ਨਵੀਂ ਦਿੱਲੀ, 20 ਨਵੰਬਰ (ਪੀ.ਟੀ.ਆਈ.)-ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਚਾਹੁੰਦੀ ਹੈ ਕਿ ਹੱਦਬੰਦੀ ਦਾ ਮੁੱਦਾ ਸਾਰੀਆਂ ਸਿਆਸੀ ਪਾਰਟੀਆਂ ਨਾਲ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ, ਪਰ ਸਰਕਾਰ ਨੇ ਇਸ ਮਾਮਲੇ ‘ਤੇ ਵਿਰੋਧੀ ਧਿਰ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਉਨ੍ਹਾਂ ਕੋਲ ਮੌਜੂਦ ਜਾਣਕਾਰੀ ਅਨੁਸਾਰ, ਸਰਕਾਰ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਐਨ.ਡੀ.ਏ. ਗੱਠਜੋੜ ਦੇ ਕਿਸੇ ਵੀ ਸਹਿਯੋਗੀ ਦਲ ਨਾਲ ਹੱਦਬੰਦੀ ਬਾਰੇ ਕੋਈ ਠੋਸ ਪ੍ਰਸਤਾਵ ਸਾਂਝਾ ਨਹੀਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਹੱਦਬੰਦੀ ਬਾਰੇ ਚਾਰ-ਨੁਕਾਤੀ ਫਾਰਮੂਲੇ ਵਿਚ ਵਿਸ਼ਵਾਸ ਰੱਖਦੀ ਹੈ। ਇਸ ਫਾਰਮੂਲੇ ਤਹਿਤ ਲੋਕ ਸਭਾ ਦੀਆਂ 543 ਸੀਟਾਂ ਬਰਕਰਾਰ ਰਹਿਣੀਆਂ ਚਾਹੀਦੀਆਂ ਹਨ, ਸੂਬਿਆਂ ਅਨੁਸਾਰ ਸੀਟਾਂ ਦੀ ਵੰਡ ਮੌਜੂਦਾ ਪੱਧਰ ‘ਤੇ ਹੀ ਰਹਿਣੀ ਚਾਹੀਦੀ ਹੈ, ਮੌਜੂਦਾ ਸੀਟਾਂ ਵਿਚੋਂ ਇੱਕ-ਤਿਹਾਈ (182) ਸੀਟਾਂ ਔਰਤਾਂ ਲਈ ਰਾਖਵੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਉਪਰੋਕਤ ਸਾਰੇ ਨੁਕਤਿਆਂ ‘ਤੇ 25 ਸਾਲਾਂ ਲਈ ਕੋਈ ਬਦਲਾਅ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ‘ਇੰਡੀਆ’ ਗੱਠਜੋੜ ਦੀਆਂ ਸਾਰੀਆਂ ਪਾਰਟੀਆਂ, ਜਿੰਨ੍ਹਾਂ ਵਿਚ ਐਨ.ਸੀ.ਪੀ.-ਐਸ.ਪੀ. ਤੇ ਡੀ.ਐਮ.ਕੇ. ਸ਼ਾਮਿਲ ਹਨ, ਇਨ੍ਹਾਂ ਚਾਰ ਨੁਕਤਿਆਂ ‘ਤੇ ਸਹਿਮਤ ਹਨ।