15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮੱਧਕਾਲੀ ਕਾਂਗਰਸ ਚੋਣਾਂ 'ਚ ਟਰੰਪ ਨੂੰ ਲੱਗ ਸਕਦਾ ਹੈ ਧੱਕਾ

ਮੱਧਕਾਲੀ ਕਾਂਗਰਸ ਚੋਣਾਂ 'ਚ ਟਰੰਪ ਨੂੰ ਲੱਗ ਸਕਦਾ ਹੈ ਧੱਕਾ

Ad Position 21
No active advertisement
ਅਜੀਤ ਡੈਸਕ 15-10-2026

4 ਨਵੰਬਰ  ਨੂੰ  ਹੋਣ ਵਾਲੀਆਂ ਮੱਧਕਾਲੀ ਕਾਂਗਰਸ (ਸੰਸਦ ਦੀਆਂ) ਚੋਣਾਂ 'ਚ ਡੈਮੋਕ੍ਰੇਟਸ ਪਾਰਟੀ ਦੀ ਲੀਡ ਵੱਡੇੇ ਪੱਧਰ 'ਤੇ ਵਧ ਸਕਦੀ ਹੈ ਤੇ ਇਹ ਟਰੰਪ ਦੀ ਸੱਤਾਧਾਰੀ ਰਿਪਬਲਿਕਨ ਪਾਰਟੀ ਲਈ ਚਿੰਤਾ ਦੀ ਗੱਲ ਹੈ,

ਕਿਉਂਕਿ ਟਰੰਪ ਦੀ ਲੋਕਪਿ੍ਯਤਾ ਦਾ ਗ੍ਰਾਫ਼ ਲਗਾਤਾਰ ਹੇਠਾਂ ਡਿਗਦਾ ਜਾ ਰਿਹਾ ਹੈ | ਵੋਟਰ ਨਵੰਬਰ ਦੀਆਂ ਕਾਂਗਰਸ ਚੋਣਾਂ ਵਿਚ ਰਿਪਬਲਿਕਨ ਉਮੀਦਵਾਰਾਂ ਨਾਲੋਂ ਡੈਮੋਕ੍ਰੇਟਿਕ ਉਮੀਦਵਾਰਾਂ ਨੂੰ  16 ਅੰਕਾਂ ਨਾਲ ਤਰਜੀਹ ਦੇ ਰਹੇ ਹਨ, ਜੋ ਹੁਣ ਤੱਕ ਦੀ ਕਿਸੇ ਵੀ ਚੋਣ ਵਿਚ ਪਾਰਟੀ ਦੀ ਸਭ ਤੋਂ ਵੱਡੀ ਲੀਡ ਹੈ | ਸੰਭਾਵੀ ਵੋਟਰ 53 ਫ਼ੀਸਦੀ ਡੈਮੋਕ੍ਰੇਟਿਕ ਉਮੀਦਵਾਰਾਂ ਨੂੰ  ਤੇ 38 ਫ਼ੀਸਦੀ ਰਿਪਬਲਿਕਨ ਉਮੀਦਵਾਰਾਂ ਨੂੰ  ਤਰਜੀਹ ਦੇ ਰਹੇ ਹਨ | ਕਈ ਪਾਰਟੀ ਉਮੀਦਵਾਰ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਆਪਣੀ ਚੋਣ ਮੁਹਿੰਮ ਨੂੰ  ਤੇਜ਼ ਕਰਨ ਲਈ ਮਹੀਨਿਆਂ ਤੱਕ ਦਬਾਅ ਪਾਉਣ ਤੋਂ ਬਾਅਦ ਹੁਣ ਚਿੰਤਤ ਹਨ, ਕਿ ਟਰੰਪ ਇੰਨੇ ਅਲੋਕਪਿ੍ਯ ਹੋ ਗਏ ਹਨ, ਕਿ ਉਨ੍ਹਾਂ ਦੀ ਮੌਜੂਦਗੀ ਕੁਝ ਮਾਮਲਿਆਂ ਵਿਚ ਭਲਾ ਕਰਨ ਦੀ ਬਜਾਏ  ਨੁਕਸਾਨ ਕਰ ਸਕਦੀ ਹੈ | ਰਿਪਬਲਿਕਨ ਪਾਰਟੀ ਦੀ ਮੱਧਕਾਲੀ ਚੋਣ ਮੁਹਿੰਮ ਦੌਰਾਨ ਇਸ ਸਮੇਂ ਸਥਿਤੀ ਅਜਿਹੀ ਬਣ ਗਈ ਹੈ ਕਿ 3 ਹਫ਼ਤੇ ਬਾਅਦ ਪਾਰਟੀ ਸੰਸਦ/ਕਾਂਗਰਸ  'ਚ ਆਪਣਾ ਸਮਰਥਨ ਗੁਆ  ਸਕਦੀ ਹੈ | ਸੀ.ਐਨ.ਐਨ. ਦੇ ਦਾਅਵੇ ਮੁਤਾਬਿਕ ਪੀਪਲਜ਼ ਹਾਊਸ ਦੀ ਚੋਣ ਲੜ ਰਹੇ ਇਕ ਰਿਪਬਲਿਕਨ ਉਮੀਦਵਾਰ ਨੇ ਅੰਕੜਿਆਂ ਦੇ ਆਧਾਰ 'ਤੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਪਾਰਟੀ ਨੂੰ  ਹੇਠਾਂ ਖਿੱਚ ਰਹੇ ਹਨ | ਈਰਾਨ ਯੁੱਧ ਅਤੇ ਰਹਿਣ-ਸਹਿਣ ਦੀ ਵਧਦੀ ਲਾਗਤ ਕਾਰਨ ਵੋਟਰਾਂ ਵਿਚ ਤਿੱਖਾ ਗੁੱਸਾ ਵੇਖਦਿਆਂ ਸੈਨੇਟ 'ਚ ਵੀ ਆਪਣਾ ਠੋਸ ਬਹੁਮਤ ਗੁਆਉਣ ਦੇ ਗੰਭੀਰ ਜੋਖ਼ਮ ਦਰਮਿਆਨ ਰਿਪਬਲਿਕਨ ਚੋਣਾਂ ਤੋਂ ਬਾਅਦ ਹੇਠਲੇ ਸਦਨ ਵਿਚ ਵੀ ਆਪਣਾ ਬਹੁਮਤ ਗੁਆਉਣ ਦੇ ਰਸਤੇ 'ਤੇ ਹਨ | ਮੁਕਾਬਲੇ ਵਾਲੀਆਂ ਸੀਟਾਂ ਦੀ ਵਧਦੀ ਗਿਣਤੀ ਨੇ ਰਿਪਬਲਿਕਨ ਨੇਤਾਵਾਂ ਦੀਆਂ ਲੱਖਾਂ ਡਾਲਰ ਖਰਚ ਕਰ ਕੇ ਜਿੱਤ ਲਈ ਜ਼ਮੀਨ ਬਣਾਉਣ ਦੀਆਂ ਯੋਜਨਾਵਾਂ ਗੁੰਝਲਦਾਰ ਬਣਾ ਦਿੱਤੀਆਂ ਹਨ | ਟਰੰਪ ਪੱਖੀ ਸੁਪਰ ਪੀ ਏ ਸੀ, ਮੈਗਾ ਇੰਕ. ਦੁਆਰਾ ਅੰਸ਼ਕ ਤੌਰ 'ਤੇ ਭਾਰੀ ਨਕਦੀ ਦੇਣ ਦੇ ਲਾਭ ਦੇ ਬਾਵਜੂਦ ਹੁਣ ਤੱਕ ਬਹੁਤਾ ਖਰਚ ਵੀ ਰਿਪਬਲਿਕਨਾਂ ਦੀ ਕਿਸਮਤ ਨੂੰ  ਵੱਡੇ ਪੱਧਰ 'ਤੇ ਬਦਲਣ ਵਿਚ ਨਾਕਾਮ ਰਿਹਾ ਹੈ, ਕਿਉਂਕਿ ਪਾਰਟੀ ਦਾ ਬਹੁਤਾ ਪੈਸਾ ਉਧਰ ਚਲਾ ਗਿਆ ਹੈ, ਜਿਥੇ ਜਿੱਤ ਆਸਾਨੀ ਨਾਲ ਸੰਭਵ ਸੀ | ਪਾਰਟੀ ਦੀ ਸੈਨੇਟ ਲੀਡਰਸ਼ਿਪ ਨੇ ਦਸ ਕਰੋੜ ਡਾਲਰ ਤੋਂ ਵੱਧ ਫੰਡ ਕੇਨ ਪੈਕਸਟਨ ਨੂੰ  ਉਤਸ਼ਾਹਿਤ ਕਰਨ ਲਈ ਟੈਕਸਾਸ 'ਚ ਖਰਚ ਕਰ ਦਿੱਤਾ, ਜੋ ਇਕ ਗੰਭੀਰ ਪ੍ਰਾਇਮਰੀ ਮੁਹਿੰਮ ਤੋਂ ਬਾਅਦ ਡੈਮੋਕ੍ਰੇਟਕ ਜੇਮਸ ਟੈਲਾਰਿਕੋ ਨਾਲ ਆਪਣੀ ਦੌੜ ਵਿਚ ਜੀ.ਓ.ਪੀ ਸਮਰਥਨ ਵਧਾਉਣ ਲਈ ਸੰਘਰਸ਼ ਕਰ ਰਿਹਾ ਹੈ | ਟਰੰਪ ਖੁਦ ਪੈਕਸਟਨ ਵਲੋਂ ਵੋਟਰਾਂ ਨੂੰ  ਇਕੱਠਾ ਕਰਨ ਲਈ ਇਕ ਮਹੀਨੇ ਵਿਚ 3 ਵਾਰ ਟੈਕਸਾਸ ਜਾ ਚੁੱਕੇ ਹਨ | ਟਰੰਪ ਦੇ ਇਕ ਸਲਾਹਕਾਰ ਦਾ ਕਹਿਣਾ ਹੈ ਕਿ ਸਾਨੂੰ ਤਾਂ ਲੱਗਦਾ ਸੀ ਕਿ ਟਰੰਪ ਕਰਕੇ ਸ਼ਾਇਦ ਹੁਣ ਅਸੀਂ ਕਦੇ ਨਹੀਂ ਹਾਰਾਂਗੇ, ਪਰ ਹੁਣ ਅਜਿਹਾ ਉੱੱਕਾ ਨਹੀਂ ਜਾਪਦਾ |

'ਆਈਸ' ਵਲੋਂ ਮੁੜ ਫੜੋ-ਫੜੀ 
ਕੈਲੀਫੋਰਨੀਆ ਤੇ ਨਿਊਯਾਰਕ ਤੋਂ ਇਲਾਵਾ ਅਮਰੀਕਾ ਦੇ ਕਈ ਸ਼ਹਿਰਾਂ 'ਚ ਇਮੀਗ੍ਰੇਸ਼ਨ ਐਂਡ ਕਸਟਮ ਇਨਨਫੋਰਸਮੈਂਟ (ਆਈਸ) ਦੀ ਸਰਗਰਮੀ ਮੁੜ ਤੋਂ ਬਹੁਤ ਜ਼ਿਆਦਾ ਵਧ ਗਈ ਹੈ ਤੇ ਆਈਸ ਵਲੋਂ ਕੈਲੀਫੋਰਨੀਆ 'ਚ ਕੀਤੇ ਜਾ ਰਹੇ ਆਪ੍ਰੇਸ਼ਨ ਦਾ ਨਾਂਅ 'ਸੇਫ ਕੈਲੀਫੋਰਨੀਆ' ਰੱਖਿਆ ਗਿਆ ਹੈ | ਜਿਨ੍ਹਾਂ ਅਮਰੀਕੀ ਸ਼ਹਿਰਾਂ 'ਚ ਵਧੇਰੇ ਪ੍ਰਵਾਸੀ ਰਹਿੰਦੇ ਹਨ, ਉੱਥੇ ਆਈਸ ਦਾ ਇਹ ਆਪ੍ਰੇਸ਼ਨ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ | ਲਾਸ ਏਾਜਲਸ ਦੇ ਸੈਨ ਬਡੀਨੋ ਵੈਲੀ, ਲਵਿੰਗਸਟਨ, ਮਡੇਰਾ, ਮਨਟੀਕਾ, ਟਰੇਸੀ, ਫਰਿਜ਼ਨੋ ਦੇ ਨਾਲ-ਨਾਲ ਸਪੈਨਿਕ ਕਮਿਊਨਿਟੀ ਦੇ ਰਿਹਾਇਸ਼ੀ ਇਲਾਕੇ ਸੈਕਰਾਮੈਂਟੋ 'ਚ ਫਰਿਮਾਂਟ, ਯੂਨੀਅਨ ਸਿਟੀ, ਹੇਅਵਰਡ, ਸੈਨਹੋਜੇ ਆਦਿ ਆਈਸ ਦੀ ਸਖ਼ਤ ਨਿਗਰਾਨੀ ਹੇਠ ਹਨ | ਇਨ੍ਹਾਂ ਥਾਵਾਂ 'ਤੇ ਆਈਸ ਨਾਕੇ ਲਾ ਕੇ ਲੋਕਾਂ ਕੋਲੋਂ ਉਨ੍ਹਾਂ ਦੀ ਸ਼ਨਾਖ਼ਤ, ਵਰਕ ਪਰਮਿਟ ਜਾਂ ਗ੍ਰੀਨ ਕਾਰਡ ਬਾਰੇ ਪੁੱਛ ਪੜਤਾਲ ਕਰ ਰਹੀ ਹੈ | ਉੱਘੇ ਸਿੱਖ ਵਕੀਲ ਤੇ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹਿਊਮਨ ਰਾਈਟਸ ਗਰੁੱਪ ਚਿੰਤਤ ਹਨ, ਕਿ ਕੈਲੀਫੋਰਨੀਆ ਦੇ ਚੁਣੇ ਹੋਏ ਨੁਮਾਇੰਦੇ ਕੀ ਕਰ ਰਹੇ ਹਨ? ਇਹ ਮੁਹਿੰਮ ਚਲਾਉਣ ਬਾਰੇ ਦਾਅਵਾ ਤਾਂ ਇਹ ਕੀਤਾ ਜਾ ਰਿਹਾ ਸੀ ਕਿ ਅਪਰਾਧੀ ਤੱਤਾਂ ਨੂੰ  ਫੜ ਕੇ ਕੈਲੀਫੋਰਨੀਆ ਨੂੰ  ਸੁਰੱਖਿਅਤ ਬਣਾਇਆ ਜਾਵੇਗਾ, ਪਰ ਫੜੇ ਗਏ ਲੋਕਾਂ 'ਚ ਅਪਰਾਧੀਆਂ ਦੀ ਤਾਦਾਦ 20 ਕੁ ਫ਼ੀਸਦੀ ਹੈ ਤੇ 80 ਫੀਸਦੀ ਲੋਕ ਵਰਕ ਪਰਮਿਟ ਵਾਲੇ ਜਾਂ ਅਜਿਹੇ ਹਨ, ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ | ਉਧਰ ਨਿਊਯਾਰਕ ਵਿਚ ਵੀ ਆਈਸ ਦੀ ਵੱਡੀ ਸਰਗਰਮੀ ਦੇਖਣ ਨੂੰ  ਮਿਲੀ ਹੈ, ਉੱਥੇ ਆਈਸ ਵਲੋਂ ਇਕ ਵਿਅਕਤੀ 'ਤੇ ਚਲਾਈ ਗੋਲੀ ਦੌਰਾਨ ਉਸ ਦਾ 5 ਸਾਲਾਂ ਦਾ ਬੱਚਾ ਵੀ ਜ਼ਖ਼ਮੀ ਹੋ ਗਿਆ | ਉੱਥੇ ਲੋਕ ਮੁਜ਼ਾਹਰੇ ਕਰ ਕੇ ਨਿਹੱਥੇ ਲੋਕਾਂ 'ਤੇ ਗੋਲੀਆਂ ਨਾ ਚਲਾਉਣ ਦੀ ਮੰਗ ਕਰ ਰਹੇ ਹਨ, ਕਿਉਂਕਿ ਹਿਊਸਟਨ 'ਚ ਵੀ ਅਜਿਹਾ ਵਾਪਰ ਚੁੱਕਾ ਹੈ | ਅਕਸਰ ਆਈਸ ਨਾਲ ਸਹਿਯੋਗ ਨਾ ਕਰਨ ਵਾਲਿਆਂ 'ਤੇ ਗੋਲੀ ਚਲਾਈ ਜਾਂਦੀ ਹੈ, ਜਦਕਿ ਹਿਊਮਨ ਰਾਈਟਸ ਕਾਰਕੁੰਨ ਇਸ ਨੂੰ  ਕਾਨੂੰਨ ਦੇ ਉਲਟ ਦੱਸਦਿਆਂ ਨਿਹੱਥੇ ਬੰਦੇ 'ਤੇ ਗੋਲੀ ਚਲਾਉਣ ਨੂੰ  ਵੱਡਾ ਜ਼ੁਰਮ ਮੰਨਦੇ ਹਨ | ਡੈਮੋਕ੍ਰੈਟਿਕ ਪਾਰਟੀ ਦੇ ਆਗੂ ਵੀ ਇਸ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਇਸ ਨਾਲ ਲੋਕਾਂ 'ਚ ਬੇਹੱਦ ਡਰ ਤੇ ਸਹਿਮ ਪੈਦਾ ਹੋਣ ਕਰਕੇ ਲੋਕ ਘਰਾਂ ਤੋਂ ਨਿਕਲਣ ਤੋਂ ਗੁਰੇਜ਼ ਕਰਦਿਆਂ ਕੰਮਾਂ 'ਤੇ ਵੀ ਨਹੀਂ ਜਾ ਰਹੇ |
'ਬਾਬਾ ਬੰਦਾ ਸਿੰਘ ਬਹਾਦਰ' ਨਾਟਕ ਦਾ ਸਫਲ ਮੰਚਨ
ਪੰਜਾਬ ਲੋਕ ਰੰਗ ਕੈਲੀਫੋਰਨੀਆ ਵਲੋਂ ਯੂਨੀਅਨ ਸਿਟੀ ਸਥਿਤ ਲੋਗਨ ਹਾਈ ਸਕੂਲ ਦੇ ਥੀਏਟਰ 'ਚ ਸੁਰਿੰਦਰ ਸਿੰਘ ਧਨੋਆ ਦੇ ਲਿਖੇ ਤੇ ਨਿਰਦੇਸ਼ਿਤ ਕੀਤੇ ਇਤਿਹਾਸਿਕ ਨਾਟਕ 'ਬਾਬਾ ਬੰਦਾ ਸਿੰਘ ਬਹਾਦਰ' ਦਾ ਸਫਲ ਮੰਚਨ ਕੀਤਾ ਗਿਆ, ਜਿਸ ਨੂੰ  ਵੱਡੀ ਗਿਣਤੀ ਲੋਕਾਂ ਨੇ ਵੇਖਿਆ | ਜ਼ਿਕਰਯੋਗ ਹੈ ਕਿ ਪੰਜਾਬ ਲੋਕ ਰੰਗ ਦਾ ਇਹ 13ਵਾਂ ਨਾਟਕ ਨੌਜਵਾਨ ਪੀੜ੍ਹੀ ਨੂੰ  ਸਿੱਖ ਇਤਿਹਾਸ ਨਾਲ ਜੋੜਨ ਦਾ ਵੱਡਾ ਉਪਰਾਲਾ ਸੀ | 'ਅਜੀਤ' ਨਾਲ ਗੱਲਬਾਤ ਕਰਦਿਆਂ ਨਾਟਕ ਦੇ ਨਿਰਦੇਸ਼ਕ ਸ. ਧਨੋਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਲੋਕ ਰੰਗ 'ਗੁਰੂ ਮਾਨਿਓ ਗ੍ਰੰਥ, ਮਹਾਰਾਣੀ ਜ਼ਿੰਦਾ' ਤੇ 'ਜ਼ਫ਼ਰਨਾਮਾ' ਨਾਟਕ ਦਾ ਸਫਲ ਮੰਚਨ ਭਾਰਤ ਤੇ ਉੱਤਰੀ ਅਮਰੀਕਾ ਵਿਚ ਕਈ ਵਾਰ ਕਰ ਚੁੱਕਾ ਹੈ | ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਤੇ ਸਿੱਖ ਇਤਿਹਾਸ 'ਚ ਮਹੱਤਵਪੂਰਨ ਯੋਗਦਾਨ ਤੋਂ ਇਲਾਵਾ ਉਨ੍ਹਾਂ ਦੇ ਜ਼ਿਮੀਦਾਰਾਂ ਨੂੰ  ਜ਼ਮੀਨਾਂ ਦੀ ਮਾਲਕੀ ਦੇਣ ਦੇ ਇਤਿਹਾਸ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ | ਇਸ ਨਾਟਕ ਦੇ ਪਾਤਰਾਂ ਨੇ ਆਪਣੇ ਕਿਰਦਾਰ ਨਾਲ ਇਕਮਿਕ ਹੋ ਕੇ ਪੇਸ਼ਕਾਰੀ ਕੀਤੀ | ਬਾਦਸ਼ਾਹ ਫਾਰੁਖਸ਼ੀਅਰ ਦੇ ਰੋਲ 'ਚ ਸੁਰਿੰਦਰ ਸਿੰਘ ਧਨੋਆ, ਬਾਬਾ ਬੰਦਾ ਸਿੰਘ ਬਹਾਦਰ ਦੇ ਕਿਰਦਾਰ 'ਚ ਅਨੂਪ ਚੀਮਾ ਤੋਂ ਇਲਾਵਾ ਸੋਨੂੰ ਰਾਣਾ (ਵਜ਼ੀਰ ਖਾਨ), ਮੁਕੰਦ ਲੂੰਬਾ (ਸੁੱਚਾ ਨੰਦ) ਤੇ ਹੋਰਾਂ 'ਚ ਜਸਲੋਕ ਸਿੰਘ, ਹਰਿੰਦਰ ਸਿੰਘ, ਗਗਨਦੀਪ, ਮੁਕੰਦ ਲੂੰਬਾ, ਜਸਵਿੰਦਰ ਕੌਰ ਧਨੋਆ, ਦਿਲਪ੍ਰੀਤ ਕੌਰ, ਰਮਨੀਤ ਕੌਰ ਦੀ ਅਦਾਕਾਰੀ ਕਾਬਲੇ ਗੌਰ ਸੀ | ਖ਼ਾਲਸਾ ਕਾਲਜ ਅੰਮਿ੍ਤਸਰ ਦੇ ਪਿ੍ੰਸੀਪਲ ਆਤਮ ਸਿੰਘ ਰੰਧਾਵਾ ਉਚੇਚੇ ਤੌਰ 'ਤੇ ਨਾਟਕ ਵੇਖਣ ਪੁੱਜੇ, ਜਦਕਿ ਲਹਿੰਦੇ ਪੰਜਾਬ ਤੋਂ ਡਾ. ਨਬੀਲਾ ਰਹਿਮਾਨ ਤੇ ਸ਼ਾਇਰਾ ਤਾਹਿਰਾ ਸਰਾ ਨੇ ਇਸ ਨਾਟਕ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਅੱਜ ਦੋਵੇਂ ਪੰਜਾਬਾਂ ਨੂੰ  ਰੰਗ ਮੰਚ ਦਾ ਸਿਖਰ ਵੇਖਣ ਨੂੰ  ਮਿਲਿਆ ਹੈ | ਪ੍ਰੋ. ਬਲਵਿੰਦਰ ਸਿੰਘ ਲਾਲੀ ਧਨੋਆ ਨੇ ਮੰਚ ਸੰਚਾਲਨ ਕੀਤਾ, ਇਸ ਮੌਕੇ ਸਿੱਖ ਪੰਚਾਇਤ ਤੋਂ ਇਲਾਵਾ ਕੈਲੀਫੋਰਨੀਆ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਵੀ ਹਾਜ਼ਰ ਸਨ |

ਈ-ਮੇਲ : ashokbhaura@gmail.com

Ad Position 22
No active advertisement
ਪਿਛਲੀ ਖ਼ਬਰ ਸਿਆਸੀ ਵਿਖਾਵੇ ਲਈ ਗੁਰੂ ਘਰ ਦੀ ਵਰਤੋਂ ਜਾਇਜ਼ ਨਹੀਂ ਅਗਲੀ ਖ਼ਬਰ ਸ੍ਰੀਮਤੀ ਜੀ ਪ੍ਰਾ0!
Ad Position 24