ਕਠਮੰਡੂ, 26 ਅਗਸਤ (ਪੀ.ਟੀ.ਆਈ)-ਤਿੱਬਤ ਨਾਲ ਲੱਗਦੇ ਮੱਧ ਨਿਪਾਲ ਦੇ ਦੋ ਜ਼ਿਲ੍ਹਿਆਂ ਵਿਚ ਬੁੱਧਵਾਰ ਸਵੇਰੇ ਅਚਾਨਕ ਆਏ ਭਿਆਨਕ ਹੜ੍ਹ ਨੇ ਤਬਾਹੀ ਮਚਾ ਦਿੱਤੀ। ਹੜ੍ਹ ਕਾਰਨ ਘੱਟੋ-ਘੱਟ 160 ਵਿਅਕਤੀਆਂ ਦੀ ਮੌਤ ਹੋ ਗਈ, ਦਰਿਆ ਕੰਢੇ ਵਸੀਆਂ ਬਸਤੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਘੱਟੋ-ਘੱਟ ਇੱਕ ਦਰਜਨ ਪਣ-ਬਿਜਲੀ ਪ੍ਰਾਜੈਕਟ ਪ੍ਰਭਾਵਿਤ ਹੋਏ। ਅਚਾਨਕ ਆਏ ਹੜ੍ਹ ਕਾਰਨ 133 ਭਾਰਤੀ ਨਾਗਰਿਕਾਂ ਸਮੇਤ ਸੈਂਕੜੇ ਲੋਕ ਲਾਪਤਾ ਹਨ। ਨਿਪਾਲ ਪੁਲਿਸ ਅਨੁਸਾਰ ਚਿਤਵਨ ਜ਼ਿਲ੍ਹੇ ’ਚੋਂ 18, ਧਾਦਿੰਗ ’ਚੋਂ 16, ਨੁਵਾਕੋਟ ’ਚੋਂ 11, ਗੋਰਖਾ ’ਚੋਂ 9 ਅਤੇ ਰਸੁਵਾ ’ਚੋਂ ਇਕ ਲਾਸ਼ ਮਿਲੀ ਹੈ। ਨਿਪਾਲ ਦੇ ਸੈਰ-ਸਪਾਟਾ ਵਿਭਾਗ ਅਨੁਸਾਰ 750 ਤੋਂ ਵੱਧ ਲੋਕ ਲਾਪਤਾ ਹਨ। ਜਿਨ੍ਹਾਂ ’ਚ 105 ਭਾਰਤੀ ਨਾਗਰਿਕਾਂ ਸਮੇਤ 291 ਵਿਦੇਸ਼ੀ ਸੈਲਾਨੀ ਸ਼ਾਮਿਲ ਹਨ। ਨਿਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਦੱਸਿਆ ਕਿ ਇਸ ਦੌਰਾਨ ਫ਼ੌਜ ਦੇ 44 ਜਵਾਨਾਂ ਸਮੇਤ 80 ਸੁਰੱਖਿਆ ਕਰਮਚਾਰੀ ਵੀ ਵੱਖ-ਵੱਖ ਥਾਵਾਂ ਤੋਂ ਲਾਪਤਾ ਹੋਏ ਹਨ।
ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਦੇ ਵੱਖ-ਵੱਖ ਹਿੱਸਿਆਂ ਤੋਂ ਘੱਟੋ-ਘੱਟ 93 ਲੋਕਾਂ ਨੂੰ ਬਚਾਇਆ ਗਿਆ ਹੈ। ਜਿਨ੍ਹਾਂ ’ਚੋਂ 30 ਦਾ ਕਠਮੰਡੂ ਦੇ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 9 ਵਜੇ ਤਿੱਬਤ ਵਲੋਂ ਆਇਆ ਪਾਣੀ ਭੋਟੇਕੋਸ਼ੀ ਨਦੀ ਵਿਚ ਅਚਾਨਕ ਤੇਜ਼ੀ ਨਾਲ ਵਧ ਗਿਆ। ਇਸ ਨਾਲ ਤਿੱਬਤ ਨਾਲ ਲਗਦੇ ਰਸੂਵਾ ਅਤੇ ਧਾਦਿੰਗ ਜ਼ਿਲ੍ਹਿਆਂ ਦੇ ਨਾਲ-ਨਾਲ ਕਠਮੰਡੂ ਤੋਂ ਦੱਖਣ-ਪੱਛਮ ਵੱਲ ਸਥਿਤ ਨੁਵਾਕੋਟ ਜ਼ਿਲ੍ਹਾ ਵੀ ਪ੍ਰਭਾਵਿਤ ਹੋਇਆ। ਅਧਿਕਾਰੀਆਂ ਮੁਤਾਬਿਕ ਰਸੂਵਾ ਵਿਚ ਹੜ੍ਹ ਸਥਾਨਕ ਮੀਂਹ ਕਾਰਨ ਨਹੀਂ ਆਇਆ। ਸੰਭਵ ਹੈ ਕਿ ਤਿੱਬਤ ਵਾਲੇ ਪਾਸੇ ਹੋਈ ਭਾਰੀ ਬਾਰਿਸ਼ ਜਾਂ ਗਲੇਸ਼ੀਅਰ ਦੀ ਝੀਲ ਟੁੱਟਣ ਕਾਰਨ ਇਹ ਹਾਲਾਤ ਬਣੇ ਹੋਣ, ਪਰ ਹੜ੍ਹ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗਿਆ। ਰਸੂਵਾ, ਨੁਵਾਕੋਟ, ਧਾਦਿੰਗ ਅਤੇ ਚਿਤਵਨ ਸਮੇਤ ਕਈ ਹੇਠਲੇ ਇਲਾਕਿਆਂ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਪ੍ਰਭਾਵਿਤ ਇਲਾਕਿਆਂ ਵਿਚ ਨਿਪਾਲ ਫ਼ੌਜ ਦੀ ਮਦਦ ਨਾਲ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਨਿਪਾਲ ਫ਼ੌਜ ਨੇ ਇੱਕ ਬਿਆਨ ਵਿਚ ਦੱਸਿਆ ਕਿ ਪਾਣੀ ਦੇ ਅਚਾਨਕ ਵਧਣ ਨਾਲ ਰਸੂਵਾ ਜ਼ਿਲ੍ਹੇ ਦੇ ਤਿਮੁਰੇ ਅਤੇ ਨੇੜਲੇ ਸਿਆਫਰੂਬੇਸੀ ਖੇਤਰ ਵਿਚ ਵੱਡੀ ਤਬਾਹੀ ਹੋਈ ਹੈ। ਕਠਮੰਡੂ ਤੋਂ ਲਗਭਗ 125 ਕਿਲੋਮੀਟਰ ਉੱਤਰ-ਪੂਰਬ ਵਿਚ ਅਤੇ ਤਿੱਬਤ ਸਰਹੱਦ ਨੇੜੇ ਸਥਿਤ ਰਸੂਵਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਹੈ। ਨਿਪਾਲ ਦੀ ਰਾਸ਼ਟਰੀ ਆਫ਼ਤ ਜੋਖ਼ਮ ਘਟਾਉਣ ਅਤੇ ਪ੍ਰਬੰਧਨ ਅਥਾਰਟੀ (ਐਨ.ਡੀ.ਆਰ.ਆਰ.ਐਮ.ਏ) ਨੇ ਲੋਕਾਂ ਨੂੰ ਰਸੂਵਾ, ਨੁਵਾਕੋਟ, ਧਾਦਿੰਗ, ਚਿਤਵਨ ਅਤੇ ਗੋਰਖਾ ਦੇ ਦਰਿਆ ਕੰਢੇ ਰਹਿਣ ਵਾਲੇ ਲੋਕਾਂ ਨੂੰ ਅਗਲੇ ਹੁਕਮਾਂ ਤੱਕ ਚੌਕਸ ਰਹਿਣ ਅਤੇ ਸੁਰੱਖਿਆ ਉਪਾਅ ਕਰਨ ਦੀ ਅਪੀਲ ਕੀਤੀ ਹੈ।
ਜਲ ਵਿਗਿਆਨ ਅਤੇ ਮੌਸਮ ਵਿਗਿਆਨ ਵਿਭਾਗ ਮੁਤਾਬਿਕ ਹੜ੍ਹ ਰਸੂਵਾ ਵਿਚ ਹੋਈ ਬਾਰਿਸ਼ ਕਾਰਨ ਨਹੀਂ ਆਇਆ। ਵਿਭਾਗ ਦੇ ਸੂਚਨਾ ਅਧਿਕਾਰੀ ਦਿਨਕਰ ਕਾਯਸਥਾ ਨੇ ਕਿਹਾ ਕਿ ਰਸੂਵਾ ਵਿਚ ਭਾਰੀ ਬਾਰਿਸ਼ ਇਸ ਹੜ੍ਹ ਦਾ ਕਾਰਨ ਨਹੀਂ ਲੱਗਦੀ। ਉਨ੍ਹਾਂ ਕਿਹਾ ਕਿ ਇਹ ਨਵੇਂ ਗਲੇਸ਼ੀਅਰ ਬਣਨ ਜਾਂ ਪੁਰਾਣੇ ਗਲੇਸ਼ੀਅਰ ਦੇ ਟੁੱਟਣ ਕਾਰਨ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜੇ ਵੀ ਇਸ ਮਾਮਲੇ ਦਾ ਅਧਿਐਨ ਕਰ ਰਹੇ ਹਾਂ, ਇਸ ਲਈ ਅਸਲ ਕਾਰਨ ਅਜੇ ਪਤਾ ਨਹੀਂ ਹੈ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਤਿੱਬਤ ਵਾਲੇ ਪਾਸੇ ਤੋਂ ਹੜ੍ਹ ਦਾ ਖਤਰਾ ਅਜੇ ਟਲਿਆ ਨਹੀਂ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਕ ਅਧਿਕਾਰਤ ਬਿਆਨ ਅਨੁਸਾਰ ਹੜ੍ਹ ਨੇ ਨੁਵਾਕੋਟ ਅਤੇ ਰਸੂਵਾ ਜ਼ਿਲ੍ਹਿਆਂ ਵਿਚ ਚੱਲ ਰਹੇ 8 ਪਣ-ਬਿਜਲੀ ਪ੍ਰੋਜੈਕਟਾਂ, ਜਿਨ੍ਹਾਂ ਦੀ ਕੁੱਲ ਸਮਰੱਥਾ 354 ਮੈਗਾਵਾਟ ਹੈ ਅਤੇ ਨਿਰਮਾਣ ਅਧੀਨ 5 ਹੋਰ ਪ੍ਰੋਜੈਕਟਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਲਗਭਗ 400 ਲੋਕ ਲਾਪਤਾ ਹਨ। ਜਿਨ੍ਹਾਂ ਵਿਚ 105 ਭਾਰਤੀ ਨਾਗਰਿਕ ਅਤੇ 37 ਪ੍ਰਵਾਸੀ ਭਾਰਤੀ ਵੀ ਸ਼ਾਮਿਲ ਹਨ। ਅਧਿਕਾਰੀਆਂ ਮੁਤਾਬਿਕ ਜ਼ਿਆਦਾਤਰ ਭਾਰਤੀ ਤਿੱਬਤ ਵਿਚ ਕੈਲਾਸ਼ ਮਾਨਸਰੋਵਰ ਯਾਤਰਾ ਲਈ ਜਾ ਰਹੇ ਸਨ। ਨਿਪਾਲ ਟੂਰਿਜ਼ਮ ਬੋਰਡ ਦੇ ਇੱਕ ਬਿਆਨ ਅਨੁਸਾਰ ਰਸੂਵਾ ਹੜ੍ਹਾਂ ਕਾਰਨ ਕੁੱਲ 384 ਯਾਤਰੀ ਲਾਪਤਾ ਹੋਏ ਹਨ। ਇਨ੍ਹਾਂ ਵਿਚ 291 ਵਿਦੇਸ਼ੀ ਅਤੇ 93 ਨਿਪਾਲੀ ਨਾਗਰਿਕ ਸ਼ਾਮਿਲ ਹਨ। ਲਾਪਤਾ ਯਾਤਰੀਆਂ ਵਿਚ 105 ਭਾਰਤੀ ਸੈਲਾਨੀ, 37 ਪ੍ਰਵਾਸੀ ਭਾਰਤੀ ਅਤੇ ਬਾਕੀ ਅਮਰੀਕਾ, ਮਲੇਸ਼ੀਆ, ਬ੍ਰਿਟੇਨ, ਦੱਖਣੀ ਅਫਰੀਕਾ, ਆਸਟ੍ਰੇਲੀਆ ਅਤੇ ਨੀਦਰਲੈਂਡ ਤੋਂ ਆਏ ਸੈਲਾਨੀ ਹਨ।
ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਵਲੋਂ ਹੰਗਾਮੀ ਮੀਟਿੰਗ
ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦੀ ਅਗਵਾਈ ਵਿਚ ਸਥਿਤੀ ਦਾ ਜਾਇਜ਼ਾ ਲੈਣ ਲਈ ਹੋਈ ਐਮਰਜੈਂਸੀ ਮੀਟਿੰਗ ਤੋਂ ਬਾਅਦ ਨਿਪਾਲ ਫ਼ੌਜ, ਆਰਮਡ ਪੁਲਿਸ ਫੋਰਸ ਅਤੇ ਨਿਪਾਲ ਪੁਲਿਸ ਦੇ ਜਵਾਨਾਂ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਬਚਾਅ ਅਤੇ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ। ਨਿਪਾਲ ਫੌਜ ਨੇ ਹੜ੍ਹ ਤੋਂ ਬਾਅਦ ਖੋਜ ਅਤੇ ਬਚਾਅ ਕਾਰਜਾਂ ਲਈ 12 ਹੈਲੀਕਾਪਟਰ ਤਾਇਨਾਤ ਕੀਤੇ। ਫੌਜ ਮੁਤਾਬਿਕ ਰਸੂਵਾ ਜ਼ਿਲ੍ਹੇ ਦੇ ਸਿਆਫਰੂਬੇਸੀ ਤੋਂ 6, ਮੈਲੁੰਗ ਤੋਂ 2 ਅਤੇ ਧੁੰਚੇ ਤੋਂ 4 ਲੋਕਾਂ ਨੂੰ ਬਚਾਇਆ ਗਿਆ। ਨਿਪਾਲ ਫ਼ੌਜ ਨੇ ਤ੍ਰਿਸ਼ੂਲੀ ’ਚ ਇਕ ਇਲਾਜ ਕੇਂਦਰ ਵੀ ਸਥਾਪਿਤ ਕੀਤਾ ਹੈ, ਜਿੱਥੇ ਫ਼ੌਜ ਦੇ ਮੈਡੀਕਲ ਕਰਮਚਾਰੀ ਪ੍ਰਭਾਵਿਤ ਲੋਕਾਂ ਨੂੰ ਐਮਰਜੈਂਸੀ ਇਲਾਜ ਮੁਹੱਈਆ ਕਰਵਾ ਰਹੇ ਹਨ।
ਭਾਰਤੀ ਦੂਤਘਰ ਵਲੋਂ ਹੈਲਪਲਾਈਨ ਨੰਬਰ ਜਾਰੀ
ਕਠਮੰਡੂ ਸਥਿਤ ਭਾਰਤੀ ਦੂਤਘਰ ਨੇ ਹੜ੍ਹ ਤੋਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਨਾਲ ਸੰਬੰਧਿਤ ਸਹਾਇਤਾ ਅਤੇ ਜਾਣਕਾਰੀ ਲਈ ਐਮਰਜੈਂਸੀ ਨੰਬਰ ਜਾਰੀ ਕੀਤੇ ਹਨ। ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ਵਿੱਚ ਕਿਹਾ ਕਿ ਲੋਕ +977 985 131 6807 ਜਾਂ +977 970 910 7500 ’ਤੇ ਸੰਪਰਕ ਕਰ ਸਕਦੇ ਹਨ। ਨਿਪਾਲ ਟੂਰਿਜ਼ਮ ਬੋਰਡ ਨੇ ਵੀ ਸਹਾਇਤਾ ਲਈ ਐਮਰਜੈਂਸੀ ਨੰਬਰ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਟੋਲ-ਫ੍ਰੀ ਨੰਬਰ 1234, ਹਾਟਲਾਈਨ 1144 ਅਤੇ ਟੂਰਿਸਟ ਪੁਲਿਸ ਦਾ ਨੰਬਰ 9851289445 ਸ਼ਾਮਿਲ ਹੈ।
ਐਸ.ਐਸ.ਬੀ. ਨੇ ਆਪਣੀਆਂ ਸਾਰੀਆਂ ਯੂਨਿਟਾਂ ਨੂੰ ਕੀਤਾ ਅਲਰਟ, 18 ਰਾਹਤ ਟੀਮਾਂ ਤਾਇਨਾਤ
ਨਵੀਂ ਦਿੱਲੀ-ਅਧਿਕਾਰੀਆਂ ਨੇ ਦੱਸਿਆ ਕਿ ਨਿਪਾਲ ਵਿਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਸਸ਼ਸਤਰ ਸੀਮਾ ਬਲ (ਐਸ.ਐਸ.