06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਇਕ ਦਿੱਖ 'ਚ ਨਹੀਂ ਬੱਝਣਾ ਚਾਹੁੰਦੇ ਅਨੰਤ ਨਾਗ

ਇਕ ਦਿੱਖ 'ਚ ਨਹੀਂ ਬੱਝਣਾ ਚਾਹੁੰਦੇ ਅਨੰਤ ਨਾਗ

Ad Position 21
No active advertisement
ਅਜੀਤ ਡੈਸਕ 07-10-2026

ਅਭਿਨੈ ਦੇ ਸੰਦਰਭ ਵਿਚ ਆਪਣੇ ਨਜ਼ਰੀਏ ਨੂੰ  ਪ੍ਰਗਟ ਕਰਦੇ ਹੋਏ ਅਨੰਤ ਨਾਗ ਨੇ ਇਕ ਵਾਰ ਜ਼ੋਰ ਦੇ ਕੇ ਕਿਹਾ ਸੀ, 'ਮੈਂ ਇਸ ਨੂੰ  ਐਕਟਿੰਗ ਨਹੀਂ ਬੀਹੇਵਿੰਗ (ਵਿਹਾਰ) ਕਹਿਣਾ ਪਸੰਦ ਕਰਾਂਗਾ |' ਅਨੰਤ ਨਾਗ ਨੇ ਆਪਣੀ ਅਭਿਨੈ ਕਲਾ ਕਿਸੇ ਫ਼ਿਲਮ ਸਕੂਲ ਵਿਚ ਨਹੀਂ ਸਗੋਂ ਮੁੰਬਈ ਦੀ ਸਟੇਜ 'ਤੇ ਵਿਕਸਿਤ ਕੀਤੀ, 'ਬੀਹੇਵਿਅਰਲ ਐਕਟਿੰਗ' 'ਤੇ ਨਿਰਭਰ ਰਹਿੰਦੇ ਹੋਏ | ਇਸ ਲਈ ਉਹ ਬਹੁਤ ਸੌਖਿਆਂ ਹੀ ਦੋਵੇਂ ਸਮਾਨਾਂਤਰ ਤੇ ਕਰਮਸ਼ੀਅਲ ਸਿਨੇਮਾ ਵਿਚ ਸਫਲ ਹੋ ਸਕੇ ਅਤੇ ਸੋਸ਼ਲ ਡਰਾਮਾ, ਰੋਮਾਂਸ, ਕਾਮੇਡੀ, ਡਰਾਉਣੀ ਆਦਿ ਸਭ ਵਿਧਾਵਾਂ ਵਿਚ ਆਪਣੀ ਕਲਾ ਦਾ ਲੋਹਾ ਮੰਨਵਾ ਸਕੇ | ਪੰਜ ਦਹਾਕੇ ਤੋਂ ਜ਼ਿਆਦਾ ਭਾਰਤੀ ਸਿਨੇਮਾ ਵਿਚ ਆਪਣੇ ਇਸ ਵਰਣਨਯੋਗ ਯੋਗਦਾਨ ਲਈ ਗੁਜਰਾਤ ਵਿਚ ਕਰਵਾਏ ਗਏ 72ਵੇਂ ਰਾਸ਼ਟਰੀ ਪੁਰਸਕਾਰ ਸਮਾਰੋਹ ਦੌਰਾਨ ਅਨੰਤ ਨਾਗ ਨੂੰ  22 ਸਤੰਬਰ, 2026 ਨੂੰ  ਸਾਲ 2024 ਦੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਯਾਦ ਰਹੇ ਕਿ ਪਿਛਲੇ ਸਾਲ ਉਨ੍ਹਾਂ ਦਾ ਨੂੰ  ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ |

ਡਾ. ਰਾਜ ਕੁਮਾਰ ਤੋਂ ਬਾਅਦ ਫਾਲਕੇ ਪੁਰਸਕਾਰ ਹਾਸਿਲ ਕਰਨ ਵਾਲੇ ਅਨੰਤ ਨਾਗ ਦੂਜੇ ਕੰਨੜ ਅਭਿਨੇਤਾ ਹਨ | ਅਨੰਤ ਨਾਗਰਕੱਟੇ ਦੇ ਰੂਪ ਵਿਚ ਅਨੰਤ ਨਾਗ ਦਾ ਨਜਮ ਕਰਨਾਟਕ ਦੇ ਉੱਤਰਾ ਕੰਨੜ ਜ਼ਿਲ੍ਹੇ ਵਿਚ 1948 ਵਿਚ ਹੋਇਆ ਸੀ | ਉਨ੍ਹਾਂ ਨੇ ਆਪਣਾ ਬਚਪਨ ਧਾਰਮਿਕ ਮੱਠ ਤੇ ਆਸ਼ਰਮ ਵਿਚ ਬਿਤਾਇਆ, ਜਿਥੇ ਉਨ੍ਹਾਂ ਦੇ ਮਾਪੇ ਕੰਮ ਕਰਿਆ ਕਰਦੇ ਸਨ | ਛੋਟੀ ਉਮਰ ਤੋਂ ਹੀ ਜਦੋਂ ਉਹ ਸਕੂਲੀ ਸਿੱਖਿਆ ਲਈ ਮੁੰਬਈ ਆਏ ਤਾਂ ਇਹ ਉਨ੍ਹਾਂ ਲਈ ਸੱਭਿਆਚਾਰਕ 'ਸ਼ਾਕ' ਸੀ, ਪਰ 1960 ਤੇ 1970 ਦੇ ਦਹਾਕਿਆਂ ਵਿਚ ਮੁੰਬਈ ਦੀ ਥੀੇਟਰ ਦੁਨੀਆ ਵਿਚ ਉਨ੍ਹਾਂ ਨੂੰ  ਆਪਣੇ ਪੈਰ ਜਮਾਉਣ ਦਾ ਮੌਕਾ ਮਿਲ ਗਿਆ ਅਤੇ ਉਹ ਕੋਂਕਣੀ, ਕੰਨੜ ਤੇ ਹਿੰਦੀ ਨਾਟਕਾਂ ਵਿਚ ਕੰਮ ਕਰਨ ਲੱਗੇ | ਥੀਏਟਰ ਤੋਂ ਸਿਨੇਮਾ ਵੱਲ ਅਨੰਤ ਨਾਗ ਨੇ 1973 ਵਿਚ ਰੁਖ ਕੀਤਾ, ਜਦੋਂ ਪੀ.ਵੀ. ਨੰਜਾਰਾਜੇ ਦੀ ਫ਼ਿਲਮ 'ਸੰਕਲਪ' ਵਿਚ ਉਨ੍ਹਾਂ ਨੂੰ  ਇਕ ਤਰਕਵਾਦੀ ਦੀ ਭੂਮਿਕਾ ਮਿਲੀ ਜੋ ਧਾਰਮਿਕ ਆਸਥਾ 'ਤੇ ਸਵਾਲ ਚੁੱਕਦੀ ਹੈ | ਇਸ ਦੇ ਇਕ ਸਾਲ ਬਾਅਦ ਉਨ੍ਹਾਂ ਦੀ ਪਛਾਣ ਸ਼ਿਆਮ ਬੇਨੇਗਲ ਨਾਲ ਹੋਈ, ਜਿਨ੍ਹਾਂ ਨਾਲ ਉਨ੍ਹਾਂ ਨੇ ਛੇ ਫ਼ਿਲਮਾਂ ਕੀਤੀਆਂ, ਜੋ 1970 ਤੇ 1980 ਦੇ ਦਹਾਕਿਆਂ ਵਿਚ ਆਈਆਂ ਭਾਰਤੀ ਸਿਨੇਮਾ ਦੀ ਨਵੀਂ ਲਹਿਰ ਵਿਚ ਮੀਲ ਦਾ ਪੱਥਰ ਸਾਬਿਤ ਹੋਈਆਂ | 'ਅੰਕੁਰ' ਵਿਚ ਉਹ ਇਕ ਜ਼ਿੰਮੀਦਾਰ ਦੇ ਪੁੱਤਰ ਦੀ ਭੂਮਿਕਾ ਵਿਚ ਸੀ | ਇਸ ਤੋਂ ਬਾਅਦ 'ਨਿਸ਼ਾਂਤ', 'ਮੰਥਨ', 'ਭੂਮਿਕਾ', 'ਕੋਂਡੁਰਾ' ਤੇ 'ਕਲਯੁੱਗ' ਵਿਚ ਉਹ ਵੱਖ-ਵੱਖ ਭੂਮਿਕਾਵਾਂ ਵਿਚ ਸਨ |
ਅਨੰਤ ਨਾਗ ਨੇ ਹਮੇਸ਼ਾ ਕਿਹਾ ਹੈ ਕਿ ਉਨ੍ਹਾਂ ਨੇ ਕਮਰਸ਼ੀਅਲ ਸਿਨੇਮਾ ਵੱਲ ਰੁਖ ਇਸ ਅਹਿਸਾਸ ਨਾਲ ਕੀਤਾ ਸੀ ਕਿ ਸਮਾਨਾਂਤਰ ਸਿਨੇਮਾ ਵਿਚ ਪੂਰਾ ਸਮਾਂ ਕਰੀਅਰ ਬਣਾਉਣਾ ਮੁਸ਼ਕਿਲ ਸੀ | 'ਬਯਾਲੂ ਦਾਰੀ' ਉਨ੍ਹਾਂ ਦੀ ਪਹਿਲੀ ਕਮਰਸ਼ੀਅਲ ਫ਼ਿਲਮ ਸੀ ਜੋ ਹਿਟ ਹੋਈ | ਇਸ ਵਿਚ ਉਹ ਰੋਮਾਂਟਿਕ ਮੁੱਖ ਭੂਮਿਕਾ ਵਿਚ ਸੀ | ਇਸ ਤੋਂ ਬਾਅਦ 'ਚੰਦਨਦਾ ਗੋਂਬੇ', 'ਬੇਨਕਿਆ ਬਾਲੇ', 'ਨਾ ਨਿੰਨਾ ਬਿਲਦਾਰੇ' ਆਦਿ ਫ਼ਿਲਮਾਂ ਆਈਆਂ | ਲਕਸ਼ਮੀ ਦੇ ਨਾਲ ਉਨ੍ਹਾਂ ਦੀ ਆਨ-ਸਕ੍ਰੀਨ ਜੋੜੀ ਵਿਸ਼ੇਸ਼ ਤੌਰ 'ਤੇ ਹਿਟ ਸੀ | ਦਿਲਚਸਪ ਗੱਲ ਇਹ ਹੈ ਕਿ ਉਹ ਸੁਪਰਸਟਾਰਜ਼ ਰਾਜ ਕੁਮਾਰ, ਵਿਸ਼ਣੂਵਰਧਨ ਅਤੇ ਅੰਬਰੀਸ਼ ਦੇ ਯੁੱਗ ਵਿਚ ਵੀ ਹਰਮਨ ਪਿਆਰੇ ਸਨ, ਜਿਨ੍ਹਾਂ ਦੇ ਆਪਣੇ ਆਪਣੇ ਪ੍ਰਸੰਸਕ ਕਲੱਬ ਸਨ, ਜੋ ਅਕਸਰ ਇਕ ਦੂਜੇ ਨਾਲ ਮੁਕਾਬਲਾ ਕਰਦੇ ਸਨ | ਹਾਲਾਂਕਿ ਅਨੰਤ ਨਾਗ ਦੇ ਚਾਹੁਣ ਵਾਲਿਆਂ ਦੀ ਵੀ ਕਮੀ ਨਹੀਂ ਰਹੀ, ਪਰ ਉਨ੍ਹਾਂ ਨੇ ਆਪਣੇ ਆਪ ਨੂੰ  ਇਸ ਭੇਡ ਚਾਲ ਤੋਂ ਹਮੇਸ਼ਾ ਦੂਰ ਰੱਖਿਆ, ਖ਼ਾਸ ਕਰਕੇ ਇਸ ਲਈ ਕਿ ਉਹ ਕਦੀ 'ਐਕਸ਼ਨ ਹੀਰੋ' ਨਹੀਂ ਸਨ ਅਤੇ ਇਸ ਲਈ ਵੀ ਕਿ ਉਹ ਕਿਸੇ ਇਕ ਇਮੇਜ ਵਿਚ ਬੱਝ ਕੇ ਜਾਂ ਟਾਈਪਕਾਸਟ ਨਹੀਂ ਹੋਣਾ ਚਾਹੁੰਦੇ ਸਨ |
ਅਨੰਤ ਨਾਗ ਦੇ ਅਭਿਨੈ ਕਰੀਅਰ ਦਾ ਸਭ ਤੋਂ ਮਹੱਤਵਪੂਰਨ ਦੌਰ ਉਹ ਸੀ ਜਦੋਂ ਉਨ੍ਹਾਂ ਨੇ ਆਪਣੇ ਛੋਟੇ ਭਰਾ ਸ਼ੰਕਰ ਨਾਗ ਨਾਲ ਮਿਲ ਕੇ ਫ਼ਿਲਮਾਂ ਬਣਾਈਆਂ | ਸ਼ੰਕਰ ਕੰਨੜ ਫ਼ਿਲਮ ਤੇ ਥੀਏਟਰ ਦੀ ਆਜ਼ਾਦ ਪ੍ਰਤਿਭਾ ਸਨ | 1990 ਵਿਚ ਇਕ ਐਕਸੀਡੈਂਟ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ | ਦੋਵੇਂ ਭਰਾਵਾਂ ਨੇ ਮਿਲ ਕੇ 'ਐਕਸੀਡੈਂਟ', 'ਮਿਨਚਿਨਾ ਓਟਾ' ਅਤੇ 'ਨੋਡੀ ਸਵਾਮੀ ਨਵੀਰੋਡੇ' ਵਰਗੀਆਂ ਫ਼ਿਲਮਾਂ ਬਣਾਈਆਂ, ਜਿਨ੍ਹਾਂ ਦਾ ਕੰਨੜ ਸਿਨੇਮਾ ਵਿਚ ਵਿਸ਼ੇਸ਼ ਥਾਂ ਹੈ | ਟੈਲੀਵਿਜ਼ਨ ਦੇ ਸ਼ੁਰੂਆਤੀ ਦੌਰ ਵਿਚ ਦੋਵੇਂ ਭਰਾਵਾਂ ਨੇ ਆਰ.ਕੇ. ਨਰਾਇਣ ਦੇ ਕੰਮ 'ਤੇ ਆਧਾਰਿਤ 'ਮਾਲਗੁਡੀ ਡੇਜ਼' ਸੀਰੀਅਲ ਬਣਾਇਆ, ਜਿਸ ਨਾਲ ਉਨ੍ਹਾਂ ਨੂੰ  ਰਾਸ਼ਟਰੀ ਪਛਾਣ ਮਿਲੀ | ਅਨੰਤ ਨਾਗ ਨੇ ਆਪਣੇ ਸੰਸਮਰਣ 'ਨੰਨਾ ਥੰਮਾ ਸ਼ੰਕਰਾ' ਵਿਚ ਆਪਣੇ ਭਰਾ ਨਾਲ ਸਹਿਯੋਗ ਤੇ ਸਾਥ ਦਾ ਮਾਰਮਿਕ ਚਿਤਰਨ ਕੀਤਾ ਹੈ | ਅਨੰਤ ਨਾਗ ਕੋਲ 1990 ਦੇ ਦਹਾਕੇ ਦੇ ਆਖਿਰ ਵਿਚ ਕੋਈ ਖ਼ਾਸ ਕੰਮ ਨਹੀਂ ਸੀ, ਪਰ 2000 ਦੇ ਦਹਾਕੇ ਵਿਚ ਵੀ ਉਨ੍ਹਾਂ ਨੇ ਐਕਟਿੰਗ ਜਾਰੀ ਰੱਖੀ ਅਤੇ ਜ਼ਿਆਦਾਤਰ ਸਹਾਇਕ ਭੂਮਿਕਾਵਾਂ ਹੀ ਨਿਭਾਉਂਦੇ ਰਹੇ | ਫਿਰ ਉਨ੍ਹਾਂ ਨੂੰ  ਹੌਲੀ-ਹੌਲੀ ਮੁੱਖ ਭੂਮਿਕਾਵਾਂ ਦੁਬਾਰਾ ਮਿਲਣ ਲਗੀਆਂ, ਜਿਵੇਂ 'ਗੋਧੀ ਬੰਨਾ ਸਧਾਰਨਾ ਮੈਕੱਟੂ' ਵਿਚ ਇਕ ਅਲਜਾਈਮਰ ਰੋਗੀ ਦੇ ਰੂਪ ਵਿਚ ਉਨ੍ਹਾਂ ਦੀ ਅਦਾਕਾਰੀ ਸ਼ਾਨਦਾਰ ਰਹੀ ਅਤੇ 'ਕਵਲੂ ਦਾਰੀ' ਵਿਚ ਉਹ ਸੇਵਾਮੁਕਤ ਪੁਲਿਸ ਇੰਸਪੈਕਟਰ ਬਣੇ ਸਨ | ਅਨੰਤ ਨਾਗ ਉਨ੍ਹਾਂ ਕੁਝ ਕੰਨੜ ਅਦਾਕਾਰਾਂ ਵਿਚ ਸ਼ਾਮਿਲ ਹਨ, ਜੋ ਸਿਆਸੀ ਖੇਤਰ ਵਿਚ ਵੀ ਸਫ਼ਲ ਰਹੇ |

Ad Position 22
No active advertisement
ਪਿਛਲੀ ਖ਼ਬਰ 'ਯੇ ਪ੍ਰੇਮ ਮੋਲ ਲੀਆ' ਸ਼ਰਵਰੀ ਵਾਘ ਅਗਲੀ ਖ਼ਬਰ ਕੱਲ੍ਹ ਲਈ ਵਿਸ਼ੇਸ਼ ਜੋਬਨ ਰੁੱਤੇ ਬੁਝ ਗਿਆ ਮੌਸੀਕੀ ਦਾ ਮਿੱਠੜਾ ਚਿਰਾਗ ਰਾਜਵੀਰ ਜਵੰਦਾ
Ad Position 24