09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਭਾਜਪਾ ਨੇਤਾਵਾਂ ਨੂੰ ਵਿਵਾਦਤ ਬਿਆਨਾਂ ਤੋਂ ਬਚਣ ਦੇ ਆਦੇਸ਼

ਭਾਜਪਾ ਨੇਤਾਵਾਂ ਨੂੰ ਵਿਵਾਦਤ ਬਿਆਨਾਂ ਤੋਂ ਬਚਣ ਦੇ ਆਦੇਸ਼

Ad Position 21
No active advertisement
ਅਜੀਤ ਡੈਸਕ 10-08-2026

ਭਾਜਪਾ ਦੇ ਚੋਟੀ ਦੇ ਆਗੂਆਂ ਨੂੰ  ਅਹਿਸਾਸ ਹੋ ਗਿਆ ਹੈ ਕਿ ਰਾਮ ਮੰਦਰ ਚੜ੍ਹਾਵਾ ਚੋਰੀ ਤੇ ਵਿਦਿਆਰਥੀ ਅੰਦੋਲਨ ਸਬੰਧੀ ਕੁਝ ਆਗੂਆਂ ਦੇ ਬਿਆਨਾਂ ਨਾਲ ਪਾਰਟੀ ਨੂੰ  ਨੁਕਸਾਨ ਹੋ ਰਿਹਾ ਹੈ, ਇਸ ਲਈ ਅਜਿਹੇ ਆਗੂਆਂ ਨੂੰ  ਮੂੰਹ ਬੰਦ ਰੱਖਣ ਲਈ ਕਿਹਾ ਗਿਆ ਹੈ | ਇਸ ਤੋਂ ਬਾਅਦ ਪਾਰਟੀ ਦੇ ਬੁਲਾਰੇ ਸਰਗਰਮ ਹੋ ਗਏ ਹਨ ਤੇ ਚੜ੍ਹਾਵਾ ਚੋਰੀ ਤੋਂ ਲੈ ਕੇ ਵਿਦਿਆਰਥੀ ਦੇ ਵਿਰੋਧ ਪ੍ਰਦਰਸ਼ਨਾਂ ਤੱਕ ਦੇ ਮੁੱਦਿਆਂ 'ਤੇ ਸੰਬਿਤ ਪਾਤਰਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ | ਦਰਅਸਲ ਕਈ ਭਾਜਪਾ ਆਗੂਆਂ ਦੇ ਬਿਆਨ ਪਾਰਟੀ ਦੇ ਪੱਕੇ ਵੋਟ ਬੈਂਕ ਨੂੰ  ਨਾਰਾਜ਼ ਕਰ ਰਹੇ ਸਨ | ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੇ ਹਾਲੀਆ ਬਿਆਨਾਂ ਖਾਸ ਕਰਕੇ 'ਜ਼ੇਨ ਜੀ' ਬਾਰੇ ਕੀਤੀਆਂ ਟਿੱਪਣੀਆਂ ਨੇ ਭਾਜਪਾ ਨੂੰ  ਵੱਡਾ ਨੁਕਸਾਨ ਪਹੁੰਚਾਇਆ ਹੈ | ਇਸ ਤੋਂ ਇਲਾਵਾ ਲੋਕਾਂ ਨੇ ਕੰਗਨਾ ਦੀਆਂ ਪੁਰਾਣੀਆਂ ਪੋਸਟਾਂ ਤੇ ਵੀਡੀਓਜ਼ ਨੂੰ  ਸ਼ੇਅਰ ਕਰਦਿਆਂ ਉਸ ਦੇ ਆਪਣੇ ਸੰਸਕਾਰਾਂ 'ਤੇ ਸਵਾਲ ਉਠਾਏ ਹਨ | ਇਸੇ ਕਾਰਨ ਕੰਗਨਾ ਨੂੰ  ਖ਼ੁਦ 'ਬੈਕਫੁੱਟ' 'ਤੇ ਆਉਣਾ ਪਿਆ ਤੇ ਪਾਰਟੀ ਵੀ ਉਸ ਦੇ  ਬਿਆਨਾਂ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਹੋਈ ਹੈ | ਸੂਤਰਾਂ ਅਨੁਸਾਰ ਅਜਿਹੇ ਆਗੂਆਂ ਨੂੰ  ਬਿਨਾਂ ਮਨਜ਼ੂਰੀ ਤੋਂ ਕੋਈ ਵੀ ਬਿਆਨ ਨਾ ਦੇਣ ਲਈ ਕਿਹਾ ਗਿਆ ਹੈ ਤੇ ਉਨ੍ਹਾਂ ਨੂੰ  ਨੀਤੀਗਤ ਮਾਮਲਿਆਂ ਜਾਂ ਰਾਜਨੀਤਿਕ ਮੁੱਦਿਆਂ ਸੰਬੰਧੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਲਈ ਪਾਰਟੀ ਦੇ ਮੀਡੀਆ ਵਿਭਾਗ ਤੋਂ ਪ੍ਰਵਾਨਗੀ ਲੈਣੀ ਹੋਵੇਗੀ | ਆਪਣੇ ਬਿਆਨਾਂ ਨੂੰ  ਲੈ ਕੇ ਅਕਸਰ ਮਜ਼ਾਕ ਦਾ ਪਾਤਰ ਬਣਨ ਵਾਲੇ ਅਦਾਕਾਰ ਸੰਸਦ ਮੈਂਬਰ ਰਵੀ ਕਿਸ਼ਨ ਤੇ ਮਨੋਜ ਤਿਵਾੜੀ ਨੂੰ  ਵੀ ਚੁੱਪ ਰਹਿਣ ਲਈ ਕਿਹਾ ਗਿਆ ਹੈ | 


ਚੋਣਾਂ ਤੋਂ ਪਹਿਲਾਂ ਪੰਜਾਬ 'ਚ ਛਾਪੇ
ਅਗਲੇ ਸਾਲ ਦੇ ਸ਼ੁਰੂ 'ਚ 5 ਰਾਜਾਂ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ , ਜਿਨ੍ਹਾਂ 'ਚੋਂ 4 ਰਾਜਾਂ-  ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਤੇ ਮਨੀਪੁਰ 'ਚ ਭਾਜਪਾ ਦੀਆਂ ਸਰਕਾਰਾਂ ਹਨ, ਜਦਕਿ ਪੰਜਾਬ 'ਚ  ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਸੱਤਾ ਵਿਚ ਹੈ | ਭਾਜਪਾ ਸ਼ਾਸਿਤ 4 ਰਾਜਾਂ 'ਚ ਪਾਰਟੀ ਆਪਣੀਆਂ ਸਰਕਾਰਾਂ ਦੀ ਇਸ਼ਤਿਹਾਰਾਂ ਰਾਹੀਂ ਸੱਚੀਆਂ ਤੇ ਝੂਠੀਆਂ ਪ੍ਰਾਪਤੀਆਂ ਦਾ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ ਅਤੇ ਭਾਈਚਾਰਕ ਧਰੁਵੀਕਰਨ ਦੀਆਂ ਕੋਸ਼ਿਸ਼ਾਂ ਵੀ ਜ਼ੋਰਾਂ 'ਤੇ ਹਨ | ਜਦਕਿ ਪੰਜਾਬ 'ਚ 'ਆਪ' ਦੀ ਸਰਕਾਰ ਨੂੰ  ਵੱਖ-ਵੱਖ ਸਮੂਹਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਪੰਜਾਬ ਸਰਕਾਰ ਉਦੋਂ ਤੱਕ ਕੋਈ ਵੀ ਵੱਡੀ ਇਸ਼ਤਿਹਾਰ ਮੁਹਿੰਮ ਨਹੀਂ ਚਲਾ ਸਕਦੀ, ਜਦੋਂ ਤੱਕ ਉਹ ਆਪਣੇ ਕਰਮਚਾਰੀਆਂ ਨੂੰ  ਮਹਿੰਗਾਈ ਭੱਤੇ ਦਾ ਬਕਾਇਆ ਨਹੀਂ ਦਿੰਦੀ | ਪੰਜਾਬ ਸਰਕਾਰ ਦੀਆਂ ਮੁਸ਼ਕਿਲਾਂ ਵਧਾਉਣ ਲਈ ਕੇਂਦਰੀ ਏਜੰਸੀਆਂ ਵੀ ਅਚਾਨਕ ਸਰਗਰਮ ਹੋ ਗਈਆਂ ਹਨ | ਪਿਛਲੇ ਮੰਗਲਵਾਰ ਈ.