18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

19-10-2026

19-10-2026

Ad Position 21
No active advertisement
ਅਜੀਤ ਡੈਸਕ 19-10-2026

ਅਧਿਆਪਕ ਗਿਆਨ ਦਾ ਦੀਪਕ


ਅਸੀਂ ਦੁਨੀਆ ਦੇ ਜਾਂ ਆਪਣੇ ਭਾਰਤਵਰਸ਼ ਦੇ ਇਤਿਹਾਸ ਨੂੰ  ਜਦੋਂ ਵਾਚਦੇ ਹਾਂ ਤਾਂ ਇਕ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਿਹੜੇ ਵੀ ਵੱਡੇ-ਵੱਡੇ ਮਹਾਂਪੁਰਸ਼, ਯੋਧੇ, ਵਿਦਵਾਨ ਜਾਂ ਰਿਸ਼ੀ ਮੁਨੀ ਹੋਏ ਹਨ, ਉਨ੍ਹਾਂ ਨੂੰ  ਮਹਾਨ ਬਣਾਉਣ, ਸੱਚੀ ਅਗਵਾਈ ਤੇ ਉੱਤਮ ਵਿਦਿਆ ਨਾਲ ਸੰਪੰਨ ਕਰਨ ਪਿੱਛੇ ਉਨ੍ਹਾਂ ਦੇ ਗੁਰੂਆਂ ਦੀ ਮਹਾਨ ਘਾਲਣਾ ਸੀ |
ਪ੍ਰਾਚੀਨ ਕਾਲ ਤੋਂ ਲੈ ਕੇ ਕੁਝ ਦਹਾਕੇ ਪਹਿਲਾਂ ਤੱਕ ਦੁਨਿਆਵੀ ਤੇ ਅਧਿਆਤਮਕ ਸਿੱਖਿਆ ਦੇਣ ਵਾਲੇ ਗੁਰੂਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ | ਜੇਕਰ ਗੱਲ ਅੱਜ ਦੇ ਸੰਦਰਭ ਵਿਚ ਕਰੀਏ ਤਾਂ ਗੁਰੂ ਜਾਂ ਅਧਿਆਪਕ ਦੇ ਰੁਤਬੇ ਦਾ ਉਹ ਮਾਣ ਤੇ ਸਤਿਕਾਰ ਨਹੀਂ ਰਿਹਾ ਜੋ ਕਦੇ ਹੁੰਦਾ ਸੀ | ਸਮੇਂ ਦੇ ਗੇੜ ਨੇ ਗੁਰੂ ਤੇ ਸ਼ਿਸ਼ ਦੇ ਰਿਸ਼ਤੇ ਨੂੰ  ਅੱਜ ਮਹਿਜ਼ ਇਕ ਰਸਮੀ ਰਿਸ਼ਤਾ ਬਣਾ ਦਿੱਤਾ ਹੈ, ਜਿਸ ਵਿਚ ਪਿਆਰ, ਸਤਿਕਾਰ, ਅਪਣੱਤ ਤੇ ਉਹੋ ਜਿਹੀ ਭਾਵਨਾ ਦੀ ਦਿਨ ਪ੍ਰਤੀ ਦਿਨ ਘਾਟ ਹੁੰਦੀ ਜਾ ਰਹੀ ਹੈ | ਦੂਜੇ ਪਾਸੇ ਜਨ ਸਾਧਾਰਨ ਦੀ ਨਜ਼ਰ ਵਿਚ ਅੱਜ ਅਧਿਆਪਕ ਦੀ ਉਹ ਹੈਸੀਅਤ ਨਹੀਂ ਜੋ ਕਦੇ ਹੁੰਦੀ ਸੀ | ਕੁਝ ਤਾਂ ਸਰਕਾਰਾਂ ਦੇ ਇਸ ਖੇਤਰ ਵਿਚ ਨਿੱਤ ਨਵੇਂ ਤਜਰਬੇ ਤੇ ਬੇਲੋੜੀਆਂ ਨੀਤੀਆਂ ਨੇ ਤੇ ਕੁਝ ਸਾਡਾ ਆਪਣਾ ਆਪਣੀ ਬਣਦੀ ਜ਼ਿੰਮੇਵਾਰੀ ਨਾ ਨਿਭਾਉਣਾ ਨੇ ਵੀ ਅਧਿਆਪਕ ਦੀ ਸਾਖ ਨੂੰ  ਬੜੀ ਵੱਡੀ ਢਾਹ ਲਾਈ ਹੈ ਪਰ ਫਿਰ ਵੀ ਸਾਰੀਆਂ ਉਂਗਲਾਂ ਇਕਸਾਰ ਨਹੀਂ ਹੁੰਦੀਆਂ | ਅੱਜ ਵੀ ਅਜਿਹੇ ਅਧਿਆਪਕ ਮੌਜੂਦ ਹਨ ਜੋ ਪੂਰੇ ਜਜ਼ਬੇ ਸਮਰਪਿਤ ਦੀ ਭਾਵਨਾ ਨਾਲ ਆਪਣਾ ਫਰਜ਼ ਹੀ ਨਹੀਂ ਨਿਭਾਉਂਦੇ, ਬਲਕਿ ਆਪਣੇ ਵਿਦਿਆਰਥੀਆਂ ਨੂੰ  ਮਾੜੀਆਂ ਅਲਾਮਤਾਂ ਨਾਲ਼ ਕਿਵੇਂ ਨਜਿੱਠਣਾ ਹੈ, ਲਈ ਵੀ ਤਿਆਰ ਕਰਦੇ ਹਨ ਅਤੇ ਇਕ ਚੰਗੇ ਇਨਸਾਨ ਬਣਾਉਣ ਲਈ ਉਨ੍ਹਾਂ ਅੰਦਰਲੇ ਗਿਆਨ ਨੂੰ  ਜਗਾਉਣ ਦਾ ਤਨ-ਮਨ ਨਾਲ਼ ਹਰ ਸੰਭਵ ਯਤਨ ਕਰਦੇ ਹਨ | ਸਿਰਫ਼ ਅਧਿਆਪਕ ਦਿਵਸ 'ਤੇ ਹੀ ਨਹੀਂ, ਅਜਿਹੇ ਗਿਆਨ ਦੇ ਦੀਪਕ ਜਗਾਉਣ ਵਾਲੇ ਗੁਰੂਆਂ ਨੂੰ  ਹਰ ਰੋਜ਼ ਸੱਚੇ ਦਿਲੋਂ ਪ੍ਰਣਾਮ |

