ਸ਼ਿਕਾਗੋ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ
ਸ਼ਿਕਾਗੋ, 30ਸਤੰਬਰ (ਕੇਵਲ ਗੁਰਾਇਆ)-ਸਿੱਖ ਰਿਲੀਜੀਅਸ ਸੁਸਾਇਟੀ ਗੁਰਦੁਆਰਾ ਸਾਹਿਬ ਪੈਲਾਟਾਈਨ ਵਿਖੇ ਪੰਥ ਦੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ੁਰੂਆਤੀ ਜੀਵਨ, ਸੰਘਰਸ਼ਮਈ ਜ਼ਿੰਦਗੀ ਅਤੇ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਬੁਲਾਰਿਆਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹਿਣ ਦਾ ਸੰਦੇਸ਼ ਦਿੱਤਾ। ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਧਾਰਮਿਕ ਸਕੱਤਰ ਸਤਿੰਦਰ ਸਿੰਘ ਸੁਸਾਣਾ ਨੇ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤੀ।
ਸ਼ਿਕਾਗੋ, 30ਸਤੰਬਰ (ਕੇਵਲ ਗੁਰਾਇਆ)-ਸਿੱਖ ਰਿਲੀਜੀਅਸ ਸੁਸਾਇਟੀ ਗੁਰਦੁਆਰਾ ਸਾਹਿਬ ਪੈਲਾਟਾਈਨ ਵਿਖੇ ਪੰਥ ਦੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ੁਰੂਆਤੀ ਜੀਵਨ, ਸੰਘਰਸ਼ਮਈ ਜ਼ਿੰਦਗੀ ਅਤੇ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਬੁਲਾਰਿਆਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹਿਣ ਦਾ ਸੰਦੇਸ਼ ਦਿੱਤਾ। ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਧਾਰਮਿਕ ਸਕੱਤਰ ਸਤਿੰਦਰ ਸਿੰਘ ਸੁਸਾਣਾ ਨੇ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤੀ। ਉਨ੍ਹਾਂ ਆਖਿਆ ਕਿ ਉਹ ਕੌਮਾਂ ਕਦੇ ਵੀ ਖ਼ਤਮ ਨਹੀਂ ਹੋ ਸਕਦੀਆਂ, ਜਿਨ੍ਹਾਂ ਦੇ ਸ਼ਹੀਦ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਰਾਜ ਕਰਦੇ ਹਨ। ਸੰਤ ਬਲਬੀਰ ਸਿੰਘ ਨੇ ਸਮਾਗਮ ਦੀ ਕਾਰਵਾਈ ਸੰਭਾਲਦਿਆਂ ਆਖਿਆ ਕਿ ਸ਼ਹੀਦਾਂ ਦੇ ਖੂਨ ਦਾ ਜਜ਼ਬਾ ਕਦੇ ਵੀ ਠੰਢਾ ਨਹੀਂ ਪੈਂਦਾ, ਇਸੇ ਦਾ ਨਤੀਜਾ ਹੈ ਕਿ ਦੇਸ਼-ਵਿਦੇਸ਼ ਵਿਚ ਸ. ਖਾਲੜਾ ਦੀ ਯਾਦ ਵਿਚ ਸਮਾਗਮ ਕਰਵਾਏ ਜਾ ਰਹੇ ਹਨ। ਪ੍ਰਭਜੀਤ ਕੌਰ ਕਲੇਰ ਨੇ ਆਪਣੇ ਸੰਬੋਧਨ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ, ਮਨੁੱਖੀ ਅਧਿਕਾਰਾਂ ਲਈ ਉਨ੍ਹਾਂ ਵਲੋਂ ਕੀਤੇ ਸੰਘਰਸ਼ ਅਤੇ ਉਨ੍ਹਾਂ ਵਲੋਂ ਪੰਜਾਬੀਆਂ ਵਿਚ ਪੈਦਾ ਕੀਤੇ ਹਿੰਮਤ ਦੇ ਜਜ਼ਬੇ ਦੀ ਸਾਂਝ ਪਾਈ। ਹਰਜੀਤ ਸਿੰਘ ਗਿੱਲ ਨੇ ਆਖਿਆ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਆਪਣੀ ਜਾਨ ‘ ਤੇ ਖੇਡ ਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕੀਤਾ। ਬਲਵਿੰਦਰ ਸਿੰਘ ਸੋਹਲ ਨੇ ਸ਼ਹੀਦ ਭਾਈ ਖਾਲੜਾ ਦੇ ਨੌਜਵਾਨੀ ਜੀਵਨ ਅਤੇ ਸਿਆਸੀ ਸੰਬੰਧਾਂ ਬਾਰੇ ਚਾਨਣਾ ਪਾਇਆ। ਕਾਰਸੇਵਾ ਦੇ ਕਰਤਾ-ਧਰਤਾ ਸਤਨਾਮ ਸਿੰਘ ਔਲਖ ਨੇ ਸ. ਖਾਲੜਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੈਮੀਨਾਰ ਵਿਚ ਸਾਂਝੇ ਕੀਤੇ ਵਿਚਾਰਾਂ ਨੂੰ ਕਲਮਬੱਧ ਕਰਨ ਅਤੇ ਬੱਚਿਆਂ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਸੁਝਾਅ ਪੇਸ਼ ਕੀਤਾ। ਗੁਰਦੁਆਰਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਹਰਕੀਰਤ ਸਿੰਘ ਸੰਧੂ ਨੇ ਭਾਈ ਖਾਲੜਾ ਬਾਰੇ ਪ੍ਰੈਜ਼ੈਂਟੇਸ਼ਨ ਪੇਸ਼ ਕਰਦਿਆਂ ਆਖਿਆ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਉਸ ਝੂਠ ਨੂੰ ਉਜਾਗਰ ਕੀਤਾ, ਜਿਸ ਨੂੰ ਹਕੂਮਤਾਂ ਨੇ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਨਵਰੂਪ ਕੌਰ ਨੇ ਭਾਈ ਖਾਲੜਾ ਦੇ ਜੀਵਨ ਅਤੇ ਸੰਘਰਸ਼ ‘ਤੇ ਚਾਨਣਾ ਪਾਇਆ ਅਤੇ ਪੰਜਾਬ ਤੇ ਕੌਮ ਦੀ ਸਲਾਮਤੀ ਦੀ ਬਾਤ ਪਾਉਂਦੀ ਕਵਿਤਾ ਵੀ ਪੇਸ਼ ਕੀਤੀ।ਕਰਮਜੀਤ ਸਿੰਘ ਨੇ ਸਿੱਖਾਂ ਨੂੰ ਸ਼ਹੀਦ ਖਾਲੜਾ ਦੀ ਵਿਰਾਸਤ ਨੂੰ ਅੱਗੇ ਲਿਜਾਣ ਦਾ ਸੱਦਾ ਦਿੰਦਿਆਂ ਉਨ੍ਹਾਂ ਵਲੋਂ ਅਪਣਾਈ ਇੰਟਰਨੈਸ਼ਨਲ ਪਹੁੰਚ ਦਾ ਵੇਰਵਾ ਸਾਂਝਾ ਕੀਤਾ। ਬੀਬੀ ਜੈਦੀਪ ਕੌਰ ਨੇ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਪ੍ਰੀਤਮ ਸਿੰਘ ਨੇ ਆਪਣੇ ਪਿੰਡੇ ‘ਤੇ ਹੰਢਾਈਆਂ ਕੁੱਝ ਘਟਨਾਵਾਂ ਦਾ ਜ਼ਿਕਰ ਕੀਤਾ। ਡਾ. ਸਵਰਨਜੀਤ ਸਿੰਘ ਨੇ ਭਾਈ ਖਾਲੜਾ ਦੀ ਸ਼ਹਾਦਤ ਦਾ ਸਾਰਾ ਵਰਤਾਰਾ ਕਿਉਂ ਅਤੇ ਕਿਵੇਂ ਵਾਪਰਿਆ, ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਤਰਲੋਚਨ ਸਿੰਘ ਮੁਲਤਾਨੀ ਨੇ ਕਿਹਾ ਕਿ ਰਬਾਬ, ਕਿਰਪਾਨ, ਕਲਮ ਤੇ ਸ਼ਹਾਦਤ, ਸਾਰੇ ਸਾਡੇ ਵਿਰਸੇ ਦਾ ਹਿੱਸਾ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਵੀ ਧਾਰਮਿਕ ਗ੍ਰੰਥ ਵਿਚ ਸ਼ਹੀਦ ਸ਼ਬਦ ਦਾ ਜ਼ਿਕਰ ਨਹੀਂ ਹੈ। ਉਨ੍ਹਾਂ ਅੰਦਰ ਸ਼ਹਾਦਤ ਦਾ ਜਜ਼ਬਾ ਗੁਰਬਾਣੀ ਨਾਲ ਜੁੜ ਕੇ ਹੀ ਪੈਦਾ ਹੋਇਆ। ਧਾਰਮਿਕ ਸਕੱਤਰ ਸਤਿੰਦਰ ਸਿੰਘ ਸੁਸਾਣਾ ਨੇ ਬੁਲਾਰਿਆਂ ਅਤੇ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਇੰਦਰਜੀਤ ਸਿੰਘ ਚੱਢਾ ਅਤੇ ਹੋਰ ਹਾਜ਼ਰ ਸਨ।