ਡੀ. ਨੇ ਪੰਜਾਬ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਤੇ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ 'ਤੇ ਛਾਪੇਮਾਰੀ ਕੀਤੀ, ਇਹ ਕਾਰਵਾਈ 2024 'ਚ ਦਰਜ ਕੀਤੀ ਗਈ ਇਕ ਐਫ.ਆਈ.ਆਰ. ਦੇ ਆਧਾਰ 'ਤੇ ਕੀਤੀ ਗਈ ਹੈ | ਪਹਿਲਾਂ ਈ.ਡੀ. ਅਤੇ ਸੀ.ਬੀ.ਆਈ. ਅਕਸਰ ਗਲਤ ਕੰਮਾਂ 'ਚ ਸ਼ਾਮਿਲ ਲੋਕਾਂ ਜਾਂ ਨਿੱਜੀ ਕੰਪਨੀਆਂ 'ਤੇ ਛਾਪੇ ਮਾਰਦੀਆਂ ਸਨ, ਪਰ ਹੁਣ ਵਿਰੋਧੀ ਪਾਰਟੀਆਂ ਤੇ ਉਨ੍ਹਾਂ ਦੇ ਸਰਕਾਰੀ ਵਿਭਾਗਾਂ ਨੂੰ  ਨਿਸ਼ਾਨਾ ਬਣਾਉਣ ਲੱਗੀਆਂ ਹਨ | ਪਿਛਲੇ ਦਿਨੀਂ ਕੇਂਦਰ ਦੀ ਅਚਾਨਕ ਨਸ਼ੀਲੇ ਪਦਾਰਥਾਂ ਨੂੰ  ਲੈ ਕੇ ਨੀਂਦ ਖੁੱਲੀ ਤਾਂ ਸਰਹੱਦ ਪਾਰ ਤੋਂ ਤਸਕਰੀ ਦੇ ਬਹਾਨੇ ਪੰਜਾਬ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਏਅਰਪੋਰਟ ਅਥਾਰਟੀ ਦਾ ਕਾਰਨਾਮਾ
ਭਾਰਤ 'ਚ ਹਵਾਬਾਜ਼ੀ ਖੇਤਰ ਨੂੰ  ਨਿਯਮਤ ਕਰਨ ਲਈ ਬਣਾਈਆਂ ਗਈਆਂ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ) ਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ) ਯਾਤਰੀਆਂ ਦੀ ਸਹੂਲਤ ਤੇ ਸੁਰੱਖਿਆ ਨੂੰ  ਯਕੀਨੀ ਬਣਾਉਣ 'ਚ ਅਸਮਰੱਥ ਹਨ, ਜਦਕਿ ਏਅਰਲਾਈਨਜ਼ ਕੰਪਨੀਆਂ ਮਨਮਾਨੇ ਢੰਗ ਨਾਲ ਕੰਮ ਕਰਦੀਆਂ ਹਨ | ਏਅਰਪੋਰਟ ਅਥਾਰਟੀ ਦਾ ਨਵਾਂ ਕਾਰਨਾਮਾ ਵਿਆਪਕ ਚਰਚਾ 'ਚ ਹੈ, ਉਸ ਵਲੋਂ ਯਾਤਰੀਆਂ ਦੀ ਸੰਤੁਸ਼ਟੀ ਨੂੰ  ਲੈ ਕੇ ਕਥਿਤ ਸਰਵੇਖਣ ਕਰਕੇ ਖਜੂਰਾਹੋ ਹਵਾਈ ਅੱਡੇ ਨੂੰ  ਗਾਹਕ ਸੰਤੁਸ਼ਟੀ ਸੂਚਕਾਂਕ 'ਚ ਸਭ ਤੋਂ ਉੱਚਾ ਦਰਜਾ ਦੇਣ ਨਾਲ ਵਿਵਾਦ ਪੈਦਾ ਹੋ ਗਿਆ ਹੈ ਕਿਉਂਕਿ 1 ਜੁਲਾਈ ਤੋਂ ਬਾਅਦ ਇਸ ਹਵਾਈ ਅੱਡੇ ਤੋਂ ਇਕ ਵੀ ਉਡਾਣ ਨਹੀਂ ਚੱਲੀ ਹੈ | ਖਜੂਰਾਹੋ ਤੋਂ ਵਾਰਾਣਸੀ ਤੱਕ ਸੀਮਤ ਉਡਾਣਾਂ ਬੰਦ ਕਰਨ ਕਰਕੇ ਅਕਤੂਬਰ ਤੱਕ ਇਨ੍ਹਾਂ ਦੇ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ | ਭਾਵੇਂ ਅਧਿਕਾਰੀਆਂ ਨੇ ਇਹ ਸੂਚਕਾਂਕ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੀ  ਫੀਡਬੈਕ 'ਤੇ ਅਧਾਰਿਤ ਦੱਸਿਆ ਹੈ, ਪਰ ਪਹਿਲੇ 6 ਮਹੀਨਿਆਂ ਦੌਰਾਨ ਇਸ ਹਵਾਈ ਅੱਡੇ ਤੋਂ ਸਿਰਫ਼ ਦੋ ਉਡਾਣਾਂ ਇਕ ਖਜੂਰਾਹੋ ਤੋਂ ਦਿੱਲੀ ਤੇ ਦੂਜੀ ਖਜੂਰਾਹੋ ਤੋਂ ਵਾਰਾਣਸੀ ਹੀ ਗਈਆਂ ਹਨ | ਜਦਕਿ ਇਨ੍ਹਾਂ 'ਚੋਂ ਦਿੱਲੀ ਦੀ ਉਡਾਣ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਸੀ ਤੇ ਵਾਰਾਣਸੀ ਦੀ ਉਡਾਣ ਵੀ 1 ਜੁਲਾਈ ਤੋਂ ਬੰਦ ਕਰ ਦਿੱਤੀ ਗਈ ਸੀ | ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਇਕ ਹਵਾਈ ਅੱਡਾ ਜਿੱਥੇ ਨਾ ਕੋਈ ਜਹਾਜ਼ ਤੇ ਨਾ ਹੀ ਯਾਤਰੀ ਹਨ, ਉਹ ਯਾਤਰੀ ਸੰਤੁਸ਼ਟੀ ਸੂਚਕਾਂਕ 'ਚ ਪਹਿਲੇ ਸਥਾਨ 'ਤੇ ਹੈ!
ਹਿੰਦੂ ਕਿੰਨੇ ਬੱਚੇ ਪੈਦਾ ਕਰੇ?
ਬੱਚੇ ਪੈਦਾ ਕਰਨ ਦੇ ਸਵਾਲ ਨੇ ਹਿੰਦੂਆਂ ਲਈ ਉਲਝਣ ਪੈਦਾ ਕਰ ਦਿੱਤੀ ਹੈ | ਦਿੱਲੀ 'ਚ ਰਾਜ ਸਰਕਾਰ ਨੇ ਮਹਿਲਾ ਸਨਮਾਨ ਨਿਧੀ (ਫੰਡ) ਦੇ ਨਾਮ 'ਤੇ ਔਰਤਾਂ ਨੂੰ  ਢਾਈ ਹਜ਼ਾਰ ਰੁਪਏ ਦੇਣ ਦੀ ਜੋ ਲਕਸ਼ਮੀ ਯੋਜਨਾ ਸ਼ੁਰੂ ਕੀਤੀ ਹੈ, ਉਸ 'ਚ ਇਕ ਸ਼ਰਤ ਰੱਖੀ ਹੈ ਕਿ ਇਸ ਯੋਜਨਾ ਦਾ ਲਾਭ 3 ਜਾਂ ਇਸ ਤੋਂ ਵੱਧ ਬੱਚਿਆਂ ਵਾਲੀਆਂ ਔਰਤਾਂ ਨੂੰ  ਨਹੀਂ ਮਿਲੇਗਾ | ਦਰਅਸਲ ਦਿੱਲੀ ਸਰਕਾਰ ਵਲੋਂ ਮਹਿਲਾ ਲਾਭਪਾਤਰੀਆਂ ਦੀ ਗਿਣਤੀ ਘਟਾਉਣ ਲਈ ਰੱਖੀਆਂ ਅਜਿਹੀਆਂ ਸ਼ਰਤਾਂ ਦੇ ਚਲਦੇ ਲਾਭਪਾਤਰੀ ਔਰਤਾਂ ਦੀ ਗਿਣਤੀ ਸਿਰਫ਼ 17 ਲੱਖ ਰਹਿ ਗਈ ਹੈ ਤੇ ਇਨ੍ਹਾਂ ਔਰਤਾਂ ਦੀ ਵੀ ਘਰ-ਘਰ ਜਾ ਕੇ ਤਸਦੀਕ ਕੀਤੀ ਜਾਵੇਗੀ | ਹਾਲਾਂਕਿ ਆਮ ਆਦਮੀ ਪਾਰਟੀ ਤੇ ਹੋਰ ਭਾਜਪਾ ਵਿਰੋਧੀ ਪਾਰਟੀਆਂ 3 ਜਾਂ ਵੱਧ ਬੱਚਿਆਂ ਵਾਲੀਆਂ ਔਰਤਾਂ ਨੂੰ  ਇਸ ਯੋਜਨਾ ਤੋਂ ਬਾਹਰ ਰੱਖਣ ਦੀ ਸ਼ਰਤ/ਵਿਵਸਥਾ ਦੀ ਆਲੋਚਨਾ ਕਰ ਰਹੀਆਂ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਤੇ ਸੰਘ ਪਰਿਵਾਰ ਇੱਕਠੇ ਹੋ ਕੇ ਇਕ ਵਾਰ ਦੱਸ ਦੇਣ ਕਿ ਹਿੰਦੂਆਂ ਨੂੰ  ਕੀ ਕਰਨਾ ਚਾਹੀਦਾ ਹੈ | ਇਕ ਪਾਸੇ ਸੰਘ ਮੁਖੀ ਮੋਹਨ ਭਾਗਵਤ ਤੇ ਸੰਘ ਨਾਲ ਜੁੜੇ ਕਈ ਸਾਧੂ-ਸੰਤ ਤੇ ਕਥਾਵਾਚਕ ਹਿੰਦੂਆਂ ਨੂੰ  ਘੱਟੋ-ਘੱਟ 3 ਬੱਚੇ ਪੈਦਾ ਕਰਨ ਦੀ ਅਪੀਲ ਕਰਦੇ ਹਨ, ਜਦੋਂ ਕਿ ਦੂਜੇ ਪਾਸੇ ਭਾਜਪਾ ਸਰਕਾਰ 3 ਬੱਚਿਆਂ ਵਾਲੀਆਂ ਔਰਤਾਂ ਨੂੰ  ਲਕਸ਼ਮੀ ਯੋਜਨਾ ਤੋਂ ਬਾਹਰ ਕਰ ਰਹੀ ਹੈ | ਹੁਣ ਇਹ ਦੇਖਣਾ ਦਿਲਚਸਪ ਹੋਵੇਗਾ, ਕੀ ਦਿੱਲੀ ਸਰਕਾਰ ਦੀ ਇਸ ਯੋਜਨਾ ਤੋਂ ਬਾਅਦ ਵੀ ਸੰਘ ਦੇ ਲੋਕ ਹਿੰਦੂਆਂ ਨੂੰ  3 ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕਰਨਗੇ ਕਿ ਨਹੀਂ?
ਮਮਤਾ ਦੀ ਚਿੰਤਾ ਵਧੀ
  ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ 4 ਅਗਸਤ ਨੂੰ  ਦਿੱਲੀ 'ਚ ਸਨ, ਜਿੱਥੇ ਉਨ੍ਹਾਂ ਤਿ੍ਣਮੂਲ ਕਾਂਗਰਸ ਤੋਂ ਵੱਖ ਹੋਏ 20 ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ | ਇਨ੍ਹਾਂ ਸੰਸਦ ਮੈਂਬਰਾਂ ਦੀ ਸੰਵਿਧਾਨਕ ਸਥਿਤੀ ਵਿਵਾਦਤ ਹੈ ਕਿਉਂਕਿ ਤਕਨੀਕੀ ਤੌਰ 'ਤੇ ਉਨ੍ਹਾਂ ਨੂੰ  ਅਜੇ ਵੀ ਤਿ੍ਣਮੂਲ ਕਾਂਗਰਸ ਦੇ ਹੀ ਸੰਸਦ ਮੈਂਬਰ ਮੰਨਿਆ ਜਾਂਦਾ ਹੈ, ਪਰ ਉਹ ਐਨ.ਡੀ.