ਸੀ.ਬੀ.ਆਈ. ਨੇ ਅਸ਼ਵਨੀ ਕੁਮਾਰ ਦੀ ਢਹਿ-ਢੇਰੀ ਕੀਤੀ ਦੁਕਾਨ ਦੇ ਮਲਬੇ ’ਚੋਂ ਲਏ ਨਮੂਨੇ
ਮਾਨਸਾ, 4 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸੀ. ਬੀ.
ਮਾਨਸਾ, 4 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸੀ.ਬੀ.ਆਈ. ਦੀ ਟੀਮ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਤੱਥ ਇਕੱਠੇ ਕਰਨ ਲਈ ਅੱਜ ਫਿਰ ਮਾਨਸਾ ਪਹੁੰਚੀ। ਟੀਮ ਵਲੋਂ ਕਾਤਲ ਅਸ਼ਵਨੀ ਕੁਮਾਰ ਦੀ ਢਹਿ-ਢੇਰੀ ਕੀਤੀ ਗਈ ਦਵਾਈਆਂ ਵਾਲੀ ਦੁਕਾਨ ਦੇ ਮਲਬੇ ਨੂੰ ਹਟਾ ਕੇ ਨਮੂਨੇ ਲਏ ਗਏ। ਝੋਟੇ ਦੇ ਪਿਤਾ ਭੀਮ ਸਿੰਘ ਵੀ ਹਾਜ਼ਰ ਸਨ। ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਜਿੱਥੇ ਕੁਝ ਵਸਤਾਂ ਕਬਜ਼ੇ ’ਚ ਲਈਆਂ ਉੱਥੇ ਕੁਝ ਵਿਅਕਤੀਆਂ ਦੇ ਬਿਆਨ ਵੀ ਦਰਜ ਕੀਤੇ। ਉੱਧਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਪੰਜਾਬ ਸਰਕਾਰ ਤੋਂ ਇਹ ਜਵਾਬ ਮੰਗਿਆ ਹੈ ਕਿ ਦੁਕਾਨ ਕਿਹੜੇ ਨਿਯਮਾਂ ਤਹਿਤ ਢਾਹੀ ਗਈ ਹੈ। ਇਸ ਮਾਮਲੇ ’ਚ ਅਗਲੀ 15 ਦਸੰਬਰ ਨੂੰ ਸੁਣਵਾਈ ਹੋਵੇਗੀ। ਹਜ਼ਾਰ ਤੋਂ ਵਧੇਰੇ ਅਣਪਛਾਤਿਆਂ ’ਤੇ ਮੁਕੱਦਮੇ ਦਰਜ ਇਸੇ ਦੌਰਾਨ ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਵਲੋਂ ਮੁੱਖ ਮੁਲਜ਼ਮ ਦੇ ਮੈਡੀਕਲ ਹਾਲ ਦੀ ਇਮਾਰਤ ਢਾਹ ਕੇ ਅੱਗ ਲਗਾਏ ਜਾਣ ਦੇ ਦੋਸ਼ ਵਿਚ ਐਫ.ਆਈ.ਆਰ. ਸਾਹਮਣੇ ਆਈ ਹੈ। ਇਹ ਪਰਚਾ 14-15 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਦਰਜ ਕੀਤਾ ਗਿਆ, ਜਿਸ ਵਿਚ 1000 ਤੋਂ 1200 ਦੇ ਕਰੀਬ ਅਣਪਛਾਤੇ ਵਿਅਕਤੀਆਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਅਣਪਛਾਤਿਆਂ ਦੀ ਭਾਲ ਵਿਚ ਜੁੱਟ ਗਈ ਹੈ।