27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪਾਕਿ ਨੇ ਐੱਲ. ਓ. ਸੀ. ’ਤੇ ਤਾਇਨਾਤ ਕੀਤੇ ਤੁਰਕੀ ਦੇ ਘਾਤਕ ਬਾਏਰਕਤਾਰ ਟੀ.ਬੀ.-2 ਡਰੋਨ

ਅੰਮ੍ਰਿਤਸਰ, 26 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਕੰਟਰੋਲ ਰੇਖਾ (ਐੱਲ. ਓ. ਸੀ.) ’ਤੇ ਤੁਰਕੀ ਦੇ ਘਾਤਕ ‘ਬਾਏਰਕਤਾਰ ਟੀ.ਬੀ.-2’ ਡਰੋਨ ਤਾਇਨਾਤ ਕਰ ਦਿੱਤੇ ਹਨ। ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਐੱਲ. ਓ. ਸੀ. ਨੇੜੇ ਤੁਰਕੀ ....

Ad Position 21
No active advertisement
ਅਜੀਤ ਡੈਸਕ 27-08-2026

ਅੰਮ੍ਰਿਤਸਰ, 26 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਕੰਟਰੋਲ ਰੇਖਾ (ਐੱਲ. ਓ. ਸੀ.) ’ਤੇ ਤੁਰਕੀ ਦੇ ਘਾਤਕ ‘ਬਾਏਰਕਤਾਰ ਟੀ.ਬੀ.-2’ ਡਰੋਨ ਤਾਇਨਾਤ ਕਰ ਦਿੱਤੇ ਹਨ। ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਐੱਲ. ਓ. ਸੀ. ਨੇੜੇ ਤੁਰਕੀ ਦਾ ਇਹ ਡਰੋਨ ਮੰਡਰਾਉਂਦਾ ਹੋਇਆ ਵਿਖਾਈ ਦਿੱਤਾ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਾਕਿ ਇਨ੍ਹਾਂ ਡਰੋਨਾਂ ਰਾਹੀਂ ਭਾਰਤੀ ਫ਼ੌਜ ਨੂੰ ਲੈ ਕੇ ਜਾਸੂਸੀ/ਟੋਹੀ ਮੁਹਿੰਮ ਚਲਾ ਰਿਹਾ ਹੈ। ਇਹ ਘਟਨਾਕ੍ਰਮ ਭਾਰਤ ਅਤੇ ਪਾਕਿ ਵਿਚਾਲੇ ਸੁਰੱਖਿਆ ਨੂੰ ਲੈ ਕੇ ਵਧ ਰਹੇ ਤਣਾਅ ਅਤੇ ਦੋਵਾਂ ਪਾਸਿਆਂ ਵਲੋਂ ਨਿਗਰਾਨੀ, ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਅਤੇ ਸਟੀਕ ਹਮਲਿਆਂ ਲਈ ਡਰੋਨਾਂ ’ਤੇ ਵਧ ਰਹੀ ਨਿਰਭਰਤਾ ਦਰਮਿਆਨ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਾਏਰਕਤਾਰ ਟੀ.ਬੀ.-2 ਦਰਮਿਆਨੀ ਉਚਾਈ ’ਤੇ ਲੰਬੇ ਸਮੇਂ ਤੱਕ ਉੱਡਣ ਦੇ ਸਮਰੱਥ ਹਥਿਆਰਬੰਦ ਡਰੋਨ ਹੈ। ਇਹ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ, ਨਿਗਰਾਨੀ ਰੱਖਣ ਅਤੇ ਟੋਹ ਲੈਣ ਦੇ ਨਾਲ-ਨਾਲ ਸਟੀਕ ਹਮਲੇ ਕਰਨ ’ਚ ਵੀ ਪੂਰੀ ਤਰ੍ਹਾਂ ਸਮਰੱਥ ਹੈ। ਇਸ ਦੇ ਇਲੈਕਟ੍ਰੋ-ਆਪਟੀਕਲ ਅਤੇ ਇਨਫਰਾਰੈੱਡ ਸੈਂਸਰ ਪੈਕੇਜ ਦੀ ਮਦਦ ਨਾਲ ਆਪਰੇਟਰ ਰੀਅਲ-ਟਾਈਮ ਤਸਵੀਰਾਂ ਭੇਜ ਸਕਦੇ ਹਨ ਅਤੇ ਲਗਾਤਾਰ ਹਵਾਈ ਨਿਗਰਾਨੀ ਰੱਖ ਸਕਦੇ ਹਨ।

