ਵਿਸਲਰ ਦੇ ਚਰਚਿਤ ਦੋਹਰੇ ਕਤਲ ਮਾਮਲੇ ‘ਚ ਪੰਜਾਬੀ ਮੂਲ ਦੇ ਦੋ ਨੌਜਵਾਨ ਦੋਸ਼ੀ ਕਰਾਰ
ਵੈਨਕੂਵਰ, 29 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਪਹਾੜਾਂ ਵਿੱਚ ਸਥਿਤ ਪ੍ਰਸਿੱਧ ਸੈਰ-ਸਪਾਟਾ ਸ਼ਹਿਰ ਵਿਸਲਰ ਵਿੱਚ ਜੁਲਾਈ 2022 ਦੌਰਾਨ ਦਿਨ-ਦਿਹਾੜੇ ਹੋਏ ਦੋਹਰੇ ਕਤਲ ਦੇ ਚਰਚਿਤ ਮਾਮਲੇ ਵਿੱਚ ਮਾਣਯੋਗ ਅਦਾਲਤ ਨੇ ਪੰਜਾਬੀ ਮੂਲ ਦੇ ਗੁਰਸਿਮਰਨ ਸਹੋਤਾ ਅਤੇ ਤਨਵੀਰ ਖੱਖ ਨੂੰ ਕਤਲ ਦੇ ਦੋਸ਼ਾਂ ਵਿਚ ਦੋਸ਼ੀ ਕਰਾਰ ਦਿੱਤਾ ਹੈ। ਇਹ ਘਟਨਾ 2022 ‘ਚ ਵਿਸਲਰ ਵਿਲੇਜ ਦੇ ਇਕ ਹੋਟਲ ਨੇੜੇ ਵਾਪਰੀ ਸੀ।
ਵੈਨਕੂਵਰ, 29 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਪਹਾੜਾਂ ਵਿੱਚ ਸਥਿਤ ਪ੍ਰਸਿੱਧ ਸੈਰ-ਸਪਾਟਾ ਸ਼ਹਿਰ ਵਿਸਲਰ ਵਿੱਚ ਜੁਲਾਈ 2022 ਦੌਰਾਨ ਦਿਨ-ਦਿਹਾੜੇ ਹੋਏ ਦੋਹਰੇ ਕਤਲ ਦੇ ਚਰਚਿਤ ਮਾਮਲੇ ਵਿੱਚ ਮਾਣਯੋਗ ਅਦਾਲਤ ਨੇ ਪੰਜਾਬੀ ਮੂਲ ਦੇ ਗੁਰਸਿਮਰਨ ਸਹੋਤਾ ਅਤੇ ਤਨਵੀਰ ਖੱਖ ਨੂੰ ਕਤਲ ਦੇ ਦੋਸ਼ਾਂ ਵਿਚ ਦੋਸ਼ੀ ਕਰਾਰ ਦਿੱਤਾ ਹੈ। ਇਹ ਘਟਨਾ 2022 ‘ਚ ਵਿਸਲਰ ਵਿਲੇਜ ਦੇ ਇਕ ਹੋਟਲ ਨੇੜੇ ਵਾਪਰੀ ਸੀ। ਉਸ ਵੇਲੇ ਗੋਲੀਬਾਰੀ ਵਿਚ ਮਨਿੰਦਰ ਧਾਲੀਵਾਲ ਅਤੇ ਸਤਿੰਦਰ ਗਿੱਲ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਗੁਰਸਿਮਰਨ ਸਹੋਤਾ ਨੂੰ ਮਨਿੰਦਰ ਧਾਲੀਵਾਲ ਦੇ ਕਤਲ ਲਈ ਪਹਿਲੇ ਦਰਜੇ ਦੇ ਕਤਲ ਅਤੇ ਸਤਿੰਦਰ ਗਿੱਲ ਦੇ ਕਤਲ ਲਈ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਤਨਵੀਰ ਖੱਖ ਨੂੰ ਧਾਲੀਵਾਲ ਦੇ ਕਤਲ ਲਈ ਪਹਿਲੇ ਦਰਜੇ ਦੇ ਕਤਲ ਦਾ ਦੋਸ਼ੀ ਪਾਇਆ ਗਿਆ। ਖੱਖ ਖ਼ਿਲਾਫ਼ ਗਿੱਲ ਦੇ ਪਹਿਲੇ ਦਰਜੇ ਦੇ ਕਤਲ ਵਾਲਾ ਦੋਸ਼ ਜੱਜ ਵਲੋਂ ਪਹਿਲਾਂ ਹੀ ਸਬੂਤਾਂ ਦੀ ਘਾਟ ਕਾਰਨ ਹਟਾ ਦਿੱਤਾ ਗਿਆ ਸੀ। ਸਰਕਾਰੀ ਪੱਖ ਵਲੋਂ ਅਦਾਲਤ ਵਿਚ ਹੋਟਲ ਦੀ ਨਿਗਰਾਨੀ ਕੈਮਰਿਆਂ ਦੀਆਂ ਤਸਵੀਰਾਂ ਸਮੇਤ ਕਈ ਸਬੂਤ ਪੇਸ਼ ਕੀਤੇ ਗਏ। ਅਦਾਲਤ ਵਿੱਚ ਇਹ ਵੀ ਦੱਸਿਆ ਗਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੇਲੇ ਉਨ੍ਹਾਂ ਦੇ ਕੱਪੜਿਆਂ ਅਤੇ ਜੁੱਤਿਆਂ ਉਤੇ ਧਾਲੀਵਾਲ ਦੇ ਖੂਨ ਨਾਲ ਸਬੰਧਤ ਸਬੂਤ ਮਿਲੇ ਸਨ ਅਤੇ ਉਨ੍ਹਾਂ ਦੇ ਹੱਥਾਂ ਤੇ ਚਿਹਰਿਆਂ ਤੋਂ ਗੋਲੀ ਚੱਲਣ ਮਗਰੋਂ ਰਹਿ ਜਾਣ ਵਾਲੇ ਅੰਸ਼ ਵੀ ਮਿਲੇ ਸਨ। ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਸੀ ਅਤੇ ਸਹੋਤਾ ਤੇ ਖੱਖ ਨੂੰ ਸੀ-ਟੂ-ਸਕਾਈ ਹਾਈਵੇਅ ਉਤੇ ਕਾਬੂ ਕਰ ਲਿਆ ਗਿਆ ਸੀ। ਘਟਨਾ ਸਮੇਂ ਦੋਵੇਂ ਸਰੀ ਦੇ ਵਸਨੀਕ ਸਨ ਅਤੇ 25 ਜੁਲਾਈ 2022 ਨੂੰ ਉਨ੍ਹਾਂ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਮਨਜ਼ੂਰ ਕੀਤੇ ਗਏ ਸਨ।