13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਚਿੱਟੇ ਦੁੱਧ ਦਾ ਕਾਲਾ ਕਾਰੋਬਾਰ

ਚਿੱਟੇ ਦੁੱਧ ਦਾ ਕਾਲਾ ਕਾਰੋਬਾਰ

Ad Position 21
No active advertisement
ਅਜੀਤ ਡੈਸਕ 14-10-2026

ਪੰਜਾਬ ਦੀ ਆਰਥਿਕਤਾ ਖੇਤੀਬਾੜੀ ਤੇ ਇਸ ਦੇ ਸਹਾਇਕ ਧੰਦੇ ਡੇਅਰੀ ਉਤਪਾਦਨ 'ਤੇ ਖੜ੍ਹੀ ਹੈ | ਦੇਸ਼ ਵਿਚ ਪ੍ਰਤੀ ਵਿਅਕਤੀ ਦੁੱਧ ਦੀ ਉਪਲੱਬਧਤਾ ਪੱਖੋਂ ਪੰਜਾਬ ਦੇਸ਼ ਦੇ ਮੋਹਰੀ ਰਾਜਾਂ ਦੀ ਸੂਚੀ 'ਚ ਸ਼ੁਮਾਰ ਹੈ |

ਪੰਜਾਬ ਦੇ ਪਿੰਡਾਂ ਦੀ ਸਵੇਰ ਮੱਝਾਂ ਗਾਵਾਂ ਦਾ ਦੁੱਧ ਚੋਣ ਨਾਲ ਤੇ ਸ਼ਹਿਰਾਂ ਦੀ ਸਵੇਰ ਦੁੱਧ ਨਾਲ ਬਣੀ ਚਾਹ ਪੀਣ  ਨਾਲ ਸ਼ੁਰੂ ਹੁੰਦੀ ਹੈ | ਸਾਡੇ ਭੋਜਨ 'ਚ ਦੁੱਧ ਸਭ ਨਾਲੋਂ ਵੱਧ ਪੌਸ਼ਟਿਕ ਅਹਾਰ ਮੰਨਿਆ ਗਿਆ ਹੈ ਤੇ ਇਹ ਕਰੀਬ ਹਰ ਪੰਜਾਬੀ ਦੀ ਰੋਜ਼ਾਨਾ ਖੁਰਾਕ ਦਾ ਹਿੱਸਾ ਹੈ | ਅਜਿਹੇ ਵਿਚ ਜੇਕਰ ਦੁੱਧ ਦੀ ਸ਼ੁੱਧਤਾ 'ਤੇ ਸਵਾਲ ਖੜ੍ਹੇ ਹੋ ਜਾਣ ਤਾਂ ਇਹ ਮਸਲਾ ਸਿੱਧੇ ਤੌਰ 'ਤੇ ਸਾਡੀ ਸਿਹਤ ਨਾਲ ਜੁੜ ਜਾਂਦਾ ਹੈ | ਪੰਜਾਬ 'ਚ ਦੁੱਧ ਦੀ ਗੁਣਵੱਤਾ ਤੇ ਦੁੱਧ ਦੀ ਮਿਲਾਵਟ ਬਾਰੇ ਅੰਕੜੇ ਤੇ ਵਿਗਿਆਨਕ ਅਧਿਐਨ ਇਸ ਮਸਲੇ ਦੀ ਗੰਭੀਰਤਾ ਵੱਲ ਇਸ਼ਾਰਾ ਕਰਦੇ ਹਨ, ਜੋ ਇਕ ਵਿਆਪਕ ਸਮੱਸਿਆ ਬਣ ਚੁੱਕੀ ਹੈ | ਕੇਂਦਰ ਸਰਕਾਰ ਵਲੋਂ ਲੋਕ ਸਭਾ 'ਚ ਪੇਸ਼ ਕੀਤੇ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਦੇ ਅੰਕੜਿਆਂ ਅਨੁਸਾਰ ਸਾਲ 2022-23 ਦੌਰਾਨ ਪੰਜਾਬ 'ਚ ਦੁੱਧ ਦੇ ਜਾਂਚੇ ਗਏ 8,179 ਨਮੂਨਿਆਂ 'ਚੋਂ 1,724 ਮਿਲਾਵਟੀ ਪਾਏ ਗਏ, ਮਤਲਬ  ਹਰ ਪੰਜ ਨਮੂਨਿਆਂ 'ਚੋਂ ਇਕ ਨਮੂਨਾ ਨਿਰਧਾਰਤ ਮਾਪਦੰਡਾਂ 'ਤੇ ਪੂਰਾ ਨਹੀਂ ਉਤਰਿਆ |  2024-25 ਦੌਰਾਨ ਪੰਜਾਬ 'ਚ ਜਾਂਚੇ ਗਏ ਕੁੱਲ 4,131 ਨਮੂਨਿਆਂ 'ਚੋਂ 748 ਸਹੀ ਨਹੀਂ ਪਾਏ ਗਏ | ਵਿਚਾਰਨਯੋਗ ਹੈ ਕਿ ਜਿਹੜੇ ਨਮੂਨੇ ਜਾਂਚੇ ਨਹੀਂ ਗਏ, ਉਨ੍ਹਾਂ 'ਚੋਂ ਕਿੰਨੇ ਨਮੂਨੇ ਫੇਲ੍ਹ ਹੋ ਸਕਦੇ ਸਨ |

 

ਗੱਲ ਇੱਥੇ ਹੀ ਨਹੀਂ ਮੁੱਕਦੀ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਖੋਜਕਰਤਾਵਾਂ ਵਲੋਂ ਸਾਲ 2024 ਦੌਰਾਨ ਵੈਟਰਨਰੀ ਪ੍ਰੈਕਟੀਸ਼ਨਰ 'ਚ ਪ੍ਰਕਾਸ਼ਿਤ ਰਿਪੋਰਟ ਦੇ ਅੰਕੜੇ ਹੋਰ ਵੀ ਦਿਲ ਕੰਬਾਊ ਹਨ | ਖੋਜਕਰਤਾਵਾਂ ਵਲੋਂ ਇਕ ਵਿਗਿਆਨਕ ਸਟੱਡੀ ਦੌਰਾਨ ਕੁੱਲ 732 ਨਮੂਨਿਆਂ 'ਚ 12 ਵੱਖੋ-ਵੱਖਰੀਆਂ ਮਿਲਾਵਟਾਂ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਲੱਗਿਆ ਕਿ ਇਨ੍ਹਾਂ ਨਮੂਨਿਆਂ ਨਾਲ 14.75 ਫੀਸਦੀ 'ਚ ਨਮਕ, 12.70 ਫੀਸਦੀ 'ਚ ਨਿਊਟਰਾਲੀਜ਼ਰ, 2.19 ਫੀਸਦੀ ਵਿਚ ਡਿਟਰਜੈਂਟ, 1.91 ਫੀਸਦੀ 'ਚ ਯੂਰੀਆ ਤੇ 1.91 ਫੀਸਦੀ 'ਚ ਫਾਰਮਲਡੀਹਾਈਡ ਦੀ ਮਿਲਾਵਟ ਕੀਤੀ ਗਈ ਸੀ | ਜਦਕਿ ਕੁਝ ਨਮੂਨਿਆਂ 'ਚ ਕੇਨ ਸ਼ੂਗਰ, ਸਟੈਰਚ ਤੇ ਦੁੱਧ ਪਾਊਡਰ ਦੀ ਮਿਲਾਵਟ ਵੀ ਸਾਹਮਣੇ ਆਈ | ਦੁੱਧ 'ਚ ਪਾਣੀ ਮਿਲਾਉਣਾ ਮਿਲਾਵਟ ਦਾ ਸਭ ਤੋਂ ਪੁਰਾਣਾ ਤੇ ਆਮ ਤਰੀਕਾ ਹੈ | ਇਸ ਨਾਲ ਦੁੱਧ ਦੀ ਮਾਤਰਾ ਵਧ ਜਾਂਦੀ ਹੈ, ਪਰ ਪੋਸ਼ਣ ਦੇ ਨਾਲ-ਨਾਲ ਦੁੱਧ ਦੀ ਫੈਟ ਤੇ ਸੌਲਿਡਸ ਘਟ ਜਾਂਦੇ ਹਨ | ਇਸ ਕਰਕੇ ਮਿਲਾਵਟਖੋਰ ਉਸ ਕਮੀ ਨੂੰ  ਪੂਰਾ ਕਰਨ ਲਈ ਸਿਹਤ ਲਈ ਹਾਨੀਕਾਰਕ ਪਦਾਰਥਾਂ- ਗੁਲੂਕੋਜ਼, ਸ਼ੂਗਰ, ਬੇਕਿੰਗ ਸੋਡਾ, ਵਾਸ਼ਿੰਗ ਸੋਡਾ, ਹਾਈਡਰੋਜਨ ਪਰੌਕਸਾਈਡ ਤੇ ਫੋਰਮੈਲਿਨ ਆਦਿ ਦੀ ਵਰਤੋਂ ਕਰਦੇ ਹਨ | ਇਨ੍ਹਾਂ 'ਚੋਂ ਕੁਝ ਪਦਾਰਥਾਂ ਦੀ ਵਰਤੋਂ ਦੁੱਧ ਨੂੰ  ਗਾੜ੍ਹਾ ਕਰਨ, ਉਸ ਦੀ ਕੰਪੋਜ਼ੀਸ਼ਨ ਬਦਲਣ ਜਾਂ ਉਸ ਨੂੰ  ਜ਼ਿਆਦਾ ਦੇਰ ਤੱਕ ਸੰਭਾਲਣ ਦੀ ਕੋਸ਼ਿਸ਼ ਵਜੋਂ ਕੀਤੀ ਜਾਂਦੀ ਹੈ | ਜਦਕਿ ਦੁੱਧ 'ਚ ਅਜਿਹੇ ਪਦਾਰਥਾਂ ਦੀ ਵਰਤੋਂ ਸਾਡੀ ਸਿਹਤ ਲਈ ਕਈ ਗੰਭੀਰ ਖਤਰੇ ਖੜ੍ਹੇ ਕਰਦੀ ਹੈ |
ਦੁੱਧ ਦੀ ਗੁਣਵੱਤਾ ਦੀ ਲੜੀ ਪਸ਼ੂ ਦੇ ਥਣ ਤੋਂ ਸ਼ੁਰੂ ਹੋ ਕੇ ਖਪਤਕਾਰ ਦੇ ਗਿਲਾਸ ਤੱਕ ਜਾਂਦੀ ਹੈ | ਪਸ਼ੂ ਦੀ ਸਿਹਤ, ਥਣਾਂ ਦੀ ਸਫ਼ਾਈ, ਬਰਤਨ, ਪਾਣੀ ਦੀ ਗੁਣਵੱਤਾ, ਕੁਲੈਕਸ਼ਨ ਸੈਂਟਰ, ਚਿੰਲਿੰਗ ਸੈਂਟਰ ਦੇ ਨਾਲ-ਨਾਲ ਟਰਾਂਸਪੋਟੇਸ਼ਨ ਤੇ ਪ੍ਰੋਸੈਸਿੰਗ ਹਰ ਪੜਾਅ ਤੇ ਸਾਫ਼-ਸਫ਼ਾਈ ਤੇ ਨਿਗਰਾਨੀ ਜ਼ਰੂਰੀ ਹੈ | ਜਦ ਤੱਕ ਪਿੰਡਾਂ 'ਚ ਦੁੱਧ ਇਕੱਠਾ ਕਰਨ ਵਾਲੇ ਕੇਂਦਰ 'ਤੇ ਸਫ਼ਾਈ ਦੇ ਮਾਪਦੰਡਾਂ ਦੀ ਪ੍ਰਮਾਣਿਕਤਾ, ਦੁੱਧ ਨੂੰ  ਸਮੇਂ ਸਿਰ ਠੰਢਾ ਕਰਨ ਦੀ ਪ੍ਰਮਾਣਿਕਤਾ ਤੇ ਹਰ ਬੈਚ ਦੀ ਗੁਣਵੱਤਾ ਚੈੱਕ ਕਰਨ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮਿਲਾਵਟ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਦਾ | ਪੰਜਾਬ 'ਚ ਦੁੱਧ ਦਾ ਬਾਜ਼ਾਰ ਦੋ ਭਾਗਾਂ-ਪਹਿਲਾ ਖੁੱਲ੍ਹੇ ਦੁੱਧ ਦਾ ਬਾਜ਼ਾਰ ਤੇ ਦੂਜਾ ਪੈਕਡ ਦੁੱਧ ਦਾ ਬਾਜ਼ਾਰ ਹੈ | ਜਦੋਂ ਵੀ ਦੁੱਧ 'ਚ ਮਿਲਾਵਟ ਦਾ ਜ਼ਿਕਰ ਆਉਂਦਾ ਹੈ ਤਾਂ ਸਰਕਾਰੀ ਅੰਕੜੇ ਇਹ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਮਿਲਾਵਟ ਸਿਰਫ਼ ਖੁੱਲ੍ਹੇ ਦੁੱਧ ਦੇ ਬਾਜ਼ਾਰ 'ਚ ਹੈ ਤੇ ਪੈਕਡ ਦੁੱਧ ਪੂਰੀ ਤਰ੍ਹਾਂ ਸੁਰੱਖਿਅਤ ਹੈ | ਪਰ ਹੁਣ  ਪੈਕਡ ਦੁੱਧ ਦੇ ਬਾਜ਼ਾਰ 'ਚ ਸ਼ਾਮਿਲ ਪੰਜਾਬ ਦੇ ਨਾਮੀ ਸਰਕਾਰੀ ਅਦਾਰੇ ਦੇ ਸੈਂਪਲ ਫੇਲ੍ਹ ਹੋਣ ਦੀਆਂ ਖ਼ਬਰਾਂ ਅਕਸਰ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ | ਹਾਲ ਹੀ 'ਚ ਭਾਰਤੀ ਫੌਜ ਨੂੰ  ਭੇਜੀ ਗਈ ਦੁੱਧ ਦੀ ਖੇਪ 'ਚ ਸਾਹਮਣੇ ਆਈਆਂ ਗੰਭੀਰ ਊਣਤਾਈਆਂ ਨੇ ਸਰਕਾਰੀ ਅਦਾਰਿਆਂ ਦੀ ਭਰੋਸੇਯੋਗਤਾ 'ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ |
ਸਰਕਾਰ ਦੁੱਧ 'ਚ ਮਿਲਾਵਟ ਦੀ ਰੋਕਥਾਮ ਲਈ ਛਾਪੇਮਾਰੀ ਕਰਦੀ ਹੈ, ਜੋ ਇਸ ਸਮੱਸਿਆ ਦਾ ਪੂਰਾ ਹੱਲ ਨਹੀਂ ਹੈ | ਸਿਰਫ਼ ਕਿਸੇ ਦੁਕਾਨ ਤੋਂ ਸੈਂਪਲ ਚੁੱਕ ਕੇ ਉਸ ਨੂੰ  ਫੇਲ੍ਹ ਕਰ ਦੇਣਾ ਕਾਫ਼ੀ ਨਹੀਂ | ਜੇ ਦੁੱਧ ਫੇਲ੍ਹ ਹੁੰਦਾ ਹੈ ਤਾਂ ਉਸ ਦੀ ਟਰੇਸੇਬਿਲਟੀ ਕੀਤੀ ਜਾਵੇ ਕਿ ਇਹ ਦੁੱਧ ਕਿੱਥੋਂ ਤੇ ਕਿਹੜੇ ਕੁਲੈਕਸ਼ਨ ਸੈਂਟਰ ਤੋਂ ਆਇਆ, ਕਿਹੜੇ ਸਪਲਾਇਰ ਨੇ ਦਿੱਤਾ ਤੇ ਇਸ ਤੋਂ ਪਹਿਲਾਂ ਕਿੱਥੇ ਟੈਸਟ ਹੋਇਆ ਸੀ? ਮਨੁੱਖੀ ਸਿਹਤ ਨਾਲ ਜੁੜੀ ਇਸ ਬੇਹੱਦ ਗੰਭੀਰ ਸਮੱਸਿਆ ਦੇ ਪੁਖਤਾ ਹੱਲ ਲਈ ਸਰਕਾਰ ਨੂੰ  ਜ਼ਿਲ੍ਹਾ ਪੱਧਰ 'ਤੇ ਹਰ ਕੁਲੈਕਸ਼ਨ ਸੈਂਟਰ ਦੀ ਬਕਾਇਦਾ ਟੈਸਟਿੰਗ ਦੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ | ਦੁੱਧ ਚਾਹੇ ਖੁੱਲ੍ਹਾ ਜਾਂ ਪੈਕਡ ਦੁੱਧ ਹੋਵੇ, ਨਿੱਜੀ ਡੇਅਰੀਆਂ ਹੋਣ ਜਾਂ ਸਹਿਕਾਰੀ ਅਦਾਰੇ ਹੋਣ, ਹਰ ਕੈਟਾਗਿਰੀ ਦੇ ਦੁੱਧ ਦੀ ਅਚਨਚੇਤ ਚੈਕਿੰਗ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ | ਇਸ ਦੇ ਨਾਲ ਹੀ ਹਰ ਨਮੂਨੇ ਦੀ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ  ਤਾਂ ਜੋ ਲੋਕਾਂ ਨੂੰ  ਪਤਾ ਲੱਗ ਸਕੇ ਕਿ ਕਿਸ ਅਦਾਰੇ, ਕਿਸ ਦੁਕਾਨ ਦਾ ਦੁੱਧ ਮਿਲਾਵਟੀ ਪਾਇਆ ਗਿਆ ਹੈ | ਇਸੇ ਤਰ੍ਹਾਂ ਪਿੰਡਾਂ 'ਚ ਹਰ ਮਹੀਨੇ ਮਿਲਕ ਕੁਲੈਕਸ਼ਨ ਸੈਂਟਰਾਂ ਦੀ ਸਾਫ਼ ਸਫ਼ਾਈ ਤੇ ਗੁਣਵੱਤਾ ਦਾ ਆਡਿਟ ਕਰਵਾਇਆ ਜਾਵੇ, ਸਮੇਂ ਸਮੇਂ 'ਤੇ ਮੋਬਾਈਲ ਮਿਲਕ ਟੈਸਟਿੰਗ ਲੈਬਾਰਟਰੀਜ਼ ਪਿੰਡਾਂ 'ਚ ਭੇਜੀਆਂ ਜਾਣ ਤਾਂ ਜੋ ਵਿਕਰੇਤਾ ਤੇ ਗਾਹਕ ਆਪਣੇ ਦੁੱਧ ਦੀ ਜਾਂਚ ਕਰਵਾ ਸਕਣ | ਸਭ ਤੋਂ ਜ਼ਰੂਰੀ ਹੈ ਕਿ ਮਿਲਾਵਟ ਕਰਨ ਵਾਲਿਆਂ ਨੂੰ  ਵੱਡੇ ਜੁਰਮਾਨੇ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਲਾਇਸੈਂਸ ਰੱਦ ਕਰਕੇ ਸਖਤ ਸਜ਼ਾਵਾਂ ਦਾ ਵੀ ਪ੍ਰਬੰਧ ਕੀਤਾ ਜਾਵੇ, ਤਾਂ ਜੋ ਮਿਲਾਵਟਖੋਰਾਂ ਦੇ ਮਨਾਂ ਵਿਚ ਡਰ ਪੈਦਾ ਹੋ ਸਕੇ |