ਜ਼ਿਕਰਯੋਗ ਹੈ ਕਿ ਇਸ ਡਰੋਨ ਨੇ ਰੂਸੀ ਫ਼ੌਜ ਦਾ ਕਾਫ਼ੀ ਵੱਡਾ ਨੁਕਸਾਨ ਕੀਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਸਿਰਫ਼ ਹਥਿਆਰਬੰਦ ਡਰੋਨ ਦੀ ਮੌਜੂਦਗੀ ਨਹੀਂ ਹੈ, ਸਗੋਂ ਲੰਬੇ ਸਮੇਂ ਦੀਆਂ ਨਿਗਰਾਨੀ ਉਡਾਣਾਂ ਰਾਹੀਂ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਵੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ‘ਲਾਈਨ ਆਫ਼ ਕੰਟਰੋਲ’ ਨੇੜੇ ਉਡਾਣ ਭਰਨ ਨਾਲ ਪਾਕਿਸਤਾਨੀ ਆਪਰੇਟਰਾਂ ਨੂੰ ਇਲਾਕੇ ਦੀ ਭੂਗੋਲਿਕ ਬਣਤਰ, ਫ਼ੌਜ ਦੀ ਆਵਾਜਾਈ ਦੇ ਤਰੀਕਿਆਂ ਅਤੇ ਸੰਵੇਦਨਸ਼ੀਲ ਇਲਾਕਿਆਂ ’ਚ ਨਿਗਰਾਨੀ ਦੇ ਪ੍ਰਬੰਧਾਂ ਦੀ ਪੂਰੀ ਜਾਣਕਾਰੀ ਮਿਲ ਸਕਦੀ ਹੈ।

ਤੁਰਕੀ ਦੇ ਇਸ ਡਰੋਨ ਦੀ ਤਾਇਨਾਤੀ ਇਸ ਲਈ ਵੀ ਅਹਿਮ ਹੈ ਕਿਉਂਕਿ ਟੀ.ਬੀ.-2 ਸਿਰਫ਼ ਨਿਗਰਾਨੀ ਕਰਨ ਵਾਲਾ ਡਰੋਨ ਨਹੀਂ ਹੈ, ਇਹ ਸਟੀਕ ਨਿਸ਼ਾਨਾ ਲਗਾਉਣ ਵਾਲੇ ਹਥਿਆਰ ਲੈ ਕੇ ਜਾਣ ਦੇ ਸਮਰੱਥ ਹੈ, ਜਿਸ ਦਾ ਮਤਲਬ ਹੈ ਕਿ ਹਾਲਾਤ ਬਦਲਣ ’ਤੇ ਨਿਗਰਾਨੀ ਉਡਾਣ ਤੁਰੰਤ ਹਮਲੇ ਦੇ ਮਿਸ਼ਨ ’ਚ ਤਬਦੀਲ ਹੋ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਨੂੰ ਪਾਕਿ ਦੇ ਬਿਨਾਂ ਪਾਇਲਟ ਵਾਲੇ ਜਹਾਜ਼ਾਂ ਦੇ ਬੇੜੇ ’ਚ ਸ਼ਾਮਿਲ ਕੀਤਾ ਜਾ ਚੁੱਕਾ ਹੈ ਅਤੇ ਮੁਰੀਦਕੇ ਏਅਰਬੇਸ ਨੂੰ ਟੀ.ਬੀ.-2 ਅਤੇ ਹੋਰ ਯੂ. ਏ. ਵੀ. ਆਪ੍ਰੇਸ਼ਨਾਂ ਲਈ ਮੁੱਖ ਕੇਂਦਰ ਚੁਣਿਆ ਗਿਆ ਹੈ।

