ਇਕ ਮਰਾਠੀ ਭਾਸ਼ੀ ਅਦਾਕਾਰਾ ਹੋਣ ਦੇ ਬਾਵਜੂਦ ਅਨੁਜਾ ਸਾਠੇ ਨੇ ਸੋਨੀ ਲਿਵ 'ਤੇ ਆਨ ਸਟ੍ਰੀਮ ਹੋਈ 'ਮਹਾਰਾਨੀ' ਵਰਗੀ ਵੈੱਬ ਸੀਰੀਜ਼ ਦੇ ਸੀਜ਼ਨ-1 ਅਤੇ 3 ਵਿਚ ਕੀਰਤੀ ਸਿੰਘ ਦੇ ਕਿਰਦਾਰ ਵਿਚ ਜਿਸ ਅੰਦਾਜ਼ ਨਾਲ ਬਿਹਾਰੀ ਲਹਿਜ਼ੇ ਵਾਲੀ ਹਿੰਦੀ ਨੂੰ ਅਪਣਾਇਆ, ਉਹ ਉਸ ਲਈ ਕਾਫ਼ੀ ਮੁਸ਼ਕਿਲ ਸੀ |

ਅਨੁਜਾ ਸਾਠੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਥੀਏਟਰ ਕਲਾਕਾਰ ਦੇ ਤੌਰ 'ਤੇ ਕਰਦੇ ਹੋਏ 'ਸ਼ੋਭਾ ਯਾਤਰਾ' ਅਤੇ 'ਉੱਤਰ ਰਾਤਰ' ਵਰਗੇ ਕਈ ਹਰਮਨਪਿਆਰੇ ਮਰਾਠੀ ਨਾਟਕਾਂ ਵਿਚ ਕੰਮ ਕੀਤਾ |
ਅਨੁਜਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਵਿਚ ਮਰਾਠੀ ਟੈਲੀਵਿਜ਼ਨ ਤੋਂ ਕਰਦੇ ਹੋਏ ਪਹਿਲੀ ਵਾਰ ਸਟਾਰ ਪ੍ਰਵਾਹ ਦੇ ਲੜੀਵਾਰ 'ਅਗਨੀਹੋਤਰ' ਵਿਚ ਡਾਕਟਰ ਸੰਜਨਾ ਦਾ ਕਿਰਦਾਰ ਨਿਭਾਇਆ |
ਅਨੁਜਾ ਨੇ ਸਟਾਰ ਪਲੱਸ ਚੈਨਲ 'ਤੇ ਪ੍ਰਾਈਮਟਾਈਮ ਸੋਪ ਓਪੇਰਾ ਲੜੀਵਾਰ 'ਤਮੰਨਾ' ਵਿਚ ਧਾਰਾ ਸੋਲੰਕੀ ਦਾ ਮੁੱਖ ਕਿਰਦਾਰ ਨਿਭਾਇਆ | ਇਹ ਉਸ ਦਾ ਪਹਿਲਾ ਹਿੰਦੀ ਟੀ.ਵੀ. ਸ਼ੋਅ ਸੀ |
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ ਪ੍ਰਸਾਰਿਤ ਹਿੰਦੀ ਲੜੀਵਾਰ 'ਪੇਸ਼ਵਾ ਬਾਜੀਰਾਓ' ਵਿਚ ਉਹ ਬਾਜੀਰਾਓ ਦੀ ਮਾਂ, ਰਾਧਾਬਾਈ ਦੇ ਕਿਰਦਾਰ ਵਿਚ ਸੀ | ਉਥੇ ਕਲਰਜ਼ ਟੀ.ਵੀ. ਦੇ ਸੀਰੀਅਲ 'ਖੂਬ ਲੜੀ ਮਰਦਾਨੀ... ਝਾਂਸੀ ਕੀ ਰਾਨੀ' ਵਿਚ ਉਸ ਨੇ ਜਾਣਕੀ ਬਾਈ ਦਾ ਕਿਰਦਾਰ ਨਿਭਾਇਆ ਸੀ |
ਉਨ੍ਹਾਂ ਦੇ ਹੋਰ ਹਿੰਦੀ ਟੀ.ਵੀ. ਸ਼ੋਆਂ ਵਿਚ ਐਮ ਐਕਸ ਪਲੇਅਰ 'ਤੇ ਪ੍ਰਸਾਰਿਤ 'ਏਕ ਥੀ ਬੇਗਮ', ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ 'ਚੱਕਰਵਰਤੀ ਸਮਰਾਟ ਪਿ੍ਥਵੀਰਾਜ ਚੌਹਾਨ' ਅਤੇ ਜ਼ੀ ਟੀ.ਵੀ. 'ਤੇ ਪ੍ਰਸਾਰਿਤ ਸ਼ੋਅ 'ਜਗਧਾਰੀ' ਮਹੱਤਵਪੂਰਨ ਹੈ |
'ਏਕ ਥੀ ਬੇਗਮ' ਵਿਚ ਉਸ ਨੇ ਜੋ ਮਾਫੀਆ ਕੁਈਨ ਦਾ ਕਿਰਦਾਰ ਨਿਭਾਇਆ, ਉਸ ਨੂੰ ਦੇਖ ਕੇ ਦਰਸ਼ਕ ਉਸ ਦੇ ਮੁਰੀਦ ਹੋ ਗਏ | ਇਸ ਵਲੋਂ ਉਸ ਨੇ ਆਪਣਾ ਡਿਜੀਟਲ ਡੈਬਿਊ ਕੀਤਾ ਸੀ | ਉਸ ਨੇ ਨੈਟਫਲਕਿਸ ਦੀ ਸੀਰੀਜ਼ 'ਤਸਕਰੀ' ਵਿਚ ਮੀਨਾਕਸ਼ੀ ਦਾ ਸ਼ਾਨਦਾਰ ਕਿਰਦਾਰ ਨਿਭਾਇਆ ਹੈ |
ਅਨੁਜਾ ਦੇ ਹੁਨਰ ਨੂੰ ਪਛਾਣਦੇ ਹੋਏ ਉਸ ਨੂੰ ਸੰਜੈ ਲੀਲਾ ਭੰਸਾਲੀ ਨੇ ਪਹਿਲੀ ਵਾਰ 'ਬਾਜੀਰਾਓ ਮਸਤਾਨੀ' ਜ਼ਰੀਏ ਹਿੰਦੀ ਫ਼ਿਲਮਾਂ ਵਿਚ ਕੰਮ ਕਰਨ ਦਾ ਮੌਕਾ ਦਿੱਤਾ | ਇਸ ਫ਼ਿਲਮ ਵਿਚ ਉਸ ਨੇ ਭਿਉਬਾਈ ਦਾ ਛੋਟਾ ਪਰ ਦਮਦਾਰ ਕਿਰਦਾਰ ਨਿਭਾਇਆ ਸੀ |
ਉਸ ਤੋਂ ਬਾਅਦ ਹੁਣ ਤੱਕ ਅਨੁਜਾ 'ਬਲੈਕਮੇਲ', 'ਪਰਮਾਣੂ : ਦ ਸਟੋਰੀ ਆਫ਼ ਪੋਖਰਨ' ਅਤੇ 'ਮੈਚ ਫਿਕਸਿੰਗ' ਵਰਗੀਆਂ ਹਿੰਦੀ ਫ਼ਿਲਮਾਂ ਵਿਚ ਨਜ਼ਰ ਆ ਚੁੱਕੀ ਹੈ |