ਗੁਰਦੁਆਰਾ ਸਾਹਿਬ ਸਿਰਫ਼ ਇਮਾਰਤਾਂ ਨਹੀਂ, ਸਗੋਂ ਸਿੱਖਾਂ ਦੀ ਆਸਥਾ, ਸੇਵਾ, ਨਿਮਰਤਾ ਤੇ ਧਾਰਮਿਕ ਮਰਿਆਦਾ ਦੇ ਪ੍ਰਤੀਕ ਹਨ | ਇਨ੍ਹਾਂ ਪਵਿੱਤਰ ਅਸਥਾਨਾਂ ਦੀ ਵਰਤੋਂ ਸਿਆਸੀ ਮਕਸਦਾਂ ਲਈ ਬਿਲਕੁੱਲ ਵੀ ਨਹੀਂ ਕੀਤੀ ਜਾਣੀ ਚਾਹੀਦੀ | ਪਰ ਆਮ ਆਦਮੀ ਪਾਰਟੀ ਦੇ ਸਮਰਥਕਾਂ ਤੇ ਉਨ੍ਹਾਂ ਦੇ ਯੂਥ ਵਿੰਗ ਵਜੋਂ ਵਿਚਰਨ ਵਾਲੀ ਕਾਕਰੋਚ ਜਨਤਾ ਪਾਰਟੀ ਵਲੋਂ ਆਪਣੇ ਮੁਜ਼ਾਹਰੇ ਦੌਰਾਨ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ 10 ਅਕਤੂਬਰ ਨੂੰ ਸਿਆਸੀ ਮੀਟਿੰਗ ਕਰਨ ਤੋਂ ਇਲਾਵਾ ਪੋਸਟਰ ਲਹਿਰਾਉਣ ਤੇ ਨਾਅਰੇਬਾਜ਼ੀ ਕਰਨਾ ਬਿਲਕੁੱਲ ਸਹਿਣਯੋਗ ਨਹੀਂ ਹੈ | ਜਦੋਂ ਇਹ ਮੁਜ਼ਾਹਰਾਕਾਰੀ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਗੁਰਦੁਆਰੇ ਦੇ ਸੇਵਾਦਾਰਾਂ ਨੇ ਇਨ੍ਹਾਂ ਨੂੰ ਵਰਜ ਕੇ ਬਾਹਰ ਭੇਜਿਆ | ਗੁਰਦੁਆਰੇ ਅਦਰਾਸ ਕਰਨ ਵਾਲੇ ਮੁਕੱਦਸ ਅਸਥਾਨ ਹਨ, ਸਿਆਸੀ ਰੈਲੀਆਂ ਕਰਨ ਲਈ ਨਹੀਂ | ਜਿਵੇਂ ਦੇਸ਼ ਦਾ ਸੰਵਿਧਾਨ ਸਭ ਨੰੂ ਸਰਕਾਰਾਂ ਦੇ ਖ਼ਿਲਾਫ਼ ਜਮਹੂਰੀ ਤਰੀਕੇ ਨਾਲ ਮੁਜ਼ਾਹਰਾ ਕਰਨ ਦਾ ਹੱਕ ਦਿੰਦਾ ਹੈ, ਉਵੇਂ ਹੀ ਸਿੱਖੀ ਸਿਧਾਂਤ ਵੀ ਹਕੂਮਤਾਂ ਖ਼ਿਲਾਫ਼ ਜਾਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਾਲਿਆਂ ਨੂੰ ਆਸਰਾ (ਰਿਹਾਇਸ਼-ਲੰਗਰ) ਦਿੰਦਾ ਹੈ | ਇਹ ਪਿਛਲੇ 50-60 ਸਾਲਾਂ ਤੋਂ ਜਾਰੀ ਹੈ, ਮੁਜ਼ਾਹਰਾ ਭਾਵੇਂ ਪੰਜਾਬ ਦੇ ਕਿਸਾਨਾਂ ਦਾ ਹੋਵੇ, ਰਾਜਸਥਾਨ ਦੇ ਜਾਟਾਂ ਦਾ ਜਾਂ ਦੱਖਣੀ ਭਾਰਤ ਤੋਂ ਆਏ ਲੋਕਾਂ ਦਾ, ਲੰਗਰ ਦਾ ਪ੍ਰਬੰਧ ਦਿੱਲੀ ਦੇ ਗੁਰਦੁਆਰਿਆਂ ਵਿਚ ਹੁੰਦਾ ਰਿਹਾ ਹੈ | ਧਰਨਾਕਾਰੀ ਗੁਰਦੁਆਰਿਆਂ ਦੀਆਂ ਸਰਾਵਾਂ ਵਿਚ ਵੀ ਰਹਿੰਦੇ ਰਹੇ ਹਨ |
ਮਰਿਆਦਾ ਭੰਗ ਕਰਨ ਦੀ ਕੋਸ਼ਿਸ਼ ਹੋਈ