-ਲਾਭ ਸਿੰਘ ਸ਼ੇਰਗਿੱਲ ਬਡਰੁੱਖਾਂ
(ਸੰਗਰੂਰ)

ਰਾਸ਼ਨ ਡਿਪੂਆਂ ਤੇ ਖੱਜਲ ਖੁਆਰੀ

ਪੰਜਾਬ ਸਰਕਾਰ ਵਲੋਂ ਰਾਸ਼ਨ ਡਿਪੂਆਂ ਤੇ ਦਿੱਤੀ ਜਾ ਰਹੀ ਮੁਫ਼ਤ ਕਣਕ ਪ੍ਰਾਪਤ ਕਰਦੇ ਸਮੇਂ ਗਰੀਬ ਲਾਭਪਾਤਰੀਆਂ ਨੂੰ  ਬਹੁਤ ਜਿਆਦਾ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਪਹਿਲਾਂ ਕਣਕ ਵੰਡਣ ਸਮੇਂ ਡੀਪੂ ਸੰਚਾਲਕ ਵਲੋਂ ਸਿਰਫ਼ ਇਕ ਪਰਚੀ ਹੀ ਕੱਢੀ ਜਾਂਦੀ ਸੀ, ਪ੍ਰੰਤੂ ਹੁਣ ਸਰਕਾਰ ਵਲੋਂ ਨਿਯਮਾਂ ਵਿਚ ਤਬਦੀਲੀ ਕਰਨ ਕਰਕੇ ਚਾਰ ਪਰਚੀਆਂ ਮਸ਼ੀਨ ਰਾਹੀਂ ਕੱਢੀਆਂ ਜਾਂਦੀਆਂ ਹਨ, ਮਤਲਬ ਜਿੰਨੇ ਮਹੀਨੇ ਕਣਕ ਓਨੀ ਗਿਣਤੀ ਵਿਚ ਹੀ ਪਰਚੀਆਂ | 
ਜ਼ਿਆਦਾ ਪਰਚੀਆਂ ਨਿਕਲਣ ਕਰਕੇ ਸਮਾਂ ਬਹੁਤ ਜ਼ਿਆਦਾ ਲਗਦੈ ਹੈ | ਮਤਲਬ ਇਕ ਲਾਭਪਾਤਰੀ 'ਤੇ ਹੀ 30 ਮਿੰਟ ਦੇ ਕਰੀਬ ਸਮਾਂ ਲੱਗ ਜਾਂਦਾ ਹੈ | ਕਣਕ ਦੀ ਵੰਡ ਉਪਰੰਤ ਰਾਸ਼ਨ ਕਿੱਟਾਂ ਵੇਲੇ ਵੀ ਲਾਭਪਾਤਰੀਆਂ ਨੂੰ  ਫਿਰ ਲਾਈਨਾਂ ਵਿਚ ਲੱਗਣਾ ਪੈਂਦਾ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਗਰੀਬ ਲੋਕਾਂ ਨੂੰ  ਮਜਬੂਰੀ ਵੱਸ ਦੋ ਦਿਹਾੜੀਆਂ ਫਜ਼ੂਲ ਹੀ ਖ਼ਰਾਬ ਕਰਨੀਆਂ ਪੈਂਦੀਆਂ ਹਨ | ਡੀਪੂ ਸੰਚਾਲਕ ਨੂੰ  ਵੀ ਬਹੁਤ ਜ਼ਿਆਦਾ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ | ਗਰੀਬ ਲੋਕਾਂ ਦੀ ਹੋ ਰਹੀ ਨਾਜਾਇਜ਼ ਖੱਜਲ ਖ਼ੁਆਰੀ ਨੂੰ  ਧਿਆਨ ਵਿਚ ਰੱਖਦੇ ਹੋਏ ਸਰਕਾਰ ਨੂੰ  ਪਹਿਲਾਂ ਵਾਂਗ ਇਕ ਪਰਚੀ ਵਾਲੀ ਪ੍ਰਣਾਲੀ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਜੋ ਗਰੀਬ ਲੋਕਾਂ ਦਾ ਸਮਾਂ ਬਚ ਸਕੇ | ਇਸ ਤੋਂ ਇਲਾਵਾ ਰਾਸ਼ਨ ਕਿੱਟਾਂ ਵੀ ਕਣਕ ਦੇ ਨਾਲ ਹੀ ਵੰਡ ਦੇਣੀਆਂ ਚਾਹੀਦੀਆਂ ਹਨ, ਤਾਂ ਕਿ ਵਾਰ-ਵਾਰ ਦਿਹਾੜੀਆਂ ਛੱਡ ਕੇ ਖੱਜਲ ਖੁਆਰ ਨਾ ਹੋਣਾ ਪਵੇ | ਲੋੜ ਹੈ ਗ਼ਰੀਬਾਂ ਦੀ ਭਲਾਈ ਲਈ ਸਰਕਾਰ ਨੂੰ  ਤੁਰੰਤ ਇਸ ਪਾਸੇ ਧਿਆਨ ਦੇਣ ਦੀ |

-ਅੰਗਰੇਜ਼ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਸਾਡੇ ਅੰਦਰ ਵੀ ਇਕ ਦੁਨੀਆ...


ਇਨਸਾਨੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਇਹ ਹੈ ਕਿ ਹਰ ਵਿਅਕਤੀ ਦੀ ਇਕ ਬਾਹਰੀ ਅਤੇ ਇਕ ਅੰਦਰੂਨੀ ਦੁਨੀਆ ਹੁੰਦੀ ਹੈ | ਬਾਹਰੋਂ ਜੋ ਦਿਖਾਈ ਦਿੰਦਾ ਹੈ, ਉਹ ਅਕਸਰ ਪੂਰੀ ਹਕੀਕਤ ਨਹੀਂ ਹੁੰਦੀ | ਅਸੀਂ ਲੋਕਾਂ ਨੂੰ  ਉਨ੍ਹਾਂ ਦੇ ਕੱਪੜਿਆਂ, ਬੋਲਚਾਲ, ਹਾਲਾਤਾਂ ਜਾਂ ਕੁਝ ਪਲਾਂ ਦੇ ਵਿਹਾਰ ਦੇ ਆਧਾਰ 'ਤੇ ਪਰਖਣ ਲੱਗ ਪੈਂਦੇ ਹਾਂ, ਪਰ ਇਹ ਨਹੀਂ ਜਾਣਦੇ ਕਿ ਉਹ ਆਪਣੇ ਦਿਲ ਵਿਚ ਕਿੰਨੇ ਦੁੱਖ, ਸੰਘਰਸ਼, ਸੁਪਨੇ ਜਾਂ ਜ਼ਿੰਮੇਵਾਰੀਆਂ ਲਈ ਬੈਠੇ ਹਨ | ਕਈ ਵਾਰ ਜੋ ਵਿਅਕਤੀ ਸਾਨੂੰ ਹੱਸਦਾ ਹੋਇਆ ਦਿਸਦਾ ਹੈ, ਉਹ ਅੰਦਰੋਂ ਟੁੱਟਿਆ ਹੋ ਸਕਦਾ ਹੈ | ਜੋ ਚੁੱਪ ਰਹਿੰਦਾ ਹੈ, ਉਹ ਕਮਜ਼ੋਰ ਨਹੀਂ ਹੁੰਦਾ, ਸਗੋਂ ਸ਼ਾਇਦ ਉਹ ਆਪਣੇ ਜਜ਼ਬਾਤਾਂ ਨਾਲ ਲੜ ਰਿਹਾ ਹੁੰਦਾ ਹੈ | ਇਸੇ ਤਰ੍ਹਾਂ ਜੋ ਸਾਦਗੀ ਨਾਲ ਜੀਵਨ ਬਿਤਾਉਂਦਾ ਹੈ, ਉਹ ਗਰੀਬ ਸੋਚ ਵਾਲਾ ਨਹੀਂ, ਸਗੋਂ ਉੱਚੇ ਵਿਚਾਰਾਂ ਵਾਲਾ ਵੀ ਹੋ ਸਕਦਾ ਹੈ | ਅੰਦਾਜ਼ੇ ਅਕਸਰ ਗਲਤਫਹਿਮੀਆਂ ਨੂੰ  ਜਨਮ ਦਿੰਦੇ ਹਨ | ਜਦੋਂ ਅਸੀਂ ਕਿਸੇ ਨੂੰ  ਬਿਨਾਂ ਸਮਝੇ ਪਰਖਦੇ ਹਾਂ, ਤਾਂ ਅਸੀਂ ਨਾ ਸਿਰਫ਼ ਉਸ ਨਾਲ ਅਨਿਆਇ ਕਰਦੇ ਹਾਂ, ਸਗੋਂ ਆਪਣੇ ਵਿਚਾਰਾਂ ਦੀ ਸੀਮਿਤਤਾ ਵੀ ਦਰਸਾਉਂਦੇ ਹਾਂ | ਇਕ ਸਮਝਦਾਰ ਮਨੁੱਖ ਹਮੇਸ਼ਾ ਫ਼ੈਸਲਾ ਕਰਨ ਤੋਂ ਪਹਿਲਾਂ ਹਾਲਾਤਾਂ ਨੂੰ  ਸਮਝਣ ਦੀ ਕੋਸ਼ਿਸ਼ ਕਰਦਾ ਹੈ |
