ਸਮਾਰਟ ਫ਼ੋਨ ਦੀ ਸਕਰੀਨ ਅਤੇ ਪੁਸਤਕ ਦੇ ਪੰਨਿਆਂ ਵਿਚ ਜ਼ਮੀਨ-ਅਸਮਾਨ ਦਾ ਅੰਤਰ ਹੈ |
ਭਾਵੇਂ ਦੋਵੇਂ ਗਿਆਨ ਅਤੇ ਜਾਣਕਾਰੀ ਦੇ ਮਾਧਿਅਮ ਹਨ | ਪਰੰਤੂ ਕਿਤਾਬ ਦੇ ਗਿਆਨ ਅਤੇ ਫ਼ੋਨ ਦੇ ਗਿਆਨ ਵਿਚ ਵੱਡਾ ਫ਼ਰਕ ਹੈ |
ਮਾਹਿਰ ਵਿਅਕਤੀਆਂ ਨੇ ਇਸ ਅੰਤਰ, ਇਸ ਫ਼ਰਕ 'ਤੇ ਬੜੀ ਬਾਰੀਕੀ ਵਿਚ ਖੋਜ-ਪੜਤਾਲ ਕੀਤੀ ਹੈ | ਇਸ ਖੋਜ-ਪੜਤਾਲ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ |
ਕਿਸੇ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਅਤੇ ਕਿਸੇ ਨੂੰ ਮੋਬਾਈਲ ਫ਼ੋਨ 'ਤੇ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਦੀ ਲਤ ਹੈ | ਸਮੇਂ ਨਾਲ ਦੋਹਾਂ ਵਿਅਕਤੀਆਂ ਦੇ ਵਿਚਰਨ, ਸੋਚ, ਸੁਭਾਅ ਅਤੇ ਸਖ਼ਸੀਅਤ ਵਿਚ ਜਿਹੜੇ ਵਿਸ਼ੇਸ਼ ਅੰਤਰ ਨਜ਼ਰ ਆਉਂਦੇ ਹਨ, ਉਨ੍ਹਾਂ ਨੂੰ ਅਮਿਤ ਗੌਰ ਨੇ ਸੂਚੀਬੱਧ ਕਰਨ ਦੀ ਕੋਸ਼ਿਸ਼ ਕੀਤੀ ਹੈ |
![]()
ਮੋਬਾਈਲ ਫ਼ੋਨ ਦੀ ਵਧੇਰੇ ਵਰਤੋਂ ਨਾਲ ਧਿਆਨ ਭਟਕਦਾ ਹੈ | ਸੋਸ਼ਲ ਮੀਡੀਆ, ਆਨਲਾਈਨ ਗੇਮਾਂ ਅਤੇ ਨੋਟੀਫਿਕੇਸ਼ਨ ਇਕਾਗਰਤਾ ਭੰਗ ਕਰਦੇ ਹਨ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ | ਔਸਤਨ ਤਿੰਨ ਤੋਂ ਪੰਜ ਘੰਟੇ ਫ਼ੋਨ 'ਤੇ ਬਿਤਾਉਣ ਨਾਲ ਦਿਨ ਵਿਅਰਥ ਚਲਾ ਜਾਂਦਾ ਹੈ | ਅੱਖਾਂ ਥੱਕੀਆਂ ਰਹਿੰਦੀਆਂ ਹਨ | ਜਲਣ ਹੁੰਦੀ ਹੈ, ਨਜ਼ਰ ਘਟਦੀ ਹੈ | ਵਧੇਰੇ ਸਕਰੀਨ ਟਾਈਮ ਨਾਲ ਮਾਨਸਿਕ ਤਣਾਅ ਰਹਿੰਦਾ ਹੈ | ਚਿੰਤਾ ਅਤੇ ਚਿੜਚੜਾਪਨ ਵਧਦਾ ਹੈ |
ਇਸ ਤੋਂ ਕਈ ਵਾਰ ਗਲਤ ਜਾਣਕਾਰੀ ਮਿਲਦੀ ਹੈ | ਜਾਣਕਾਰੀ ਦੀ ਬਹੁਤਾਤ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ | ਫੇਕ ਨਿਊਜ਼ ਨਾਲ ਭਰਮ ਦੀ ਸਥਿਤੀ ਪੈਦਾ ਹੁੰਦੀ ਹੈ |
