ਮੈਂ ਗੱਲ ਕਰ ਰਿਹਾ ਹਾਂ ਲੁਧਿਆਣੇ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਕਸਬੇ ਮੁੱਲਾਂਪੁਰ ਦੇ ਬਹੁਤ ਹੀ ਪ੍ਰਸਿੱਧ ਨਾਟਕਕਾਰ ਹਰਕੇਸ਼ ਚੌਧਰੀ ਦੀ ਜਿਸ ਨੂੰ ਪੰਜਾਬ ਦੇ ਸਾਹਿਤਕ ਹਲਕਿਆਂ ਨਾਲ ਜੁੜੇ ਹੋਏ ਲੋਕ, ਖਾਸ ਕਰਕੇ ਰੰਗਮੰਚ ਨਾਲ ਜੁੜੇ ਹੋਏ ਲੋਕ, ਬਹੁਤ ਹੀ ਚੰਗੀ ਤਰ੍ਹਾਂ ਜਾਣਦੇ ਹਨ | ਹਰਕੇਸ਼ ਚੌਧਰੀ ਦੇ ਸ਼ਾਨਦਾਰ ਯਤਨਾਂ ਨਾਲ ਇਸ ਛੋਟੇ ਜਿਹੇ ਕਸਬੇ ਵਿਚ ਬਹੁਤ ਹੀ ਸ਼ਾਨਦਾਰ ਗੁਰਸ਼ਰਨ ਕਲਾ ਭਵਨ ਬਣਿਆ ਹੋਇਆ ਹੈ, ਕਮਾਲ ਦੀ ਗੱਲ ਵੇਖੋ ਇਸ ਇਤਿਹਾਸਕ ਭਵਨ ਦਾ ਉਦਘਾਟਨ ਗੁਰਸ਼ਰਨ ਭਾਅ ਜੀ ਨੇ ਆਪਣੇ ਕਰ ਕਮਲਾਂ ਨਾਲ 16 ਅਕਤੂਬਰ 2007 ਨੂੰ ਕੀਤਾ ਸੀ, ਏਥੇ ਹੀ ਨਾਟਕਕਾਰ ਹਰਕੇਸ਼ ਚੌਧਰੀ ਪਿਛਲੇ 19 ਸਾਲਾਂ ਤੋਂ ਲਗਾਤਾਰ ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਨਾਟਕ ਸਮਾਗਮ ਕਰਵਾਉਂਦਾ ਆ ਰਿਹਾ ਹੈ | ਕਿੱਤੇ ਵਜੋਂ ਉਹ ਅਧਿਆਪਕ ਸੀ | ਹੁਣ ਪੂਰਾ ਸਮਾਂ ਰੰਗਮੰਚ ਨੂੰ ਸਮਰਪਿਤ ਹੋਵਾਂਗਾ | ਉਹ ਕਹਿੰਦਾ ਹੈ ਆਪਣੇ ਰੰਗਮੰਚ ਦੇ ਕੇਂਦਰ ਵਿਚ ਭਖਦੇ ਮਸਲਿਆਂ ਦੇ ਵਿਸ਼ੇ ਰੱਖਣੇ ਹਨ ਜਿਵੇਂ ਕਿਰਤੀ ਲੋਕ, ਕਰਜ਼ਿਆਂ ਦੇ ਬੋਝ ਨਾਲ ਝੰਬੀ ਕਿਸਾਨੀ, ਬੇਰੁਜ਼ਗਾਰ ਡਿਗਰੀਆਂ ਚੁੱਕੀ ਫਿਰਦੇ ਨੌਜਵਾਨ, ਔਰਤਾਂ ਅਤੇ ਦੇਸ਼ ਭਗਤ ਗ਼ਦਰੀ ਬਾਬੇ, ਭਗਤ ਸਿੰਘ, ਸਰਾਭੇ ਜਿਨ੍ਹਾਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਉਨ੍ਹਾਂ ਦੇ ਸੁਪਨੇ ਅਜੇ ਵੀ ਅਧੂਰੇ ਹਨ | ਇਹ ਸਾਰੇ ਸਾਡੇ ਰੰਗਮੰਚ ਦੇ ਵਿਸ਼ੇਸ਼ ਵਿਸ਼ੇ ਹੋਣਗੇ | ਹਰਕੇਸ਼ ਚੌਧਰੀ ਨੇ ਗੁਰਸ਼ਰਨ ਸਿੰਘ ਭਾਅ ਜੀ ਦੇ ਨਾਲ ਲਗਭਗ 10 ਸਾਲ ਥੀਏਟਰ ਕੀਤਾ ਹੈ | ਉਸ ਨੇ ਰੰਗਮੰਚ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ. ਏ. ਥੀਏਟਰ ਅਤੇ ਟੈਲੀਵੀਜ਼ਨ ਦੀ ਡਿਗਰੀ ਪਹਿਲੇ ਦਰਜੇ ਨਾਲ਼ ਪਾਸ ਕੀਤੀ ਹੋਈ ਹੈ | ਹਰਕੇਸ਼ ਨੇ ਰੰਗਮੰਚ ਦਾ ਸਫ਼ਰ ਲਗਭਗ 1988 ਵਿਚ ਸ਼ੁਰੂ ਕੀਤਾ ਜਦੋਂ ਉਸਨੇ ਅਤੇ ਉਸਦੇ ਸਾਥੀਆਂ ਨੇ ਰਲ ਕੇ ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਦੀ ਸਥਾਪਨਾ ਕੀਤੀ ਸੀ | ਉਹ ਮੰਚ ਦਾ ਬਾਨੀ ਪ੍ਰਧਾਨ ਬਣਿਆ ਸੀ ਅਤੇ ਹੈ | ਹਰਕੇਸ਼ ਚੌਧਰੀ ਨੇ ਹੁਣ ਤੱਕ ਲਗਭਗ 25 ਦੇ ਕਰੀਬ ਨਾਟਕ ਖੁਦ ਲਿਖੇ ਹਨ ਜਿਨ੍ਹਾਂ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਉਹ ਕਰ ਚੁੱਕੇ ਹਨ | ਹਰਕੇਸ਼ ਚੌਧਰੀ ਨੂੰ ਪੰਜਾਬ ਲੋਕ ਸੱਭਿਆਚਾਰ ਮੰਚ ਵਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ | ਪ੍ਰੋਫ਼ੈਸਰ ਅਜਮੇਰ ਸਿੰਘ ਔਲਖ ਐਵਾਰਡ ਤੇ ਹੋਰ ਕਈ ਐਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ | ਉਹ ਪਿਛਲੇ ਪੰਦਰਾਂ ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਪ੍ਰੋਗਰੈਸਿਵ ਕਲਚਰਲ ਕਲੱਬ ਕੈਲਗਰੀ ਦੇ ਮਾਸਟਰ ਭਜਨ ਸਿੰਘ ਜੀ ਦੇ ਸੱਦੇ ਤੇ ਹਰ ਸਾਲ ਜੂਨ ਮਹੀਨੇ ਕੈਲਗਰੀ ਵਿਖੇ ਨਾਟਕ ਤਿਆਰ ਕਰਵਾਉਂਦੇ ਹਨ | ਕੈਨੇਡਾ ਦੇ ਕਈ ਸ਼ਹਿਰਾਂ ਵਿਚ ਸ਼ੋਅ ਕਰ ਚੁੱਕੇ ਹਨ | ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵਲੋਂ ਨਵੰਬਰ ਦੇ ਮਹੀਨੇ ਚਾਰ ਰੋਜ਼ਾ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਥੀਏਟਰ ਫੈਸਟੀਵਲ ਵੀ ਕਰਵਾਇਆ ਜਾਂਦਾ ਹੈ | ਇਹ ਬਹੁਗੁਣੀ ਕਲਾਕਾਰ ਹੈ ਨਾਟਕ ਲਿਖਦਾ ਵੀ ਹੈ, ਤਿਆਰ ਵੀ ਕਰਵਾਉਂਦਾ ਹੈ ਤੇ ਆਪ ਅਦਾਕਾਰੀ ਵੀ ਕਰਦਾ ਹੈ |
-ਈ-ਮੇਲ :talwandiamrik@gmail.com