ਪਾਕਿ ਦੇ ਡਰੋਨ ਆਪਰੇਸ਼ਨਾਂ ਲਈ ਮੁਰੀਦਕੇ (ਚਕਵਾਲ) ਮੁੱਖ ਯੂ. ਏ. ਵੀ. ਹੱਬ ਵਜੋਂ ਉੱਭਰਿਆ ਹੈ। ਇਸ ਤੋਂ ਇਲਾਵਾ ਨੂਰ ਖ਼ਾਨ ਏਅਰਬੇਸ (ਚਕਲਾਲਾ, ਰਾਵਲਪਿੰਡੀ) ਵੀ ਵੱਡਾ ਮਿਲਟਰੀ ਏਵੀਏਸ਼ਨ ਸੈਂਟਰ ਹੈ। ਜਦਕਿ ਰਹੀਮ ਯਾਰ ਖ਼ਾਨ ਦੱਖਣੀ ਇਲਾਕੇ ’ਚ ਫਾਰਵਰਡ ਆਪ੍ਰੇਸ਼ਨਲ ਬੇਸ ਦਾ ਕੰਮ ਕਰਦਾ ਹੈ। ਇਨ੍ਹਾਂ ਸਾਰੇ ਏਅਰਬੇਸਾਂ ’ਤੇ ਪਿਛਲੇ ਸਾਲ ਭਾਰਤ ਨੇ ‘ਆਪ੍ਰੇਸ਼ਨ ਸੰਧੂਰ’ ਦੌਰਾਨ ਬ੍ਰਹਮੋਸ ਮਿਜ਼ਾਈਲਾਂ ਨਾਲ ਹਮਲੇ ਕੀਤੇ ਸਨ। ਅਜਿਹੀ ਜਾਣਕਾਰੀ ਵੀ ਮਿਲੀ ਹੈ ਕਿ ਪਾਕਿ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ, ਖ਼ਾਸ ਤੌਰ ’ਤੇ ਮੁਜ਼ੱਫ਼ਰਾਬਾਦ ਅਤੇ ਕੋਟਲੀ ਵਰਗੇ ਇਲਾਕਿਆਂ ਨੇੜੇ ਜ਼ਮੀਨੀ ਕੰਟਰੋਲ ਇਨਫਰਾਸਟ੍ਰਕਚਰ ਅਤੇ ਮੋਬਾਈਲ ਲਾਂਚ ਯੂਨਿਟਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।

ਜੇਕਰ ਇਸ ਦੀ ਪੁਸ਼ਟੀ ਹੁੰਦੀ ਹੈ ਤਾਂ ਇਸ ਨਾਲ ਆਉਣ-ਜਾਣ ਦਾ ਸਮਾਂ ਘਟੇਗਾ ਅਤੇ ਸੰਵੇਦਨਸ਼ੀਲ ਇਲਾਕਿਆਂ ਨੇੜੇ ਲੰਬੇ ਸਮੇਂ ਤੱਕ ਨਿਗਰਾਨੀ ਰੱਖੀ ਜਾ ਸਕੇਗੀ। ਇਸ ਸਭ ਦੇ ਜਵਾਬ ’ਚ ਭਾਰਤ ਆਪਣੇ ਕਾਊਂਟਰ-ਡਰੋਨ ਸਿਸਟਮ ਨੂੰ ਮਜ਼ਬੂਤ ਕਰ ਰਿਹਾ ਹੈ। ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਭਾਰਤ-ਪਾਕਿ ਸਰਹੱਦ ਦੇ ਸੰਵੇਦਨਸ਼ੀਲ ਇਲਾਕਿਆਂ ’ਚ ਐਂਟੀ-ਡਰੋਨ ਸਿਸਟਮ, ਇਨਫਰਾਰੈੱਡ ਸੈਂਸਰ, ਨਿਗਰਾਨੀ ਕੈਮਰੇ ਅਤੇ ਏਕੀਕ੍ਰਿਤ ਕਮਾਂਡ-ਐਂਡ-ਕੰਟਰੋਲ ਸਿਸਟਮ ਤਾਇਨਾਤ ਕੀਤੇ ਗਏ ਹਨ।

 

Ad Position 22
No active advertisement
ਪਿਛਲੀ ਖ਼ਬਰ ਕੋਟਾ ’ਚ ਨੀਟ ਦੀ ਤਿਆਰੀ ਕਰ ਰਹੀ ਵਿਦਿਆਰਥਣ ਵਲੋਂ ਖੁਦਕੁਸ਼ੀ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਐਲਾਨੀ ਮੀਡੀਆ ਕੋਆਰਡੀਨੇਟਰਾਂ ਦੀ ਸੂਚੀ
Ad Position 24