ਨੀਂਦ ਪ੍ਰਭਾਵਿਤ ਹੁੰਦੀ ਹੈ | ਨੀਂਦ ਦੀ ਗੁਣਵੱਤਾ ਘਟਦੀ ਹੈ | ਯਾਦਾਸ਼ਤ ਕਮਜ਼ੋਰ ਹੁੰਦੀ ਹੈ | ਸਕਰੋਲਿੰਗ ਦੀ ਆਦਤ ਨਾਲ ਗਹਿਰੀ ਸੋਚ ਨੂੰ ਸੱਟ ਵੱਜਦੀ ਹੈ |
ਮੋਬਾਈਲ ਫ਼ੋਨ ਸਹੀ ਵਰਤੋਂ ਲਈ ਆਨਲਾਈਨ ਪੜ੍ਹਾਈ ਕੀਤੀ ਜਾ ਸਕਦੀ ਹੈ | ਕੋਈ ਕੋਰਸ ਕੀਤਾ ਜਾ ਸਕਦਾ ਹੈ | ਵੀਡੀਓ ਲੈਕਚਰ ਸੁਣ ਸਕਦੇ ਹਾਂ | ਈ-ਬੁਕਸ ਪੜ੍ਹ ਸਕਦੇ ਹਾਂ |
ਤੱਥ ਖੋਜਣ ਲਈ, ਚਲੰਤ ਮਾਮਲਿਆਂ ਸੰਬੰਧੀ ਜਾਣਕਾਰੀ ਲੈਣ ਲਈ ਅਤੇ ਨੋਟਿਸ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ |
ਸਮੇਂ ਦੀ ਸੁਚੱਜੀ ਵਰਤੋਂ ਕਰਨ ਲਈ ਅਲਾਰਮ ਲਗਾਇਆ ਜਾ ਸਕਦਾ ਹੈ | ਕੈਲੰਡਰ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ | ਰੀਮਾੲੀਂਡਰ ਦੀ ਵਰਤੋਂ ਹੋ ਸਕਦੀ ਹੈ | ਪ੍ਰੇਰਨਾ ਅਤੇ ਸਕਾਰਾਤਮਿਕਤਾ ਲਈ ਮੋਟੀਵੇਸ਼ਨਲ ਵੀਡੀਓ ਵੇਖ ਸਕਦੇ ਹਾਂ | ਪੌਡਕਾਸਟ ਸੁਣ ਸਕਦੇ ਹਾਂ | ਪ੍ਰੇਰਨਾਦਾਇਕ ਵਿਚਾਰ ਪੜ੍ਹ ਸਕਦੇ ਹਾਂ | ਜਿਹੜੇ ਲੋਕ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹਨ ,ਉਨ੍ਹਾਂ ਦੀ ਸਮਝ-ਸੋਚ ਗਹਿਰੀ ਹੁੰਦੀ ਹੈ ਕਿਉਂਕਿ ਕਿਤਾਬਾਂ ਗਹਿਰਾਈ ਵਿਚ ਗਿਆਨ ਦਿੰਦੀਆਂ ਹਨ ਅਤੇ ਸੋਚਣ ਦੀ ਸ਼ਕਤੀ ਵਧਾਉਂਦੀਆਂ ਹਨ | ਕਿਤਾਬਾਂ ਪੜ੍ਹਨ ਨਾਲ ਧਿਆਨ ਇਕਾਗਰ ਹੁੰਦਾ ਹੈ ਅਤੇ ਇਕਾਗਰਤਾ ਵਧਦੀ ਹੈ | ਯਾਦਾਸ਼ਤ ਤੇਜ਼ ਹੁੰਦੀ ਹੈ ਅਤੇ ਟਿਕਾਉ ਬਣਦੀ ਹੈ |
ਸ਼ਬਦ-ਭੰਡਾਰ ਵਧਦਾ ਹੈ | ਭਾਸ਼ਾ ਦਾ ਗਿਆਨ ਪ੍ਰਾਪਤ ਹੁੰਦਾ ਹੈ | ਨਤੀਜੇ ਵਜੋਂ ਭਾਸ਼ਾ 'ਤੇ ਪਕੜ ਮਜ਼ਬੂਤ ਹੁੰਦੀ ਹੈ | ਚੰਗੀਆਂ ਕਿਤਾਬਾਂ ਪੜ੍ਹਨ ਨਾਲ ਚੰਗੇ ਸੰਸਕਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਆਤਮਵਿਸ਼ਵਾਸ ਵਧਦਾ ਹੈ | ਕਲਪਨਾ-ਸ਼ਕਤੀ ਦਾ ਵਿਸਥਾਰ ਹੁੰਦਾ ਹੈ |
