04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕੁਦਰਤ ਨਾਲ ਖਿਲਵਾੜ ਕਿਉਂ

ਕੁਦਰਤ ਨਾਲ ਖਿਲਵਾੜ ਕਿਉਂ

Ad Position 21
No active advertisement
ਅਜੀਤ ਡੈਸਕ 05-10-2026

ਵਿਗਿਆਨ ਤੇ ਤਕਨਾਲੋਜੀ ਦੇ ਖੰਭ ਲਾ ਕੇ ਸੱਭਿਅਤਾ ਦੇ ਆਕਾਸ਼ ਵਿਚ ਮਨੁੱਖ ਉੱਚਾ ਹੋ ਕੇ ਉੱਡਦਾ ਜਾ ਰਿਹਾ ਹੈ | ਮਨੁੱਖ ਨੂੰ  ਭਰਮ ਹੋ ਗਿਆ ਹੈ ਕਿ ਉਸ ਨੇ ਕਾਲ ਅਤੇ ਕੁਦਰਤ 'ਤੇ ਜਿੱਤ ਪਾ ਲਈ ਹੈ | ਮਨੁੱਖ ਸੋਚਦਾ ਕਿ ਉਸ ਨੇ ਕੁਦਰਤ ਨੂੰ  ਵਸ ਕਰ ਲਿਆ ਹੈ | ਮਨੁੱਖ ਨੂੰ  ਇੰਨਾ ਹੰਕਾਰ ਹੋ ਗਿਆ ਕਿ ਉਹ ਭਗਵਾਨ, ਅੱਲ੍ਹਾ, ਗੌਡ ਆਦਿ ਨੂੰ  ਉਸ ਦੇ ਸਿੰਘਾਸਨ ਤੋਂ ਹਟਾ ਕੇ ਕਬਜ਼ਾ ਕਰ ਲਵੇਗਾ | ਮਨੁੱਖ ਦਾ ਹੰਕਾਰ ਤੋੜਿਆ ਨਿਪਾਲ ਵਿਚ ਆਈ ਪਰਲੋ ਨੇ | ਕੁਦਰਤ ਨੇ ਇਕ ਛੋਟੀ ਜਿਹੀ ਛਿੱਕ ਮਾਰੀ ਕਿ ਮਿੰਟਾਂ ਵਿਚ ਨਿਪਾਲ ਵਿਚ ਜਲ ਪਰਲੋ ਆ ਗਈ | ਮਨੁੱਖ ਦੁਆਰਾ ਬਣਾਏ ਗਏ ਸੈਰ ਸਪਾਟਾ ਵਧਾਉਣ ਦੇ ਚੱਕਰ ਵਿਚ ਵੱਡੇ ਕੰਪਲੈਕਸਾਂ ਅਤੇ ਉੱਚੀਆਂ ਇਮਾਰਤਾਂ ਨੂੰ  ਕੁਦਰਤ ਨੇ ਪਲਾਂ ਵਿਚ ਤਬਾਹ ਕਰ ਦਿੱਤਾ | ਕੁਦਰਤ ਦੇ ਇਸ ਛੋਟੇ ਜਿਹੇ ਝਟਕੇ ਨਾਲ ਕਿੰਨੀ ਤਬਾਹੀ ਹੋਈ ਹੈ, ਇਹ ਅੰਕੜੇ ਸਭ ਦੇ ਸਾਹਮਣੇ ਹਨ | ਅੱਜ ਤੋਂ 20 ਸਾਲ ਪਹਿਲਾਂ ਵੀ ਕੁਦਰਤ ਨੇ ਜੋਸ਼ੀਮੱਠ ਅਤੇ ਇਸ ਦੇ ਆਸੇ-ਪਾਸੇ ਪਹਾੜਾਂ ਵਿਚ ਆ ਰਹੀਆਂ ਤਰੇੜਾਂ ਬਾਰੇ ਮਨੁੱਖ ਨੂੰ  ਚਿਤਾਵਨੀ ਦਿੱਤੀ ਸੀ | ਉਸ ਤੋਂ ਬਾਅਦ ਸੁਨਾਮੀ ਲਹਿਰਾਂ ਨਾਲ ਵੀ ਕੁਦਰਤ ਨੇ ਮਨੁੱਖ ਦਾ ਹੰਕਾਰ ਤੋੜਿਆ ਤੇ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ, ਇਹ ਸਭ ਕੁਝ ਮਨੁੱਖ ਦੁਆਰਾ ਕੁਦਰਤ ਨਾਲ ਕੀਤੀ ਛੇੜ-ਛਾੜ ਕਾਰਨ ਵਾਪਰ ਰਿਹਾ ਹੈ | ਮਨੁੱਖ ਅਖੌਤੀ ਵਿਕਾਸ ਦੀ ਥਾਂ ਵਿਨਾਸ਼ ਕਰ ਰਿਹਾ ਹੈ | ਦਿਨ-ਰਾਤ ਜੰਗਲ ਕੱਟ ਰਿਹਾ ਹੈ | ਕੰਕਰੀਟ ਦੇ ਮਹਿਲ ਉਸਾਰ ਰਿਹਾ ਹੈ | ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ | ਪਹਾੜਾਂ ਨੂੰ  ਚੀਰ ਰਿਹਾ ਹੈ | ਦਰੱਖਤਾਂ ਦੀ ਅੰਧਾ-ਧੁੰਦ ਕਟਾਈ ਨਾਲ ਗਲੋਬਲ ਵਾਰਮਿੰਗ ਵਧ ਰਹੀ ਹੈ, ਜਿਸ ਨਾਲ ਕਿਤੇ ਸੋਕਾ ਪੈ ਜਾਂਦਾ ਤੇ ਕਿਤੇ ਹੜ੍ਹ ਆ ਜਾਂਦੇ ਹਨ |
 