ਬੀ) ਨੇ 1,751 ਕਿਲੋਮੀਟਰ ਲੰਬੀ ਭਾਰਤ-ਨਿਪਾਲ ਅੰਤਰਰਾਸ਼ਟਰੀ ਸਰਹੱਦ ’ਤੇ ਆਪਣੀਆਂ ਸਾਰੀਆਂ ਯੂਨਿਟਾਂ ਨੂੰ ਅਲਰਟ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਲ ਦੀਆਂ 18 ਟੀਮਾਂ, ਜਿਨ੍ਹਾਂ ’ਚੋਂ 7 ਟੀਮਾਂ ਨੂੰ ਸਟੈਂਡਬਾਈ ’ਤੇ ਰੱਖਿਆ ਗਿਆ ਹੈ, ਸਰਹੱਦੀ ਇਲਾਕਿਆਂ ਵਿਚ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰਨ ਲਈ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਰਧਸੈਨਿਕ ਬਲ ਵਲੋਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਘਾਘਰਾ/ਕਰਨਾਲੀ ਅਤੇ ਮਹਾਕਾਲੀ ਨਦੀਆਂ ਨਾਲ ਲੱਗਦੇ ਸੰਵੇਦਨਸ਼ੀਲ ਜ਼ਿਲ੍ਹਿਆਂ ’ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ।
ਖੜਗੇ ਵਲੋਂ ਕੇਂਦਰ ਨੂੰ ਅਪੀਲ
ਨਵੀਂ ਦਿੱਲੀ, (ਪੀ.ਟੀ.ਆਈ)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਨਿਪਾਲ ਵਿਚ ਭਿਆਨਕ ਹੜ੍ਹਾਂ ਤੋਂ ਬਾਅਦ ਲਾਪਤਾ ਹੋਏ ਭਾਰਤੀ ਨਾਗਰਿਕਾਂ ਦਾ ਪਤਾ ਲਗਾਇਆ ਜਾਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ। ਖੜਗੇ ਨੇ ਐਕਸ ’ਤੇ ਇੱਕ ਪੋਸਟ ਵਿਚ ਨਿਪਾਲ ’ਚ ਹੜ੍ਹਾਂ ਕਾਰਨ ਹੋਈਆਂ ਮੌਤਾਂ ਅਤੇ ਤਬਾਹੀ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਕੇਂਦਰ ਸਰਕਾਰ ਨੂੰ ਗੁਆਂਢੀ ਦੇਸ਼ ਨੂੰ ਹਰ ਸੰਭਵ ਮਨੁੱਖੀ ਸਹਾਇਤਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਅਸੀਂ ਨਿਪਾਲ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ। ਅਸੀਂ ਉਨ੍ਹਾਂ 100 ਤੋਂ ਵੱਧ ਭਾਰਤੀਆਂ ਦੀਆਂ ਖ਼ਬਰਾਂ ਨੂੰ ਲੈ ਕੇ ਬਹੁਤ ਚਿੰਤਤ ਹਾਂ ਜੋ ਅਜੇ ਵੀ ਲਾਪਤਾ ਹਨ। ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਨ੍ਹਾਂ ਦਾ ਪਤਾ ਲਗਾਉਣ ਲਈ ਤੁਰੰਤ ਕਦਮ ਚੁੱਕੇ ਜਾਣ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ।