ਨਸ਼ਾ ਵਿਰੋਧੀ ਕਾਰਕੁੰਨ ਦਾ ਕਤਲ
ਨਸ਼ਿਆਂ ਖ਼ਿਲਾਫ਼ ਜੰਗ ਜਾਰੀ ਹੈ | ਬੀਤੇ ਦਿਨ ਮਾਨਸਾ 'ਚ ਦਿਨ-ਦਿਹਾੜੇ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਉੱਘੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦਾ ਇਕ ਨਸ਼ੀਲੇ ਕੈਪਸੂਲ ਵੇਚਣ ਵਾਲੇ ਕੈਮਿਸਟ ਨੇ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ | ਇਹ ਵਾਰਦਾਤ ਨਸ਼ਿਆਂ ਦੀ ਸਮੱਸਿਆ ਖਿਲਾਫ਼ ਆਵਾਜ਼ ਚੁੱਕਣ ਵਾਲਿਆਂ ਦੀ ਸੁਰੱਖਿਆ ਸਬੰਧੀ ਪੁਲਿਸ ਪ੍ਰਸ਼ਾਸਨ ਦੀ ਇੱਛਾਸ਼ਕਤੀ 'ਤੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ | ਪਿਛਲੇ ਲੰਮੇ ਸਮੇਂ ਤੋਂ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਕਹਿ ਰਹੇ ਸਨ ਕਿ ਉਸ ਦੇ ਪੁੱਤਰ ਦੀ ਜਾਨ ਨੂੰ ਖ਼ਤਰਾ ਹੈ | ਜ਼ਿਕਰਯੋਗ ਹੈ ਕਿ 2023 'ਚ ਪਰਮਿੰਦਰ ਨੇ ਇਸੇ ਕੈਮਿਸਟ ਖਿਲਾਫ਼ ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਵੇਚਣ ਦਾ ਦੋਸ਼ ਲਗਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ, ਜੇਕਰ ਡਰੱਗ ਕੰਟਰੋਲਰ ਤੇ ਪੁਲਿਸ ਪ੍ਰਸ਼ਾਸਨ ਸੁਹਿਰਦ ਹੋ ਕੇ ਨਿਰਪੱਖ ਜਾਂਚ ਕਰਕੇ ਇਸ ਕੈਮਿਸਟ ਖਿਲਾਫ਼ ਕਾਰਵਾਈ ਕਰਦਿਆਂ ਉਸ ਦਾ ਲਾਇਸੈਂਸ ਰੱਦ ਕਰ ਦਿੰਦਾ ਤਾਂ ਨਸ਼ੀਲੇ ਕੈਪਸ਼ੂਲ ਵੇਚਣ ਵਾਲੇ ਹੋਰ ਕੈਮਿਸਟਾਂ ਨੂੰ ਵੀ ਕੰਨ ਹੋ ਜਾਣੇ ਸਨ | ਉਧਰ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਦਵਾਈਆਂ ਦੇ ਦੁਕਾਨਦਾਰ ਦੇ ਖਿਲਾਫ਼ ਕੇਸ ਦਰਜ ਕੀਤਾ ਸੀ, ਪਰ ਪਰਵਿੰਦਰ ਨੇ ਉਸ ਦੇ ਗਲੇ ਵਿਚ ਜੁੱਤੀਆਂ ਦਾ ਹਾਰ ਪਾ ਕੇ ਉਸ ਨੂੰ ਸ਼ਰੇਆਮ ਬਾਜ਼ਾਰ ਵਿਚ ਘੁਮਾਇਆ ਸੀ | ਸ਼ਾਇਦ ਇਸੇ ਕਾਰਨ ਕੈਮਿਸਟ ਪਰਮਿੰਦਰ ਪ੍ਰਤੀ ਰੰਜਿਸ਼ ਰੱਖਦਾ ਸੀ | ਇਹ ਬਹੁਤ ਦੁਖਦਾਈ ਵਰਤਾਰਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਕਾਰੋਬਾਰ ਕਰਨ ਵਾਲਿਆਂ ਦਾ ਵਿਰੋਧ ਕਰਨ ਵਾਲੇ ਲੋਕਾਂ ਨਾਲ ਲਗਾਤਾਰ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ, ਪਰ ਪੁਲਿਸ ਤੇ ਪ੍ਰਸ਼ਾਸਨ ਦੋਸ਼ੀਆਂ ਖ਼ਿਲਾਫ਼ ਕੋਈ ਮਿਸਾਲੀ ਕਾਰਵਾਈ ਕਰਨ ਦੀ ਬਜਾਏ ਸਿਰਫ਼ ਮੂੰਹ ਰੱਖਣੀਆਂ ਗੱਲਾਂ ਕਰਕੇ ਸਾਰ ਦਿੰਦੇ ਹਨ | ਅੱਜ ਪੰਜਾਬ 'ਚ ਹਰ ਥਾਂ ਨਸ਼ੇ ਵਿਕ ਰਹੇ ਹਨ, ਛੋਟੀ ਉਮਰ ਦੇ ਨੌਜਵਾਨ ਮੁੰਡੇ ਤੇ ਕੁੜੀਆਂ ਤੱਕ ਨਸ਼ਿਆਂ ਦੀ ਲਪੇਟ ਵਿਚ ਆ ਰਹੇ ਹਨ, ਨਸ਼ੇੜੀ ਨਸ਼ਿਆਂ ਦੀ ਪੂਰਤੀ ਲਈ ਆਪਣੇ ਹੀ ਘਰਾਂ 'ਚ ਚੋਰੀ ਤੇ ਹੋਰ ਮਾੜੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ | ਬਹੁਤੀਆਂ ਥਾਵਾਂ 'ਤੇ ਨਸ਼ੇ ਵੇਚਣ ਵਾਲਿਆਂ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਪਤਾ ਨਹੀਂ ਪੁਲਿਸ ਕਿਉਂ ਕੋਈ ਪੁਖਤਾ ਕਾਰਵਾਈ ਨਹੀਂ ਕਰ ਰਹੀ ਹੈ | ਪੁਲਿਸ ਵਲੋਂ ਰੋਜ਼ਾਨਾ ਨਸ਼ੀਲੇ ਪਦਾਰਥ ਫੜਨ ਦੇ ਬਾਵਜੂਦ ਪਤਾ ਨਹੀਂ ਕਿਉਂ ਇਸ ਲਾਹਣਤ ਨੂੰ ਠੱਲ ਨਹੀਂ ਪੈ ਰਹੀ ਹੈ |
-ਸੰਜੀਵ ਸਿੰਘ ਸੈਣੀ, ਮੋਹਾਲੀ
ਬਜ਼ੁਰਗਾਂ ਦੀਆਂ ਮੁਸ਼ਕਿਲਾਂ
ਅੱਜ ਬਿੱਲ ਭਰਨ ਤੋਂ ਲੈ ਕੇ ਪੈਨਸ਼ਨ ਦੇ ਕੰਮ ਤੱਕ ਸਭ ਕੁਝ ਡਿਜੀਟਲ ਹੋ ਰਿਹਾ ਹੈ | ਇਹ ਸੁਵਿਧਾਵਾਂ ਸਮਾਂ ਤਾਂ ਬਚਾਉਂਦੀਆਂ ਹਨ, ਪਰ ਬਜ਼ੁਰਗਾਂ ਲਈ ਕਈ ਵਾਰ ਮੁਸ਼ਕਲ ਬਣ ਜਾਂਦੀਆਂ ਹਨ | ਸਮਾਰਟਫੋਨ, ਓਟੀਪੀ ਅਤੇ ਨਵੀਆਂ ਐਪਸ ਦੀ ਵਰਤੋਂ ਨਾ ਸਮਝ ਆਉਣ ਕਾਰਨ ਉਨ੍ਹਾਂ ਨੂੰ ਦੂਜਿਆਂ 'ਤੇ ਨਿਰਭਰ ਰਹਿਣਾ ਪੈਂਦਾ ਹੈ | ਇਸ ਲਈ ਜ਼ਰੂਰੀ ਹੈ ਕਿ ਤਕਨਾਲੋਜੀ ਦੇ ਨਾਲ ਬਜ਼ੁਰਗਾਂ ਲਈ ਸੌਖੇ ਵਿਕਲਪ ਅਤੇ ਸਹਾਇਤਾ ਵੀ ਉਪਲਬਧ ਹੋਵੇ, ਤਾਂ ਜੋ ਉਹ ਆਤਮ-ਨਿਰਭਰ ਰਹਿ ਸਕਣ |
-ਕਿਰਨਜੋਤ ਕੌਰ,
ਫ਼ਤਹਿਗੜ੍ਹ ਸਾਹਿਬ
ਸਰਕਾਰੀ ਹਸਪਤਾਲਾਂ 'ਚ ਸੁਧਾਰ ਦੀ ਲੋੜ
ਸਿਹਤ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਦੌਲਤ ਹੈ | ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਹਰ ਵਿਅਕਤੀ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਣ | ਸਰਕਾਰੀ ਹਸਪਤਾਲ ਗਰੀਬ ਅਤੇ ਮੱਧ-ਵਰਗੀ ਲੋਕਾਂ ਲਈ ਇਲਾਜ ਦਾ ਮੁੱਖ ਸਹਾਰਾ ਹਨ | ਪਰ ਕਈ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਘਾਟ ਹੈ |
ਮਰੀਜ਼ਾਂ ਨੂੰ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਹੈ | ਕਈ ਥਾਵਾਂ 'ਤੇ ਦਵਾਈਆਂ ਅਤੇ ਆਧੁਨਿਕ ਮੈਡੀਕਲ ਸਾਮਾਨ ਦੀ ਵੀ ਘਾਟ ਹੁੰਦੀ ਹੈ | ਇਸ ਤੋਂ ਇਲਾਵਾ ਸਫ਼ਾਈ ਦੀ ਕਮੀ ਕਾਰਨ ਵੀ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਰਕਾਰ ਨੂੰ ਇਨ੍ਹਾਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਹਸਪਤਾਲਾਂ ਵਿਚ ਲੋੜੀਂਦੇ ਡਾਕਟਰ, ਦਵਾਈਆਂ, ਸਾਮਾਨ ਅਤੇ ਬਿਸਤਰੇ ਉਪਲਬਧ ਕਰਵਾਉਣ ਦੇ ਨਾਲ-ਨਾਲ ਸਫ਼ਾਈ ਪ੍ਰਬੰਧ ਵੀ ਮਜ਼ਬੂਤ ਕੀਤੇ ਜਾਣੇ ਚਾਹੀਦੇ ਹਨ |
-ਰਾਜਵੀਰ ਸਿੰਘ
ਬਹੇੜ
ਤਿ੍ਸ਼ਨਾ ਜ਼ਿੰਦਗੀ ਦੀ ਪਹਿਚਾਣ ਹੈ...
ਇਨਸਾਨ ਦੀ ਜ਼ਿੰਦਗੀ ਵਿਚ ਚਾਹਤ, ਲੋੜ ਅਤੇ ਮੰਜ਼ਿਲ ਦਾ ਬਹੁਤ ਵੱਡਾ ਮਹੱਤਵ ਹੈ | ਪਾਣੀ ਸਿਰਫ਼ ਪਿਆਸ ਬੁਝਾਉਣ ਦਾ ਸਾਧਨ ਨਹੀਂ, ਸਗੋਂ ਇਕ ਡੂੰਘੀ ਜੀਵਨ-ਸੱਚਾਈ ਵੱਲ ਇਸ਼ਾਰਾ ਕਰਦਾ ਹੈ, ਜਿਸ ਚੀਜ਼ ਦੀ ਸਾਨੂੰ ਕਦਰ ਹੀ ਨਹੀਂ, ਉਸ ਦੀ ਪ੍ਰਾਪਤੀ ਵੀ ਸਾਡੇ ਲਈ ਬੇਮਾਇਨੇ ਹੋ ਸਕਦੀ ਹੈ |
ਜੇ ਪਿਆਸ ਨਾ ਹੋਵੇ ਤਾਂ ਠੰਢਾ ਪਾਣੀ ਵੀ ਸਿਰਫ਼ ਪਾਣੀ ਰਹਿ ਜਾਂਦਾ ਹੈ | ਇਸੇ ਤਰ੍ਹਾਂ ਜੇ ਦਿਲ ਵਿਚ ਕਿਸੇ ਮੰਜ਼ਿਲ ਨੂੰ ਹਾਸਿਲ ਕਰਨ ਦੀ ਤੜਪ ਨਾ ਹੋਵੇ, ਤਾਂ ਮੌਕੇ ਵੀ ਆਪਣਾ ਅਰਥ ਗੁਆ ਬੈਠਦੇ ਹਨ | ਜ਼ਿੰਦਗੀ ਵਿਚ ਅੱਗੇ ਵਧਣ ਲਈ ਸਿਰਫ਼ ਸਹੂਲਤਾਂ ਨਹੀਂ, ਅੰਦਰਲੀ ਭੁੱਖ ਅਤੇ ਮਿਹਨਤ ਦੀ ਵੀ ਲੋੜ ਹੁੰਦੀ ਹੈ |
ਕਈ ਵਾਰ ਮਨੁੱਖ ਕੋਲ ਉਹ ਸਭ ਕੁਝ ਹੁੰਦਾ ਹੈ ਜਿਸ ਦੀ ਕਦੇ ਉਸ ਨੇ ਖ਼ਾਹਿਸ਼ ਕੀਤੀ ਸੀ, ਪਰ ਫਿਰ ਵੀ ਉਸ ਨੂੰ ਸੰਤੁਸ਼ਟੀ ਨਹੀਂ ਮਿਲਦੀ | ਇਸ ਦਾ ਕਾਰਨ ਇਹ ਨਹੀਂ ਕਿ ਜ਼ਿੰਦਗੀ ਵਿਚ ਕਮੀ ਹੈ, ਸਗੋਂ ਇਹ ਹੈ ਕਿ ਦਿਲ ਦੀ ਤਿ੍ਸ਼ਨਾ ਬਦਲ ਗਈ ਹੈ | ਮਨੁੱਖ ਨੂੰ ਆਪਣੀਆਂ ਲੋੜਾਂ ਅਤੇ ਖ਼ਾਹਿਸ਼ਾਂ ਵਿਚਕਾਰ ਫ਼ਰਕ ਸਮਝਣਾ ਚਾਹੀਦਾ ਹੈ | ਦੂਜੇ ਪਾਸੇ, ਮੁਸ਼ਕਿਲਾਂ ਵਿਚੋਂ ਲੰਘ ਰਿਹਾ ਮਨੁੱਖ ਇਕ ਛੋਟੀ ਜਿਹੀ ਉਮੀਦ ਨੂੰ ਵੀ ਵੱਡੀ ਦੌਲਤ ਸਮਝਦਾ ਹੈ, ਜਿਸ ਨੇ ਧੁੱਪ ਸਹੀ ਹੋਵੇ, ਉਸ ਲਈ ਛਾਂ ਦੀ ਕੀਮਤ ਵੱਖਰੀ ਹੁੰਦੀ ਹੈ, ਜਿਸ ਨੇ ਪਿਆਸ ਸਹੀ ਹੋਵੇ, ਉਸ ਲਈ ਪਾਣੀ ਦੀ ਇਕ ਘੁੱਟ ਵੀ ਅਨਮੋਲ ਹੁੰਦੀ ਹੈ |
ਇਸ ਲਈ ਜ਼ਿੰਦਗੀ ਦਾ ਸਬਕ ਇਹ ਨਹੀਂ ਕਿ ਸਾਡੇ ਕੋਲ ਕਿੰਨਾ ਹੈ, ਸਗੋਂ ਇਹ ਹੈ ਕਿ ਜੋ ਕੁਝ ਸਾਡੇ ਕੋਲ ਹੈ, ਕੀ ਅਸੀਂ ਉਸ ਦੀ ਕਦਰ ਕਰਦੇ ਹਾਂ? ਤਿ੍ਸ਼ਨਾ ਮਨੁੱਖ ਨੂੰ ਮੰਜ਼ਿਲ ਵੱਲ ਤੋਰਦੀ ਹੈ, ਪਰ ਸੰਤੋਖ ਉਸ ਨੂੰ ਆਪਣੀ ਪ੍ਰਾਪਤੀ ਦੀ ਕਦਰ ਕਰਨੀ ਸਿਖਾਉਂਦਾ ਹੈ |ਅਸਲ ਦੌਲਤ ਚੀਜ਼ਾਂ ਦੀ ਬਹੁਤਾਤ ਨਹੀਂ,ਉਨ੍ਹਾਂ ਦੀ ਕਦਰ ਕਰਨ ਵਾਲਾ ਦਿਲ ਹੈ |
-ਮੰਜੂ ਰਾਇਕਾ (ਪਿ੍ਥਵੀਰਾਜ)
ਸੰਗਰੂਰ