ਕਾਮੇਡੀਅਨ ਉਹ ਅਦਾਕਾਰ ਹੁੰਦਾ ਹੈ, ਜੋ ਆਪਣੇ ਲਫ਼ਜ਼ਾਂ ਦੀ ਅਦਾਇਗੀ ਅਤੇ ਚਿਹਰੇ ਦੇ ਭਾਵਾਂ ਨਾਲ ਹਾਸਾ ਪੈਦਾ ਕਰਕੇ ਕਿਸੇ ਦੁਖੀ ਅਤੇ ਪ੍ਰੇਸ਼ਾਨ ਸ਼ਖ਼ਸ ਨੂੰ ਹਸਾ ਕੇ ਉਸ ਦਾ ਦੱੁਖ ਕਾਫ਼ੂਰ ਕਰ ਦਿੰਦਾ ਹੈ | ਉਸਤਾਦ ਕਾਮੇਡੀਅਨ ਮਹਿਮੂਦ ਇਸ ਕਲਾ ਵਿਚ ਪੂਰੀ ਤਰ੍ਹਾ ਮਾਹਿਰ ਸੀ | ਹਾਸਿਆਂ ਦੇ ਵਣਜਾਰੇ ਮਹਿਮੂਦ ਦਾ ਪੂਰਾ ਨਾਂਅ ਮਹਿਮੂਦ ਅਲੀ ਸੀ ਤੇ ਉਹ ਜਨਾਬ ਮੁਮਤਾਜ਼ ਅਲੀ ਅਤੇ ਬੀਬੀ ਲਤੀਫ਼ੂਨਿੱਸਾ ਦੀ ਅੱਠਵੀਂ ਔਲ੍ਹਾਦ ਵਜੋਂ 28 ਸਤੰਬਰ, 1932 ਨੂੰ ਪੈਦਾ ਹੋਇਆ ਸੀ |
ਮਹਿਮੂਦ ਨੂੰ ਅਦਾਕਾਰੀ ਦੀ ਚੇਟਕ ਘਰ 'ਚੋਂ ਹੀ ਲੱਗੀ ਸੀ, ਕਿਉਂਕਿ ਉਸ ਦੇ ਅੱਬਾ ਜਨਾਬ ਮੁਮਤਾਜ਼ ਅਲੀ ਸਾਹਿਬ ਰੰਗਮੰਚ ਦੇ ਨਾਮੀ ਅਦਾਕਾਰ ਤੇ ਗਵੱਈਏ ਹੋਣ ਦੇ ਨਾਲ-ਨਾਲ ਬਾਲੀਵੱੁਡ ਦੇ ਜਾਣੇ-ਪਛਾਣੇ ਅਦਾਕਾਰ ਵੀ ਸਨ | ਉਨ੍ਹਾਂ ਨੇ ਵੀਹਵੀਂ ਤੇ ਚੌਥੇ ਤੇ ਪੰਜਵੇਂ ਦਹਾਕਿਆਂ ਵਿਚ ਫ਼ਿਲਮਾਂ ਅੰਦਰ ਜ਼ਬਰਦਸਤ ਅਦਾਕਾਰੀ ਦਾ ਮੁਜ਼ਾਹਰਾ ਕਰਕੇ ਚੋਖਾ ਨਾਮਣਾ ਖੱਟਿਆ ਸੀ |
![]()
ਮਹਿਮੂਦ ਬਚਪਨ ਤੋਂ ਹੀ ਅਨੋਖੇ ਸੁਭਾਅ ਦਾ ਮਾਲਕ ਸੀ | ਉਹ ਟਿਕ ਕੇ ਨਹੀਂ ਬੈਠਦਾ ਸੀ ਤੇ ਕੋਈ ਨਾ ਕੋਈ ਸ਼ਰਾਰਤ ਜਾਂ ਅਸਧਾਰਨ ਹਰਕਤ ਕਰਦਾ ਹੀ ਰਹਿੰਦਾ ਸੀ | ਪਿਤਾ ਦੀ ਸ਼ੁਹਰਤ ਤੇ ਪ੍ਰਭਾਵ ਕਰਕੇ ਉਸ ਨੂੰ ਕੇਵਲ ਬਾਰ੍ਹਾਂ ਸਾਲ ਦੀ ਉਮਰ ਵਿੱਚ ਸੰਨ 1944 ਵਿੱਚ ਬਣੀ ਫ਼ਿਲਮ ' ਕਿਸਮਤ' 'ਚ ਬਤੌਰ ਬਾਲ ਕਲਾਕਾਰ ਕੰਮ ਕਰਨ ਦਾ ਮੌਕਾ ਮਿਲ ਗਿਆ ਸੀ ਤੇ ਫਿਰ ਇੱਕਾ-ਦੱੁਕਾ ਫ਼ਿਲਮਾਂ ਕਰਕੇ ਉਸ ਨੇ ਅਦਾਕਾਰੀ ਛੱਡ ਦਿੱਤੀ ਤੇ ਵੱਖ-ਵੱਖ ਕੰਮ ਧੰਦਿਆਂ ਵਿਚ ਹੱਥ ਅਜ਼ਮਾਉਣ ਲੱਗ ਪਿਆ | ਉਸ ਨੇ ਅੰਡੇ ਵੇਚੇ, ਡਰਾਈਵਰੀ ਕੀਤੀ ਅਤੇ ਅਦਾਕਾਰਾ ਮੀਨਾ ਕੁਮਾਰੀ ਨੂੰ ਟੈਨਿਸ ਦੀ ਕੋਚਿੰਗ ਵੀ ਦਿੱਤੀ | ਅਖ਼ੀਰ ਜ਼ਿੰਦਗੀ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਉਸ ਨੇ ਮੁੜ ਆਪਣਾ ਰੁਖ਼ ਅਦਾਕਾਰੀ ਵੱਲ ਕੀਤਾ ਤੇ 'ਸੀ.ਆਈ.ਡੀ.', 'ਪਿਆਸਾ' ਅਤੇ 'ਦੋ ਬੀਘਾ ਜ਼ਮੀਨ ' ਵਿਚ ਬਹੁਤ ਹੀ ਛੋਟੀਆਂ ਭੂਮਿਕਾਵਾਂ ਅਦਾ ਕਰਕੇ ਬਾਲੀਵੱੁਡ ਵਿਚ ਆਪਣੀ ਹਾਜ਼ਰੀ ਦਰਜ ਕੀਤੀ |
ਮਹਿਮੂਦ ਨੂੰ ਇਕ ਦਿਨ ਨਿਰਦੇਸ਼ਕ ਪੀ.ਐਲ. ਸੰਤੋਸ਼ੀ ਨੇ ਸਲਾਹ ਦਿੱਤੀ ਕਿ ਉਹ ਬਤੌਰ ਕਾਮੇਡੀਅਨ ਪਿੜ ਵਿਚ ਨਿੱਤਰੇ | ਇਹ ਸਲਾਹ ਉਸ ਦੇ ਬਹੁਤ ਕੰਮ ਆਈ ਤੇ ਕਾਮੇਡੀ ਦੇ ਪਿੜ ਵਿਚ ਨਿੱਤਰੇ ਮਹਿਮੂਦ ਨੇ ਕਈ ਵੱਡੇ ਅਦਾਕਾਰਾਂ ਦੀਆਂ ਗੋਡਣੀਆਂ ਲੁਆ ਦਿੱਤੀਆਂ | ਬਹੁਤ ਸਾਰੀਆਂ ਫ਼ਿਲਮਾਂ ਵਿਚ ਉਸ ਦੇ ਲਈ ਖ਼ਾਸ ਭੂਮਿਕਾਵਾਂ ਲਿਖੀਆਂ ਜਾਣ ਲੱਗ ਪਈਆਂ ਤੇ ਉਸ ਉੱਤੇ ਗੀਤ ਵੀ ਫ਼ਿਲਮਾਏ ਜਾਣ ਲੱਗੇ, ਜਿਨ੍ਹਾ ਵਿਚੋਂ ਅਧਿਕਤਰ ਗੀਤ ਮੁਹੰਮਦ ਰਫ਼ੀ ਅਤੇ ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ ਵਿਚ ਸਨ | ਬਤੌਰ ਕਾਮੇਡੀਅਨ ਮਹਿਮੂਦ ਨੇ ਅਦਾਕਾਰਾ ਅਰੁਣਾ ਈਰਾਨੀ, ਸ਼ੋਭਾ ਖੋਟੇ ਅਤੇ ਆਈ.ਐਸ.ਜੌਹਰ ਨਾਲ ਜੋੜੀ ਦੇ ਰੂਪ ਵਿਚ ਕਈ ਫ਼ਿਲਮਾਂ ਵਿਚ ਕੰਮ ਕੀਤਾ ਤੇ ਦਰਸ਼ਕਾਂ ਤੋਂ ਭਾਰੀ ਪ੍ਰਸੰਸਾ ਹਾਸਿਲ ਕੀਤੀ ਸੀੇ |
ਮਹਿਮੂਦ ਦੀ ਅਦਾਕਾਰੀ ਨਾਲ ਸਜੀਆਂ ਯਾਦਗਾਰੀ ਫ਼ਿਲਮਾਂ ਵਿੱਚੋਂ-' ਹਾਵੜਾ ਬਰਿੱਜ', 'ਕਾਗ਼ਜ਼ ਕੇ ਫ਼ੂਲ' 'ਮੰਜ਼ਿਲ', 'ਛੋਟੇ ਨਵਾਬ', 'ਸਸੁਰਾਲ', 'ਭਰੋਸਾ', 'ਜ਼ਿੱਦੀ', 'ਚਿਤਰਲੇਖਾ', 'ਕਾਜਲ', 'ਬਹੂ-ਬੇਟੀ', 'ਭੂਤ ਬੰਗਲਾ', 'ਗੁਨਾਹੋਂ ਕਾ ਦੇਵਤਾ', 'ਪੱਥਰ ਕੇ ਸਨਮ', 'ਪੜੋਸਨ', 'ਦੋ ਕਲੀਆਂ', 'ਸਾਧੂ ਔਰ ਸ਼ੈਤਾਨ', 'ਹਮਜੋਲੀ', 'ਨਇਆਜ਼ਮਾਨਾ', 'ਜੁਗਨੂੰ', 'ਦੋਫ਼ੂਲ', 'ਲੂਟਮਾਰ', 'ਮਨਪਸੰਦ', 'ਸੁਹਾਗ', 'ਖ਼ੁੱਦਾਰ', 'ਖ਼ਲਨਾਇਕਾ' ਆਦਿ ਦੇ ਨਾਂਅ ਪ੍ਰਮੁੱਖ ਸਨ | ਉਸਨੇ ਸੰਨ 1964 ਵਿਚ ਬਣੀ ਪੰਜਾਬੀ ਫ਼ਿਲਮ 'ਮਾਮਾ ਜੀ' ਵਿਚ ਵੀ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਸਨ | ਉਸ ਨੇ ਬਤੌਰ ਨਿਰਮਾਤਾ 'ਛੋਟੇ ਨਵਾਬ' ਅਤੇ 'ਕੁੰਵਾਰਾ ਬਾਪ' ਆਦਿ ਫ਼ਿਲਮਾਂ ਵੀ ਬਣਾਈਆਂ ਸਨ | ਉੱਘੇ ਸੰਗੀਤ ਨਿਰਦੇਸ਼ਕਾਂ ਆਰ.ਡੀ.