ਟੈਲੀਵਿਜ਼ਨ, ਸਿਨੇਮਾ ਅਤੇ ਕੰਟੈਂਟ ਕ੍ਰਿਏਸ਼ਨ ਦੀ ਦੁਨੀਆ ਵਿਚ ਏਕਤਾ ਕਪੂਰ ਦੇ ਬੈਨਰ ਨੂੰ ਕਿਸੇ ਦੇ ਅੰਦਰਲੇ ਹੁਨਰ ਅਤੇ ਕੰਮ ਕਰਨ ਦੀ ਕਾਬਲੀਅਤ ਨੂੰ ਭਾਂਪ ਲੈਣ ਵਿਚ ਮੁਹਾਰਤਾ ਹਾਸਿਲ ਹੈ | ਉਸ ਦੀ ਇਸ ਖ਼ੂਬੀ ਨੇ ਇਸ ਸਨਅਤ ਨੂੰ ਹੁਣ ਤੱਕ ਪਤਾ ਨਹੀਂ ਕਿੰਨੇ ਕਾਮਯਾਬ ਅਤੇ ਨਿਪੁਨ ਇਸ ਤਰ੍ਹਾਂ ਕਲਾਕਾਰ ਦਿੱਤੇ ਹਨ |
ਏਕਤਾ ਕਪੂਰ ਵਲੋਂ ਬਣਾਏ ਟੀ.ਵੀ. ਸ਼ੋਅ ਦੀ ਬੇਹੱਦ ਹਰਮਨਪਿਆਰਤਾ ਵਾਲੀ ਫ੍ਰੈਂਚਾਈਜ਼ੀ 'ਨਾਗਿਨ' ਹੁਣ ਵੱਡੇ ਪਰਦੇ 'ਤੇ ਦਸਤਕ ਦੇਣ ਵਾਲੀ ਹੈ | ਹਾਲ ਹੀ ਵਿਚ ਏਕਤਾ ਕਪੂਰ ਨੇ ਕਾਫ਼ੀ ਜ਼ੋਰ-ਸ਼ੋਰ ਨਾਲ ਫ਼ਿਲਮ 'ਨਾਗਿਨ' ਬਣਾਉਣ ਦਾ ਐਲਾਨ ਕੀਤਾ ਹੈ |
ਏਕਤਾ ਕਪੂਰ ਨੇ ਸਾਲ 2015 ਵਿਚ ਛੋਟੇ ਪਰਦੇ ਲਈ 'ਨਾਗਿਨ' ਫ੍ਰੈਂਚਾਈਜ਼ੀ ਦੀ ਸ਼ੁਰੂਆਤ ਕੀਤੀ ਸੀ | ਸ਼ੋਅ ਦੇ ਪਹਿਲੇ ਸੀਜ਼ਨ ਵਿਚ ਮੌਨੀ ਰਾਏ ਨੇ ਮੁੱਖ ਭੂਮਿਕਾ ਨਿਭਾਈ ਸੀ ਅਤੇ ਉਸ ਦੇ ਨਾਲ ਅਰਜੁਨ ਬਿਜਲਾਨੀ ਨਜ਼ਰ ਆਏ ਸਨ |
ਸ਼ੋਅ ਨੂੰ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਸੀ ਅਤੇ ਦੇਖਦੇ ਹੀ ਦੇਖਦੇ 'ਨਾਗਿਨ' ਟੀ.ਵੀ. ਦੇ ਸਭ ਤੋਂ ਹਰਮਨਪਿਆਰੇ ਸ਼ੋਆਂ ਵਿਚ ਸ਼ਾਮਿਲ ਹੋ ਗਿਆ | ਇਸ ਤੋਂ ਬਾਅਦ ਦੂਜੇ ਸੀਜ਼ਨ ਵਿਚ ਵੀ ਮੌਨੀ ਰਾਏ ਨੇ ਨਾਗਿਨ ਦਾ ਕਿਰਦਾਰ ਨਿਭਾਇਆ ਸੀ |
ਤੀਜੇ ਸੀਜ਼ਨ ਵਿਚ ਸੁਰਭੀ ਜਯੋਤੀ, ਚੌਥੇ ਸੀਜ਼ਨ ਵਿਚ ਨੀਆ ਸ਼ਰਮਾ ਅਤੇ ਪੰਜਵੇਂ ਸੀਜ਼ਨ ਵਿਚ ਸੁਰਭੀ ਚੰਦਨਾ ਮੁੱਖ ਭੂਮਿਕਾ ਵਿਚ ਆਈਆਂ | ਉਥੇ ਛੇਵੇਂ ਸੀਜ਼ਨ ਵਿਚ ਤੇਜਸਵੀ ਪ੍ਰਕਾਸ਼ ਨੇ ਨਾਗਿਨ ਦਾ ਕਿਰਦਾਰ ਨਿਭਾਇਆ ਸੀ |
