23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

24-09-2026

24-09-2026

Ad Position 21
No active advertisement
ਅਜੀਤ ਡੈਸਕ 24-09-2026

ਜਿਮ ਦਾ ਰੁਝਾਨ ਸਕਾਰਾਤਮਿਕ ਕਦਮ

ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿਚ ਸਿਹਤਮੰਦ ਰਹਿਣਾ ਹਰ ਵਿਅਕਤੀ ਦੀ ਪਹਿਲੀ ਲੋੜ ਹੈ | ਬਦਲਦੀ ਜੀਵਨ-ਸ਼ੈਲੀ, ਦਫ਼ਤਰੀ ਕੰਮ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਕਾਰਨ ਕਈ ਲੋਕ ਮੋਟਾਪੇ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ | ਇਸੇ ਕਾਰਨ ਅੱਜਕੱਲ੍ਹ ਜਿਮ ਜਾਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ |
ਜਿਮ ਸਿਰਫ਼ ਬਾਡੀ ਬਣਾਉਣ ਦੀ ਥਾਂ ਨਹੀਂ, ਸਗੋਂ ਇਕ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ-ਸ਼ੈਲੀ ਅਪਣਾਉਣ ਦਾ ਮਾਧਿਅਮ ਹੈ | ਨਿਯਮਿਤ ਕਸਰਤ ਕਰਨ ਨਾਲ ਸਰੀਰ ਮਜ਼ਬੂਤ ਹੁੰਦਾ ਹੈ, ਵਾਧੂ ਚਰਬੀ ਘਟਦੀ ਹੈ, ਮਾਸਪੇਸ਼ੀਆਂ ਵਿਕਸਿਤ ਹੁੰਦੀਆਂ ਹਨ ਅਤੇ ਸਰੀਰ ਦੀ ਸਹਿਣਸ਼ਕਤੀ ਵਿਚ ਵਾਧਾ ਹੁੰਦਾ ਹੈ | ਇਸ ਦੇ ਨਾਲ ਹੀ ਕਸਰਤ ਕਰਨ ਨਾਲ ਮਨ ਤਾਜ਼ਾ ਰਹਿੰਦਾ ਹੈ, ਤਣਾਅ ਘਟਦਾ ਹੈ ਅਤੇ ਆਤਮ-ਵਿਸ਼ਵਾਸ ਵਿਚ ਵੀ ਵਾਧਾ ਹੁੰਦਾ ਹੈ |
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਕੇਵਲ ਜਿਮ ਕਰਨਾ ਹੀ ਕਾਫ਼ੀ ਨਹੀਂ, ਸਗੋਂ ਸੰਤੁਲਿਤ ਖੁਰਾਕ, ਪੂਰੀ ਨੀਂਦ ਅਤੇ ਨਿਯਮਿਤ ਰੁਟੀਨ ਵੀ ਬਹੁਤ ਜ਼ਰੂਰੀ ਹਨ, ਵਰਕਆਊਟ ਤੋਂ ਪਹਿਲਾਂ ਵਾਰਮ-ਅੱਪ ਅਤੇ ਅੰਤ ਵਿਚ ਕੂਲ-ਡਾਊਨ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਨੂੰ  ਆਰਾਮ ਮਿਲਦਾ ਹੈ | ਸਲਾਹ ਨਾਲ ਹੀ ਵਰਕਆਊਟ ਕਰਨਾ ਚਾਹੀਦਾ ਹੈ |
ਅੱਜ ਦੀ ਨੌਜਵਾਨ ਪੀੜ੍ਹੀ ਵਿਚ ਫਿਟਨੈੱਸ ਪ੍ਰਤੀ ਜਾਗਰੂਕਤਾ ਵਧਣਾ ਇਕ ਚੰਗਾ ਸੰਕੇਤ ਹੈ | ਜੇਕਰ ਹਰ ਵਿਅਕਤੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਘੱਟੋ-ਘੱਟ 30 ਤੋਂ 60 ਮਿੰਟ ਕਸਰਤ ਲਈ ਕੱਢੇ, ਤਾਂ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜੀਵਨ ਹੋਰ ਖ਼ੁਸ਼ਹਾਲ ਬਣ ਸਕਦਾ ਹੈ | ਤੰਦਰੁਸਤ ਸਰੀਰ ਹੀ ਸਫ਼ਲ ਜੀਵਨ ਦੀ ਨੀਂਹ ਹੈ | ਅੱਜ ਤੋਂ ਹੀ ਫਿਟਨੈੱਸ ਨੂੰ  ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ |


-ਨਵਜੀਤ ਸਿੰਘ

 

ਸਾਬਕਾ ਸੈਨਿਕ ਅਤੇ ਪ੍ਰਸ਼ਾਸਕੀ ਸੁਧਾਰ 


ਸਾਬਕਾ ਸੈਨਿਕਾਂ ਅਤੇ ਅਪੰਗ ਹੋਏ ਸੈਨਿਕਾਂ ਪ੍ਰਤੀ ਪ੍ਰਸ਼ਾਸਨਿਕ ਰੁੱਖੇਪਣ ਬਰਦਾਸ਼ਤ ਕਰਨ ਯੋਗ ਨਹੀਂ ਹੈ | 2015 ਵਿਚ ਰੱਖਿਆ ਮੰਤਰਾਲੇ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਅਪੰਗ ਸੈਨਿਕਾਂ ਨੂੰ  ਖਾਹਮਖਾਹ ਤਕਨੀਕੀ ਨੁਕਸ ਕੱਢ ਕੇ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ | ਮਾਨਯੋਗ ਸੁਪਰੀਮ ਕੋਰਟ ਵਲੋਂ ਅਪੰਗਤਾ ਪੈਨਸ਼ਨ ਦੇ ਫ਼ੈਸਲਿਆਂ ਖਿਲਾਫ਼ ਕੇਂਦਰੀ ਸਰਕਾਰ ਵਲੋਂ ਦਾਖਲ ਕੀਤੀਆਂ 271 ਅਪੀਲਾਂ ਨੂੰ  ਰੱਦ ਕੀਤਾ ਹੈ | ਇਹ ਅਹਿਮ ਕਦਮ ਹੈ | ਸਾਬਕਾ ਸੈਨਿਕਾਂ ਦਾ ਮਨੋਬਲ ਉੱਚਾ ਚੁੱਕਣ ਲਈ ਉਨ੍ਹਾਂ ਦੀ ਖੱਜਲ-ਖੁਆਰੀ ਰੁਕਣੀ ਚਾਹੀਦੀ ਹੈ | ਇਸ ਨਾਲ ਮੌਜੂਦਾ ਸੈਨਿਕਾਂ ਦਾ ਮਨੋਬਲ ਵੀ ਉੱਚਾ ਰੱਖਿਆ ਜਾ ਸਕਦਾ ਹੈ |
ਸਾਡੇ ਸਭ ਲਈ ਸੈਨਿਕਾਂ ਦਾ ਵਿਸੇਸ਼ ਯੋਗਦਾਨ ਹੈ | ਇਕ ਦਾਰਸ਼ਨਿਕ ਨਿਕ ਲੈਂਪਸਨ ਨੇ ਕਿਹਾ ਸੀ, 'ਸਾਨੂੰ ਸਾਬਕਾ ਸੈਨਿਕਾਂ ਦੇ ਅਤੀਤ ਦੀ ਬਹਾਦਰੀ ਦੇ ਸੋਹਲੇ ਗਾਉਣ ਨਾਲੋਂ ਵੱਧ ਇਹ ਮੁਲਾਂਕਣ ਕਰਨਾ ਚਾਹੀਦਾ ਹੈ ਅਸੀਂ ਵਰਤਮਾਨ ਵਿਚ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੇ ਹਾਂ' ਸਾਬਕਾ ਸੈਨਿਕ ਜ਼ਿੰਦਗੀ ਦਾ ਇਕ ਵੱਡਾ ਹਿੱਸਾ ਦੇਸ਼ ਦੇ ਲੇਖੇ ਲਾਉਂਦਾ ਹੈ ਉਸ ਨੂੰ   ਆਪਣੇ ਮਸਲੇ ਹੱਲ ਕਰਵਾਉਣ ਲਈ ਲੰਬੀ ਜੱਦੋ ਜਹਿਦ ਤੋਂ ਰਾਹਿਤ ਮਿਲਣੀ ਚਾਹੀਦੀ ਹੈ | ਜੈ-ਜਵਾਨ |
 

-ਸੁਖਪਾਲ ਸਿੰਘ ਗਿੱਲ

ਅਬਿਆਣਾ ਕਲਾਂ |

ਚੰਗੇ ਸੰਸਕਾਰ


ਚੰਗੇ ਸੰਸਕਾਰ ਸਮਾਜ ਦੀ ਨੀਂਹ ਹੁੰਦੇ ਹਨ, ਜੋ ਮਨੁੱਖ ਨੂੰ  ਇਮਾਨਦਾਰੀ, ਹਮਦਰਦੀ, ਸਤਿਕਾਰ ਅਤੇ ਸਚਾਈ ਦੇ ਰਾਹ 'ਤੇ ਚੱਲਣਾ ਸਿਖਾਉਂਦੇ ਹਨ | ਪਰ ਅੱਜ ਦੇ ਆਧੁਨਿਕ ਅਤੇ ਪਦਾਰਥਵਾਦੀ ਯੁੱਗ ਵਿਚ ਚੰਗੇ ਸੰਸਕਾਰਾਂ ਵਿਚ ਬਹੁਤ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ | ਮਨੁੱਖ ਪੈਸੇ ਅਤੇ ਸੁੱਖ-ਸਹੂਲਤਾਂ ਦੀ ਅੰਨ੍ਹੀ ਦੌੜ ਵਿਚ ਆਪਸੀ ਰਿਸ਼ਤਿਆਂ, ਪਿਆਰ ਅਤੇ ਇਨਸਾਨੀਅਤ ਨੂੰ  ਭੁੱਲਦਾ ਜਾ ਰਿਹਾ ਹੈ | ਕਿਸੇ ਵੀ ਵਿਅਕਤੀ ਦੀ ਪਛਾਣ ਉਸਦੇ ਗੁਣਾਂ ਨਾਲ ਨਹੀਂ, ਸਗੋਂ ਧਨ-ਦੌਲਤ ਨਾਲ ਕੀਤੀ ਜਾਣ ਲੱਗੀ ਹੈ, ਜਿਸ ਕਾਰਨ ਸਮਾਜ ਵਿਚ ਗੁਨਾਹ ਬਹੁਤ ਵਧ ਜਾਂਦੇ ਹਨ | ਇਸ ਦਾ ਮੁੱਖ ਕਾਰਨ ਸਾਡੀ ਬਦਲ ਰਹੀ ਜੀਵਨ-ਸ਼ੈਲੀ ਅਤੇ ਤਕਨਾਲੋਜੀ ਦਾ ਗਲਤ ਪ੍ਰਭਾਵ ਵੀ ਹੈ | ਸੋਸ਼ਲ ਮੀਡੀਆ ਅਤੇ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ  ਆਪਣੇ ਪਰਿਵਾਰ ਅਤੇ ਸੱਭਿਆਚਾਰ ਤੋਂ ਦੂਰ ਕਰ ਦਿੱਤਾ ਹੈ | ਪਹਿਲਾਂ ਸਾਂਝੇ ਪਰਿਵਾਰਾਂ ਵਿਚ ਬੱਚਿਆਂ ਨੂੰ  ਦਾਦਾ-ਦਾਦੀ, ਚਾਚਾ, ਤਾਇਆ, ਭੂਆ ਆਦਿ ਦੇ ਤਜਰਬਿਆਂ ਤੋਂ ਕੁੱਝ-ਨਾ-ਕੁੱਝ ਸਿੱਖਣ ਨੂੰ  ਮਿਲਦਾ ਰਹਿੰਦਾ ਸੀ, ਜਿਸ ਕਾਰਨ ਉਨ੍ਹਾਂ ਵਿਚ ਚੰਗੇ ਸੰਸਕਾਰ ਆਪਣੇ ਆਪ ਆ ਜਾਂਦੇ ਸਨ |
ਸਾਡੀ ਮੌਜੂਦਾ ਸਿੱਖਿਆ ਪ੍ਰਣਾਲੀ ਵੀ ਸਿਰਫ਼ ਕਿਤਾਬੀ ਗਿਆਨ ਅਤੇ ਨੰਬਰਾਂ ਆਦਿ ਦਿਵਾਉਣ ਤੱਕ ਸੀਮਤ ਰਹਿ ਗਈ ਹੈ, ਜਿਸ ਵਿਚ ਬੱਚੇ ਦੇ ਚਰਿੱਤਰ ਨਿਰਮਾਣ ਅਤੇ ਨੈਤਿਕ ਸਿੱਖਿਆ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ | ਅੱਜ ਬਜ਼ੁਰਗਾਂ ਦਾ ਆਦਰ-ਸਤਿਕਾਰ ਘਟ ਰਿਹਾ ਹੈ ਅਤੇ ਰਿਸ਼ਤਿਆਂ ਵਿਚੋਂ ਨਿੱਘ ਖ਼ਤਮ ਹੁੰਦਾ ਜਾ ਰਿਹਾ ਹੈ |