ਪਿਛਲੇ ਦਿਨੀਂ ਕਾਕਰੋਚ ਜਨਤਾ ਪਾਰਟੀ ਦੇ ਜੰਤਰ-ਮੰਤਰ 'ਤੇੇ ਚੱਲੇ ਲੰਬੇ ਸੰਘਰਸ਼ ਦੌਰਾਨ ਵੀ ਗੁਰਦੁਆਰਾ ਬੰਗਲਾ ਸਾਹਿਬ ਮੁਜ਼ਾਹਰਾਕਾਰੀਆਂ ਲਈ ਆਸਰਾ ਬਣਿਆ, ਇਸ 'ਤੇ ਨਾ ਸਰਕਾਰ ਨੂੰ , ਨਾ ਪੁਲਿਸ ਤੇ ਨਾ ਹੀ ਕਿਸੇ ਹੋਰ ਸਿਆਸੀ ਜਾਂ ਧਾਰਮਿਕ ਜਮਾਤ ਨੂੰ ਇਤਰਾਜ਼ ਹੋ ਸਕਦਾ ਹੈ, ਕਿਉਂਕਿ ਗੁਰਦੁਆਰਿਆਂ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ | ਪਰ 10 ਅਕਤੂਬਰ ਦੇ ਮੁਜ਼ਾਹਰੇ ਦੌਰਾਨ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਸਮਰਥਕਾਂ ਨੇ ਗੁਰਦੁਆਰੇ ਨੂੰ ਜਿਸ ਤਰ੍ਹਾਂ ਧਰਨੇ ਦਾ ਕੇਂਦਰ ਬਣਾਇਆ, ਇਹ ਕਿਸੇ ਵੀ ਪੱਖ਼ ਤੋਂ ਜਾਇਜ਼ ਨਹੀਂ ਹੈ | ਸਰਕਾਰ ਖ਼ਿਲਾਫ਼ ਰੋਸ ਧਰਨੇ ਸੜਕਾਂ ਜਾਂ ਕਿਸੇ ਮੈਦਾਨ 'ਚ ਹੋ ਸਕਦੇ ਹਨ, ਗੁਰਦੁਆਰੇ ਵਿਚ ਨਹੀਂ |

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਮੁਤਾਬਕ ਕੁਝ ਲੋਕਾਂ ਨੇ ਪਹਿਲਾਂ ਗੁਰਦੁਆਰਾ ਸਾਹਿਬ ਵਿਚ ਠਹਿਰਨ ਤੇ ਲੰਗਰ ਦੀ ਸਹੂਲਤ ਲੈਣ ਬਾਅਦ ਇੱਥੋਂ ਪੋਸਟਰ ਕੱਢ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਕਮੇਟੀ ਅਨੁਸਾਰ ਅਜਿਹੀ ਕਾਰਵਾਈ ਗੁਰੂ ਘਰ ਦੀ ਮਰਿਆਦਾ ਦੇ ਅਨੁਕੂਲ ਨਹੀਂ ਹੈ | ਜੇਕਰ ਜਾਂਚ ਵਿਚ ਇਹ ਦੋਸ਼ ਸਹੀ ਸਾਬਤ ਹੁੰਦੇ ਹਨ, ਤਾਂ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ, ਕੀ ਕਿਸੇ ਵੀ ਸਿਆਸੀ ਧਿਰ ਨੂੰ ਧਾਰਮਿਕ ਸਥਾਨਾਂ ਦੀ ਵਰਤੋਂ ਆਪਣੇ ਸਿਆਸੀ ਏਜੰਡੇ ਲਈ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਜਾਂ ਨਹੀਂ? ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਤੇ ਨਿਰਪੱਖਤਾ ਕਾਇਮ ਰੱਖਣਾ ਸਾਰੀਆਂ ਪਾਰਟੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ |
ਕੂੜ ਪ੍ਰਚਾਰ ਦੀ ਮੁਹਿੰਮ ਚਲਾਈ ਗਈ
