14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮੰਦਭਾਗਾ ਘਟਨਾਕ੍ਰਮ

ਮੰਦਭਾਗਾ ਘਟਨਾਕ੍ਰਮ

Ad Position 21
No active advertisement
ਅਜੀਤ ਡੈਸਕ 15-10-2026

ਪਿਛਲੇ ਦਿਨੀਂ ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਨਾਲ ਗੁੱਸੇ ਦਾ ਮਾਹੌਲ ਪੈਦਾ ਹੋਇਆ ਹੈ | ਇਸ ਨਾਲ ਇਕ ਵਾਰ ਫਿਰ ਸੂਬੇ ਭਰ ਵਿਚ ਫੈਲਿਆ ਨਸ਼ਿਆਂ ਦੇ ਵਰਤਾਰੇ ਦਾ ਮਸਲਾ ਉੱਭਰ ਕੇ ਸਾਹਮਣੇ ਆਇਆ ਹੈ | ਇਸ ਬੇਹੱਦ ਗੰਭੀਰ ਹੋ ਚੁੱਕੇ ਮੁੱਦੇ ਬਾਰੇ ਪਿਛਲੇ ਲੰਮੇ ਸਮੇਂ ਤੋਂ ਵੱਡੀ ਪੱਧਰ 'ਤੇ ਚਰਚਾ ਚਲਦੀ ਰਹੀ ਹੈ | ਪੰਜਾਬ ਦੀਆਂ ਤੱਤਕਾਲੀ ਸੂਬਾ ਸਰਕਾਰਾਂ ਨੇ ਵੱਡੀ ਗਿਣਤੀ ਵਿਚ ਨਸ਼ਿਆਂ ਦੀ ਰਾਜ ਵਿਚ ਤਸਕਰੀ ਤੇ ਵਿਕਰੀ ਰੋਕਣ ਲਈ ਚੋਖੇ ਯਤਨ ਕੀਤੇ ਸਨ, ਪਰ ਇਹ ਮਸਲਾ ਇਸ ਕਦਰ ਗੁੰਝਲਦਾਰ ਬਣ ਚੁੱਕਾ ਹੈ, ਕਿ ਇਸ ਦੀਆਂ ਉਲਝਣਾਂ ਨੂੰ  ਸੁਲਝਾ ਸਕਣਾ ਬੇਹੱਦ ਮੁਸ਼ਕਿਲ ਹੈ | ਇਹ ਗੱਲ ਵੀ ਲੰਮੀ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਸਰਹੱਦ ਪਾਰੋਂ ਇਹ ਸਿੰਥੈਟਿਕ ਨਸ਼ੇ ਕਿਵੇਂ ਆਉਂਦੇ ਹਨ?

ਚਾਹੇ ਪੰਜਾਬ ਨਾਲ ਪਾਕਿਸਤਾਨ ਦੀ ਲੰਮੀ ਸਰਹੱਦ ਜੁੜੀ ਹੋਈ ਹੈ, ਇਸ ਪਾਸੇ ਤੋਂ ਵੀ ਡਰੋਨਾਂ ਤੇ ਹੋਰ ਸਾਧਨਾਂ ਰਾਹੀਂ ਨਸ਼ੇ ਆਉਂਦੇ ਹਨ | ਪਰ ਇਨ੍ਹਾਂ ਦੇ ਸਮੁੰਦਰ ਰਾਹੀਂ ਵੱਖ-ਵੱਖ ਥਾਵਾਂ ਤੋਂ ਪੁੱਜਣ ਦੀਆਂ ਸੂਚਨਾਵਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਪੰਜਾਬ ਦੇ ਬਹੁਤੇ ਆਗੂ ਅਤੇ ਪੰਜਾਬ ਸਰਕਾਰ ਵੀ ਇਹ ਦੋਸ਼ ਲਗਾਉਂਦੀ ਆ ਰਹੀ ਹੈ, ਕਿ ਬਹੁਤੇ ਨਸ਼ਿਆਂ ਦਾ ਵਪਾਰ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਹੁੰਦਾ ਹੈ | ਹੁਣ ਇਹ ਵੀ ਅਹਿਮ ਮੁੱਦਾ ਹੈ ਕਿ ਇਸ ਔਖੀ ਅੜਾਉਣੀ ਨੂੰ  ਕਿਵੇਂ ਸੁਲਝਾਇਆ ਕਿਵੇਂ ਜਾਵੇ, ਬਹੁਤ ਸਾਰੇ ਲੋਕਾਂ ਲਈ ਇਹ ਧੰਦਾ ਧਨ ਦੀ ਕਮਾਈ ਦਾ ਇਕ ਸਾਧਨ ਬਣਿਆ ਰਿਹਾ ਹੈ, ਜਿਸ ਵਿਚ ਹੌਲੀ-ਹੌਲੀ ਬਹੁਤੀਆਂ ਧਿਰਾਂ ਸ਼ਾਮਿਲ ਹੋ ਗਈਆਂ | ਉਨ੍ਹਾਂ ਦੇ ਆਰਥਿਕ ਹਿੱਤ ਇਸ ਕਦਰ ਇਸ ਧੰਦੇ ਨਾਲ ਜੁੜ ਗਏ ਹਨ, ਕਿ ਇਸ ਨਾਲ ਸਮੁੱਚਾ ਤਾਣਾ ਹੀ ਉਲਝ ਗਿਆ ਹੈ | ਲੱਗਦਾ ਹੈ ਇਸ ਵਰਤਾਰੇ ਨੂੰ  ਮਜ਼ਬੂਤੀ ਨਾਲ ਹੱਥ ਪਾ ਸਕਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ | ਪੁਲਿਸ ਤੰਤਰ ਦੇ ਵੱਸ ਵਿਚ ਇਹ ਗੱਲ ਆਉਂਦੀ ਨਾ ਦੇਖ ਕੇ ਨਸ਼ਿਆਂ ਦੇ ਵਿਰੋਧ ਵਿਚ ਕਈ ਸੰਗਠਨ ਉੱਠ ਖੜ੍ਹੇ ਹੋਏ ਹਨ, ਜਿਨ੍ਹਾਂ ਦੀਆਂ ਕਾਰਵਾਈਆਂ ਕਰਕੇ, ਉਨ੍ਹਾਂ ਦਾ ਇਸ ਧੰਦੇ ਦੇ ਵਪਾਰੀਆਂ ਨਾਲ ਤਕਰਾਰ ਹੁੰਦਾ ਰਹਿੰਦਾ ਹੈ ਅਤੇ ਵੱਡੀਆਂ ਦੁਸ਼ਮਣੀਆਂ ਵੀ ਪੈ ਜਾਂਦੀਆਂ ਹਨ | ਝੋਟਾ ਅਤੇ ਉਸ ਦੇ ਸਾਥੀਆਂ ਨੇ ਵੀ ਨਸ਼ਾ ਵਿਰੋਧੀ ਸੰਗਠਨ ਬਣਾਇਆ ਸੀ ਅਤੇ ਉਹ ਹਮੇਸ਼ਾ ਅੱਗੇ ਹੋ ਕੇ ਇਸ ਵਰਤਾਰੇ ਦੇ ਵਿਰੋਧ ਵਿਚ ਖੜ੍ਹੇ ਹੋ ਜਾਂਦੇ ਸਨ |
ਇਸੇ ਕਤਲ ਦੀ ਕੜੀ ਦਾ ਸੰਬੰਧ ਕੁਝ ਸਾਲ ਪਹਿਲਾਂ ਮਾਨਸਾ ਵਿਚ ਵਾਪਰੇ ਅਜਿਹੇ ਹੀ ਘਟਨਾਕ੍ਰਮ ਨਾਲ ਜੁੜਦਾ ਹੈ, ਜਿਸ ਵਿਚ ਹੁਣ ਹਮਲਾਵਰ ਹੋ ਕੇ ਝੋਟੇ ਨੂੰ  ਮਾਰਨ ਵਾਲੇ ਵਿਅਕਤੀ ਅਸ਼ਵਨੀ ਕੁਮਾਰ ਨੂੰ  ਅਜਿਹਾ ਧੰਦਾ ਕਰਦਿਆਂ ਝੋਟੇ ਅਤੇ ਉਸ ਦੇ ਸਾਥੀਆਂ ਨੇ ਫੜ ਕੇ ਉਸ ਦੇ ਜੁੱਤੀਆਂ ਦਾ ਹਾਰ ਪਾ ਕੇ ਉਸ ਨੂੰ  ਸ਼ਹਿਰ ਵਿਚ ਘੁਮਾਇਆ ਸੀ | ਇਸ ਗੱਲ ਨੂੰ  ਲੈ ਕੇ ਜਿੱਥੇ ਨਸ਼ੇ ਦੇ ਕਾਰੋਬਾਰੀ ਨੂੰ  ਜੇਲ੍ਹ ਜਾਣਾ ਪਿਆ ਸੀ, ਉੱਥੇ ਝੋਟੇ 'ਤੇ ਵੀ ਇਕ ਪਹਿਲੀ ਕਾਰਵਾਈ ਦੇ ਨਾਲ-ਨਾਲ ਕਈ ਹੋਰ ਅਜਿਹੀਆਂ ਕਾਰਵਾਈਆਂ ਕਰਨ ਕਰਕੇ ਮੁਕੱਦਮੇ ਦਰਜ ਸਨ | ਕੁਝ ਸਾਲਾਂ ਬਾਅਦ ਉਸੇ ਵਿਅਕਤੀ ਦੀ ਹੀ ਦਵਾਈਆਂ ਦੀ ਦੁਕਾਨ ਵਿਚ ਹੋਈ ਝੋਟੇ ਅਤੇ ਉਸ ਦੇ ਸਾਥੀਆਂ ਦੀ ਤਕਰਾਰ ਇਸ ਖ਼ੂਨੀ ਘਟਨਾਕ੍ਰਮ ਵਿਚ ਬਦਲ ਗਈ, ਜਿਸ ਨੇ ਵੱਡੀ ਪੱਧਰ 'ਤੇ ਜਿੱਥੇ ਲੋਕਾਂ ਅੰਦਰ ਗੁੱਸੇ ਦੀ ਲਹਿਰ ਪੈਦਾ ਕੀਤੀ ਹੈ, ਉੱਥੇ ਇਕ ਵਾਰ ਫਿਰ ਇਸ ਨਸ਼ਿਆਂ ਦੇ ਵਰਤਾਰੇ ਦੇ ਘਿਨੌਣੇ ਕਾਰਨਾਮੇ ਨੂੰ  ਸਾਹਮਣੇ ਲਿਆਂਦਾ ਹੈ | ਚਾਹੇ ਦੋਸ਼ੀ ਨੂੰ  ਫੜ ਲਿਆ ਗਿਆ ਹੈ, ਪਰ ਇਸ ਮਸਲੇ ਦੀ ਵਿਸਥਾਰਤ ਅਤੇ ਪੂਰੀ ਜਾਂਚ ਤੋਂ ਬਾਅਦ ਸੰਬੰਧਿਤ ਦੋਸ਼ੀਆਂ ਨੂੰ  ਸਖ਼ਤ ਸਜ਼ਾਵਾਂ ਦੇ ਭਾਗੀ ਬਣਾਇਆ ਜਾਣਾ ਜ਼ਰੂਰੀ ਹੈ, ਤਾਂ ਜੋ ਇਹ ਗੰਭੀਰ ਘਟਨਾ ਆਉਂਦੇ ਸਮੇਂ ਵਿਚ ਇਸ ਮਾੜੇ ਧੰਦੇ ਨੂੰ  ਘਟਾਉਣ ਵਿਚ ਕੁਝ ਸਹਾਈ ਹੋ ਸਕੇ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਬੀਜ ਬਿੱਲ 2025 : ਕਿਸਾਨਾਂ 'ਤੇ ਕੀ ਪ੍ਰਭਾਵ ਪਾਵੇਗਾ?]
Ad Position 24