਹੋ ਚੁੱਕਿਆ ਸੀ, ਪਰ ਅਸੀਂ ਉਸ ਤਰੱਕੀ ਨੂੰ  ਵਧਾ ਨਹੀਂ ਸਕੇ | ਅਸੀਂ ਆਪਣੀ ਪਾਣੀ ਦੀ ਸਤ੍ਹਾ ਨੂੰ  ਨੀਵਾਂ ਕੀਤਾ, ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ  ਬਰਬਾਦ ਕੀਤਾ, ਆਪਣੇ ਉਦਯੋਗਾਂ ਨੂੰ  ਹੌਲੀ-ਹੌਲੀ ਦੂਰ ਕੀਤਾ ਅਤੇ ਆਪਣੇ ਸਭ ਤੋਂ ਸੋਹਣੇ ਤੇ ਹੁਨਰਮੰਦ ਬੱਚੇ, ਬੱਚੀਆਂ ਨੂੰ  ਪਰਦੇਸ਼ਾਂ ਵਿਚ ਭੇਜ ਦਿੱਤਾ | ਇਹ ਨਾਕਾਮੀ ਸਾਡੀ ਹੈ ਨਾ ਕਿ ਉਨ੍ਹਾਂ ਦੀ |
 ਪਰ ਸਾਨੂੰ ਉਮੀਦ ਦੇਣ ਵਾਲੀ ਗੱਲ ਇਹ ਹੈ ਕਿ ਸਾਡੇ ਵਿਚ ਉਹ ਪੁਰਾਣੀ ਅੱਗ ਅਜੇ ਵੀ ਬੁਝੀ ਨਹੀਂ | ਇਹ ਉਹੀ ਬੇਚੈਨੀ ਹੈ ਜਿਹੜੀ ਸਰਾਭੇ ਨੂੰ  ਕੈਲੀਫੋਰਨੀਆ ਲੈ ਗਈ | ਸਾਡੇ ਫ਼ੌਜੀਆਂ ਨੂੰ  ਗੈਲੀਪੋਲੀ, ਫ਼ਰਾਂਸ, ਫ਼ਿਲਸਤੀਨ ਤੇ ਬਰਮਾ ਲੈ ਗਈ, ਸਾਡੇ ਕਿਸਾਨਾਂ ਨੂੰ  ਰਾਜਸਥਾਨ ਦੇ ਰੇਗਿਸਤਾਨ ਤੱਕ ਲੈ ਗਈ | ਇਹ ਅੱਗ ਅੱਜ ਵੀ ਸਾਡੇ ਅੰਦਰ ਹੈ, ਬੱਸ ਇਸ ਦੀ ਦਿਸ਼ਾ ਗੁੰਮ ਹੋ ਗਈ |
ਇਸ ਕਰਕੇ ਮੈਂ ਪੰਜਾਬ ਦੇ ਬੇਟੇ-ਬੇਟੀਆਂ ਨੂੰ  ਇਹ ਕਹਿਣਾ ਚਾਹੁੰਦਾ ਹਾਂ ਕਿ ਦੁਬਾਰਾ ਇਨਕਲਾਬੀ ਬਣੋ | ਪਰ ਆਪਣਾ ਇਨਕਲਾਬ ਚੰਗੀ ਤਰ੍ਹਾਂ ਸੋਚ ਪਰਖ ਕੇ ਚੁਣੋ | ਸਭ ਤੋਂ ਪਹਿਲਾਂ ਆਪਣੇ ਖ਼ੁਦ ਦੇ ਅੰਦਰ ਇਨਕਲਾਬ ਪੈਦਾ ਕਰੋ | ਕਿਸੇ ਹੁਨਰ ਨੂੰ  ਏਨੀ ਚੰਗੀ ਤਰ੍ਹਾਂ ਸਿੱਖੋ ਕਿ ਦੁਨੀਆ ਨੂੰ  ਤੁਹਾਡੇ ਕੋਲ ਆਉਣਾ ਪਵੇ, ਆਪਣੀ ਡਿਗਰੀ ਮੁਕੰਮਲ ਕਰੋ, ਉਸ ਜ਼ਹਿਰ ਤੋਂ ਦੂਰ ਰਹੋ, ਜੋ ਨੌਜਵਾਨਾਂ ਨੂੰ  ਇਕ-ਇਕ ਕਰਕੇ ਸਾਡੇ ਕੋਲੋਂ ਖੋਹ ਰਿਹਾ ਹੈ, ਆਪਣੇ ਜਿਸਮ ਤੇ ਆਪਣੇ ਮਨ ਦਾ ਖਿਆਲ ਰੱਖੋ | ਆਪਣੇ ਮੁਹੱਲੇ ਵਿਚ ਇਨਕਲਾਬ ਕਰੋ, ਇਕ ਇਹੋ ਜਿਹੇ ਬੱਚੇ ਨੂੰ  ਪੜ੍ਹਾਓ ਜੋ ਪਿੱਛੇ ਰਹਿ ਗਿਆ ਹੈ, ਇੱਕ ਖੇਤ ਜਿੰਨਾ ਪਾਣੀ ਬਚਾਓ, ਇੱਕ ਬੰਦੇ ਨੂੰ  ਰੁਜ਼ਗਾਰ ਦਿਉ, ਇਥੇ ਕੁਝ ਨਵਾਂ ਬਣਾਉ, ਇਕ ਕਾਰੋਬਾਰ, ਇਕ ਵਰਕਸ਼ਾਪ, ਇੱਕ ਸੰਸਥਾ |
ਇਸ ਦੀ ਬਜਾਏ ਕਿ ਇਹ ਸਮਝੋ ਕਿ ਜੋ ਕੁਝ ਕੀਮਤੀ ਹੈ ਉਹ ਕਿਤੇ ਹੋਰ ਥਾਂ ਹੀ ਬਣਾਉਣਾ ਪਵੇਗਾ |
ਇਹ ਸਰਾਭੇ ਦੇ ਲੜੇ ਹੋਏ ਇਨਕਲਾਬ ਤੋਂ ਛੋਟਾ ਇਨਕਲਾਬ ਨਹੀਂ ਹੈ | ਇਹ ਉਹ ਇਨਕਲਾਬ ਹੈ ਜਿਸ ਲਈ ਸਰਾਭਾ ਲੜ ਰਿਹਾ ਸੀ |
 ਅਸੀਂ ਅੱਜ ਵੀ ਉਹ ਦੇਸ਼ ਨਹੀਂ ਬਣਾ ਸਕੇ, ਜਿਸ ਦਾ ਜੰਗ-ਏ-ਅਜ਼ਾਦੀ ਦੇ ਸਿਪਾਹੀਆਂ ਨੇ ਸੁਪਨਾ ਲਿਆ ਸੀ | ਪਰ ਅਸੀਂ ਅੱਜ ਇਸ ਮੰਜ਼ਿਲ ਦੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਰੀਬ ਹਾਂ, ਕੀ ਅਸੀਂ ਉੱਥੇ ਪਹੁੰਚਾਂਗੇ? ਇਹ ਸਵਾਲ ਸਿਰਫ਼ ਸਰਕਾਰ ਦਾ ਨਹੀਂ ਹੈ, ਇਹ ਸਵਾਲ ਉਨ੍ਹਾਂ 23 ਸਾਲ ਦੇ ਨੌਜਵਾਨਾਂ ਲਈ ਹੈ, ਜੋ ਅੱਜ ਮੇਰਾ ਲੇਖ ਪੜ੍ਹ ਰਹੇ ਹਨ | ਉਨ੍ਹਾਂ ਕੋਲ ਤੁਹਾਡੇ ਨਾਲੋਂ ਘੱਟ ਸੀ, ਪਰ ਉਨ੍ਹਾਂ ਨੇ ਜ਼ਿਆਦਾ ਦਿੱਤਾ  |

-ਸਾਬਕਾ ਵਿੱਤ ਮੰਤਰੀ ਪੰਜਾਬ
ਮੋਬਾਈਲ : 98836-00786

Ad Position 22
No active advertisement
ਪਿਛਲੀ ਖ਼ਬਰ ਮਹਾਨ ਸਿਆਸਤਦਾਨ ਤੇ ਨਿਸ਼ਕਾਮ ਸੇਵਕ ਸਨ ਹਰਚੰਦ ਸਿੰਘ ਲੌਂਗੋਵਾਲ ਅਗਲੀ ਖ਼ਬਰ ਯੂਰੇਨੀਅਮ ਕੀ ਹੈ ਤੇ ਕਿਉਂ ਹੈ ਫਿਕਰਮੰਦੀ ਦਾ ਸਬੱਬ?
Ad Position 24