ਇਸ ਘਟਨਾ ਦਾ ਦੂਜਾ ਪਹਿਲੂ ਦਿੱਲੀ ਪੁਲਿਸ ਦੇ ਗੁਰਦੁਆਰਾ ਸਾਹਿਬ 'ਚ ਕਥਿਤ ਤੌਰ 'ਤੇ ਵੜਨ ਸੰਬੰਧੀ ਆਮ ਆਦਮੀ ਪਾਰਟੀ (ਆਪ) ਵਲੋਂ ਲਗਾਏ ਇਲਜ਼ਾਮਾਂ ਦਾ ਹੈ | ਜਦਕਿ ਇਸ ਪਾਰਟੀ ਦੀ ਲੀਡਰਸ਼ਿਪ ਨੇ ਖ਼ੁਦ ਗੁਰਦੁਆਰਾ ਸਾਹਿਬ ਦੀ ਸਿਆਸੀ ਹਿੱਤਾਂ ਲਈ ਵਰਤੋਂ ਕੀਤੀ ਹੈ ਅਤੇ ਆਪਣੇ ਇਸ ਕਾਰੇ ਨੂੰ ਲੁਕਾਉਣ ਲਈ ਇਸ ਵਲੋਂ ਕੂੜ ਪ੍ਰਚਾਰ ਦੀ ਮੁਹਿੰਮ ਚਲਾਈ ਗਈ ਹੈ | ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਆਪਣੇ 15 ਵਿਧਾਇਕਾਂ ਦਾ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਭੇਜ ਦਿੱਤਾ | ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਝੂਠ ਬੋਲਣ ਕਾਰਨ 'ਗੁਰੂ ਦੋਖੀ ਤੇ ਪੰਥ ਵਿਰੋਧੀ' ਐਲਾਨਿਆ ਗਿਆ ਹੈ | ਜਿਹੜੇ ਵਿਧਾਇਕ ਵੀ ਅਕਾਲ ਤਖ਼ਤ ਵਲੋਂ ਗੁਰੂ ਦੋਖੀ ਤੇ ਪੰਥ ਵਿਰੋਧੀ ਐਲਾਨੇ ਮੁੱਖ ਮੰਤਰੀ ਦੇ ਹੁਕਮ ਮੰਨ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਚਲੇ ਗਏ, ਉਨ੍ਹਾਂ ਤੋਂ ਸੱਚ ਬੋਲਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਸੀ? ਖੈਰ! 'ਆਪ' ਦੇ ਝੂਠ ਦਾ ਭਾਂਡਾ ਦਿੱਲੀ ਪੁਲਿਸ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੀ.ਸੀ.ਟੀ.ਵੀ ਫੁਟੇਜ਼ ਜਨਤਕ ਕਰ ਕੇ ਭੰਨ੍ਹ ਦਿੱਤਾ ਗਿਆ ਹੈ, ਜਦਕਿ ਦੂਜੇ ਪਾਸੇ 'ਆਪ' ਨੇ ਕੋਈ ਅਜਿਹੀ ਵੀਡੀਓ ਪੇਸ਼ ਨਹੀਂ ਕੀਤਾ, ਜੋ ਮੁੱਖ ਮੰਤਰੀ ਦੇ ਇਲਜ਼ਾਮਾਂ ਨੂੰ ਸਾਬਿਤ ਕਰਦਾ ਕਿ ਗੁਰਦੁਆਰਾ ਕੰਪਲੈਕਸ ਅੰਦਰ ਕੁੜੀਆਂ ਨਾਲ ਦੁਰਵਿਹਾਰ ਕੀਤਾ ਗਿਆ ਹੈ | ਦੂਜੇ ਦੋ ਵੀਡੀਓ ਜਿਨ੍ਹਾਂ ਨੂੰ ਇਹ ਗੁਰਦੁਆਰੇ ਦੇ ਅੰਦਰ ਪੁਲਿਸ ਮੌਜੂਦਗੀ ਵਜੋਂ ਦੱਸ ਰਹੇ ਸਨ, ਉਹ ਸਵੇਰੇ 11 ਵਜੇ ਗੁਰਦੁਆਰੇ ਦੇ ਗੇਟ ਦਾ ਹੈ ਜਦੋਂ ਪੁਲਿਸ ਵਾਲੇ ਅਸ਼ੋਕਾ ਰੋਡ ਤੋਂ ਗੁਰਦੁਆਰਾ ਕੰਪਲੈਕਸ ਦੇ ਰਸਤੇ ਰਾਹੀਂ ਪੁਲਿਸ ਹੈੱਡਕੁਆਟਰ ਵੱਲ ਜਾ ਰਹੇ ਸਨ | ਉਸ ਰਸਤੇ 'ਤੇ ਜਾਣ ਸਮੇਂ ਨਾ ਜੁੱਤੀ ਉਤਾਰਨੀ ਲਾਜ਼ਮੀ ਹੈ ਤੇ ਨਾ ਹੀ ਸਿਰ ਢੱਕਣਾ, ਕਿਉਂਕਿ ਦਰਬਾਰ ਸਾਹਿਬ ਇੱਥੋਂ ਕਈ ਪੌੜੀਆਂ ਚੜ੍ਹ ਕੇ ਸ਼ੁਰੂ ਹੁੰਦਾ ਹੈ |