ਏ. ਦੀਆਂ ਮੀਟਿੰਗਾਂ 'ਚ ਸ਼ਾਮਿਲ ਹੋ ਰਹੇ ਹਨ | ਸੰਸਦ ਸੈਸ਼ਨ ਦੌਰਾਨ ਇਹ ਸੰਸਦ ਮੈਂਬਰ ਮੰਗਲਵਾਰ ਨੂੰ  ਹੋਣ ਵਾਲੇ 'ਮੰਗਲ ਮਿਲਨ ਪ੍ਰੋਗਰਾਮ' 'ਚ ਸ਼ਾਮਿਲ ਹੋਏ ਹਨ,   ਜਿਸ ਤੋਂ ਬਾਅਦ ਸੁਵੇਂਦੂ ਅਧਿਕਾਰੀ ਨੇ ਇਨ੍ਹਾਂ ਨਾਲ ਮੀਟਿੰਗ ਕੀਤੀ | ਦਰਅਸਲ ਸੁਵੇਂਦੂ ਦੀ ਦਿੱਲੀ ਫੇਰੀ ਨੇ ਮਮਤਾ ਬੈਨਰਜੀ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹੈ ਕਿਉਂਕਿ ਮਮਤਾ ਬੈਨਰਜੀ ਧੜੇ ਦੇ 8 ਲੋਕ ਸਭਾ ਸੰਸਦ ਮੈਂਬਰਾਂ 'ਚੋਂ ਘੱਟੋ-ਘੱਟ ਦੋ ਹੋਰ ਭਾਜਪਾ ਦੇ ਸੰਪਰਕ ਵਿਚ ਦੱਸੇ ਜਾ ਰਹੇ ਹਨ ਹਨ | ਮਮਤਾ ਬੈਨਰਜੀ ਦੀ ਚਿੰਤਾ ਇਨ੍ਹਾਂ ਦੋ ਸੰਸਦ ਮੈਂਬਰਾਂ ਨੂੰ  ਕਿਸੇ ਵੀ ਤਰ੍ਹਾਂ ਰੋਕਣ ਨੂੰ  ਲੈ ਕੇ ਹੈ | ਅਜਿਹੀਆਂ ਰਿਪੋਰਟਾਂ ਹਨ ਕਿ ਮਮਤਾ ਬੈਨਰਜੀ ਨੂੰ  ਛੱਡ ਕੇ ਗਏ 20 ਸੰਸਦ ਮੈਂਬਰਾਂ 'ਚੋਂ 3 ਵਾਪਸ ਪਾਰਟੀ 'ਚ ਆਉਣਾ ਚਾਹੁੰਦੇ ਹਨ, ਹਾਲਾਂਕਿ ਭਾਜਪਾ ਨੇਤਾ ਇਸ ਤੋਂ ਇਨਕਾਰ ਕਰ ਰਹੇ ਹਨ | ਜੇਕਰ 3 ਸੰਸਦ ਮੈਂਬਰ ਤਿ੍ਣਮੂਲ ਕਾਂਗਰਸ 'ਚ ਵਾਪਸ ਆ ਜਾਂਦੇ ਹਨ ਤਾਂ ਪਾਰਟੀ ਤੋਂ ਵੱਖ ਹੋਣ ਵਾਲੇ ਸੰਸਦ ਮੈਂਬਰਾਂ 'ਤੇ ਦਲ-ਬਦਲੀ ਵਿਰੋਧੀ ਕਾਨੂੰਨ ਲਾਗੂ ਹੋ ਜਾਵੇਗਾ ਕਿਉਂਕਿ ਦੋ-ਤਿਹਾਈ ਦੇ ਅੰਕੜੇ ਤੱਕ ਪਹੁੰਚਣ ਲਈ ਘੱਟੋ-ਘੱਟ 19 ਸੰਸਦ ਮੈਂਬਰਾਂ ਦੀ ਲੋੜ ਹੈ | ਇਸ ਲਈ ਭਾਜਪਾ ਨੇ ਤਿ੍ਣਮੂਲ ਦੇ ਘੱਟੋ-ਘੱਟ ਦੋ ਹੋਰ ਸੰਸਦ ਮੈਂਬਰਾਂ ਨੂੰ  ਤੋੜਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਕਿਉਂਕਿ ਪਹਿਲਾਂ ਦਲ-ਬਦਲੀ ਕਰਨ ਵਾਲੇ 20 ਸੰਸਦ ਮੈਂਬਰਾਂ 'ਚੋਂ 3 ਦੇ ਵਾਪਸ ਜਾਣ 'ਤੇ 2 ਨਵੇਂ ਸੰਸਦ ਮੈਂਬਰਾਂ ਦੇ ਸ਼ਾਮਿਲ ਹੋਣ ਨਾਲ ਲੋੜੀਂਦੀ ਗਿਣਤੀ 19 ਪੂਰੀ ਹੋ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਫ਼ੋਨ ਅਤੇ ਕਿਤਾਬ ਦਾ ਅੰਤਰ ਸਮਝਣ ਦੀ ਲੋੜ ਅਗਲੀ ਖ਼ਬਰ ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ | ¸ਅਰਨੈਸਟ ਹੈਮਿੰਗਵੇ
Ad Position 24