ਸਮਾਜ ਵਿਚ ਵਧ ਰਹੀ ਨਫ਼ਰਤ, ਦੂਰੀਆਂ ਅਤੇ ਟਕਰਾਵਾਂ ਦਾ ਇਕ ਵੱਡਾ ਕਾਰਨ ਵੀ ਇਹੀ ਹੈ ਕਿ ਲੋਕ ਇਕ-ਦੂਜੇ ਨੂੰ  ਸਮਝਣ ਦੀ ਬਜਾਏ ਅੰਦਾਜ਼ੇ ਲਗਾਉਣ ਲੱਗ ਪੈਂਦੇ ਹਨ | ਜੇ ਅਸੀਂ ਸੁਣਨਾ ਸਿੱਖ ਲਈਏ, ਸਮਝਣਾ ਸਿੱਖ ਲਈਏ ਅਤੇ ਦੂਜਿਆਂ ਦੀ ਸਥਿਤੀ ਵਿਚ ਆਪਣੇ-ਆਪ ਨੂੰ  ਰੱਖ ਕੇ ਸੋਚੀਏ, ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ-ਆਪ ਘੱਟ ਹੋ ਸਕਦੀਆਂ ਹਨ | ਅਸਲ ਮਹਾਨਤਾ ਕਿਸੇ ਨੂੰ  ਤੁਰੰਤ ਜੱਜ ਕਰਨ ਵਿਚ ਨਹੀਂ, ਸਗੋਂ ਉਸ ਦੀ ਹਾਲਤ, ਉਸ ਦੇ ਦਰਦ ਅਤੇ ਉਸ ਦੇ ਸੰਘਰਸ਼ ਨੂੰ  ਸਮਝਣ ਵਿਚ ਹੈ | ਹਰ ਇਨਸਾਨ ਇਕ ਕਿਤਾਬ ਵਾਂਗ ਹੈ ਜਿਸ ਦੇ ਕੁਝ ਸਫ਼ੇ ਹੀ ਦੁਨੀਆ ਨੂੰ  ਦਿਖਾਈ ਦਿੰਦੇ ਹਨ, ਬਾਕੀ ਸਫ਼ੇ ਉਸ ਦੇ ਦਿਲ ਵਿਚ ਲਿਖੇ ਹੁੰਦੇ ਹਨ |
ਇਸ ਲਈ ਸਾਨੂੰ ਅੰਦਾਜ਼ਿਆਂ ਦੀ ਥਾਂ ਸਮਝ, ਸਬਰ ਅਤੇ ਹਮਦਰਦੀ ਨੂੰ  ਅਪਣਾਉਣਾ ਚਾਹੀਦਾ ਹੈ, ਕਿਉਂਕਿ ਜੋ ਕੁਝ ਅੱਖਾਂ ਨੂੰ  ਦਿਸਦਾ ਹੈ, ਉਹ ਹਮੇਸ਼ਾ ਪੂਰਾ ਸੱਚ ਨਹੀਂ ਹੁੰਦਾ | ਕਈ ਵਾਰ ਸਭ ਤੋਂ ਡੂੰਘੀਆਂ ਕਹਾਣੀਆਂ ਉਨ੍ਹਾਂ ਦਿਲਾਂ ਵਿਚ ਵੱਸਦੀਆਂ ਹਨ ਜੋ ਖਾਮੋਸ਼ ਰਹਿੰਦੇ ਹਨ |

-ਮੰਜੂ ਰਾਇਕਾ
ਸੰਗਰੂਰ |

ਮਹਿੰਗਾਈ ਦੀ ਸਮੱਸਿਆ

ਅੱਜ ਦੇ ਯੁੱਗ ਵਿਚ ਮਹਿੰਗਾਈ ਇੱਕ ਗੰਭੀਰ ਸਮੱਸਿਆ ਹੈ | ਦਿਨੋ-ਦਿਨ ਚੀਜ਼ਾਂ ਦੇ ਭਾਅ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਆਮ ਵਿਅਕਤੀ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ, ਖਾਣ-ਪੀਣ ਦੀਆਂ ਚੀਜ਼ਾਂ, ਬਿਜਲੀ, ਦਵਾਈਆਂ, ਸਿੱਖਿਆ ਸਭ ਚੀਜ਼ਾਂ ਦਿਨੋ-ਦਿਨ ਮਹਿੰਗੀਆਂ ਹੋ ਰਹੀਆਂ ਹਨ, ਜਿਸ ਕਾਰਨ ਇੱਕ ਆਮ ਵਿਅਕਤੀ ਲਈ ਘਰ ਦਾ ਖਰਚਾ ਚਲਾਉਣਾ ਦਿਨੋ-ਦਿਨ ਔਖਾ ਹੋ ਰਿਹਾ ਹੈ | ਮਹਿੰਗਾਈ ਅੱਜ-ਕੱਲ ਇਕ ਸਮੱਸਿਆ ਦਾ ਰੂਪ ਧਾਰਨ ਕਰ ਰਹੀ ਹੈ ਜੋ ਸਿਰਫ਼ ਆਰਥਿਕ ਪੱਖ ਹੀ ਨਹੀਂ, ਸਗੋਂ ਲੋਕਾਂ ਦੀ ਜੀਵਨ ਸ਼ੈਲੀ 'ਤੇ ਵੀ ਡੂੰਘਾ ਅਸਰ ਪਾਉਂਦੀ ਹੈ |

-ਜਸਦੀਪ ਕੌਰ                                  
ਦਸੌਂਦਾ ਸਿੰਘ ਵਾਲਾ (ਮਲੇਰਕੋਟਲਾ)

Ad Position 22
No active advertisement
ਪਿਛਲੀ ਖ਼ਬਰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਸਾਹਮਣੇ ਅੱਜ ਦਿੱਤੇ ਜਾਣਗੇ ਧਰਨੇ ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24