ਬਰਮਨ ਅਤੇ ਰਾਜੇਸ਼ ਰੌਸ਼ਨ ਨੂੰ ਬਾਲੀਵੱੁਡ ਵਿਚ ਪ੍ਰਵੇਸ਼ ਦਾ ਪਹਿਲਾ ਮੌਕਾ ਦੇਣ ਦਾ ਮਾਣ ਵੀ ਉਸ ਦੇ ਹਿੱਸੇ ਹੀ ਆਇਆ ਸੀ | ਹੋਰ ਤਾਂ ਹੋਰ ਜਦੋਂ ਅਦਾਕਾਰ ਅਮਿਤਾਭ ਬੱਚਨ ਨੂੰ ਬਾਲੀਵੱੁਡ ਵਿਚ ਕੋਈ ਨਹੀਂ ਜਾਣਦਾ ਸੀ ਉਦੋਂ ਉਸ ਨੇ ਆਪਣੀ ਫ਼ਿਲਮ 'ਬੰਬੇ ਟੂ ਗੋਆ' ਵਿਚ ਅਮਿਤਾਭ ਨੂੰ ਮਹੱਤਵਪੂਰਨ ਭੂਮਿਕਾ ਦਿੱਤੀ ਸੀ | ਤਕਰੀਬਨ ਡੇਢ ਦਰਜਨ ਵਾਰ ਸਰਬੋਤਮ ਕਾਮੇਡੀਅਨ ਵਜੋਂ ਫ਼ਿਲਮ ਫੇਅਰ ਪੁਰਸਕਾਰ ਲਈ ਨਾਮਜ਼ਦ ਹੋਏ ਇਸ ਮਹਾਨ ਅਦਾਕਾਰ ਨੂੰ ਸੰਨ 1963 ਵਿਚ ਫ਼ਿਲਮ 'ਦਿਲ ਤੇਰਾ ਦੀਵਾਨਾ' ਲਈ ਸਰਬੋਤਮ ਸਹਾਇਕ ਅਦਾਕਾਰ ਐਵਾਰਡ' ਅਤੇ ਸੰਨ 1967 ਵਿਚ ' ਪਿਆਰ ਕੀਏ ਜਾ', ਸੰਨ1970'ਚ 'ਵਾਰਿਸ', ਸੰਨ 1972 ਵਿਚ 'ਪਾਰਸ' ਅਤੇ ਸੰਨ 1975 ਵਿੱਚ 'ਵਰਦਾਨ' ਆਦਿ ਫ਼ਿਲਮਾਂ ਲਈ ਸਰਬੋਤਮ ਕਾਮੇਡੀਅਨ ਐਵਾਰਡ' ਨਾਲ ਨਿਵਾਜ਼ਿਆ ਗਿਆ ਸੀ | ਸੰਨ 2013 ਵਿਚ ਭਾਰਤੀ ਡਾਕ ਵਿਭਾਗ ਨੇ ਉਸ ਦੇ ਨਾ 'ਤੇ ਇਕ ਯਾਦਗਾਰੀ ਟਿਕਟ ਵੀ ਜਾਰੀ ਕੀਤੀ ਸੀ | 23 ਜੁਲਾਈ, 2004 ਨੂੰ ਇਹ ਮਹਾਨ ਕਾਮੇਡੀਅਨ ਦੁਨੀਆ ਦੇ ਰੰਗਮੰਚ ਤੋਂ ਸਦਾ ਲਈ ਅਲੋਪ ਹੋ ਗਿਆ ਸੀ ਪਰ ਉਸ ਦੀ ਅਦਾਕਾਰੀ ਦੀ ਛਾਪ ਦਰਸ਼ਕਾਂ ਦੇ ਦਿਲਾਂ ਵਿਚ ਜ਼ਿੰਦਾ ਰਹੇਗੀ ਤੇ ਜ਼ਮਾਨਾ ਉਸ ਦੀ ਕਾਮੇਡੀ ਦੀਆਂ ਬਾਤਾਂ ਚਿਰਾਂ ਤੀਕ ਪਾਉਂਦਾ ਰਹੇਗਾ |
-410, ਚੰਦਰ ਨਗਰ, ਬਟਾਲਾ |