ਕਿਤਾਬਾਂ ਕਾਮਯਾਬੀ ਦੀ ਕੁੰਜੀ ਹਨ | ਮਹਾਨ ਲੋਕ ਕਿਤਾਬਾਂ ਤੋਂ ਸਿੱਖਿਆ ਗ੍ਰਹਿਣ ਕਰਕੇ ਹੀ ਸਫ਼ਲਤਾ ਦੀ ਸਿਖ਼ਰ 'ਤੇ ਪਹੁੰਚਦੇ ਹਨ | ਅਕਸਰ ਕਿਹਾ ਜਾਂਦਾ ਹੈ ਕਿ ਕਿਤਾਬਾਂ ਸਭ ਤੋਂ ਵਧੀਆ ਮਿੱਤਰ ਹੁੰਦੀਆਂ ਹਨ ਕਿਉਂਕਿ ਕਿਤਾਬਾਂ ਕਦੇ ਕਿਸੇ ਨੂੰ ਧੋਖਾ ਨਹੀਂ ਦਿੰਦੀਆਂ | ਕਿਤਾਬਾਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਨਿਯਮਿਤ ਪੜ੍ਹਾਈ ਕਰਨੀ ਚਾਹੀਦੀ ਹੈ | ਹਰ ਰੋਜ਼ ਨਿਸਚਿਤ ਸਮੇਂ 'ਤੇ ਪੜਿ੍ਹਆ ਜਾਵੇ ਤਾਂ ਤਨ-ਮਨ 'ਤੇ ਹੋਰ ਚੰਗੇਰਾ ਪ੍ਰਭਾਵ ਪੈਂਦਾ ਹੈ | ਉਦੇਸ਼ ਤੈਅ ਕਰਕੇ ਪੜ੍ਹਨਾ ਵਧੇਰੇ ਬਿਹਤਰ, ਵਧੇਰੇ ਕਾਰਗਰ, ਵਧੇਰੇ ਸਿਹਤਮੰਦ ਹੁੰਦਾ ਹੈ | ਕੀ ਪੜ੍ਹਨ ਹੈ? ਕਿਉਂ ਪੜ੍ਹਨਾ ਹੈ? ਇਹ ਸਪੱਸ਼ਟ ਹੋਣਾ ਜ਼ਰੂਰੀ ਹੈ | ਪੜ੍ਹਦੇ ਸਮੇਂ ਹਰੇਕ ਪੁਸਤਕ ਦੇ ਨੋਟਿਸ ਬਣਾਉਣੇ ਚਾਹੀਦੇ ਹਨ | ਮਹੱਤਵਪੂਰਨ ਗੱਲਾਂ, ਅਹਿਮ ਵਿਚਾਰ ਨੋਟ ਕਰਦੇ ਜਾਣਾ ਚਾਹੀਦਾ ਹੈ |
ਜੇਕਰ ਤੁਸੀਂ ਹਰ ਰੋਜ਼ 30 ਮਿੰਟ ਵੀ ਪੜ੍ਹਦੇ ਹੋ ਤਾਂ ਸਾਲ ਵਿਚ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਓਗੇ | ਜਿਹੜੇ ਵਿਦਿਆਰਥੀ ਸਿਲੇਬਸ ਤੋਂ ਇਲਾਵਾ ਹੋਰ ਕਿਤਾਬਾਂ ਪੜ੍ਹਦੇ ਹਨ, ਉਹ ਵਧੇਰੇ ਨੰਬਰ ਪ੍ਰਾਪਤ ਕਰਦੇ ਹਨ | ਭਾਰਤ ਦੇ ਪਹਿਲੇ ਸਥਾਨਾਂ 'ਤੇ ਆਉਣ ਵਾਲੇ ਵਿਦਿਆਰਥੀ ਰੋਜ਼ਾਨਾ 7-8 ਘੰਟੇ ਪੜ੍ਹਾਈ ਕਰਦੇ ਹਨ | ਮੋਬਾਈਲ ਫ਼ੋਨ ਕਈ ਤਰ੍ਹਾਂ ਨਾਲ ਤੁਹਾਡੀ ਸਹਾਇਤਾ ਕਰ ਸਕਦਾ ਹੈ | ਪਰ ਕਿਤਾਬਾਂ ਤੁਹਾਨੂੰ ਜੀਵਨ ਵਿਚ ਸਫ਼ਲਤਾ ਦਿਵਾਉਂਦੀਆਂ ਹਨ | ਮੋਬਾਈਲ ਫ਼ੋਨ ਇਕ ਮਸ਼ੀਨ ਹੈ | ਕਿਤਾਬ ਇਕ ਅਧਿਆਪਕ ਹੈ | ਚੋਣ ਤੁਹਾਡੇ ਹੱਥ ਹੈ | ਸਹੀ ਚੋਣ ਕਰੋ |
ਈ-ਮੇਲ : prof_kulbir@yahoo.com