ਸੋਸ਼ਲ ਮੀਡੀਆ ਧਿਆਨ ਨਾਲ ਚਲਾਓ
ਅੱਜ ਦੇ ਸਮੇਂ ਵਿਚ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ | ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਅਤੇ ਹੋਰ ਪਲੇਟਫਾਰਮਾਂ 'ਤੇ ਅਸੀਂ ਹਰ ਰੋਜ਼ ਵੱਡੀ ਗਿਣਤੀ ਵਿਚ ਜਾਣਕਾਰੀ ਦੇਖਦੇ ਅਤੇ ਸਾਂਝੀ ਕਰਦੇ ਹਾਂ | ਪਰ ਹਰ ਪੋਸਟ ਜਾਂ ਵੀਡੀਓ ਸੱਚੀ ਨਹੀਂ ਹੁੰਦੀ | ਕਿਸੇ ਵੀ ਖ਼ਬਰ, ਵੀਡੀਓ ਜਾਂ ਮੈਸੇਜ ਨੂੰ ਅੱਗੇ ਭੇਜਣ ਤੋਂ ਪਹਿਲਾਂ ਉਸਦੀ ਸਚਾਈ ਜ਼ਰੂਰ ਜਾਂਚੋ | ਖ਼ਾਸ ਕਰਕੇ ਧਰਮ, ਰਾਜਨੀਤੀ, ਕਿਸੇ ਵਿਅਕਤੀ ਜਾਂ ਕਿਸੇ ਸੰਵੇਦਨਸ਼ੀਲ ਘਟਨਾ ਨਾਲ ਜੁੜੀ ਜਾਣਕਾਰੀ ਬਿਨਾਂ ਪੁਸ਼ਟੀ ਦੇ ਸਾਂਝੀ ਕਰਨ ਨਾਲ ਗਲਤਫਹਿਮੀ ਪੈਦਾ ਹੋ ਸਕਦੀ ਹੈ | ਆਪਣਾ ਪਾਸਵਰਡ, ਓ.ਟੀ.ਪੀ., ਬੈਂਕਿੰਗ ਜਾਣਕਾਰੀ ਜਾਂ ਨਿੱਜੀ ਦਸਤਾਵੇਜ਼ ਸੋਸ਼ਲ ਮੀਡੀਆ 'ਤੇ ਕਿਸੇ ਨਾਲ ਸਾਂਝੇ ਨਾ ਕਰੋ | ਅਣਜਾਣ ਲਿੰਕਾਂ 'ਤੇ ਕਲਿੱਕ ਕਰਨ ਤੋਂ ਵੀ ਬਚੋ | ਸੋਸ਼ਲ ਮੀਡੀਆ ਸਾਡੇ ਲਈ ਜਾਣਕਾਰੀ ਅਤੇ ਸੰਚਾਰ ਦਾ ਵਧੀਆ ਸਾਧਨ ਹੈ, ਪਰ ਇਸਦੀ ਵਰਤੋਂ ਜ਼ਿੰਮੇਵਾਰੀ, ਸਮਝਦਾਰੀ ਅਤੇ ਸਾਵਧਾਨੀ ਨਾਲ ਕਰਨਾ ਹੀ ਸਭ ਤੋਂ ਜ਼ਰੂਰੀ ਹੈ |
-ਗੁਰਿੰਦਰ ਪਾਲ ਸਿੰਘ, ਰਾਜਪੁਰਾ
ਕੂੜੇ ਹੇਠ ਦੱਬਦੀ ਧਰਤੀ ਦੀ ਪੁਕਾਰ
ਅੱਜ ਸਫਾਈ ਸਿਰਫ ਘਰਾਂ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਸਾਡੇ ਪਿੰਡਾਂ ਸ਼ਹਿਰਾਂ ਅਤੇ ਪੂਰੇ ਵਾਤਾਵਰਨ ਦੀ ਇੱਕ ਵੱਡੀ ਲੋੜ ਬਣ ਚੁੱਕੀ ਹੈ | ਹਰ ਸਾਲ ਵਿਸ਼ਵ ਸਫਾਈ ਦਿਵਸ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਸਾਫ ਸੁਥਰਾ ਵਾਤਾਵਰਨ ਸਿਰਫ ਸਰਕਾਰ ਦੀ ਨਹੀਂ ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅਸੀਂ ਸਫਾਈ ਦੀ ਮਹੱਤਤਾ ਤੋਂ ਜਾਣੂ ਹੁੰਦੇ ਹੋਏ ਵੀ ਆਪਣੀਆਂ ਗਲੀਆਂ, ਸੜਕਾਂ ਅਤੇ ਜਨਤਕ ਥਾਵਾਂ ਨੂੰ ਹੀ ਕੂੜੇ ਦੇ ਢੇਰਾਂ ਵਿਚ ਬਦਲ ਕਰ ਰਹੇ ਹਾਂ | ਸ਼ਹਿਰਾਂ ਅਤੇ ਪਿੰਡਾਂ ਵਿਚ ਥਾਂ-ਥਾਂ 'ਤੇ ਖੁੱਲ੍ਹੇ ਵਿਚ ਪਿਆ ਕੂੜਾ, ਪਲਾਸਟਿਕ ਦੀਆਂ ਥੈਲੀਆਂ, ਬੋਤਲਾਂ ਅਤੇ ਹੋਰ ਕਚਰਾ ਸਿਰਫ ਸੁੰਦਰਤਾ ਨੂੰ ਹੀ ਖਰਾਬ ਨਹੀਂ ਕਰਦਾ ਸਗੋਂ ਮਿੱਟੀ, ਪਾਣੀ ਅਤੇ ਹਵਾ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ | ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਅਸੀਂ ਸਫਾਈ ਨੂੰ ਸਿਰਫ ਇੱਕ ਮੁਹਿੰਮ ਜਾਂ ਇੱਕ ਦਿਨ ਤੱਕ ਸੀਮਤ ਕਰ ਦਿੰਦੇ ਹਾਂ | ਇੱਕ ਦਿਨ ਸੜਕਾਂ ਸਾਫ ਕਰਨਾ ਤੇ ਦੂਜੇ ਦਿਨ ਉੱਥੇ ਕੂੜਾ ਸੁੱਟ ਦੇਣਾ ਸਮੱਸਿਆ ਦਾ ਹੱਲ ਨਹੀਂ ਅਸਲ ਸਫਾਈ ਤਾਂ ਉਸ ਵੇਲੇ ਆਵੇਗੀ ਜਦੋਂ ਸਫ਼ਾਈ ਸਾਡੀ ਆਦਤ ਅਤੇ ਜੀਵਨ ਸ਼ੈਲੀ ਦਾ ਹਿੱਸਾ ਬਣੇਗੀ ਸਾਨੂੰ ਸਕੂਲਾਂ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਸੰਬੰਧੀ ਜਾਗਰੂਕ ਕਰਨਾ ਚਾਹੀਦਾ ਹੈ | ਕਿਹਾ ਜਾਂਦਾ ਹੈ ਕਿ ਪਰਮਾਤਮਾ ਦਾ ਵਾਸ ਵੀ ਉਥੇ ਹੀ ਹੁੰਦਾ ਜਿੱਥੇ ਸਫਾਈ ਹੋਵੇ ਧਰਤੀ ਸਾਨੂੰ ਹਵਾ, ਪਾਣੀ, ਮਿੱਟੀ ਅਤੇ ਜੀਵਨ ਲਈ ਲੋੜੀਂਦੇ ਕੁਦਰਤੀ ਸਰੋਤ ਦਿੰਦੀ ਹੈ | ਇਸ ਕਰਕੇ ਬਦਲੇ ਵਿਚ ਇਹ ਸਾਡਾ ਫਰਜ਼ ਹੈ ਕਿ ਅਸੀਂ ਇਸ ਨੂੰ ਕੂੜੇ ਦਾ ਡੱਬਾ ਨਾ ਬਣਾਈਏ | ਆਓ ਕੂੜਾ ਘਟਾਈਏ, ਸਫਾਈ ਅਪਣਾਈਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਅਤੇ ਸਿਹਤਮੰਦ ਧਰਤੀ ਬਣਾਈਏ |
-ਜਸ਼ਨਪ੍ਰੀਤ ਕੌਰ
ਸਰਹਿੰਦ