ਹਰ ਸਾਲ 7 ਅਕਤੂਬਰ ਨੂੰ ਮਨਾਇਆ ਜਾਂਦਾ 'ਵਿਸ਼ਵ ਕਪਾਹ ਦਿਵਸ' ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਸੇ ਵੀ ਦੇਸ਼ ਦੇ ਭਵਿੱਖ ਦੇ ਸਭ ਤੋਂ ਮਜ਼ਬੂਤ ਧਾਗੇ ਉਸ ਦੇ ਅਤੀਤ ਦੀ ਤਾਕਤ ਨਾਲ ਹੀ ਬੁਣੇ ਜਾਂਦੇ ਹਨ | ਹਜ਼ਾਰਾਂ ਸਾਲਾਂ ਤੋਂ ਭਾਰਤ ਵਿਚ ਕਪਾਹ ਨੂੰ ਕੱਤਿਆ ਤੇ ਬੁਣਿਆ ਗਿਆ, ਜਿਸ ਨਾਲ ਅਜਿਹੇ ਸ਼ਾਨਦਾਰ ਕੱਪੜੇ ਤਿਆਰ ਕੀਤੇ ਗਏ ਕਿ ਭਾਰਤੀ ਮਲਮਲ ਨੂੰ 'ਹਵਾ ਨਾਲ ਬੁਣਿਆ ਹੋਇਆ ਕੱਪੜਾ' ਆਖਿਆ ਜਾਣ ਲੱਗਾ | ਇਸ ਲਈ ਕਪਾਹ ਭਾਰਤ ਲਈ ਕਦੇ ਵੀ ਇਕ ਵਪਾਰਕ ਵਸਤੂ ਨਹੀਂ ਰਹੀ | ਇਹ ਸਾਡੀ ਸੱਭਿਅਤਾ, ਸਾਡੀ ਆਰਥਿਕਤਾ ਤੇ ਸਾਡੀ ਕੌਮੀ ਵਿਕਾਸ ਯਾਤਰਾ ਦਾ ਅਨਿੱਖੜਵਾਂ ਹਿੱਸਾ ਰਹੀ ਹੈ | ਅੱਜ ਇਹ ਵਿਰਾਸਤ ਹੋਰ ਵੀ ਮਜ਼ਬੂਤ ਸਥਿਤੀ ਵਿਚ ਖੜ੍ਹੀ ਹੈ | ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕਪਾਹ ਉਤਪਾਦਕ ਦੇਸ਼ ਹੈ ਤੇ ਰਕਬੇ ਦੇ ਲਿਹਾਜ਼ ਨਾਲ ਕਪਾਹ ਦੀ ਖੇਤੀ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ | ਭਾਰਤ ਵਿਚ ਲਗਭਗ 115.25 ਲੱਖ ਹੈਕਟੇਅਰ ਜ਼ਮੀਨ 'ਤੇ ਕਪਾਹ ਦੀ ਖੇਤੀ ਕੀਤੀ ਜਾਂਦੀ ਹੈ, ਜੋ ਦੁਨੀਆ ਦੇ ਕੁੱਲ ਕਪਾਹ ਹੇਠਲੇ ਰਕਬੇ ਦੇ ਇਕ ਤਿਹਾਈ ਤੋਂ ਵੀ ਵੱਧ ਹੈ | ਭਾਰਤ ਦੁਨੀਆ ਦਾ ਇਕੋ-ਇਕ ਅਜਿਹਾ ਦੇਸ਼ ਹੈ ਜਿੱਥੇ ਕਪਾਹ ਦੀਆਂ 4 ਕਿਸਮਾਂ ਦੀ ਵਪਾਰਕ ਪੱਧਰ 'ਤੇ ਖੇਤੀ ਕੀਤੀ ਜਾਂਦੀ ਹੈ | ਲਗਭਗ 60 ਲੱਖ ਕਿਸਾਨ ਸਿੱਧੇ ਤੌਰ 'ਤੇ ਇਸ ਫ਼ਸਲ 'ਤੇ ਨਿਰਭਰ ਹਨ, ਜਦ ਕਿ ਲੱਖਾਂ ਹੋਰ ਲੋਕ ਚੁਗਾਈ, ਕਤਾਈ, ਬੁਣਾਈ ਤੇ ਕੱਪੜਾ ਨਿਰਮਾਣ ਦੇ ਕੰਮਾਂ ਰਾਹੀਂ ਇਸ ਨਾਲ ਜੁੜੇ ਹੋਏ ਹਨ |
ਕਪਾਹ ਭਾਰਤ ਦਾ ਚਿੱਟਾ ਸੋਨਾ ਹੈ, ਜੋ ਰੋਜ਼ੀ-ਰੋਟੀ, ਉਦਯੋਗਿਕ ਮਜ਼ਬੂਤੀ ਤੇ ਪੇਂਡੂ ਖ਼ੁਸ਼ਹਾਲੀ ਦਾ ਸਰੋਤ ਹੈ | ਭਾਰਤ ਵਿਚ ਕੱਪੜਾ ਉਦਯੋਗ ਵਿਚ ਵਰਤੇ ਜਾਣ ਵਾਲੇ ਕੁੱਲ ਰੇਸ਼ਿਆਂ 'ਚੋਂ ਲਗਭਗ 60 ਫ਼ੀਸਦੀ ਹਿੱਸਾ ਕਪਾਹ ਦਾ ਹੈ, ਜਦਕਿ ਵਿਸ਼ਵ ਪੱਧਰ 'ਤੇ ਇਹ ਹਿੱਸਾ ਲਗਭਗ 30 ਫ਼ੀਸਦੀ ਹੈ | ਇਹ ਸਾਡੇ ਕਪਾਹ-ਆਧਾਰਿਤ ਕੱਪੜਾ ਉਦਯੋਗ ਦੇ ਵਿਆਪਕ ਤੇ ਮਜ਼ਬੂਤ ਢਾਂਚੇ ਨੂੰ ਦਰਸਾਉਂਦਾ ਹੈ, ਪਰ ਇਸ ਦੇ ਨਾਲ ਹੀ ਸਾਨੂੰ ਇਕ ਜ਼ਿੰਮੇਵਾਰੀ ਵੀ ਦਿੰਦਾ ਹੈ- ਹਰ ਹੈਕਟੇਅਰ ਦੀ ਉਤਪਾਦਕਤਾ ਵਧਾਉਣਾ, ਕਪਾਹ ਦੀ ਹਰ ਗੰਢ ਦੀ ਗੁਣਵੱਤਾ ਬਿਹਤਰ ਬਣਾਉਣਾ ਤੇ ਹਰ ਕਿਸਾਨ ਨੂੰ ਵੱਧ ਮੁਨਾਫ਼ਾ ਦਿਵਾਉਣਾ | ਸਾਲਾਂ ਤੱਕ ਭਾਰਤ ਦੇ ਕਪਾਹ ਖੇਤਰ ਨੂੰ ਲਗਾਤਾਰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜੋ ਤਬਦੀਲੀ ਆਈ ਹੈ, ਉਹ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਦੇ ਯਤਨਾਂ ਦੇ ਪੈਮਾਨੇ, ਖ਼ਾਹਿਸ਼ ਅਤੇ ਸਮੁੱਚੀ ਪਹੁੰਚ ਵਿਚ ਦਿਖਾਈ ਦਿੰਦੀ ਹੈ | ਅਸੀਂ ਇਸ ਨੂੰ ਬੀਜ ਤੇ ਕਿਸਾਨ ਤੋਂ ਲੈ ਕੇ ਕਪਾਹ ਦੀ ਚੁਗਾਈ, ਕਤਾਈ, ਨਿਰਮਾਣ ਤੇ ਆਲਮੀ ਬਾਜ਼ਾਰਾਂ ਤੱਕ ਫੈਲੀ ਸਮੁੱਚੀ ਮੁੱਲ ਲੜੀ ਵਜੋਂ ਦੇਖ ਰਹੇ ਹਾਂ | 5,000 ਕਰੋੜ ਰੁਪਏ ਤੋਂ ਵੱਧ ਦੇ ਖ਼ਰਚ ਵਾਲਾ 'ਕਪਾਹ ਉਤਪਾਦਕਤਾ ਮਿਸ਼ਨ—ਕਪਾਹ ਕ੍ਰਾਂਤੀ' ਇਸੇ ਦਿ੍ਸ਼ਟੀਕੋਣ ਨੂੰ ਦਰਸਾਉਂਦਾ ਹੈ | ਇਸ ਦਾ ਟੀਚਾ ਸਪੱਸ਼ਟ ਹੈ: ਸਾਲ 2030-31 ਤੱਕ ਕਪਾਹ ਦੇ ਰੇਸ਼ੇ ਦੀ ਉਤਪਾਦਕਤਾ ਨੂੰ 440 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੋਂ ਵਧਾ ਕੇ 755 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਕਰਨਾ ਤੇ ਕੁੱਲ ਉਤਪਾਦਨ ਨੂੰ 498 ਲੱਖ ਗੰਢਾਂ ਤੱਕ ਪਹੁੰਚਾਉਣਾ | ਇਹ ਮਿਸ਼ਨ ਜਲਵਾਯੂ ਅਨੁਕੂਲ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ, ਆਧੁਨਿਕ ਖੇਤੀ ਤਕਨੀਕਾਂ, ਕਿਸਾਨਾਂ ਲਈ ਖੇਤਰੀ ਪ੍ਰਦਰਸ਼ਨਾਂ, ਵਿਗਿਆਨਕ ਖੋਜ, ਗੁਣਵੱਤਾ ਵਿਚ ਸੁਧਾਰ, ਜਾਂਚ, ਉਤਪਾਦ ਦੀ ਪੂਰੀ ਜਾਣਕਾਰੀ ਦਾ ਪਤਾ ਲਗਾਉਣ ਦੀ ਪ੍ਰਣਾਲੀ ਅਤੇ ਟਿਕਾਊ ਰੇਸ਼ਾ ਵਿਕਾਸ ਨੂੰ ਇਕੋ ਮੰਚ 'ਤੇ ਲਿਆਉਂਦਾ ਹੈ | ਅਸੀਂ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਤੇ ਖ਼ਰੀਦ ਲਈ ਕੇਂਦਰਾਂ ਦੀ ਗਿਣਤੀ ਵਧਾ ਕੇ 571 ਕਰ ਦਿੱਤੀ ਹੈ ਅਤੇ ਖ਼ਰੀਦ ਨੂੰ ਵਧੇਰੇ ਪਾਰਦਰਸ਼ੀ ਤੇ ਕੁਸ਼ਲ ਬਣਾਉਣ ਲਈ ਡਿਜੀਟਲ ਪ੍ਰਣਾਲੀਆਂ ਨੂੰ ਮਜ਼ਬੂਤ ਕੀਤਾ ਹੈ | 'ਕਾਟਬਿਜ਼' (ਕਪਾਹ ਬੀਜ ਤੇ ਗੰਢਾਂ ਦੀ ਬਿਲਿੰਗ ਪ੍ਰਣਾਲੀ) ਅਤੇ 'ਬਿਟਸ' (ਗੰਢ ਪਛਾਣ ਤੇ ਪਤਾ ਲਗਾਉਣ ਦੀ ਪ੍ਰਣਾਲੀ) ਰਾਹੀਂ ਅਸੀਂ ਕਪਾਹ ਦੀ ਸਮੁੱਚੀ ਮੁੱਲ ਲੜੀ ਵਿਚ ਵਧੇਰੇ ਕੁਸ਼ਲਤਾ, ਪਾਰਦਰਸ਼ਤਾ ਅਤੇ ਪਤਾ ਲਗਾਉਣ ਦੀ ਸਮਰੱਥਾ ਲਿਆ ਰਹੇ ਹਾਂ | ਨਾਲ ਹੀ 'ਕਸਤੂਰੀ ਕਾਟਨ ਭਾਰਤ' ਭਾਰਤੀ ਕਪਾਹ ਨੂੰ ਗੁਣਵੱਤਾ, ਪ੍ਰਮਾਣੀਕਰਨ ਤੇ ਪਤਾ ਲਗਾਉਣ ਦੀ ਸਮਰੱਥਾ 'ਤੇ ਆਧਾਰਿਤ ਇਕ ਵਿਲੱਖਣ ਪਛਾਣ ਦੇ ਰਿਹਾ ਹੈ | ਪਰ ਸਾਡੀ ਇਸ ਤਬਦੀਲੀ ਦਾ ਕੇਂਦਰੀ ਨੁਕਤਾ ਉਤਪਾਦਕਤਾ ਹੈ | ਭਾਰਤ ਦੀ ਲਗਭਗ 60 ਫ਼ੀਸਦੀ ਕਪਾਹ ਮੀਂਹ 'ਤੇ ਨਿਰਭਰ ਖੇਤਰਾਂ ਵਿਚ ਉਗਾਈ ਜਾਂਦੀ ਹੈ, ਇਸ ਲਈ ਖੇਤੀ ਦੀ ਸਮਰੱਥਾ ਤੇ ਲਚਕਤਾ ਵਧਾਉਂਦੇ ਹੋਏ ਪੈਦਾਵਾਰ ਵਿਚ ਸੁਧਾਰ ਕਰਨਾ ਬੇਹੱਦ ਜ਼ਰੂਰੀ ਹੈ | ਇਸ ਲਈ ਅਸੀਂ ਆਧੁਨਿਕ ਤਕਨੀਕਾਂ, ਉੱਨਤ ਕਿਸਮਾਂ, ਐਚ.ਡੀ.ਪੀ.ਐਸ. (ਵੱਧ ਘਣਤਾ ਵਾਲੀ ਬਿਜਾਈ ਪ੍ਰਣਾਲੀ), ਬਿਹਤਰ ਖੇਤੀਬਾੜੀ ਤਰੀਕਿਆਂ ਅਤੇ ਮਜ਼ਬੂਤ ਵਿਸਥਾਰ ਸੇਵਾਵਾਂ ਨੂੰ ਸਿੱਧੇ ਖੇਤਾਂ ਤੱਕ ਪਹੁੰਚਾ ਰਹੇ ਹਾਂ | ਆਪਣੇ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਨਾਲ ਸਾਡਾ ਅਗਲਾ ਟੀਚਾ ਇਸ ਨੂੰ 18 ਕੁਇੰਟਲ ਪ੍ਰਤੀ ਏਕੜ ਤੱਕ ਪਹੁੰਚਾਉਣਾ ਹੈ |
![]()
ਅਗਲੀ ਰੇਸ਼ਾ ਅਰਥਵਿਵਸਥਾ
ਹੁਣ ਅਸੀਂ ਆਪਣੇ ਰੇਸ਼ਾ ਵਿਕਾਸ ਦੇ ਏਜੰਡੇ ਨੂੰ ਕਪਾਹ ਤੋਂ ਅੱਗੇ ਲਿਜਾ ਰਹੇ ਹਾਂ, ਜਿਸ ਵਿਚ ਆਧੁਨਿਕ ਯੁੱਗ ਦੇ ਰੇਸ਼ਿਆਂ ਦੀ ਖੋਜ, ਵਿਕਾਸ ਤੇ ਵਪਾਰਕ ਵਰਤੋਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਕਪਾਹ ਉਤਪਾਦਕਤਾ ਮਿਸ਼ਨ ਤਹਿਤ 300 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ ਨਾਲ ਅਸੀਂ ਕਿਸਾਨਾਂ, ਪੇਂਡੂ ਉੱਦਮਾਂ ਅਤੇ ਟਿਕਾਊ ਨਿਰਮਾਣ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਾਂ | ਇਸ ਨਾਲ ਭਾਰਤ ਟਿਕਾਊ ਧਾਗਿਆਂ ਦੇ ਖੇਤਰ ਵਿਚ ਵਿਸ਼ਵ ਪੱਧਰੀ ਮੋਹਰੀ ਵਜੋਂ ਉੱਭਰਨ ਲਈ ਤਿਆਰ ਹੋ ਰਿਹਾ ਹੈ | ਅਸੀਂ ਵੱਖ-ਵੱਖ ਕਿਸਮਾਂ ਦੇ ਰੇਸ਼ਿਆਂ ਦੀ ਇਕ ਵਿਸ਼ਾਲ ਲੜੀ 'ਤੇ ਕੰਮ ਕਰ ਰਹੇ ਹਾਂ, ਜਿਸ ਵਿਚ ਅੱਕ, ਅਲਸੀ, ਰੇਮੀ, ਸਿਸਲ, ਸੇਮਲ ਅਤੇ ਭੰਗ ਤੋਂ ਲੈ ਕੇ ਬਾਂਸ, ਕੇਲਾ, ਬਿੱਛੂ-ਬੂਟੀ ਤੇ ਅਨਾਨਾਸ ਦੇ ਪੱਤਿਆਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਸ਼ਾਮਿਲ ਹਨ |
ਕਪਾਹ ਦੀ ਜਨਮਭੂਮੀ ਭਾਰਤ ਨੇ ਇਸ ਵਿਰਾਸਤ ਨੂੰ ਹਜ਼ਾਰਾਂ ਸਾਲਾਂ ਤੱਕ ਸੰਭਾਲ ਕੇ ਰੱਖਿਆ ਹੈ | ਅੱਜ ਅਸੀਂ ਇਸ ਵਿਰਾਸਤ ਨੂੰ ਭਵਿੱਖ ਵਿਚ ਲਿਜਾਣ ਲਈ ਤਿਆਰ ਹਾਂ-ਸਿਰਫ਼ ਕਪਾਹ ਦੇ ਰਾਖੇ ਵਜੋਂ ਹੀ ਨਹੀਂ, ਸਗੋਂ ਨਵੇਂ ਯੁੱਗ ਦੇ ਰੇਸ਼ਿਆਂ, ਟਿਕਾਊ ਸਮੱਗਰੀਆਂ, ਨਵੀਨਤਾ ਅਤੇ ਉੱਨਤ ਤਕਨੀਕ ਰਾਹੀਂ ਸੰਚਾਲਿਤ 'ਦੂਜੀ ਰੇਸ਼ਾ ਕ੍ਰਾਂਤੀ' ਦੇ ਮੋਹਰੀ ਵਜੋਂ ਵੀ | ਪ੍ਰਧਾਨ ਮੰਤਰੀ ਮੋਦੀ ਦੇ 5ਐੱਫ ਵਿਜ਼ਨ-ਖੇਤ ਤੋਂ ਰੇਸ਼ੇ ਤੱਕ, ਰੇਸ਼ੇ ਤੋਂ ਕਾਰਖ਼ਾਨੇ ਤੱਕ, ਕਾਰਖ਼ਾਨੇ ਤੋਂ ਫੈਸ਼ਨ ਤੱਕ ਤੇ ਫੈਸ਼ਨ ਤੋਂ ਵਿਦੇਸ਼ੀ ਬਾਜ਼ਾਰਾਂ ਤੱਕ ਦੀ ਅਗਵਾਈ ਹੇਠ ਅਸੀਂ ਆਪਣੀ ਅਮੀਰ ਵਿਰਾਸਤ ਨੂੰ ਨਵੀਂ ਦੁਨੀਆ ਦੀਆਂ ਲੋੜਾਂ ਨਾਲ ਜੋੜ ਰਹੇ ਹਾਂ | ਅੱਜ ਜਦੋਂ ਦੁਨੀਆ ਅਜਿਹੇ ਧਾਗਿਆਂ ਦੀ ਭਾਲ ਕਰ ਰਹੀ ਹੈ, ਜੋ ਸਾਫ਼-ਸੁਥਰੇ, ਵਾਤਾਵਰਨ ਅਨੁਕੂਲ ਤੇ ਭਵਿੱਖ ਦੀਆਂ ਲੋੜਾਂ ਦੇ ਅਨੁਕੂਲ ਹੋਣ, ਤਾਂ ਭਾਰਤ ਇਸ ਤਬਦੀਲੀ ਦੀ ਅਗਵਾਈ ਕਰਨ ਤੇ ਆਲਮੀ ਕੱਪੜਾ ਉਦਯੋਗ ਦੇ ਅਗਲੇ ਅਧਿਆਇ ਨੂੰ ਆਕਾਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ |
(ਲੇਖਕ ਕੇਂਦਰੀ ਕੱਪੜਾ ਮੰਤਰੀ ਹਨ ਤੇ ਲੇਖ ਵਿਚਲੇ ਵਿਚਾਰ ਉਨ੍ਹਾਂ ਦੇ ਨਿੱਜੀ ਹਨ |)