-ਸ੍ਰੀਮਤੀ ਮਨਦੀਪ ਕੌਰ ਭਿੰਡਰ 

ਹਿੰਦੀ ਮਿਸਟ੍ਰੈੱਸ ਮਹਿਸਮਪੁਰ |                                                     
(ਸੰਗਰੂਰ)


ਮੇਰਾ ਪੇਸ਼ਾ, ਮੇਰਾ ਮਾਣ


ਸਵੇਰੇ ਸਕੂਲ ਦਾ ਗੇਟ ਖੁੱਲ੍ਹਣ ਤੋਂ ਪਹਿਲਾਂ ਮੈਂ ਸਕੂਲ ਪਹੁੰਚ ਜਾਂਦੀ ਹਾਂ | ਬੱਚਿਆਂ ਦੇ ਆਉਣ ਦੀ ਆਹਟ, ਉਨ੍ਹਾਂ ਦੀਆਂ ਹੱਸਣ ਦੀਆਂ ਆਵਾਜ਼ਾਂ ਤੇ ਪ੍ਰਾਰਥਨਾ ਦਾ ਸੁਰ ਮੇਰੇ ਲਈ ਕੋਈ ਡਿਊਟੀ ਨਹੀਂ, ਇਹ ਮੇਰੇ ਦਿਨ ਦੀ ਸਭ ਤੋਂ ਖੂਬਸੂਰਤ ਸ਼ੁਰੂਆਤ ਹੈ | ਕਈ ਲੋਕ ਕਹਿੰਦੇ ਨੇ ਕਿ ਮੁੱਖ ਅਧਿਆਪਕਾ* ਬਣਨਾ ਮਤਲਬ ਦਫ਼ਤਰ, ਫਾਈਲਾਂ ਤੇ ਜ਼ਿੰਮੇਵਾਰੀਆਂ | ਪਰ ਮੇਰੇ ਲਈ ਇਸਦਾ ਮਤਲਬ ਹੈ ਹਰ ਬੱਚੇ ਦੇ ਚਿਹਰੇ ਨੂੰ  ਪੜ੍ਹਨਾ, ਹਰ ਅਧਿਆਪਕ ਦੇ ਮਨ ਦੀ ਗੱਲ ਸਮਝਣਾ ਤੇ ਹਰ ਕਲਾਸ ਵਿਚ ਜਾ ਕੇ ਫਿਰ ਉਸੇ ਬਲੈਕਬੋਰਡ ਤੋਂ ਕੁਝ ਨਵਾਂ ਸਿੱਖਣਾ |
ਅੱਜ ਦੇ ਬੱਚੇ ਬਹੁਤ ਸਮਝਦਾਰ ਨੇ | ਉਨ੍ਹਾਂ ਨੂੰ  ਸਿਰਫ਼ ਕਿਤਾਬਾਂ ਨਹੀਂ, ਪਿਆਰ, ਭਰੋਸਾ ਤੇ ਸੁਣਨ ਦੀ ਲੋੜ ਹੈ | ਜਦੋਂ ਕੋਈ ਬੱਚਾ ਡਰ ਕੇ ਕਹਿੰਦਾ ਹੈ, 'ਮੈਡਮ ਜੀ, ਗਲਤੀ ਹੋ ਗਈ,' ਤੇ ਮੈਂ ਉਸਦੇ ਸਿਰ 'ਤੇ ਹੱਥ ਰੱਖ ਕੇ ਕਹਿੰਦੀ ਹਾਂ, 'ਕੋਈ ਗੱਲ ਨਹੀਂ ਪੁੱਤ, ਫਿਰ ਕੋਸ਼ਿਸ਼ ਕਰੀਏ,' ਤਾਂ ਉਸਦੀਆਂ ਅੱਖਾਂ ਵਿਚ ਜੋ ਚਮਕ ਆਉਂਦੀ ਹੈ, ਉਹ ਮੇਰੀ ਸਭ ਤੋਂ ਵੱਡੀ ਕਮਾਈ ਹੈ |
ਮੈਨੂੰ ਆਪਣੇ ਪੇਸ਼ੇ 'ਤੇ ਮਾਣ ਹੈ | ਇਹ ਪੇਸ਼ਾ ਨੌਕਰੀ ਨਹੀਂ, ਪੂਜਾ ਹੈ | ਇਕ ਮਿਸਤਰੀ ਇਮਾਰਤ ਬਣਾਉਂਦਾ ਹੈ, ਪਰ ਇਕ ਅਧਿਆਪਕ ਇਨਸਾਨ ਬਣਾਉਂਦਾ ਹੈ | ਜਦੋਂ ਮੇਰੇ ਪੜ੍ਹਾਏ ਬੱਚੇ ਵੱਡੇ ਹੋ ਕੇ ਡਾਕਟਰ, ਫ਼ੌਜੀ, ਕਿਸਾਨ ਜਾਂ ਇਕ ਚੰਗਾ ਇਨਸਾਨ ਬਣ ਕੇ ਮਿਲਦੇ ਨੇ ਤੇ ਕਹਿੰਦੇ ਨੇ, 'ਮੈਡਮ ਜੀ, ਤੁਸੀਂ ਸਾਨੂੰ ਇਹ ਗੱਲ ਸਿਖਾਈ ਸੀ,' ਤਾਂ ਲੱਗਦਾ ਹੈ ਮੇਰੀ ਜ਼ਿੰਦਗੀ ਸਫਲ ਹੋ ਗਈ |
ਸਕੂਲ ਦੀਆਂ ਸਭ ਕੰਧਾਂ 'ਤੇ ਮੇਰੇ ਬੱਚਿਆਂ ਦੇ ਸੁਪਨੇ ਲਿਖੇ ਨੇ | ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਬੱਚਾ ਆਪਣੇ ਆਪ ਨੂੰ  ਖਾਸ ਸਮਝੇ | ਕਿਉਂਕਿ ਨੰਬਰ ਘੱਟ-ਵੱਧ ਹੋ ਸਕਦੇ ਨੇ, ਪਰ ਸੰਸਕਾਰ ਤੇ ਸੋਚ ਹਮੇਸ਼ਾ ਨਾਲ ਰਹਿੰਦੀ ਹੈ | ਮੇਰੀ ਕੋਸ਼ਿਸ਼ ਹੈ ਕਿ ਮੇਰਾ ਸਕੂਲ ਸਿਰਫ਼ ਇਮਤਿਹਾਨਾਂ ਦਾ ਕੇਂਦਰ ਨਾ ਬਣੇ, ਬਲਕਿ ਸੰਸਕਾਰਾਂ, ਇਨਸਾਨੀਅਤ ਤੇ ਪਿਆਰ ਦਾ ਘਰ ਬਣੇ |
ਮੈਂ ਇਕ 'ਮੁੱਖ ਅਧਿਆਪਕਾ' ਹਾਂ, ਤੇ ਮੈਨੂੰ ਆਪਣੇ ਪੇਸ਼ੇ ਨਾਲ ਬੇਸ਼ੁਮਾਰ ਪਿਆਰ ਹੈ |