ਦੁੱਧ ਸਾਡੇ ਘਰ ਦੀ ਉਹ ਖੁਰਾਕ ਹੈ ਜਿਸ ਦੀ ਸ਼ੁੱਧਤਾ ਬਾਰੇ ਅਸੀਂ ਆਮ ਤੌਰ 'ਤੇ ਸਭ ਤੋਂ ਵੱਧ ਭਰੋਸਾ ਕਰਦੇ ਹਾਂ | ਮਾਂ-ਬਾਪ ਨੂੰ  ਸੋਚਣ ਦੀ ਲੋੜ ਨਹੀਂ ਪੈਣੀ ਚਾਹੀਦੀ ਕਿ ਬੱਚੇ ਦੇ ਗਿਲਾਸ 'ਚ ਪਾਇਆ ਦੁੱਧ ਪੋਸ਼ਣ ਦੇ ਰਿਹਾ ਹੈ ਜਾਂ ਉਸ ਵਿਚ ਕੋਈ ਅਜਿਹਾ ਪਦਾਰਥ ਮੌਜੂਦ ਹੈ ਜਿਸ ਦਾ ਸਰੀਰ 'ਤੇ ਮਾੜਾ ਅਸਰ ਪੈ ਸਕਦਾ ਹੈ | ਸਰਕਾਰੀ ਅੰਕੜੇ ਤੇ ਵਿਗਿਆਨਕ ਖੋਜਾਂ ਇਕੋ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ ਕਿ ਦੁੱਧ ਦੀ ਗੁਣਵੱਤਾ ਨੂੰ  ਲੈ ਕੇ ਪੰਜਾਬ 'ਚ ਗੰਭੀਰ, ਵਿਗਿਆਨਕ ਤੇ ਲਗਾਤਾਰ ਨਿਗਰਾਨੀ ਦੀ ਜ਼ਰੂਰਤ ਹੈ | ਸਰਕਾਰ ਦੇ ਸਾਹਮਣੇ ਚੁਣੌਤੀ ਸਿਰਫ਼ ਮਿਲਾਵਟੀ ਦੁੱਧ ਫੜਨ ਦੀ ਨਹੀਂ, ਸਗੋਂ ਅਜਿਹਾ ਸਿਸਟਮ ਬਣਾਉਣ ਦੀ ਵੀ ਹੈ ਜਿਸ ਵਿਚ ਮਿਲਾਵਟ ਕਰਨ ਦੀ ਗੁੰਜਾਇਸ਼ ਹੀ ਨਾ ਰਹੇ ਕਿਉਂਕਿ ਆਖ਼ਰ ਇਹ ਗੱਲ ਸਿਰਫ਼ ਦੁੱਧ ਦੀ ਨਹੀਂ, ਸਗੋਂ ਪੰਜਾਬੀਆਂ ਦੀ ਸਿਹਤ ਦੀ ਵੀ ਹੈ |

-ਕਿਸਾਨ ਆਗੂ ਭੇਘਾਪਟਿਲ
ਪਿੰਡ ਤੇ ਡਾਕ. ਕਾਈਨੌਰ, ਤਹਿਸੀਲ ਮੋਰਿੰਡਾ, ਜ਼ਿਲ੍ਹਾ ਰੂਪਨਗਰ (ਪੰਜਾਬ) |
ਮੋਬਾਈਲ : 94176-61067

Ad Position 22
No active advertisement
ਪਿਛਲੀ ਖ਼ਬਰ ਘਰਾਂ 'ਚ ਸਾਫ਼ ਪਾਣੀ ਦੀ ਦੁਰਵਰਤੋਂ ਰੋਕਣਾ ਜ਼ਰੂਰੀ ਅਗਲੀ ਖ਼ਬਰ ਫ਼ਿਲਮ 'ਰਾਕਾ' ਵਿਚ ਨਜ਼ਰ ਆਵੇਗੀ ਨਾਇਲਾ ਗਰੇਵਾਲ
Ad Position 24