-ਨਰਿੰਦਰ ਭੱਪਰ ਝਬੇਲਵਾਲੀ |
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ,


ਮਿਹਨਤ ਦਾ ਫਲ


ਅਸੀਂ ਸਭ ਬਚਪਨ ਤੋਂ ਹੀ ਪੜ੍ਹਦੇ ਤੇ ਸੁਣਦੇ ਆ ਰਹੇਂ ਹਾਂ ਕਿ ਜਿਹੜਾ ਵਿਅਕਤੀ ਜ਼ਿੰਦਗੀ ਵਿਚ ਮਿਹਨਤ ਕਰਦਾ ਹੈ | ਉਸ ਨੂੰ  ਉਸ ਦੀ ਮਿਹਨਤ ਦਾ ਫਲ ਜ਼ਰੂਰ ਪ੍ਰਾਪਤ ਹੁੰਦਾ ਹੈ | ਇਸ ਫਲ ਨੂੰ  ਹਾਸਿਲ ਕਰਨ ਦੇ ਲਈ ਇਕ ਯੋਜਨਾਬੱਧ ਤਰੀਕਾ ਅਪਣਾ ਕੇ ਮਿਹਨਤ ਕਰਨਾ ਜ਼ਰੂਰੀ ਹੋ ਜਾਦਾ ਹੈ | ਇਕ ਬੱਚਾ ਆਪਣੀ ਲਗਭਗ 15 ਤੋਂ 25 ਸਾਲ ਦੀ ਉਮਰ ਵਿਚ ਜਿਹੜੇ ਕੰਮ ਵਿਚ ਮਿਹਨਤ ਕਰ ਲਵੇ |  ਉਹ ਕੰਮ ਹੀ ਉਸ ਦੇ ਲਈ ਰੋਜ਼ੀ-ਰੋਟੀ ਦਾ ਸਾਧਨ ਬਣ ਜਾਂਦਾ ਹੈ | ਚਾਹੇ ਇਨ੍ਹਾਂ ਸਾਲਾਂ ਵਿਚ ਪੜ੍ਹਾਈ ਕਰ ਲਵੋ ਜਾਂ ਕੋਈ ਹੱਥੀ ਕੰਮ ਸਿੱਖ ਲਵੋਂ | ਜੇਕਰ ਸਫਲਤਾ ਦਾ ਸਭ ਤੋਂ ਵੱਡਾ ਫ਼ਾਰਮੂਲਾ ਜਾਨਣਾ ਤਾਂ ਉਹ ਹੈ, ਸਮੇਂ ਦੀ ਸਹੀ ਵਰਤੋਂ | ਜ਼ਰੂਰੀ ਹੈ ਕਿ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਟੀਚੇ ਦੀ ਪ੍ਰਾਪਤੀ ਲਈ ਦਿਨ-ਰਾਤ ਇਕ ਕਰ ਦਿਓ | ਇਨਸਾਨ ਦਾ ਇਹ ਫਰਜ਼ ਵੀ ਬਣਦਾ ਹੈ ਕਿ ਉਹ ਆਪਣੇ ਕੰਮ ਪੂਰੀ ਤਰ੍ਹਾਂ ਮਿਹਨਤ ਤੇ ਇਮਾਨਦਾਰੀ ਨਾਲ ਕਰੋ | ਜ਼ਿੰਦਗੀ ਵਿਚ ਕਈ ਵਾਰ ਅਸੀਂ ਬਹੁਤ ਮਿਹਨਤ ਕਰਦੇ ਹਾਂ, ਪਰੰਤੂ ਉਸ ਵਿਚ ਸਾਨੂੰ ਕਾਮਯਾਬੀ ਨਹੀਂ ਮਿਲਦੀ ਅਤੇ ਕਈ ਵਾਰ ਕਿਸੇ ਹੋਰ ਕੰਮ ਲਈ ਬਹੁਤੀ ਮਿਹਨਤ ਵੀ ਨਹੀਂ ਕੀਤੀ ਹੁੰਦੀ ਤੇ ਸਾਨੂੰ ਉਸ ਕੰਮ ਵਿਚ ਸੋਖਿਆਂ ਕਾਮਯਾਬੀ ਮਿਲ ਜਾਂਦੀ ਹੈ | ਕਹਿਣ ਦਾ ਮਤਲਬ ਫੇਲ੍ਹ ਹੋਣ 'ਤੇ ਨਿਰਾਸ਼ ਹੋਣ ਦੀ ਲੋੜ ਨਹੀਂ | ਇਹ ਸਮਝੋ ਕਿ ਤਜਰਬਾ ਹੀ ਸਹੀ | ਸਫ਼ਲਤਾ ਹਾਸਿਲ ਕਰਨ ਲਈ ਜ਼ਰੂਰੀ ਹੈ ਕਿ ਆਪਣੇ ਨਿਸ਼ਾਨੇ 'ਤੇ ਨਿਗਾ ਤੇ ਦਿਮਾਗ ਲਗਾ ਕੇ ਰੱਖੋ | ਨਾ ਕਿ ਦੁਨੀਆਦਾਰੀ ਦੀਆ ਨਿੱਕੀਆਂ-ਮੋਟੀਆਂ ਕਹੀ ਸੁਣੀਆਂ ਗੱਲਾਂ ਵਿਚ ਦਿਮਾਗ ਨੂੰ  ਉਲਝਾਅ ਛੱਡੋ | ਜੇਕਰ ਤੁਸੀਂ ਚਾਹੁੰਦੇ ਹੋ ਕਿ ਕੁਝ ਦੁਨੀਆ ਤੋਂ ਵੱਧ ਤੇ ਵੱਖਰਾ ਪ੍ਰਾਪਤ ਕੀਤਾ ਜਾਵੇ, ਤਾਂ ਜ਼ਰੂਰੀ ਹੈ ਕਿ ਇਸ ਪ੍ਰਾਪਤੀ ਲਈ ਟਾਈਮ ਵੀ ਦੁਨੀਆ ਤੋਂ ਵੱਧ ਤੇ ਵੱਖਰਾ ਦਿੱਤਾ ਜਾਵੇ  | ਕਈ ਵਾਰ ਸਾਡੇ ਕੁਝ ਕਰੀਬੀ ਲੋਕ ਆਪਣੇ ਨਿੱਜੀ ਹਿੱਤਾਂ ਲਈ ਸਾਨੂੰ ਗੁੰਮਰਾਹ ਕਰਕੇ ਸਾਨੂੰ ਸਾਡੇ ਅਸਲੀ ਮਕਸਦ ਤੋਂ ਭਟਕਾ ਦਿੰਦੇ ਹਨ | ਯਾਦ ਰੱਖੋ ਜ਼ਿੰਦਗੀ ਬਣਾਉਣ ਵਿਚ ਬਹੁਤ ਸਮਾਂ ਲੱਗਦਾ, ਪਰ ਵਿਗਾੜਣ, ਬਰਬਾਦ ਕਰਨ ਲਈ ਕੁਝ ਪਲ ਹੀ ਕਾਫ਼ੀ ਹੁੰਦੇ ਹਨ | ਕੋਸ਼ਿਸ਼ ਕਰੋ ਕਿ ਦੋਸਤੀ ਆਪਣੇ ਖੇਤਰ ਨਾਲ ਸੰਬੰਧਿਤ ਸੁਲਝੇ ਤੇ ਗੰਭੀਰ ਲੋਕਾਂ ਨਾਲ ਰੱਖੀ ਜਾਵੇ, ਤਾਂ ਜੋ ਤੁਹਾਨੂੰ ਲੋੜ ਸਮੇਂ ਚੰਗਾ ਸਲਾਹ ਮਸ਼ਵਰਾ ਤੇ ਸਹਾਇਤਾ ਮਿਲ ਸਕੇ |                                                                      

-ਗੁਰਿੰਦਰ ਕਲੇਰ                               
ਪਿੰਡ ਡਾਕ-ਕਲੇਰ ਕਲਾਂ (ਗੁਰਦਾਸਪੁਰ)

ਸਫੈਦ ਲਹੂ
ਅਜੋਕੇ ਸਮੇਂ ਸਮਾਜ ਅੰਦਰ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਰਿਸ਼ਤਿਆਂ ਵਿਚੋਂ ਅਹਿਮ ਰਿਸ਼ਤਾ ਖ਼ੂਨ ਦਾ ਰਿਸ਼ਤਾ ਮੰਨਿਆ ਜਾਂਦਾ ਹੈ, ਪਰ ਜਿੰਨੀ ਬੇਕਦਰੀ ਅਤੇ ਬਦਸਲੂਕੀ ਇਸ ਰਿਸ਼ਤੇ ਨਾਲ ਹੋ ਰਹੀ ਹੈ, ਉਹ ਚਿੰਤਾ ਦਾ ਵਿਸ਼ਾ ਹੈ ਅਤੇ ਸਭ ਦੇ ਧਿਆਨ ਦੀ ਮੰਗ ਕਰਦਾ ਹੈ | ਅੱਜਕੱਲ੍ਹ ਧਨ-ਦੌਲਤ ਅਤੇ ਜ਼ਮੀਨ ਜਾਇਦਾਦ ਖ਼ਾਤਰ ਭਰਾ-ਭਰਾ ਦਾ ਵੈਰੀ, ਪੁੱਤਰ/ਧੀਆਂ ਮਾਪਿਆਂ ਦੇ ਦੁਸ਼ਮਣ ਅਤੇ ਭੈਣਾਂ-ਭਰਾ ਇਕ-ਦੂਸਰੇ ਦੇ ਵੈਰੀ ਬਣੇ ਬੈਠੇ ਹਨ ਅਤੇ ਆਏ ਦਿਨ ਮੀਡੀਆ ਵਿਚ ਅਜਿਹੀਆਂ ਖਬਰਾਂ ਪੜ੍ਹਨ/ਸੁਣਨ ਨੂੰ  ਮਿਲਦੀਆਂ ਹਨ ਕਿ ਜਾਇਦਾਦ ਦੀ ਖ਼ਾਤਰ ਭਰਾ ਨੇ ਆਪਣੇ ਸਕੇ ਭਰਾ ਦਾ, ਪੁੱਤਰ ਨੇ ਆਪਣੇ ਪਿਤਾ ਜਾਂ ਮਾਂ ਦਾ ਜਾਂ ਫਿਰ ਤਾਏ-ਚਾਚੇ  ਦਾ ਭਤੀਜੇ ਵਲੋਂ ਕਤਲ ਕਰ ਦਿੱਤਾ ਗਿਆ | ਇਸ ਤਰ੍ਹਾਂ ਖੂਨੀ ਰਿਸ਼ਤਿਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ, ਸਗੋਂ ਬੇਕਦਰੀ ਕੀਤੀ ਜਾ ਰਹੀ ਹੈ | ਇੰਝ ਜਾਪਦਾ ਹੈ ਕਿ ਹੁਣ ਖ਼ੂਨ ਦਾ ਰੰਗ ਲਾਲ ਤੋਂ ਸਫ਼ੈਦ ਹੁੰਦਾ ਜਾ ਰਿਹਾ ਹੈ | ਇਸ ਦੀ ਮਿਸਾਲ ਇਸ ਗੱਲ ਤੋਂ ਵੀ ਮਿਲਦੀ ਹੈ ਕਿ ਖ਼ੁਸ਼ੀ ਭਰੇ ਮੌਕੇ ਉੱਪਰ ਵੀ ਆਪਣੇ ਖ਼ੂਨੀ ਰਿਸ਼ਤੇ ਵਾਲਿਆਂ ਨੂੰ  ਸ਼ਾਮਿਲ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ ਅਤੇ ਉਲਟਾ ਆਖਿਆ ਇਹ ਜਾਂਦਾ ਹੈ ਕਿ ਅਸੀਂ ਉਸ ਤੋਂ ਕੀ ਲੈਣਾ ਹੈ, ਜਦਕਿ ਪੁਰਾਣੇ ਸਮੇਂ ਵਿਚ ਨਜ਼ਦੀਕੀ ਰਿਸ਼ਤੇਦਾਰਾਂ/ਪਤਵੰਤੇ ਸੱਜਣਾਂ ਦੀ ਇਹ ਕੋਸ਼ਿਸ਼ ਰਹਿੰਦੀ ਸੀ ਕਿ ਰੁੱਸੇ ਹੋਏ ਭੈਣ-ਭਰਾ ਨੂੰ  ਸਮਝਾ-ਬੁਝਾ ਕੇ ਖੁਸ਼ੀ ਭਰੇ ਮੌਕੇ ਵਿਚ ਸ਼ਾਮਿਲ ਕਰ ਲਿਆ ਜਾਵੇ ਅਤੇ ਉਨ੍ਹਾਂ ਦੀ ਮੰਨੀ ਵੀ ਜਾਂਦੀ ਸੀ |  ਜਿਹੜੀ ਖ਼ੁਸ਼ੀ ਅਤੇ ਸੰਤੁਸ਼ਟੀ ਆਪਣੇ ਖ਼ੂਨੀ ਰਿਸ਼ਤੇ ਵਾਲੇ ਨਾਲ ਮਿਲ ਕੇ ਹੁੰਦੀ ਹੈ, ਉਹ ਬੇਗਾਨੇ ਨਾਲ ਨਹੀਂ ਹੋ ਸਕਦੀ | ਸਿਆਣੇ ਕਹਿੰਦੇ ਹਨ ਕਿ ਅੰਬਾਂ ਦੀ ਭੁੱਖ ਬਾਖੜੀਆਂ ਨਾਲ ਨਹੀਂ ਲਹਿ ਸਕਦੀ, ਕਿਉਂਕਿ ਅੰਬ, ਅੰਬ ਹੀ ਹੁੰਦੇ ਹਨ ਅਤੇ ਬਾਖੜੀਆਂ ਬਾਖੜੀਆਂ ਹੀ ਹੁੰਦੀਆਂ ਹਨ | ਅਰਥਾਤ ਆਪਣਾ ਆਪਣਾ ਹੀ ਹੁੰਦਾ ਹੈ ਅਤੇ ਬੇਗਾਨਾ ਬੇਗਾਨਾ ਹੀ | ਸੋ, ਲੋੜ ਹੈ ਸਾਨੂੰ ਆਪਣੇ ਖ਼ੂਨੀ ਰਿਸ਼ਤਿਆਂ ਦੀ ਅਹਿਮੀਅਤ ਨੂੰ  ਸਮਝਣ ਦੀ ਅਤੇ ਉਨ੍ਹਾਂ ਦੀ ਕਦਰ ਕਰਨ ਦੀ, ਤਾਂ ਕਿ ਇਨ੍ਹਾਂ ਰਿਸ਼ਤਿਆਂ ਨੂੰ  ਟੁੱਟਣ ਤੋਂ ਬਚਾਇਆ ਜਾ ਸਕੇ ਅਤੇ ਇਨ੍ਹਾਂ ਵਿਚੋਂ ਮਿਠਾਸ ਅਤੇ ਆਪਣੇਪਨ ਦਾ ਨਿੱਘ ਮਾਣਿਆ ਜਾ ਸਕੇ | ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਬਲਕਿ ਵੱਡੀ ਜ਼ਰੂਰਤ ਵੀ ਹੈ |
 

-ਜਗਤਾਰ ਸਿੰਘ ਝੋਜੜ,
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ |

Ad Position 22
No active advertisement
ਪਿਛਲੀ ਖ਼ਬਰ -‘ ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4- ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਕਬੱਡੀ, ਹਾਕੀ ਤੇ ਟੇਬਲ ਟੈਨਿਸ ਦੇ ਹੋਏ ਫ਼... ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24