ਘਟਦੀ ਬਰਦਾਸ਼ਤ ਸ਼ਕਤੀ
ਅੱਜ ਦੇ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਘਟਦੀ ਬਰਦਾਸ਼ਤ ਸ਼ਕਤੀ ਬਣ ਗਈ ਹੈ | ਛੋਟੀ-ਛੋਟੀ ਗੱਲ 'ਤੇ ਝਗੜੇ ਸੜਕ 'ਤੇ ਤੂੰ-ਤੂੰ ਮੈਂ-ਮੈਂ, ਘਰਾਂ ਵਿਚ ਰਿਸ਼ਤਿਆਂ ਦਾ ਟੁੱਟਣਾ-ਇਹ ਸਭ ਸਾਡੀ ਘੱਟ ਰਹੀ ਬਰਦਾਸ਼ਤ ਦਾ ਹੀ ਨਤੀਜਾ ਹੈ | ਪਹਿਲਾਂ ਲੋਕਾਂ ਵਿਚ ਸਬਰ, ਪਿਆਰ ਅਤੇ ਇੱਕ-ਦੂਜੇ ਨੂੰ ਸਮਝਣ ਦੀ ਅਸੀਮਤ ਭਾਵਨਾ ਹੁੰਦੀ ਸੀ | ਪਰ ਅੱਜ ਤਕਨਾਲੋਜੀ, ਪ੍ਰਤੀਯੋਗਤਾ ਅਤੇ ਸੋਸ਼ਲ ਮੀਡੀਆ ਦੀ ਦੌੜ ਨੇ ਸਾਨੂੰ ਬਹੁਤ ਜਲਦਬਾਜ਼ ਬਣਾ ਦਿੱਤਾ ਹੈ | ਅਸੀਂ ਹਰ ਚੀਜ਼ ਤੁਰੰਤ ਚਾਹੁੰਦੇ ਹਾਂ | ਜੇ ਕੋਈ ਸਾਡੀ ਗੱਲ ਨਾਲ ਸਹਿਮਤ ਨਾ ਹੋਵੇ ਤਾਂ ਅਸੀਂ ਉਸ ਨੂੰ ਦੁਸ਼ਮਣ ਸਮਝ ਲੈਂਦੇ ਹਾਂ |
ਇਸ ਦਾ ਸਭ ਤੋਂ ਵੱਧ ਅਸਰ ਨੌਜਵਾਨ ਪੀੜ੍ਹੀ 'ਤੇ ਪੈ ਰਿਹਾ ਹੈ | ਥੋੜ੍ਹੀ ਜਿਹੀ ਅਸਫਲਤਾ 'ਤੇ ਨਿਰਾਸ਼ ਹੋ ਜਾਣਾ, ਮਾਤਾ-ਪਿਤਾ ਦੀ ਗੱਲ ਨਾ ਮੰਨਣਾ, ਅਧਿਆਪਕਾਂ ਦਾ ਆਦਰ ਨਾ ਕਰਨਾ-ਇਹ ਸਭ ਬਰਦਾਸ਼ਤ ਦੀ ਕਮੀ ਕਾਰਨ ਹੀ ਹੈ | ਘਰਾਂ ਵਿਚ ਵੀ ਪਤੀ-ਪਤਨੀ, ਭੈਣ-ਭਰਾ ਇੱਕ ਦੂਜੇ ਦੀ ਗੱਲ ਸੁਣਨ ਲਈ ਤਿਆਰ ਨਹੀਂ |
ਬਰਦਾਸ਼ਤ ਦਾ ਮਤਲਬ ਕਮਜ਼ੋਰ ਹੋਣਾ ਨਹੀਂ ਹੈ | ਬਰਦਾਸ਼ਤ ਦਾ ਮਤਲਬ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਹੈ, ਜਿਸ ਤਰ੍ਹਾਂ ਦਰੱਖਤ ਤੂਫ਼ਾਨ ਸਹਿ ਕੇ ਵੀ ਖੜ੍ਹਾ ਰਹਿੰਦਾ ਹੈ, ਉਸੇ ਤਰ੍ਹਾਂ ਇਨਸਾਨ ਨੂੰ ਵੀ ਮੁਸ਼ਕਲਾਂ ਨੂੰ ਸਹਿਣ ਕਰਨਾ ਸਿੱਖਣਾ ਚਾਹੀਦਾ ਹੈ | ਸਾਡੇ ਗੁਰੂਆਂ ਅਤੇ ਮਹਾਪੁਰਸ਼ਾਂ ਨੇ ਵੀ ਸਾਨੂੰ ਸਬਰ ਅਤੇ ਸਹਿਣਸ਼ੀਲਤਾ ਦਾ ਪਾਠ ਪੜ੍ਹਾਇਆ ਹੈ | ਆਓ, ਅਸੀਂ ਫਿਰ ਤੋਂ ਆਪਣੇ ਅੰਦਰ ਬਰਦਾਸ਼ਤ ਦੀ ਸ਼ਕਤੀ ਪੈਦਾ ਕਰੀਏ | ਦੂਜਿਆਂ ਦੀ ਗੱਲ ਸੁਣੀਏ, ਗੁੱਸੇ 'ਤੇ ਕਾਬੂ ਰੱਖੀਏ ਅਤੇ ਰਿਸ਼ਤਿਆਂ ਨੂੰ ਤਰਜੀਟ ਦਈਏ, ਕਿਉਂਕਿ ਜਿਸ ਸਮਾਜ ਵਿਚ ਬਰਦਾਸ਼ਤ ਹੈ, ਉੱਥੇ ਹੀ ਸ਼ਾਂਤੀ ਅਤੇ ਤਰੱਕੀ ਹੈ |
ਗੌਰਵ ਮੁੰਜਾਲ
-ਪੀ.ਪੀ.ਐਸ.