-ਰਿੰਕਲ ਮੁੰਜਾਲ
ਮੁੱਖ ਅਧਿਆਪਕਾ
ਸਹਸ ਸ਼ਰੀਹ ਵਾਲਾ, ਬਰਾੜ, ਫਿਰੋਜ਼ਪੁਰ |

Ad Position 22
No active advertisement
ਪਿਛਲੀ ਖ਼ਬਰ ਯੋਗ ਗੁਰੂ ਬਾਬਾ ਰਾਮਦੇਵ ਨੇ ਪਤੰਜਲੀ ਦੇ ਗਊ ਦੇ ਘਿਓ ਪ੍ਰਤੀ ਉੱਠੇ ਸਵਾਲਾਂ ਤੇ ਮਿਲਾਵਟ ਦੇ ਆਰੋਪਾਂ ਨੂੰ ਕੀਤਾ ਖਾਰਜ ਅਗਲੀ ਖ਼ਬਰ ਜੇਕਰ ਕੋਈ ਵਿਅਕਤੀ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ ਤਾਂ ਮੈਂ ਉਸ ਦੀ ਕਾਰਜਕੁਸ਼ਲਤਾ ਦਾ ਦੀਵਾਨਾ ਹਾਂ | ¸ਨੈਪੋਲੀਅਨ ਬ...
Ad Position 24