ਗੋਇੰਦਵਾਲ ਸਾਹਿਬ (ਤਰਨ ਤਾਰਨ), 26 ਅਗਸਤ (ਹਰਿੰਦਰ ਸਿੰਘ, ਸਕੱਤਰ ਸਿੰਘ ਅਟਵਾਲ)-ਰੱਖੜੀ ਦੇ ਤਿਉਹਾਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1.37 ਲੱਖ ‘ਸਤਿਕਾਰ ਸਖੀਆਂ’ ਨੂੰ 52.20 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਜਾਰੀ ਕਰਕੇ ਭਰਾ ਦਾ ਫਰਜ਼ ਨਿਭਾਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਗੋਇੰਦਵਾਲ ਸਾਹਿਬ ਵਿਖੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਕਰਵਾਏ ਗਏ ਔਰਤਾਂ ਦੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ 1.37 ਲੱਖ ‘ਸਤਿਕਾਰ ਸਖੀਆਂ’ ਨੂੰ 52.20 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਉਨ੍ਹਾਂ ਦੇ ਖਾਤਿਆਂ ’ਚ ਟਰਾਂਸਫਰ (ਤਬਦੀਲ) ਕੀਤੀ।
ਇਸ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੈਲੀਕਾਪਟਰ ਵਿਚ ਤਕਨੀਕੀ ਨੁਕਸ ਦਾ ਹਵਾਲਾ ਦਿੰਦਿਆਂ ਸਮਾਗਮ ਵਿਚ ਨਾ ਪਹੁੰਚਣ ’ਤੇ ਵਰਚੁਅਲ ਭਾਸ਼ਨ ਰਾਹੀਂ ਆਪਣਾ ਸੰਦੇਸ਼ ਹਾਜ਼ਰ ਲੋਕਾਂ ਤੱਕ ਪਹੁੰਚਾਇਆ। ਮੁੱਖ ਮੰਤਰੀ ਨੇ ਪੂਰੇ ਪੰਜਾਬ ਦੀਆਂ ਔਰਤਾਂ ਤੱਕ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਪਹੁੰਚਾਉਣ ਵਿਚ ‘ਸਤਿਕਾਰ ਸਖੀਆਂ’ ਦੇ ਅਣਥੱਕ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ‘ਸਤਿਕਾਰ ਸਖੀਆਂ’ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਸ ਯੋਜਨਾ ਤਹਿਤ 75 ਲੱਖ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਸੰਭਵ ਹੋ ਸਕੀ ਹੈ ਅਤੇ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਸਨਮਾਨ ਰਾਸ਼ੀ ਪਹੁੰਚਣੀ ਯਕੀਨੀ ਹੋਈ ਹੈ।
ਇਸ ਪਹਿਲਕਦਮੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਇਸ ਯੋਜਨਾ ਤਹਿਤ 76.11 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਜਿਸ ਵਿਚੋਂ 68.06 ਲੱਖ ਔਰਤਾਂ ਦੇ ਖਾਤਿਆਂ ਵਿਚ 2381 ਕਰੋੜ ਰੁਪਏ ਪਹਿਲਾਂ ਹੀ ਟਰਾਂਸਫਰ (ਤਬਦੀਲ) ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੀ ਸਰਕਾਰ ਨੇ ਇਸ ਯੋਜਨਾ ਨਾਲ ਇਕ ਕਰੋੜ ਔਰਤਾਂ ਨੂੰ ਜੋੜਨ ਦਾ ਟੀਚਾ ਰੱਖਿਆ ਹੈ, ਜਦਕਿ ‘ਸਤਿਕਾਰ ਸਖੀਆਂ’ ਨੂੰ ਹਰੇਕ ਰਜਿਸਟ੍ਰੇਸ਼ਨ ਲਈ 300 ਰੁਪਏ ਮਿਲਣਗੇ, ਜਿਸ ਨਾਲ ਉਹ ਇਸ ਪਹਿਲਕਦਮੀ ਰਾਹੀਂ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਸਕਣਗੀਆਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਵਰਚੁਅਲ ਭਾਸ਼ਨ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰੱਖੜੀ ਦੇ ਤਿਉਹਾਰ ’ਤੇ ਪਹਿਲੀ ਕਿਸ਼ਤ ਜਾਰੀ ਕਰਕੇ ਮਹਿਲਾ ਲਾਭਪਾਤਰੀਆਂ ਨੂੰ ਰੱਖੜੀ ਦਾ ਵਿਸ਼ੇਸ਼ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਔਰਤਾਂ ਦੇ ਮਾਣ-ਸਨਮਾਨ ਵਿਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਕੀਤੀ ਹੈ। ਮੈਂ ਬਾਕੀ ਰਹਿੰਦੀਆਂ ਸਾਰੀਆਂ ਯੋਗ ਔਰਤਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਯੋਜਨਾ ਤਹਿਤ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਇਸ ਦਾ ਲਾਭ ਉਠਾਉਣ। ਮੁੱਖ ਮੰਤਰੀ ਨੇ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾ ਲਾਭਪਾਤਰੀਆਂ ਨੂੰ 1000 ਰੁਪਏ ਦੀ ਵਿੱਤੀ ਸਹਾਇਤਾ ਦੇ ਮੋਬਾਈਲ ਸੰਦੇਸ਼ ਮਿਲ ਰਹੇ ਹਨ, ਜਦਕਿ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਔਰਤਾਂ ਨੂੰ 1500 ਰੁਪਏ ਮਿਲ ਰਹੇ ਹਨ।
ਇਹ ਸਹਾਇਤਾ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾ ਰਹੀ ਹੈ ਅਤੇ ਪੰਜਾਬ ਦੀਆਂ 97 ਫ਼ੀਸਦੀ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਦੀ ਉਮੀਦ ਹੈ। ਸੂਬਾ ਸਰਕਾਰ ਨੇ ਇਸ ਪਹਿਲਕਦਮੀ ਲਈ ਬਜਟ ਵਿਚ 9300 ਕਰੋੜ ਰੁਪਏ ਰੱਖੇ ਹਨ। ਉਨ੍ਹਾਂ ਕਿਹਾ ਕਿ ਇਹ ਵਿੱਤੀ ਸਹਾਇਤਾ ਸ਼ਾਇਦ ਔਰਤਾਂ ਨੂੰ ਅਮੀਰ ਤਾਂ ਨਾ ਬਣਾਵੇ, ਪਰ ਇਹ ਉਨ੍ਹਾਂ ਨੂੰ ਮਾਣ-ਸਤਿਕਾਰ ਅਤੇ ਸਵੈ-ਮਾਣ ਜ਼ਰੂਰ ਦੇਵੇਗੀ। ਔਰਤਾਂ ਸਭ ਤੋਂ ਵੱਧ ਸਤਿਕਾਰ ਦੀਆਂ ਹੱਕਦਾਰ ਹਨ। ਇਸ ਮੌਕੇ ‘ਆਪ’ ਪੰਜਾਬ ਦੇ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਵਿਧਾਇਕਾ ਡਾ.ਅਮਨਦੀਪ ਕੌਰ ਨੇ ਪੰਜਾਬ ਭਰ ਦੀਆਂ ਔਰਤਾਂ ਤੱਕ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਪਹੁੰਚਾਉਣ ’ਚ ਸਤਿਕਾਰ ਸਖੀਆਂ ਅਤੇ ਸਮੁੱਚੇ ਮਹਿਲਾ ਵਿੰਗ ਦੇ ਸਮਰਪਿਤ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਔਰਤਾਂ ਨੂੰ ਅਹੁਦੇ ਤਾਂ ਦਿੱਤੇ ਜਾਂਦੇ ਰਹੇ ਹਨ, ਪਰ ਅਕਸਰ ਉਨ੍ਹਾਂ ਨੂੰ ਪਿੱਛੇ ਹੀ ਧੱਕ ਦਿੱਤਾ ਜਾਂਦਾ ਸੀ, ਜਦਕਿ ਮੌਜੂਦਾ ਸਰਕਾਰ ਨੇ ਆਮ ਜੀਵਨ, ਰੁਜ਼ਗਾਰ ਅਤੇ ਲੀਡਰਸ਼ਿਪ ਵਿਚ ਔਰਤਾਂ ਲਈ ਵੱਡੇ ਮੌਕੇ ਪੈਦਾ ਕੀਤੇ ਹਨ। ਮਹਿਲਾ ਵਿੰਗ ਆਮ ਆਦਮੀ ਪਾਰਟੀ ਲਈ ਜ਼ਮੀਨੀ ਪੱਧਰ ’ਤੇ ਇਕ ਸ਼ਕਤੀਸ਼ਾਲੀ ਤਾਕਤ ਬਣ ਕੇ ਉੱਭਰਿਆ ਹੈ ਅਤੇ ਮੈਨੂੰ ਆਪਣੀ ਟੀਮ ਦੀ ਲਗਨ ਅਤੇ ਸਮਰਪਣ ’ਤੇ ਫਖ਼ਰ ਹੈ।