ਸਮੁੱਚੇ ਮਾਮਲੇ ਦੀ ਡੂੰਘੀ ਜਾਂਚ ਹੋਵੇ
ਦਿੱਲੀ ਪੁਲਿਸ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਵੀਡੀਓ ਵਿਚ ਦਿਖਾਈ ਦੇਣ ਵਾਲਾ ਰਸਤਾ ਜੋੜੇ ਉਤਾਰਨ ਵਾਲੀ ਥਾਂ ਵੱਲ ਜਾਂਦਾ ਸੀ ਤੇ ਵਾਇਰਲ ਕਲਿੱਪ ਨੂੰ ਉਸ ਦੇ ਪੂਰੇ ਸੰਦਰਭ 'ਚ ਦੇਖਣ ਦੀ ਲੋੜ ਹੈ | ਇਸ ਲਈ ਸਿਰਫ਼ ਇਕ ਛੋਟੀ ਵੀਡੀਓ ਦੇ ਆਧਾਰ 'ਤੇ ਕਿਸੇ ਨਤੀਜੇ 'ਤੇ ਪਹੁੰਚਣ ਦੀ ਬਜਾਏ ਪੂਰੀ ਫੁਟੇਜ ਤੇ ਘਟਨਾ ਵਾਲੀ ਥਾਂ ਦੀ ਪੁਸ਼ਟੀ ਕਰਨੀ ਚਾਹੀਦੀ ਹੈ | ਦਿੱਲੀ ਕਮੇਟੀ ਵਲੋਂ ਪੁਲਿਸ ਕੋਲ ਸ਼ਿਕਾਇਤ ਕਰਨ ਤੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਦੀਆਂ ਰਿਪੋਰਟਾਂ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ | ਉਕਤ ਸ਼ਿਕਾਇਤ ਵਿਚ 'ਆਪ' ਦੇ ਆਗੂਆਂ ਤੇ ਵਰਕਰਾਂ ਦੀ ਭੂਮਿਕਾ ਬਾਰੇ ਗੁਰਦੁਆਰੇ ਦੀ ਮਰਿਆਦਾ ਭੰਗ ਕਰਨ ਦੇ ਇਲਜ਼ਾਮ ਲਗਾਏ ਗਏ ਹਨ | ਬੰਗਲਾ ਸਾਹਿਬ ਮਾਮਲੇ ਦਾ ਨਿਰਪੱਖ ਮੁਲਾਂਕਣ ਪੂਰੀ ਸੀ.ਸੀ.ਟੀ.ਵੀ ਫੁਟੇਜ, ਅਸਲ ਵੀਡੀਓਜ਼, ਪੁਲਿਸ ਦੇ ਰਿਕਾਰਡ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਕਰਨ ਲਈ ਨਿਰਪੱਖ਼ ਤੇ ਗਹਿਰੀ ਜਾਂਚ ਦੀ ਮੰਗ ਕਰਦਾ ਹੈ | ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ | ਗੁਰੂ ਘਰ ਦੀ ਮਰਿਆਦਾ ਨੂੰ ਕੋਈ ਵੀ ਪਾਰਟੀ ਆਪਣੇ ਤਰੀਕੇ ਨਾਲ ਪਰਿਭਾਸ਼ਿਤ ਨਹੀਂ ਕਰ ਸਕਦੀ ਅਤੇ ਨਾ ਹੀ ਸਿਆਸੀ ਦੋਸ਼ਾਂ ਦਾ ਹਥਿਆਰ ਬਣਾ ਸਕਦੀ ਹੈ, ਮਰਿਆਦਾ ਦਾ ਸਤਿਕਾਰ ਤੱਥਾਂ, ਸੰਜਮ ਤੇ ਨਿਰਪੱਖਤਾ ਨਾਲ ਹੀ ਕਾਇਮ ਰੱਖਿਆ ਜਾ ਸਕਦਾ ਹੈ