'ਨਾਗਿਨ' ਦੇ ਸੱਤਵੇਂ ਸੀਜ਼ਨ ਵਿਚ ਪਿ੍ਅੰਕਾ ਚਾਹਰ ਚੌਧਰੀ, ਈਸ਼ਾ ਸਿੰਘ, ਨਮਿਕ ਪਾਲ ਅਤੇ ਕਨਿਕਾ ਮਾਨ ਵਰਗੇ ਕਲਾਕਾਰ ਨਜ਼ਰ ਆਏ | ਇਸ ਸੀਜ਼ਨ ਦਾ ਪ੍ਰੀਮੀਅਰ ਸਾਲ 2025 ਵਿਚ ਹੋਇਆ ਸੀ ਅਤੇ 14 ਜੂਨ, 2026 ਨੂੰ ਇਸ ਦਾ ਸਫ਼ਰ ਖ਼ਤਮ ਹੋਇਆ |
ਇਸ ਤਰ੍ਹਾਂ ਦੇਖਦੇ ਹੀ ਦੇਖਦੇ ਆਪਣੇ ਹਰ ਨਵੇਂ ਸੀਜ਼ਨ ਦੇ ਨਾਲ ਇਹ ਸ਼ੋਅ ਦਰਸ਼ਕਾਂ ਦਰਮਿਆਨ ਖ਼ਾਸ ਥਾਂ ਬਣਾਉਂਦੇ ਹੋਏ ਹਰਮਨਪਿਆਰਤਾ ਦੇ ਨਵੇਂ ਮਾਪਦੰਡ ਸਥਾਪਿਤ ਕਰਦਾ ਗਿਆ ਅਤੇ ਹੁਣ 11 ਸਾਲ ਬਾਅਦ ਟੀ.ਵੀ. ਦੀ ਹਰਮਨਪਿਆਰੀ ਫ੍ਰੈਂਚਾਈਜ਼ੀ 'ਨਾਗਿਨ' ਦਾ ਜਲਵਾ ਟੀ.ਵੀ. ਦੇ ਛੋਟੇ ਪਰਦੇ ਤੋਂ ਬਾਹਰ ਨਿਕਲ ਕੇ ਇਕ ਨਵੇਂ ਅੰਦਾਜ਼ ਵਿਚ ਵੱਡੇ ਪਰਦੇ 'ਤੇ ਆਉਣ ਦੀ ਤਿਆਰੀ ਕਰ ਰਿਹਾ ਹੈ |
ਜਦੋਂ ਤੋਂ ਫ਼ਿਲਮ 'ਨਾਗਿਨ' ਦਾ ਐਲਾਨ ਹੋਇਆ ਹੈ, ਦਰਸ਼ਕਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਖ਼ਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ ਕਿ ਆਿਖ਼ਰ ਫ਼ਿਲਮ ਵਿਚ ਮੁੱਖ ਅਦਾਕਾਰਾ ਕੌਣ ਹੋਵੇਗੀ?
ਯਕੀਨੀ ਤੌਰ 'ਤੇ ਫ਼ਿਲਮ ਦੇ ਐਲਾਨ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਵੱਡੇ ਪਰਦੇ 'ਤੇ ਨਵੀਂ ਨਾਗਿਨ ਦਾ ਕਿਰਦਾਰ ਕਿਹੜਾ ਨਿਭਾਏਗੀ? ਏਕਤਾ ਕਪੂਰ ਨੇ ਹਾਲੇ ਮੁੱਖ ਅਦਾਕਾਰਾ ਦੇ ਨਾਂਅ ਦਾ ਖ਼ੁਲਾਸਾ ਨਹੀਂ ਕੀਤਾ ਹੈ |