06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮਾਂ ਨੇ ਪੁੱਤਰ ਦੀ ਸ਼ੱਕੀ ਮੌਤ ’ਤੇ ਕਰਵਾਇਆ ਪੋਸਟਮਾਰਟਮ

ਮਾਛੀਵਾੜਾ ਸਾਹਿਬ (ਲੁਧਿਆਣਾ), 6 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)- ਨੇੜ੍ਹਲੇ ਪਿੰਡ ਲੁਹਾਰੀਆਂ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਜਸਮੀਰ...

Ad Position 21
No active advertisement
ਅਜੀਤ ਡੈਸਕ 06-10-2026

ਮਾਛੀਵਾੜਾ ਸਾਹਿਬ (ਲੁਧਿਆਣਾ), 6 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)- ਨੇੜ੍ਹਲੇ ਪਿੰਡ ਲੁਹਾਰੀਆਂ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਜਸਮੀਰ ਸਿੰਘ ਘੁੰਮਣ ਦੀ ਇਲਾਜ ਦੌਰਾਨ ਹੋਈ ਮੌਤ ਨੂੰ ਲੈ ਕੇ ਉਸ ਦੀ ਮਾਂ ਪਰਮਜੀਤ ਕੌਰ ਨੇ ਸ਼ੱਕ ਜ਼ਾਹਰ ਕਰਦਿਆਂ ਪੋਸਟਮਾਰਟਮ ਕਰਵਾਇਆ ਹੈ। ਮਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਜੇਕਰ ਉਸ ਦੇ ਪੁੱਤਰ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਜਾਂ ਕਿਸੇ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਜਸਮੀਰ ਸਿੰਘ ਆਪਣੀ ਪਤਨੀ ਸਮੇਤ ਉਸ ਦੇ ਨਾਲ ਕੋਠੀ ਦੀ ਉਪਰਲੀ ਮੰਜ਼ਿਲ ’ਤੇ ਰਹਿੰਦਾ ਸੀ, ਜਦਕਿ ਉਸ ਦਾ ਪਤੀ ਸਾਹਮਣੇ ਵਾਲੀ ਕੋਠੀ ਵਿਚ ਵੱਖਰਾ ਰਹਿੰਦਾ ਹੈ।

ਉਨ੍ਹਾਂ ਦੱਸਿਆ ਕਿ 24 ਸਤੰਬਰ ਨੂੰ ਜਸਮੀਰ ਸਿੰਘ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਅਤੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪਰਮਜੀਤ ਕੌਰ ਨੇ ਦੋਸ਼ ਲਗਾਇਆ ਕਿ ਉਸ ਦੇ ਪੁੱਤਰ ਦੀ ਤਬੀਅਤ ਖ਼ਰਾਬ ਹੋਣ ਸਬੰਧੀ ਪਰਿਵਾਰ ਦੇ ਹੋਰ ਮੈਂਬਰਾਂ ਵਲੋਂ ਉਸ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਜਸਮੀਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ। 28 ਸਤੰਬਰ ਨੂੰ ਡਾਕਟਰਾਂ ਵਲੋਂ ਜਸਮੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਉਸ ਦੇ ਨੌਜਵਾਨ ਪੁੱਤਰ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਜਾਂ ਹੋਰ ਅਪਰਾਧਿਕ ਕਾਰਵਾਈ ਹੋ ਸਕਦੀ ਹੈ, ਜਿਸ ਕਾਰਨ ਉਸ ਨੇ ਪੁਲਿਸ ਕੋਲ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ।

ਪੁਲਸ ਵਲੋਂ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਜਸਮੀਰ ਸਿੰਘ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਬਾਅਦ ਵਿਚ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਪਰਮਜੀਤ ਕੌਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੌਤ ਦੇ ਅਸਲ ਕਾਰਨਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਜੇਕਰ ਕਿਸੇ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਪਰਮਜੀਤ ਕੌਰ ਵਲੋਂ ਦਿੱਤੀ ਸ਼ਿਕਾਇਤ ਅਤੇ ਉਸ ਵਲੋਂ ਜ਼ਾਹਰ ਕੀਤੇ ਸ਼ੱਕ ਦੇ ਆਧਾਰ ’ਤੇ ਜਸਮੀਰ ਸਿੰਘ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਜੇਕਰ ਜਾਂਚ ਜਾਂ ਰਿਪੋਰਟ ਵਿਚ ਕਿਸੇ ਵਿਅਕਤੀ ਦੀ ਗਲਤੀ ਜਾਂ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਪੋਸਟਮਾਰਟਮ ਤੋਂ ਬਾਅਦ ਜਦੋਂ ਜਸਮੀਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਲੁਹਾਰੀਆਂ ਵਿਖੇ ਪਹੁੰਚੀ ਤਾਂ ਉਸ ਦੀ ਮਾਂ ਪਰਮਜੀਤ ਕੌਰ ਵਲੋਂ ਮ੍ਰਿਤਕ ਦੇਹ ਨੂੰ ਆਪਣੇ ਘਰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਜਦਕਿ ਉਸ ਦਾ ਪਿਤਾ ਕਸ਼ਮੀਰ ਸਿੰਘ ਉਸ ਨੂੰ ਆਪਣੇ ਘਰ ਲੈ ਗਿਆ। ਇਸ ਦੌਰਾਨ ਪਰਮਜੀਤ ਕੌਰ ਨੇ ਮੰਗ ਕੀਤੀ ਕਿ ਜਸਮੀਰ ਸਿੰਘ ਦਾ ਅੰਤਿਮ ਸਸਕਾਰ ਉਸ ਦੇ ਧਰਮ ਨਾਲ ਸਬੰਧਤ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾਵੇ। ਦੂਜੇ ਪਾਸੇ ਪਿਤਾ ਕਸ਼ਮੀਰ ਸਿੰਘ ਆਪਣੇ ਵਿਸ਼ਵਾਸ ਅਨੁਸਾਰ ਅੰਤਿਮ ਸਸਕਾਰ ਕਰਨ ਦੀ ਤਿਆਰੀ ਕਰ ਰਿਹਾ ਸੀ। ਇਸ ਕਾਰਨ ਦੋਵੇਂ ਧਿਰਾਂ ਵਿਚਕਾਰ ਮਤਭੇਦ ਦੀ ਸਥਿਤੀ ਬਣ ਗਈ।

ਮਾਮਲੇ ਦੀ ਸੂਚਨਾ ਮਿਲਣ ’ਤੇ ਥਾਣਾ ਮੁਖੀ ਕਰਮਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਦੋਵੇਂ ਪਰਿਵਾਰਾਂ ਨੂੰ ਸਮਝਾਇਆ। ਪੁਲਿਸ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਦੇਰ ਰਾਤ ਪਿੰਡ ਲੁਹਾਰੀਆਂ ਦੇ ਸ਼ਮਸ਼ਾਨਘਾਟ ਵਿਖੇ ਜਸਮੀਰ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਦੂਜੇ ਪਾਸੇ ਪਿਤਾ ਕਸ਼ਮੀਰ ਸਿੰਘ ਨੇ ਕਿਹਾ ਕਿ ਅੰਤਿਮ ਸੰਸਕਾਰ ਸਮੇਂ ਉਨ੍ਹਾਂ ਵਲੋਂ ਕੋਈ ਵਿਵਾਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਸਮੀਰ ਸਿੰਘ ਦੀ ਮੌਤ ਬਿਮਾਰੀ ਕਾਰਨ ਹੋਈ ਹੈ ਅਤੇ ਇਸ ਪਿੱਛੇ ਕੋਈ ਹੋਰ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ। ਜਸਮੀਰ ਸਿੰਘ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਛੱਡ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਫ਼ਰਾਂਸਿਸ ਹੈਲਜ਼ਨ ਨੂੰ ਭੌਤਿਕ ਵਿਗਿਆਨ ’ਚ ਨੋਬਲ ਪੁਰਸਕਾਰ ਅਗਲੀ ਖ਼ਬਰ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਬੀਰ ਘੁੰਮਣ ਸਮੇਤ ਪੰਜ ਲੋਕਾਂ ਵਿਰੁੱਧ ਕੇਸ ਦਰਜ
Ad Position 24